Friday, 26 June 2026

ਮੰਡੀ ਗੋਬਿੰਦਗੜ੍ਹ, 26 ਮਾਰਚ: ਦੇਸ਼ ਭਗਤ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਐਪਲੀਕੇਸ਼ਨ ਵਿਭਾਗ ਵੱਲੋਂ ਸੰਸਥਾ ਦੀ ਇਨੋਵੇਸ਼ਨ ਕੌਂਸਲ (IIC) ਦੇ ਸਹਿਯੋਗ ਨਾਲ “ਡਿਜ਼ਿਟਲ ਯੁੱਗ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਅਤੇ ਕਰੀਅਰ ਮੌਕੇ” ਵਿਸ਼ੇ ’ਤੇ ਇੱਕ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ।

ਇਸ ਵਰਕਸ਼ਾਪ ਦਾ ਮਕਸਦ ਵਿਦਿਆਰਥੀਆਂ ਵਿੱਚ ਸਾਈਬਰ ਸੁਰੱਖਿਆ ਦੀ ਵਧ ਰਹੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਸ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰ ਵਿੱਚ ਉਭਰ ਰਹੇ ਕਰੀਅਰ ਮੌਕਿਆਂ ਨੂੰ ਉਜਾਗਰ ਕਰਨਾ ਸੀ। ਸੈਸ਼ਨ ਦੀ ਸ਼ੁਰੂਆਤ ਡਿਜ਼ਿਟਲ ਪਲੇਟਫਾਰਮਾਂ ਨਾਲ ਜੁੜੇ ਵਧਦੇ ਖਤਰਿਆਂ ਅਤੇ ਸੁਰੱਖਿਅਤ ਆਨਲਾਈਨ ਵਰਤੋਂ ਦੀ ਤੁਰੰਤ ਲੋੜ ਬਾਰੇ ਜਾਣ ਪਛਾਣ ਨਾਲ ਕੀਤੀ ਗਈ।

ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਈਬਰ ਅਪਰਾਧਾਂ ਤੋਂ ਬਚਾਅ ਲਈ ਡਿਜ਼ਿਟਲ ਜ਼ਿੰਮੇਵਾਰੀ ਅਤੇ ਜਾਗਰੂਕਤਾ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਪ੍ਰੋ-ਵਾਈਸ ਚਾਂਸਲਰ (ਰਿਸਰਚ) ਅਤੇ ਡੀਨ ਇੰਜੀਨੀਅਰਿੰਗ ਡਾ. ਬੂਟਾ ਸਿੰਘ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਵਿੱਚ ਖੋਜ ਅਤੇ ਨਵਚਾਰ ਦੀਆਂ ਸੰਭਾਵਨਾਵਾਂ ਖੋਜਣ ਲਈ ਪ੍ਰੇਰਿਤ ਕੀਤਾ। ਡਿਪਟੀ ਡਾਇਰੈਕਟਰ ਡਾ. ਖੁਸ਼ਬੂ ਬਾਂਸਲ ਨੇ ਐਸੀਆਂ ਪਹਿਲਕਦਮੀਆਂ ਦੀ ਭੂਮਿਕਾ ਨੂੰ ਵਿਦਿਆਰਥੀਆਂ ਦੇ ਹੁਨਰ ਵਿਕਾਸ ਅਤੇ ਕਰੀਅਰ ਮੌਕਿਆਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਦੱਸਿਆ।

ਵਰਕਸ਼ਾਪ ਦਾ ਆਯੋਜਨ ਡਾ. ਸਾਹਿਲ ਬਾਘਲਾ, ਸੰਸਥਾਪਕ ਅਤੇ ਸੀਈਓ, EHI-Infotech Cybersecurity ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਉਦਯੋਗ ਨਾਲ ਸੰਬੰਧਿਤ ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਫਿਸ਼ਿੰਗ, ਮਾਲਵੇਅਰ, ਰੈਨਸਮਵੇਅਰ ਅਤੇ ਡਾਟਾ ਚੋਰੀ ਵਰਗੇ ਆਮ ਸਾਈਬਰ ਖਤਰਿਆਂ ਬਾਰੇ ਉਦਾਹਰਣਾਂ ਨਾਲ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਜ਼ਬੂਤ ਪਾਸਵਰਡ ਵਰਤਣ, ਦੋ-ਕਦਮੀ ਪ੍ਰਮਾਣੀਕਰਨ ਯੋਗ ਕਰਨ ਅਤੇ ਸੁਰੱਖਿਅਤ ਬ੍ਰਾਊਜ਼ਿੰਗ ਆਦਤਾਂ ਅਪਣਾਉਣ ਵਰਗੇ ਬਚਾਅ ਦੇ ਉਪਾਅ ਵੀ ਦੱਸੇ।

