Thursday, 25 June 2026

ਜਾਨ ਬਚਾਉਣ ਲਈ ਕਈ ਵਿਅਕਤੀਆਂ ਨੇ ਬਿਲਡਿੰਗ ਤੋਂ ਮਾਰ ਦਿੱਤੀਆਂ ਛਾਲਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮਾਲਵੀਆ ਨਗਰ ਵਿਚ ਅੱਜ ਬੁੱਧਵਾਰ ਸਵੇਰੇ ਲੇਮਨ ਗਰੀਨ ਰੈਸਟੋਰੈਂਟ ਵਿਚ ਅੱਗ ਲੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ 10 ਵਿਦੇਸ਼ੀ ਵਿਅਕਤੀ ਵੀ ਸ਼ਾਮਲ ਹਨ। ਦਿੱਲੀ ਫਾਇਰ ਸਰਵਿਸ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਅੱਗ ਸਵੇਰੇ 9 ਵਜੇ ਦੇ ਕਰੀਬ ਲੱਗੀ ਅਤੇ ਇਹ ਅੱਗ ਰੈਸਟੋਰੈਂਟ ਦੇ ਉਪਰ ਬਣੇ ਹੋਟਲ ਤੱਕ ਪਹੁੰਚ ਗਈ। ਕਈ ਵਿਅਕਤੀਆਂ ਨੇ ਜਾਨ ਬਚਾਉਣ ਲਈ ਬਿਲਡਿੰਗ ਤੋਂ ਛਾਲਾਂ ਮਾਰ ਦਿੱਤੀਆਂ। ਦੱਸਣਯੋਗ ਹੈ ਕਿ ਪਿਛਲੇ 6 ਮਹੀਨਿਆਂ ਦੌਰਾਨ ਦਿੱਲੀ ’ਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿਚ 66 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਦਿੱਲੀ ਵਿਚ ਵਾਪਰੀ ਇਸ ਅੱਗ ਲੱਗਣ ਦੀ ਘਟਨਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਘਟਨਾ ਵਿਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖ਼ਮੀ ਹੋਏ ਹਰ ਇਕ ਵਿਅਕਤੀ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਵੀ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।  

 

 

0001 ਨੰਬਰ ਦੀ ਬੋਲੀ ਰਹੀ ਘੱਟ
ਨਵੀਂ ਦਿੱਲੀ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਵੀਆਈਪੀ ਅਤੇ ਫੈਂਸੀ ਗੱਡੀਆਂ ਦੇ ਨੰਬਰਾਂ ਦਾ ਕਰੇਜ਼ ਇਕ ਵਾਰ ਫਿਰ ਸਿਰ ਚੜ੍ਹ ਕੇ ਬੋਲ ਰਿਹਾ ਹੈ। ਰਜਿਸਟਰੇਸ਼ਨ ਐਂਡ ਲਾਈਸੈਂਸਿੰਗ ਅਥਾਰਿਟੀ, ਯੂਟੀ ਚੰਡੀਗੜ੍ਹ ਵਲੋਂ ਆਯੋਜਿਤ ਫੈਂਸੀ ਨੰਬਰਾਂ ਦੀ ਈ-ਨਿਲਾਮੀ ਸੰਪੰਨ ਹੋ ਗਈ ਹੈ। ਤਿੰਨ ਦਿਨਾਂ ਤੱਕ ਚੱਲੀ ਇਸ ਔਨਲਾਈਨ ਬੋਲੀ ਵਿਚ ‘0001’ ਨੰਬਰ ਨੂੰ ਪਛਾੜ ਕੇ ਇਸ ਵਾਰ ‘0003’ ਨੰਬਰ ਸਭ ਤੋਂ ਮਹਿੰਗਾ ਵਿਕਿਆ। ਇਸ ਦੌਰਾਨ ‘0003’ ਨੰਬਰ 37 ਲੱਖ 63 ਹਜ਼ਾਰ ਰੁਪਏ ਵਿਚ ਵਿਕਿਆ, ਜਦੋਂ ਕਿ ‘0001’ ਦੇ ਲਈ 23 ਲੱਖ 55 ਹਜ਼ਾਰ ਰੁਪਏ ਦੀ ਬੋਲੀ ਲੱਗੀ। ਇਸ ਨਿਲਾਮੀ ਵਿਚ ਕੁੱਲ 683 ਰਜਿਸਟਰੇਸ਼ਨ ਨੰਬਰਾਂ ਦੀ ਸਫਲ ਬੋਲੀ ਲੱਗੀ। ਪੂਰੀ ਨਿਲਾਮੀ ਤੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੁੱਲ 4 ਕਰੋੜ 13 ਲੱਖ ਰੁਪਏ ਤੋਂ ਜ਼ਿਆਦਾ ਦੀ ਬੰਪਰ ਕਮਾਈ ਹੋਈ ਹੈ। ਚੰਡੀਗੜ੍ਹ ਵਿਚ ਫੈਂਸੀ ਵਾਹਨ ਨੰਬਰਾਂ ਦੀ ਈ-ਨਿਲਾਮੀ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵਲੋਂ ਅਧਿਕਾਰਤ ਆਵਾਜਾਈ ਪੋਰਟਲ ’ਤੇ ਔਨਲਾਈਨ ਆਯੋਜਿਤ ਕੀਤੀ ਜਾਂਦੀ ਹੈ।

