Thursday, 18 June 2026

ਕਿਹਾ : ਭਾਰਤ ਸਪੇਸ ਪ੍ਰੋਗਰਾਮ ’ਚ ਬਣਾ ਰਿਹਾ ਹੈ ਆਪਣੀ ਚੰਗੀ ਥਾਂ

ਵਾਸ਼ਿੰਗਟਨ/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਅਮਰੀਕੀ ਐਸਟਰੋਨਾਟ ਸੁਨੀਤਾ ਵਿਲੀਅਮਜ਼ ਨੇ ਸਪੇਸ ਤੋਂ ਵਾਪਸ ਪਰਤਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ। ਸੁਨੀਤਾ ਨੇ ਆਪਣੇ ਸਾਥੀ ਐਸਟਰੋਨਾਟ ਬੁਚ ਵਿਲਮੋਰ ਅਤੇ ਨਿਕ ਹੇਗ ਦੇ ਨਾਲ ਟੈਕਸਾਸ ਦੇ ਜਾਨਸਨ ਸਪੇਸ ਸੈਂਟਰ ’ਚ ਮੀਡੀਆ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਪੇਸ ਪ੍ਰੋਗਰਾਮ ’ਚ ਆਪਣੀ ਚੰਗੀ ਜਗ੍ਹਾ ਬਣਾ ਰਿਹਾ ਹੈ ਅਤੇ ਉਹ ਇਸ ਦਾ ਹਿੱਸਾ ਬਣਨਾ ਚਾਹੁੰਦੇ ਹਨ। ਇਸ ’ਤੇ ਇਸਰੋ ਚੀਫ਼ ਨੇ ਕਿਹਾ ਕਿ ਭਾਰਤ ਸੁਨੀਤਾ ਵਿਲੀਅਮਜ਼ ਦੇ ਤਜ਼ਰਬੇ ਨੂੰ ਸਪੇਸ ਐਕਸਪਲੋਰੇਸ਼ਨ ’ਚ ਇਸਤੇਮਾਲ ਕਰਨਾ ਚਾਹੁੰਦਾ ਹੈ ਅਤੇ ਤੁਹਾਨੂੰ ਭਵਿੱਖ ’ਚ ਇਸਰੋ ਨਾਲ ਕੰਮ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ। ਧਿਆਨ ਰਹੇ ਕਿ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਆਪਣੇ ਸਾਥੀਆਂ ਦੇ ਨਾਲ ਪੁਲਾੜ ਵਿਚ 9 ਮਹੀਨੇ ਗੁਜ਼ਾਰਨ ਤੋਂ ਬਾਅਦ ਲੰਘੇ ਦਿਨੀਂ ਸਫ਼ਲਤਾ ਪੂਰਵਕ ਧਰਤੀ ’ਤੇ ਪਹੁੰਚੇ ਸਨ। 

ਭਗਵੰਤ ਮਾਨ ਨੇ ਪੰਜਾਬੀਆਂ ਨੂੰ ਨਸ਼ਿਆਂ ਖਿਲਾਫ਼ ਡਟਣ ਦੀ ਕੀਤੀ ਅਪੀਲ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੇਠ ਨਸ਼ਿਆਂ ਦੀ ਅਲਾਮਤ ਖਿਲਾਫ ਵਿੱਢੀ ਜੰਗ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਸਮੂਹ ਪੰਜਾਬੀਆਂ ਨੂੰ ਵਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇੱਕ ਆਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਯੁੱਧ ਨਸਅਿਾਂ ਵਿਰੁੱਧ’ ਦੇ ਰੂਪ ਵਿੱਚ ਨਸਅਿਾਂ ਦੇ ਖਿਲਾਫ ਵਿਆਪਕ ਪੱਧਰ ਉਤੇ ਸਖ਼ਤ ਕਾਰਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਸਿੱਧੀ ਸਰਪ੍ਰਸਤੀ ਹੋਣ ਕਾਰਨ ਨਸਅਿਾਂ ਦੀ ਸਮੱਸਿਆ ਨੇ ਸੂਬੇ ਵਿੱਚ ਆਪਣੇ ਪੈਰ ਪਸਾਰ ਲਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜੰਗ ਆਮ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਜੰਗ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਵਟਸਐਪ ਹੈਲਪਲਾਈਨ ਨੰਬਰ 9779100200 ਜਾਰੀ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਆਪਣੇ ਖੇਤਰ ਜਾਂ ਸ਼ਹਿਰ ਵਿੱਚ ਸਰਗਰਮ ਨਸ਼ਾ ਤਸਕਰਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਇਸ ਵਟਸਐਪ ਨੰਬਰ ’ਤੇ ਸਾਂਝੀ ਕਰਨ ਲਈ ਕਿਹਾ।  