ਵਰਕਸ਼ਾਪ ਦਾ ਇੱਕ ਮੁੱਖ ਆਕਰਸ਼ਣ ਸਾਈਬਰ ਸੁਰੱਖਿਆ ਵਿੱਚ ਵੱਖ-ਵੱਖ ਕਰੀਅਰ ਮੌਕਿਆਂ ਬਾਰੇ ਚਰਚਾ ਸੀ, ਜਿਸ ਵਿੱਚ ਐਥਿਕਲ ਹੈਕਰ, ਸਾਈਬਰ ਸੁਰੱਖਿਆ ਵਿਸ਼ਲੇਸ਼ਕ ਅਤੇ ਨੈੱਟਵਰਕ ਸੁਰੱਖਿਆ ਇੰਜੀਨੀਅਰ ਵਰਗੀਆਂ ਭੂਮਿਕਾਵਾਂ ਸ਼ਾਮਲ ਸਨ। ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਕਾਮਯਾਬੀ ਲਈ ਲੋੜੀਂਦੇ ਹੁਨਰ ਅਤੇ ਸਰਟੀਫਿਕੇਸ਼ਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸੈਸ਼ਨ ਦਾ ਸਮਾਪਨ ਪ੍ਰਸ਼ਨ-ਉੱਤਰ ਦੇ ਇੰਟਰੈਕਟਿਵ ਹਿੱਸੇ ਨਾਲ ਹੋਇਆ, ਜਿਸ ਨਾਲ ਭਾਗੀਦਾਰਾਂ ਨੇ ਆਪਣੀਆਂ ਜਿਗਿਆਸਾਵਾਂ ਦਾ ਨਿਵਾਰਣ ਕੀਤਾ ਅਤੇ ਵਿਸ਼ੇ ਦੀ ਹੋਰ ਡੂੰਘੀ ਸਮਝ ਪ੍ਰਾਪਤ ਕੀਤੀ। ਕੁੱਲ ਮਿਲਾ ਕੇ, ਇਹ ਵਰਕਸ਼ਾਪ ਬਹੁਤ ਹੀ ਜਾਣਕਾਰੀਪੂਰਣ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ, ਜਿਸ ਨੇ ਵਿਦਿਆਰਥੀਆਂ ਨੂੰ ਜ਼ਰੂਰੀ ਗਿਆਨ ਪ੍ਰਦਾਨ ਕੀਤਾ ਅਤੇ ਉਨ੍ਹਾਂ ਨੂੰ ਸਾਈਬਰ ਸੁਰੱਖਿਆ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ।