ਮਹਿੰਦਰਾ ਅਤੇ ਟੋਇਟਾ ਦੀ ਵਿਕਰੀ ਵੀ 11 ਫੀਸਦੀ ਵਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਟੋ ਮੋਬਾਇਲ ਕੰਪਨੀਆਂ ਨੇ ਅੱਜ 1 ਜੂਨ ਨੂੰ ਮਹੀਨਾਵਾਰ ਸੇਲਜ਼ ਰਿਪੋਰਟ ਜਾਰੀ ਕਰ ਦਿੱਤੀ ਹੈ। ਮਈ ਮਹੀਨੇ ਦੌਰਾਨ ਮਾਰੂਤੀ ਸੁਜੂਕੀ ਨੇ ਕੁੱਲ 2 ਲੱਖ 32 ਹਜ਼ਾਰ 688 ਗੱਡੀਆਂ ਵੇਚੀਆਂ ਹਨ। ਇਹ ਗਿਣਤੀ ਮਈ 2025 ਵਿਚ ਵੇਚੀਆਂ ਗਈਆਂ 1 ਲੱਖ 80 ਹਜ਼ਾਰ 77 ਗੱਡੀਆਂ ਦੇ ਮੁਕਾਬਲੇ 34 ਫੀਸਦੀ ਜ਼ਿਆਦਾ ਹਨ। ਇਹ ਭਾਰਤ ਵਿਚ ਕਿਸੇ ਵੀ ਕੰਪਨੀ ਵਲੋਂ ਇਕ ਮਹੀਨੇ ਵਿਚ ਸਭ ਤੋਂ ਜ਼ਿਆਦਾ ਗੱਡੀਆਂ ਵੇਚਣ ਦਾ ਨਵਾਂ ਰਿਕਾਰਡ ਹੈ। ਕੰਪਨੀ ਦੀ ਗਰੋਥ ਵਿਚ ਭਾਰਤੀ ਬਜ਼ਾਰ ਦੇ ਨਾਲ-ਨਾਲ ਵਿਦੇਸ਼ਾਂ ਵਿਚ ਹੋਣ ਵਾਲੇ ਐਕਸਪੋਰਟ ਦਾ ਵੀ ਵੱਡਾ ਯੋਗਦਾਨ ਹੈ। ਇਸੇ ਦੌਰਾਨ ਹੁੰਡਈ ਨੇ ਮਈ ਮਹੀਨੇ ਵਿਚ ਪੂਰੇ ਭਾਰਤ ’ਚ 9 ਫੀਸਦੀ ਗਰੋਥ ਦੇ ਨਾਲ 47 ਹਜ਼ਾਰ 837 ਅਤੇ ਮਹਿੰਦਰਾ ਨੇ 11 ਫੀਸਦੀ ਗਰੋਥ ਦੇ ਨਾਲ 58 ਹਜ਼ਾਰ 21 ਕਾਰਾਂ ਜ਼ਿਆਦਾ ਵੇਚੀਆਂ ਹਨ।  

ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ  ਸੁਪਰੀਮ ਕੋਰਟ ਵਿੱਚ ਅੱਜ ਸੋਮਵਾਰ ਨੂੰ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਵਿੱਚ ਪਦਉੱਨਤ ਕੀਤੇ ਗਏ ਇਨ੍ਹਾਂ ਜੱਜਾਂ ਵਿੱਚ ਵੱਖ-ਵੱਖ ਰਾਜਾਂ ਦੀਆਂ ਹਾਈਕੋਰਟਾਂ ਦੇ ਚੀਫ ਜਸਟਿਸ ਸ਼ਾਮਲ ਹਨ। ਕਾਨੂੰਨ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤੇ ਗਏ ਨਾਵਾਂ ਵਿੱਚ ਬੰਬੇ ਹਾਈਕੋਰਟ ਦੇ ਮਾਨਯੋਗ ਚੀਫ ਜਸਟਿਸ ਚੰਦਰ ਸ਼ੇਖਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਮੱਧ ਪ੍ਰਦੇਸ਼ ਹਾਈਕੋਰਟ ਦੇ ਚੀਫ ਜਸਟਿਸ ਸੰਜੀਵ ਸਚਦੇਵਾ ਅਤੇ ਜੰਮੂ-ਕਸ਼ਮੀਰ ਹਾਈਕੋਰਟ ਦੇ ਚੀਫ ਜਸਟਿਸ ਅਰੁਣ ਪੱਲੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਵੈਂਕਟਾ ਸੁਬਰਾਮਨੀ ਮੋਹਨਾ ਨੂੰ ਵੀ ਦੇਸ਼ ਦੀ ਸਿਖਰਲੀ ਅਦਾਲਤ ਦਾ ਜੱਜ ਨਿਯੁਕਤ ਕੀਤਾ ਗਿਆ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.