Friday, 17 April 2026

ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਦਾ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ, ਅਮਰੀਕੀ ਫੌਜ ਨੇ ਵੱਡਾ ਐਲਾਨ ਕਰ ਦਿੱਤਾ ਹੈ। ਅਮਰੀਕਾ ਹੁਣ ਇਰਾਨ ਦੀਆਂ ਬੰਦਰਗਾਹਾਂ ਤੋਂ ਹੋਣ ਵਾਲੀ ਸਾਰੀ ਸਮੁੰਦਰੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਲਗਾ ਦੇਵੇਗਾ। ਇਹ ਇੱਕ ਤਰ੍ਹਾਂ ਦੀ ਆਰਥਿਕ ਨਾਕਾਬੰਦੀ ਹੋਵੇਗੀ, ਜਿਸ ਤਹਿਤ ਕੱਚੇ ਤੇਲ ਅਤੇ ਗੈਸ ਨਾਲ ਲੱਦੇ ਸਮੁੰਦਰੀ ਬੇੜਿਆਂ ਨੂੰ ਚੱਲਣ ਤੋਂ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਤੇਲ ਅਤੇ ਗੈਸ ਹੀ ਇਰਾਨ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਹਨ, ਜਿਨ੍ਹਾਂ ਨੂੰ ਰੋਕ ਕੇ ਅਮਰੀਕਾ ਇਰਾਨ ’ਤੇ ਆਰਥਿਕ ਦਬਾਅ ਬਣਾਉਣ ਜਾ ਰਿਹਾ ਹੈ। ਅਮਰੀਕੀ ਸੈਂਟਰਲ ਕਮਾਂਡ  ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰਪਤੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਅਮਰੀਕੀ ਫੌਜੀ ਬਲ ਇਰਾਨ ਦੀਆਂ ਬੰਦਰਗਾਹਾਂ ਵਿੱਚ ਦਾਖਲ ਹੋਣ ਅਤੇ ਬਾਹਰ ਜਾਣ ਵਾਲੀ ਸਾਰੀ ਸਮੁੰਦਰੀ ਆਵਾਜਾਈ ਦੀ ਨਾਕਾਬੰਦੀ ਲਾਗੂ ਕਰਨਾ ਸ਼ੁਰੂ ਕਰ ਦੇਣਗੇ।

ਪੋਪ ਲੀਓ  ਵਿਰੁੱਧ ਵੀ ਖੋਲ੍ਹਿਆ ਮੋਰਚਾ - ਧਾਰਮਿਕ ਜਗਤ ’ਚ ਰੋਸ
ਚੰਡੀਗੜ੍ਹ/ਬਿਊਰੋ ਨਿਊਜ਼  
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਨਵਾਂ ਵਿਵਾਦ ਛੇੜ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੁਆਰਾ ਤਿਆਰ ਕੀਤੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਹਜ਼ਰਤ ਈਸਾ ਮਸੀਹ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਤਸਵੀਰ ਵਿੱਚ ਟਰੰਪ ਬਾਈਬਲ ਕਾਲ ਦੇ ਚੋਲੇ ਵਿੱਚ ਨਜ਼ਰ ਆ ਰਹੇ ਹਨ ਅਤੇ ਇੱਕ ਬੀਮਾਰ ਵਿਅਕਤੀ ’ਤੇ ਹੱਥ ਰੱਖ ਕੇ ਉਸ ਦਾ ਇਲਾਜ ਕਰ ਰਹੇ ਹਨ, ਜਦੋਂ ਕਿ ਉਨ੍ਹਾਂ ਦੀਆਂ ਉਂਗਲਾਂ ਵਿੱਚੋਂ ਰੌਸ਼ਨੀ ਨਿਕਲ ਰਹੀ ਹੈ। ਇਹ ਤਸਵੀਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਟਰੰਪ ਅਤੇ ਕੈਥੋਲਿਕ ਚਰਚ ਦੇ ਸਰਵਉੱਚ ਆਗੂ ਪੋਪ ਲੀਓ  ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪੋਪ ਵੱਲੋਂ ਅਮਰੀਕਾ-ਇਰਾਨ ਜੰਗ ਦੀ ਨਿਖੇਧੀ ਕੀਤੇ ਜਾਣ ਤੋਂ ਭੜਕੇ ਟਰੰਪ ਨੇ ਕਿਹਾ ਕਿ ਮੈਂ ਪੋਪ ਲੀਓ ਦਾ ਕੋਈ ਪ੍ਰਸ਼ੰਸਕ ਨਹੀਂ ਹਾਂ। ਉਹ ਬਹੁਤ ਉਦਾਰਵਾਦੀ ਵਿਅਕਤੀ ਹਨ ਅਤੇ ਅਪਰਾਧਾਂ ਪ੍ਰਤੀ ਨਰਮ ਹਨ। ਇਸਦੇ ਚੱਲਦਿਆਂ ਟਰੰਪ ਵੱਲੋਂ ਪਵਿੱਤਰ ਧਾਰਮਿਕ ਚਿੰਨ੍ਹਾਂ ਦੀ ਸਿਆਸੀ ਮੰਤਵ ਲਈ ਵਰਤੋਂ ਕਰਨ ’ਤੇ ਕਈ ਧਾਰਮਿਕ ਸਮੂਹਾਂ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ।