ਚੰਡੀਗੜ੍ਹ /ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਨਿਵੇਕਲੀ ਸਕੀਮ 'ਮੁੱਖ ਮੰਤਰੀ ਸਿਹਤ ਯੋਜਨਾ' ਪੰਜਾਬੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਅੱਜ ਇੱਥੇ ਪੰਜਾਬ ਸਰਕਾਰ ਦੀਆਂ ਸਿਹਤ ਖੇਤਰ 'ਚ 4 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ 1.60 ਲੱਖ ਲੋਕਾਂ ਨੇ 191 ਕਰੋੜ ਰੁਪਏ ਦਾ ਮੁਫ਼ਤ ਇਲਾਜ ਕਰਵਾਇਆ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਦੇ ਸਿਹਤ ਮਾਡਲ ਦੀ ਦੇਸ਼ ਦੇ ਬਾਕੀ ਰਾਜਾਂ 'ਚ ਕਾਪੀ ਹੋਣ ਲੱਗੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ 'ਚ ਸਿਹਤ, ਸਿੱਖਿਆ ਤੇ ਰੋਜ਼ਗਾਰ ਨੂੰ ਪਹਿਲ ਦਿੱਤੀ, ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ।
ਉਨ੍ਹਾਂ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਦੀ ਕਾਇਆਂ ਕਲਪ ਕਰਨ ਨਾਲ ਸੂਬੇ ਵਿੱਚ ਸਿਹਤ ਕ੍ਰਾਂਤੀ ਦਾ ਆਗਾਜ਼ ਕੀਤਾ ਸੀ ਅਤੇ ਪਿਛਲੇ ਚਾਰ ਸਾਲਾਂ 'ਚ ਆਪ ਦੀ ਸਰਕਾਰ ਨੇ ਸਿਹਤ ਖੇਤਰ 'ਚ ਲਾਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 65 ਲੱਖ ਪਰਿਵਾਰਾਂ ਤੇ 3 ਕਰੋੜ ਲੋਕਾਂ ਦੇ ਸਿਹਤ ਕਾਰਡ ਬਣਨੇ ਹਨ, ਜਿਨ੍ਹਾਂ 'ਚੋਂ ਹੁਣ ਤੱਕ 25 ਲੱਖ ਕਾਰਡ ਬਣ ਚੁੱਕੇ ਹਨ ਤੇ ਉਹ ਸਭ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਕਿਸੇ ਬਿਮਾਰੀ ਦੀ ਉਡੀਕ ਕਰਨ ਦੀ ਬਜਾਇ ਪਹਿਲਾਂ ਹੀ ਆਪਣੇ ਇਹ ਕਾਰਡ ਬਣਵਾ ਲੈਣ।
ਮੈਡੀਕਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਅੰਦਰ 9 ਹੋਰ ਨਵੇਂ ਮੈਡੀਕਲ ਕਾਲਜ ਬਣ ਰਹੇ ਹਨ, ਜਿਨ੍ਹਾਂ 'ਚੋਂ ਪਹਿਲਾਂ ਹੀ ਚਾਲੂ ਰਿਮਟ ਫ਼ਤਿਹਗੜ੍ਹ ਸਾਹਿਬ, ਈਐਸਆਈ ਲੁਧਿਆਣਾ ਸਮੇਤ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ, ਲਹਿਰਾਗਾਗਾ, ਮਲੇਰਕੋਟਲਾ ਤੇ ਲੁਧਿਆਣਾ ਵਿਖੇ ਬਣਨ ਵਾਲੇ ਮੈਡੀਕਲ ਕਾਲਜਾਂ 'ਚ 600 ਨਵੀਂਆਂ ਐਮਬੀਬੀਐਸ ਸੀਟਾਂ ਸ਼ਾਮਲ ਹੋਣਗੀਆਂ। ਜਦਕਿ ਮੈਡੀਕਲ ਸਿੱਖਿਆ ਵਿਭਾਗ ਵਿੱਚ ਮਨੁਖੀ ਸਰੋਤ ਦੀ ਕਮੀ ਦੂਰ ਕੀਤੀ ਗਈ ਹੈ ਤੇ ਪ੍ਰੋਫੈਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਸਾਰੇ ਸਰਕਾਰੀ ਮੈਡੀਕਲ ਕਾਲਜਾਂ 'ਚ 200 ਕਰੋੜ ਰੁਪਏ ਦਾ ਸਾਜੋ ਸਮਾਨ ਖਰੀਦਿਆ ਜਾ ਰਿਹਾ ਹੈ ਤੇ ਰਾਜ ਦੇ ਸਾਰੇ ਜ਼ਿਲ੍ਹਿਆਂ 'ਚ 50-50 ਬੈਡਾਂ ਦੀ ਸਹੂਲਤ ਵਾਲੇ 22 ਕ੍ਰਿਟੀਕਲ ਕੇਅਰ ਬਲਾਕ ਬਣਾਏ ਜਾ ਰਹੇ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਮੁਫ਼ਤ ਦਵਾਈਆਂ ਪਹਿਲਾਂ ਹੀ ਦੇਣ ਸਮੇਤ ਡਾਇਗਨੋਸਟਿਕ ਸੇਵਾਵਾਂ ਦਾ ਵਿਸਥਾਰ ਕਰਦੇ ਹੋਏ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ਇਸ ਸਾਲ 'ਚ ਐਮ.ਆਰ.ਆਈ, 8 ਹੋਰ ਹਸਪਤਾਲਾਂ 'ਚ ਸੀ.ਟੀ ਸਕੈਨ ਸਹੂਲਤ ਤੋਂ ਇਲਾਵਾ 250 ਬੈਡਾਂ ਵਾਲੇ 7 ਜੱਚਾ-ਬੱਚਾ ਹਸਪਤਾਲ ਚਾਲੂ ਕੀਤੇ ਜਾਣਗੇ ਤੇ ਐਕਸਰੇ ਤੇ ਅਲਟਰਸਾਊਂਡ ਲਈ ਸੂਚੀਬੱਧ 200 ਤੋਂ ਵੱਧ ਪ੍ਰਾਈਵੇਟ ਡਾਇਗੋਸਟਿਕ ਸੈਂਟਰ ਵੀ ਚੱਲ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ 5 ਜ਼ਿਲ੍ਹਿਆਂ 'ਚ ਬ੍ਰੈਸਟ ਕੈਂਸਰ ਤੇ ਸਰਵੀਕਲ ਕੈਂਸਰ ਦੀ ਏ.ਆਈ. ਇਨੇਬਲਡ ਸਕਰੀਨਿੰਗ ਤਹਿਤ 9294 ਔਰਤਾਂ ਦੀ ਜਾਂਚ 'ਚ ਛਾਤੀ ਦੇ ਕੈਂਸਰ ਦੇ 8 ਮਾਮਲੇ ਤੇ 43 ਸਰਵੀਕਲ ਕੈਂਸਰ ਦੇ ਮਾਮਲੇ ਸਾਹਮਣੇ ਆਏ ਜਦਕਿ ਏ ਆਈ ਇਨੇਬਲਡ ਅੱਖਾਂ ਦੀ ਜਾਂਚ 'ਚ 1 ਲੱਖ 7 ਹਜ਼ਾਰ ਲੋਕਾਂ ਦੀ ਜਾਂਚ 'ਚ 21 ਹਜ਼ਾਰ 660 ਨੂੰ ਨਜ਼ਰ ਦੀ ਸਮੱਸਿਆ ਸਾਹਮਣੇ ਆਈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਦੀ ਮੰਗ ਘਟਾ ਕੇ ਜਿੱਥੇ ਸਪਲਾਈ ਚੇਨ ਤੋੜੀ ਹੈ, ਉਥੇ ਹੀ ਨਸ਼ਾ ਕਰਨ ਵਾਲਿਆਂ ਦੇ ਮੁਫ਼ਤ ਇਲਾਜ ਲਈ ਮਜ਼ਬੂਤ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਹੈ। ਜਦਕਿ ਨਸ਼ਾ ਕਰਨ ਵਾਲਿਆਂ ਦੇ ਹੁਨਰ ਵਿਕਾਸ ਲਈ ਨਵੇਂ ਪ੍ਰਬੰਧ ਕੀਤੇ ਹਨ ਤੇ ਜੇਲ੍ਹਾਂ ਵਿੱਚ ਵੀ ਕਲੀਨਿਕਾਂ ਦਾ ਵਿਸਥਾਰ ਕੀਤਾ ਹੈ। ਇਸ ਤੋਂ ਬਿਨ੍ਹਾਂ ਅਨੰਨਿਆ ਬਿਰਲਾ ਫਾਊਂਡੇਸ਼ਨ ਨਾਲ ਏ.ਐਨ.ਟੀ.ਐਫ਼ ਤੇ ਡਰੱਗ ਕੰਟਰੋਲ ਵਿਭਾਗ ਦੇ ਸਹਿਯੋਗ ਨਾਲ ਚਿੰਤਾ ਘਟਾਊ ਦਵਾਈਆਂ ਦੀ ਨਿਗਰਾਨੀ ਲਈ ਸਾਫ਼ਟਵੇਅਰ ਵਿਕਸਤ ਕੀਤਾ ਜਾ ਰਿਹਾ ਹੈ।