 

ਨਵੇਂ ਐਡਵੋਕੇਟ ਜਨਰਲ ਦਾ ਐਲਾਨ ਕਿਸੇ ਵੇਲੇ ਵੀ ਸੰਭਵ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਦੇ ਅਸਤੀਫ਼ੇ ਦੀ ਚਰਚਾ ਨੇ ਜ਼ੋਰ ਲਿਆ ਹੈ। ਉਚ ਸੂਤਰ ਦੱਸਦੇ ਹਨ ਕਿ ਏਜੀ ਨੇ ਅਸਤੀਫ਼ਾ ਦੇ ਦਿੱਤਾ ਹੈ ਜੋ ਕਿ ਮੁੱਖ ਮੰਤਰੀ ਦਫਤਰ ਨੂੰ ਭੇਜਿਆ ਗਿਆ ਹੈ। ਫਿਲਹਾਲ ਅਸਤੀਫ਼ੇ ਦਾ ਭੇਤ ਬਣਿਆ ਹੋਇਆ ਹੈ ਪਰ ਸਰਕਾਰ ਨੇ ਅਜੇ ਤੱਕ ਕੋਈ ਪ੍ਰਤੀਕਰਮ ਨਹੀ ਦਿੱਤਾ ਹੈ। ਉਨ੍ਹਾਂ ਦੀ ਅਕਤੂਬਰ 2023 ਵਿਚ ਏਜੀ ਵਜੋਂ ਨਿਯੁਕਤੀ ਹੋਈ ਸੀ। ਇਸ ਬਾਰੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ, ਕੋਈ ਅਸਤੀਫ਼ੇ ਪਿੱਛੇ ਬਿਕਰਮ ਸਿੰਘ ਮਜੀਠੀਆ ਦੇ ਉਸ ਕੇਸ ਦੀ ਗੱਲ ਕਰ ਰਿਹਾ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਏਜੀ ਦੇ ਪੇਸ਼ ਨਾ ਹੋਣ ਦੀ ਗੱਲ ਆਖੀ ਸੀ। ਪੰਜਾਬ ਸਰਕਾਰ ਕਿਸੇ ਵੇਲੇ ਵੀ ਨਵੇਂ ਐਡਵੋਕੇਟ ਜਨਰਲ ਦਾ ਐਲਾਨ ਕਰ ਸਕਦੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਦਾ ਅਸਤੀਫ਼ਾ ਮੁੱਖ ਮੰਤਰੀ ਦਫਤਰ ਪੁੱਜ ਗਿਆ ਹੈ। ਪੰਜਾਬ ਸਰਕਾਰ ਨੇ ਏਜੀ ਦਾ ਅਸਤੀਫ਼ਾ ਪ੍ਰਵਾਨਗੀ ਲਈ ਰਾਜਪਾਲ ਕੋਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਏਜੀ ਨੇ ਅਸਤੀਫ਼ਾ ਦੇ ਦਿੱਤਾ ਹੈ ਤੇ ਮੁੱਖ ਮੰਤਰੀ ਦਫਤਰ ਨੇ ਨਵੇਂ ਏਜੀ ਲਈ ਦੋ ਤਿੰਨ ਨਾਵਾਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਅਸਤੀਫ਼ਾ ਪ੍ਰਵਾਨ ਹੋਣ ਮਗਰੋਂ ਕਿਸੇ ਵੇਲੇ ਵੀ ਨਵੇਂ ਏਜੀ ਦਾ ਐਲਾਨ ਹੋ ਸਕਦਾ ਹੈ।