ਪਾਕਿਸਤਾਨ ਵਿਚਲੇ ਪੰਜਾਬ ਦੀ ਵਿਧਾਨ ਸਭਾ ’ਚ ਮਤਾ ਪੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼  
ਪਾਕਿਸਤਾਨ ਦੀ ਪੰਜਾਬ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨੌਮੀਨੇਟ ਕਰਨ ਦਾ ਮਤਾ ਪੇਸ਼ ਕੀਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਪੀ.ਐਮ.ਐਲ. - ਐਨ ਦੇ ਵਿਧਾਇਕ ਰਾਣਾ ਮੁਹੰਮਦ ਅਰਸ਼ਦ ਵਲੋਂ ਇਹ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਵਿਚ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਆਗੂਆਂ ਦੀ ਵਿਚੋਲਗੀ ਨਾਲ ਹੀ ਅਮਰੀਕਾ-ਇਰਾਨ ਵਿਚਾਲੇ ਦੋ ਹਫਤਿਆਂ ਲਈ ਜੰਗਬੰਦੀ ਹੋ ਸਕੀ ਹੈ ਅਤੇ ਇਸ ਨਾਲ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦਾ ਰਸਤਾ ਤਿਆਰ ਹੋਇਆ ਹੈ। ਜ਼ਿਕਰਯੋਗ ਹੈ ਕਿ ਲੰਘੀ 8 ਅਪ੍ਰੈਲ ਨੂੰ ਅਮਰੀਕਾ ਨੇ ਇਰਾਨ ਨਾਲ ਜੰਗਬੰਦੀ ਦਾ ਐਲਾਨ ਕੀਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਫੈਸਲਾ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਆਸਿਮ ਮੁਨੀਰ ਦੀ ਅਪੀਲ ਦੇ ਬਾਅਦ ਲਿਆ ਸੀ। ਇਸ ਸਬੰਧੀ ਇਰਾਨ ਨੇ ਵੀ ਪੁਸ਼ਟੀ ਕੀਤੀ ਸੀ।

ਟਰੰਪ ਨੇ ਕਿਹਾ : ਸਮਝੌਤੇ ਤੱਕ ਇਰਾਨ ਦੇ ਨੇੜੇ ਫੌਜ ਰਹੇਗੀ ਤੈਨਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਨੇ ਅਮਰੀਕਾ ’ਤੇ ਜੰਗਬੰਦੀ ਦੀਆਂ ਤਿੰਨ ਅਹਿਮ ਸ਼ਰਤਾਂ ਤੋੜਨ ਦਾ ਇਲਜ਼ਾਮ ਲਗਾਇਆ ਹੈ। ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕੇਰ ਗਾਲਿਬਾਫ ਨੇ ਕਿਹਾ ਕਿ ਅਮਰੀਕਾ ਨੇ ਬੁਨਿਆਦੀ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਰਾਨ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਜਿਸ ਅਧਾਰ ’ਤੇ ਗੱਲਬਾਤ ਹੋਣੀ ਸੀ, ਉਹ ਪਹਿਲਾਂ ਹੀ ਟੁੱਟ ਚੁੱਕੀ ਹੈ। ਅਜਿਹੇ ਵਿਚ ਹੁਣ ਗੱਲਬਾਤ ਜਾਂ ਜੰਗਬੰਦੀ ਤਰਕਸੰਗਤ ਨਹੀਂ ਰਹਿ ਗਈ। ਉਧਰ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਦੋਂ ਤੱਕ ਇਰਾਨ ਨਾਲ ਹੋਇਆ ਸਮਝੌਤਾ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਹੁੰਦਾ, ਉਦੋਂ ਤੱਕ ਅਮਰੀਕਾ ਫੌਜ ਇਰਾਨ ਦੇ ਨੇੜੇ ਤੈਨਾਤ ਰਹੇਗੀ। ਟਰੰਪ ਨੇ ਸ਼ੋਸ਼ਲ ਮੀਡੀਆ ’ਤੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਮਝੌਤੇ ਦਾ ਪਾਲਣ ਨਾ ਹੋਇਆ ਤਾਂ ਫਿਰ ਤੋਂ ਗੋਲੀਬਾਰੀ ਸ਼ੁਰੂ ਹੋ ਸਕਦੀ ਹੈ ਅਤੇ ਜੋ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਅਤੇ ਵਿਨਾਸ਼ਕਾਰੀ ਹੋਵੇਗੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸਦੀ ਸੰਭਾਵਨਾ ਬਹੁਤ ਘੱਟ ਹੈ, ਪਰ ਅਮਰੀਕਾ ਪੂਰੀ ਤਰ੍ਹਾਂ ਤਿਆਰ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.