                   ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਰਾਜ ਅੰਦਰ 883 ਆਮ ਆਦਮੀ ਕਲੀਨਿਕਾਂ ਨੇ 5 ਕਰੋੜ ਓਪੀਡੀ ਕਰਕੇ 1.69 ਕਰੋੜ ਲੋਕਾਂ ਦਾ ਮੁਫ਼ਤ ਇਲਾਜ ਕਰਕੇ ਵੱਡਾ ਮਾਅਰਕਾ ਮਾਰਿਆ ਹੈ ਜਦੋਂਕਿ ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਨੇ ਵੀ ਸਿਹਤ ਖੇਤਰ 'ਚ ਨਵੀਂ ਕ੍ਰਾਂਤੀ ਲਿਆਂਦੀ ਹੈ ਤੇ 8000 ਯੋਗਾ ਸ਼ੈਸ਼ਨਾਂ ਦਾ 2 ਲੱਖ ਲੋਕ ਰੋਜ਼ਾਨਾ ਲਾਭ ਲੈ ਰਹੇ ਹਨ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਨੇ 948 ਜਨਰਲ ਡਾਕਟਰ ਤੇ 627 ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕਰਕੇ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਮੈਡੀਕਲ ਭਰਤੀ ਕੀਤੀ ਹੈ। ਜਦਕਿ ਪੈਰਾਮੈਡੀਕਲ ਪ੍ਰੋਫੈਸ਼ਨਲਜ ਦੀ ਭਰਤੀ 'ਚ 300 ਨਰਸਿੰਗ ਸਟਾਫ ਤੇ 250 ਫਾਰਮਾਸਿਸਟ ਭਰਤੀ ਕਰਨ ਸਮੇਤ 672 ਨਰਸਾਂ ਦੀ ਹੋਰ ਭਰਤੀ ਚੱਲ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੀ ਫਰਿਸਤੇ ਸਕੀਮ ਨੇ ਹੁਣ ਤੱਕ 600 ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਆਈ.ਵੀ.ਐਫ਼ ਸਮੇਤ ਮੋਹਾਲੀ 'ਚ ਵੀ ਪੈਟ ਸਕੈਨ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ, ਜਦੋਂਕਿ ਕੋਕਲੀਅਰ ਇੰਪਲਾਂਟ, ਲਿਵਰ ਤੇ ਗੁਰਦਾ ਟਰਾਂਸਪਲਾਂਟ ਸਮੇਤ ਦਿਲ, ਦਿਮਾਗ ਅਤੇ ਰੀਡ ਦੀ ਹੱਡੀ ਦੇ ਉਪਰੇਸ਼ਨ ਵੀ ਇਨ੍ਹਾਂ ਹਸਪਤਾਲਾਂ 'ਚ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਰਜਿੰਦਰਾ ਹਸਪਤਾਲ ਦੇ ਸਾਰੇ ਉਪਰੇਸ਼ਨ ਮੌਡੁਲਰ ਉਪਰੇਸ਼ਨ ਥੀਏਟਰ ਬਣ ਗਏ ਹਨ ਤੇ ਇੱਥੇ ਟਰੌਮਾ ਸੈਂਟਰ ਵੀ ਬਣ ਰਿਹਾ ਹੈ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਬਹੁਤ ਵੱਡੀ ਉਪਲਬੱਧੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਦਾ ਮੁੱਖ ਮਕਸਦ ਹੈ ਕਿ ਰਾਜ ਦੇ 3 ਕਰੋੜ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲਣ ਅਤੇ ਸਾਡੇ ਸਰਕਾਰੀ ਹਸਪਤਾਲ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਘੱਟ ਨਾ ਰਹਿਣ, ਜਿਸ 'ਚ ਅਸੀਂ ਪਿਛਲੇ ਚਾਰ ਸਾਲਾਂ ਅੰਦਰ ਕਾਮਯਾਬ ਵੀ ਹੋਏ ਹਾਂ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ 'ਚ ਦਿਲ ਦੇ ਦੌਰੇ ਦੇ ਮਰੀਜਾਂ ਨੂੰ ਸਮੇਂ ਸਿਰ ਇਲਾਜ ਦੇਣ ਲਈ 23 ਜ਼ਿਲ੍ਹਿਆਂ 'ਚ ਮਿਸ਼ਨ ਅੰਮ੍ਰਿਤ ਸਟੈਮੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ, ਇਸ ਤਹਿਤ 29000 ਲੋਕਾਂ ਨੂੰ ਛਾਤੀ ਦੇ ਦਰਦ ਨਾਲ ਇਨਰੋਲ ਕੀਤਾ ਗਿਆ ਤੇ ਇਨ੍ਹਾਂ 'ਚੋਂ 800 ਲੋਕਾਂ ਦਾ ਐਮਰਜੈਂਸੀ ਕਾਰਡੀਅਕ ਕੇਅਰ ਤਹਿਤ ਇਲਾਜ ਕੀਤਾ ਗਿਆ। ਜਦਕਿ ਪੰਜਾਬ ਸਟਰੋਕ ਪ੍ਰਾਜੈਕਟ ਤਹਿਤ ਸਿਹਤ ਵਿਭਾਗ ਨੇ ਸੀ.ਐਮ.ਸੀ. ਤੇ ਮੇਡੀਟ੍ਰੋਨਿਕ ਦਰਮਿਆਨ ਸਮਝੌਤਾ ਕਰਵਾਕੇ ਏ.ਆਈ. ਇਨੇਬਲਡ ਸਟ੍ਰੋਕ ਪ੍ਰਾਜੈਕਟ ਸ਼ੁਰੁ ਕੀਤਾ ਤੇ ਹੱਬ ਐਂਡ ਸਪੋਕ ਮਾਡਲ ਸ਼ੁਰੂ ਕਰਕੇ 100 ਮਰੀਜਾਂ ਨੂੰ ਲਾਭ ਦਿੱਤਾ ਤੇ 40 ਮਰੀਜਾਂ ਦਾ ਇਲਾਜ ਕੀਤਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਟੈਲੀਮਾਨਸ ਸੈਲ ਵੱਲੋਂ ਸੂਬੇ ਭਰ 'ਚ ਟੋਲ ਫਰੀ ਨੰਬਰ 14416 ਤਹਿਤ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਚੰਡੀਗੜ੍ਹ / ਐਸ.ਏ.ਐਸ. ਨਗਰ : ਪੰਜਾਬ ਦੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਵਿਦਿਅਕ ਸਸ਼ਕਤੀਕਰਨ ਵੱਲ ਵੱਡਾ ਕਦਮ ਚੁੱਕਦਿਆਂ ਪੰਜਾਬ ਦੇ ਅਨੁਸੂਚਿਤ ਜਾਤੀ ਅਤੇ ਹੋਰ ਵਿਦਿਆਰਥੀਆਂ ਲਈ ਵਜ਼ੀਫ਼ੇ ਵੰਡਣ ਵਿੱਚ ਕੌਮੀ ਪੱਧਰ ’ਤੇ ਦੂਜਾ ਸਥਾਨ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਪੂਰੀ ਸਰਗਰਮੀ ਨਾਲ ਹਰ ਜ਼ਿਲ੍ਹੇ ਅਤੇ ਲਾਭਪਾਤਰੀ ਤੱਕ ਭਲਾਈ ਸਕੀਮਾਂ ਪਹੁੰਚਾਈਆਂ ਜਾ ਰਹੀਆਂ ਹਨ।