93 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ

ਜਲੰਧਰ/ਬਿਊਰੋ ਨਿਊਜ਼ : ਉੱਘੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਅੱਜ 93 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 31 ਮਾਰਚ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ, ਜਦਕਿ ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਅਸਥਾਨ 593 ਮਾਸਟਰ ਮੋਤਾ ਸਿੰਘ ਨਗਰ ਜਲੰਧਰ ਤੋਂ ਚੱਲੇਗੀ। ਉਨ੍ਹਾਂ ਦੇ ਪਿੱਛੇ ਪਰਿਵਾਰ ’ਚ ਇਕ ਬੇਟਾ, ਦੋ ਬੇਟੀਆਂ ਤੇ ਹੋਰ ਪਰਿਵਾਰਕ ਮੈਂਬਰ ਹਨ। ਦੱਸਣਯੋਗ ਹੈ ਕਿ ਪ੍ਰੇਮ ਪ੍ਰਕਾਸ਼ ਵਲੋਂ ਅਨੇਕਾਂ ਕਹਾਣੀਆਂ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਗਈਆਂ, ਜਿਨ੍ਹਾਂ ’ਚ ਪ੍ਰਮੁੱਖ ਤੌਰ ’ਤੇ ‘ਕੱਚ ਕੜੇ’, ‘ਨਮਾਜ਼ੀ’, ‘ਮੁਕਤੀ’, ‘ਸਵੇਤਾਂਬਰ ਨੇ ਕਿਹਾ ਸੀ’ ਤੇ ’ਕੁੱਝ ਅਣਕਿਹਾ ਵੀ’ ਸ਼ਾਮਿਲ ਹਨ। ਉਨ੍ਹਾਂ ਆਪਣੀ ਕਹਾਣੀ ‘ਡੈੱਡਲਾਈਨ’ ’ਚ ਦਿਓਰ-ਭਰਜਾਈ ਦੇ ਰਿਸ਼ਤੇ ਨੂੰ ਬਹੁਤ ਹੀ ਭਾਵੁਕਤਾ ਨਾਲ ਪੇਸ਼ ਕੀਤਾ ਸੀ ਤੇ ਇਸ ਕਹਾਣੀ ਨੂੰ ਸਾਹਿਤ ਪ੍ਰੇਮੀਆਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ। ਉਨ੍ਹਾਂ ਵਲੋਂ ਪੰਜਾਬ ਦੀ ਨਕਸਲੀ ਲਹਿਰ ਬਾਰੇ ਲਿਖਿਆ ਨਾਵਲ ‘ਦਸਤਾਵੇਜ਼’ ਵੀ ਕਾਫੀ ਚਰਚਿਤ ਹੋਇਆ ਸੀ। ਪ੍ਰੇਮ ਪ੍ਰਕਾਸ਼ ਆਜ਼ਾਦੀ ਤੋਂ ਬਾਅਦ ਦੇ ਪੂਰਬੀ ਸਾਹਿਤ ਵਿਚ ਛੋਟੀ ਕਹਾਣੀ ਦੇ ਲੇਖਕਾਂ ਵਿਚੋਂ ਪ੍ਰਮੁੱਖ ਸਨ ਤੇ ਉਨ੍ਹਾਂ ਨੂੰ ਪ੍ਰੇਮ ਪ੍ਰਕਾਸ਼ ਖੰਨਵੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ। ਪ੍ਰੇਮ ਪ੍ਰਕਾਸ਼ ਨੇ ਕੁਝ ਸਮਾਂ ਪ੍ਰਾਇਮਰੀ ਸਕੂਲ ਅਧਿਆਪਕ ਵਜੋਂ ਕੰਮ ਕੀਤਾ ਤੇ ਫਿਰ ਜਲੰਧਰ ਤੋਂ ਛਪਦੇ ਉਰਦੂ ਅਖ਼ਬਾਰ ਰੋਜ਼ਾਨਾ ‘ਮਿਲਾਪ’ ਵਿਚ ਤੇ ਫਿਰ ਲੰਬਾ ਸਮਾਂ ਹਿੰਦ ਸਮਾਚਾਰ ’ਚ ਬਤੌਰ ਸਬ ਐਡੀਟਰ ਕੰਮ ਕੀਤਾ। ਉਹ 1990 ਤੋਂ ਇਕ ਸਾਹਿਤਕ ਪਰਚਾ ‘ਲਕੀਰ’ ਵੀ ਕੱਢਦੇ ਆ ਰਹੇ ਹਨ। ਉਨ੍ਹਾਂ ਦੀਆਂ ਪੁਸਤਕਾਂ ਅੱਜ ਵੀ ਅਨੇਕਾਂ ਯੂਨੀਵਰਸਿਟੀਆਂ ’ਚ ਪੜ੍ਹਾਈਆਂ ਜਾ ਰਹੀਆਂ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.