ਮੋਹਾਲੀ ਦੇ ਕਾਲਕਟ ਭਵਨ ਵਿਖੇ ਛੇ ਜ਼ਿਲਿ੍ਹਆਂ ਨੂੰ ਕਵਰ ਕਰਨ ਲਈ ਟੂਲ ਕਿੱਟ ਵੰਡ ਅਤੇ ਜਾਗਰੂਕਤਾ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਹੋਈ ਵਿਦਿਅਕ ਪ੍ਰਗਤੀ ਬਾਰੇ ਦੱਸਦਿਆਂ ਕਿਹਾ, ‘‘ਪੰਜਾਬ ਨੇ ਅਨੁਸੂਚਿਤ ਜਾਤੀ ਅਤੇ ਹੋਰ ਵਿਦਿਆਰਥੀਆਂ ਨੂੰ ਸਿੱਖਿਆ ਵੱਲ ਹੋਰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਜ਼ੀਫ਼ੇ ਵੰਡਣ ਵਿੱਚ ਕੌਮੀ ਪੱਧਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਲਗਭਗ 10 ਲੱਖ ਵਿਦਿਆਰਥੀਆਂ ਨੇ ਆਪਣੇ ਮਨਚਾਹੇ ਖੇਤਰਾਂ ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ।’’

ਭਗਵੰਤ ਮਾਨ ਸਰਕਾਰ ਦੇ ਹੁਨਰ ਵਿਕਾਸ ਅਤੇ ਸਵੈ-ਨਿਰਭਰਤਾ ’ਤੇ ਧਿਆਨ ਕੇਂਦਰਿਤ ਕਰਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ, ‘‘ ਆਈ.ਟੀ.ਆਈ. ਦੇ ਸਿਖਿਆਰਥੀਆਂ ਨੂੰ ਟੂਲ ਕਿੱਟਾਂ ਦੀ ਵੰਡ , ਐਸ.ਸੀ. ਵਿਦਿਆਰਥੀਆਂ ਲਈ ਮੁਫਤ ਪਾਠ-ਪੁਸਤਕਾਂ ਅਤੇ ਟੂਲ ਕਿੱਟਾਂ ਯੋਜਨਾ ਦਾ ਹਿੱਸਾ ਹੈ , ਜੋ   100 ਫੀਸਦੀ ਪੰਜਾਬ ਸਰਕਾਰ ਵੱਲੋਂ ਫੰਡਡ ਹੈ। ਇਸ ਪਹਿਲਕਦਮੀ ਤਹਿਤ ਪਹਿਲੇ ਪੜਾਅ ਵਿੱਚ ਐਸ.ਏ.ਐਸ. ਨਗਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਲੁਧਿਆਣਾ ਦੇ 630 ਵਿਦਿਆਰਥੀ ਨੂੰ ਕਵਰ ਕਰਦਿਆਂ ਸੂਬੇ ਦੀਆਂ 32 ਸਰਕਾਰੀ ਆਈ.ਟੀ.ਆਈ.ਦੇ ਕੁੱਲ 1506  ਵਿਦਿਆਰਥੀ ਲਾਭ ਹਾਸਲ ਕਰਨਗੇ।  

ਇਸ ਵਿਸ਼ੇਸ਼ ਪਹਿਲਕਦਮੀ ਦੀ ਅਹਿਮੀਅਤ ’ਤੇ ਜ਼ੋਰ ਦਿੰਦੇ ਹੋਏ ਮੰਤਰੀ ਡਾ. ਬਲਜੀਤ ਕੌਰ ਨੇ ਅੱਗੇ ਕਿਹਾ, ‘‘ਇਸ  ਪਹਿਲਕਦਮੀ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਉੱਦਮਤਾ ਨੂੰ ਉਤਸ਼ਾਹਿਤ ਕਰਕੇ ਹੁਨਰ-ਅਧਾਰਤ ਰੁਜ਼ਗਾਰ ਰਾਹੀਂ ਵੱਡੇ ਟੀਚੇ ਹਾਸਲ ਕਰਨ ਵੱਲ ਪ੍ਰੇਰਿਤ ਕਰਨਾ ਹੈ।’’

ਭਲਾਈ ਸਕੀਮਾਂ ਦੀ ਕਵਰੇਜ ਦੇ ਵਿਸਥਾਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ, ‘‘ਪਹਿਲਾਂ ਪੰਜਾਬ ਦੇ ਸਿਰਫ਼ ਦੋ ਜ਼ਿਲ੍ਹੇ ਭਾਰਤ ਸਰਕਾਰ ਦੇ ਘੱਟ ਗਿਣਤੀ ਸਕਾਲਰਸ਼ਿਪ ਪ੍ਰੋਗਰਾਮ ਦਾ ਲਾਭ ਲੈਣ ਦੇ ਯੋਗ ਸਨ, ਪਰ ਪੰਜਾਬ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਇਸ ਯੋਜਨਾ ਨੂੰ ਹੁਣ ਸਾਰੇ ਜ਼ਿਲਿ੍ਹਆਂ ਵਿੱਚ ਵਧਾ ਦਿੱਤਾ ਗਿਆ ਹੈ।’’

ਇਨ੍ਹਾਂ ਯਤਨਾਂ ਦੀ ਅਗਵਾਈ ਕਰਨ ਵਾਲੀ ਡੂੰਘੀ ਸਮਾਜਿਕ ਚੇਤਨਾ ਦਾ ਜ਼ਿਕਰ ਕਰਦਿਆਂ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, ‘‘ਬਾਬਾ ਸਾਹਿਬ ਅੰਬੇਡਕਰ ਵਰਗੇ ਸਮਾਜ ਸੁਧਾਰਕਾਂ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੇ ਜਾਤ ਦੇ ਆਧਾਰ ’ਤੇ ਵਿਤਕਰੇ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਪੰਜਾਬ ਸਰਕਾਰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ।’’

ਵਿਧਾਇਕ ਕੁਲਵੰਤ ਸਿੰਘ ਅਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ, ‘‘ਟੂਲ ਕਿੱਟਾਂ ਆਈ.ਟੀ.ਆਈ. ਸਿਖਿਆਰਥੀਆਂ ਨੂੰ ਸਵੈ-ਨਿਰਭਰ ਬਣਨ ਅਤੇ ਸਨਮਾਨ ਨਾਲ ਜੀਵਨ ਜਿਊਣ ਵਿੱਚ ਮਦਦ ਕਰਨਗੀਆਂ। ਪੰਜਾਬ ਸਰਕਾਰ ਸਾਰਿਆਂ ਨੂੰ ਮਿਆਰੀ ਸਿੱਖਿਆ ਅਤੇ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।’’

ਪ੍ਰਮੁੱਖ ਸਕੱਤਰ ਵੀ. ਕੇ. ਮੀਨਾ ਨੇ ਵਿਸਥਾਰ ਨਾਲ ਵਿਭਾਗ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਤੋਂ ਜਾਣੂ ਕਰਵਾਇਆ, ਜਦਕਿ ਡਾਇਰੈਕਟਰ ਵਿੰਮੀ ਭੁੱਲਰ ਨੇ ਮੌਜੂਦ ਪਤਵੰਤਿਆਂ  ਦਾ ਸਵਾਗਤ ਕੀਤਾ ਅਤੇ ਯੋਜਨਾ ਦੇ ਮੁੱਖ ਪਹਿਲੂਆਂ ’ਤੇ ਚਾਨਣਾ ਪਾਇਆ।

ਏ.ਡੀ.ਸੀ. (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਧੰਨਵਾਦ ਕੀਤਾ ਅਤੇ ਕਮਜ਼ੋਰ ਵਰਗਾਂ ਲਈ ਭਲਾਈ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ।

ਚੰਡੀਗੜ੍ਹ/ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਦੋ ਕਾਰਕੁਨਾਂ ਨੂੰ 7 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਕਲਸੀਆਂ ਖੁਰਦ, ਤਰਨਤਾਰਨ ਅਤੇ ਰਵਿੰਦਰ ਸ਼ਰਮਾ ਵਾਸੀ ਗੁਰਬਖਸ਼ ਨਗਰ, ਨਵਾਂ ਕੋਟ, ਅੰਮ੍ਰਿਤਸਰ ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੀ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਕਾਰ (ਰਜਿਸਟ੍ਰੇਸ਼ਨ ਨੰਬਰ ਪੀਬੀ39ਐਲ7651) ਅਤੇ ਇੱਕ ਮੋਟਰਸਾਈਕਲ ਹੀਰੋ ਪੈਸ਼ਨ (ਰਜਿਸਟ੍ਰੇਸ਼ਨ ਨੰਬਰ ਪੀਬੀ02ਬੀਯੂ2253), ਜਿਸ ਦੀ ਵਰਤੋਂ ਖੇਪਾਂ ਦੀ ਡਿਲਵਰੀ ਲਈ ਕੀਤੀ ਜਾਂਦੀ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੈਰੋਇਨ ਦੀ ਖੇਪ ਦੀ ਢੋਆ-ਢੁਆਈ ਵਿੱਚ ਸਰਗਰਮੀ ਨਾਲ ਸ਼ਾਮਲ ਸਨ ਅਤੇ ਸੰਭਾਵੀ ਤੌਰ 'ਤੇ ਉਹ ਇਸ ਖੇਤਰ ਵਿੱਚ ਕਾਰਜਸ਼ੀਲ ਨਸ਼ੀਲੇ ਪਦਾਰਥਾਂ ਦੇ ਵਿਆਪਕ ਨੈੱਟਵਰਕ ਦਾ ਹਿੱਸਾ ਹਨ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੀਆਈ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੂੰ ਖਾਸ ਸੂਚਨਾ ਮਿਲੀ ਸੀ ਕਿ ਸ਼ੱਕੀ ਇੰਦਰਜੀਤ ਸਿੰਘ ਅਤੇ ਰਵਿੰਦਰ ਸ਼ਰਮਾ ਹੈਰੋਇਨ ਦੀ ਇੱਕ ਵੱਡੀ ਖੇਪ ਦੀ ਡਿਲਿਵਰੀ ਦੇ ਸਬੰਧ ਵਿੱਚ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਤੋਂ ਝਬਾਲ ਰੋਡ, ਅੱਡਾ ਬੋਹੜੂ ਦੇ ਨਜਦੀਕ ਸਥਿਤ ਖੇਤਰ ਵਿੱਚ, ਦਰਿਆ ਦੇ ਨਾਲ ਲੱਗਦੇ ਰਸਤੇ 'ਤੇ ਆ ਰਹੇ ਹਨ।

ਡੀਜੀਪੀ ਨੇ ਦੱਸਿਆ ਕਿ ਤਰੁੰਤ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਇਸ ਖੇਤਰ ਦੇ ਆਲੇ-ਦੁਆਲੇ ਨਾਕੇ ਲਗਾਏ ਅਤੇ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ, ਇੰਦਰਜੀਤ ਸਿੰਘ ਦੀ ਕਾਰ ਦੀ ਡਰਾਈਵਰ ਸੀਟ ਦੇ ਹੇਠਾਂ ਤੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਅਤੇ ਰਵਿੰਦਰ ਸ਼ਰਮਾ ਕੋਲੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ।

ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

ਇਸ ਸਬੰਧੀ, ਐਫਆਈਆਰ ਨੰਬਰ 19 ਮਿਤੀ 25-03-2026 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21, 25 ਅਤੇ 29 ਤਹਿਤ ਦਰਜ ਕੀਤੀ ਗਈ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.