Friday, 17 April 2026

ਭਾਰਤੀਆਂ ਦੀ ਸੁਰੱਖਿਆ ਨੂੰ ਦੱਸਿਆ ਮੁੱਖ ਤਰਜੀਹ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿੱਚ ਲਗਾਤਾਰ ਵਧ ਰਹੀ ਜੰਗ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੀ ਦੇਰ ਰਾਤ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਖੇਤਰ ਵਿੱਚ ਵਧਦੇ ਤਣਾਅ ਅਤੇ ਨਿਰਦੋਸ਼ ਨਾਗਰਿਕਾਂ ਦੀ ਜਾਨ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਸੰਜਮ, ਗੱਲਬਾਤ ਅਤੇ ਕੂਟਨੀਤੀ ਹੀ ਸ਼ਾਂਤੀ ਦਾ ਇੱਕੋ-ਇੱਕ ਰਸਤਾ ਹੈ। ਲੰਘੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਸ਼ੁਰੂ ਹੋਈ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਉੱਚ ਆਗੂਆਂ ਵਿਚਾਲੇ ਇਹ ਪਹਿਲੀ ਸਿੱਧੀ ਗੱਲਬਾਤ ਹੈ। ਪੀਐਮ ਮੋਦੀ ਨੇ ਗੱਲਬਾਤ ਦੌਰਾਨ ਇਰਾਨ ਵਿੱਚ ਮੌਜੂਦ ਕਰੀਬ 9 ਹਜ਼ਾਰ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਮੈਡੀਕਲ ਵਿਦਿਆਰਥੀ ਹਨ, ਉਨ੍ਹਾਂ ਦੀ ਸੁਰੱਖਿਆ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀ ਭਲਾਈ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਭਾਰਤੀ ਦੂਤਾਵਾਸ ਵੱਲੋਂ ਵਿਦਿਆਰਥੀਆਂ ਨੂੰ ਅਰਮੀਨੀਆ ਅਤੇ ਅਜ਼ਰਬਾਈਜਾਨ ਦੇ ਰਸਤੇ ਸੁਰੱਖਿਅਤ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਭਾਰਤ ਵਾਂਗ ਹੋਰ ਦੇਸ਼ ਵੀ ਖਰੀਦ ਸਕਣਗੇ ਰੂਸੀ ਤੇਲ
ਵਾਸ਼ਿੰਗਟਨ/ਬਿਊਰੋ ਨਿਊਜ਼
ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਨਡ ਟਰੰਪ ਦੀ ਅਗਵਾਈ ਵਾਲੇ ਅਮਰੀਕੀ ਪ੍ਰਸ਼ਾਸ਼ਨ ਨੇ ਸਮੁੰਦਰ ਵਿਚ ਫਸੇ ਦੂਜੇ ਦੇਸ਼ਾਂ ਨੂੰ ਰੂੁਸੀ ਤੇਲ ਖਰੀਦਣ ਲਈ ਅਸਥਾਈ ਇਜ਼ਾਜ਼ਤ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਇਰਾਨ ਵਿਰੁੱਧ ਅਮਰੀਕਾ-ਇਜ਼ਰਾਈਲ ਜੰਗ ਦੇ ਖਤਮ ਹੋਣ ਦੇ ਕੋਈ ਤੁਰੰਤ ਸੰਕੇਤ ਨਾ ਮਿਲਣ ਦੇ ਦੌਰਾਨ ਆਇਆ। ਅਮਰੀਕਾ ਨੇ ਪਹਿਲਾਂ ਭਾਰਤ ਨੂੰ ਰੂਸੀ ਤੇਲ ਖਰੀਦਣ ਦੀ ਇਜ਼ਾਜ਼ਤ ਦੇਣ ਲਈ ਪਾਬੰਦੀਆਂ ਤੋਂ ਇਸੇ ਤਰ੍ਹਾਂ ਦੀ ਛੋਟ ਦਿੱਤੀ ਸੀ। ਇਹ ਕਦਮ ਲੰਘੀ 28 ਫਰਵਰੀ ਨੂੰ ਯੁੱਧ ਸ਼ੁਰੂ ਹੋਣ ਤੋਂ ਬਾਅਦ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਸੀ। ਅਮਰੀਕਾ ਦੇ ਖਜ਼ਾਨਾ ਮੰਤਰੀ ਸਕਾਟ ਬੇਸੈਂਟ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ਵਿਚ ਇਹ ਜਾਣਕਾਰੀ ਦਿੱਤੀ ਹੈ। ਬੇਸੈਂਟ ਨੇ ਕਿਹਾ ਕਿ ਮੌਜੂਦਾ ਸਪਲਾਈ ਤੱਕ ਗਲੋਬਲ ਪਹੁੰਚ ਨੂੰ ਵਧਾਉਣ ਲਈ ਅਮਰੀਕੀ ਵਿੱਤ ਮੰਤਰਾਲਾ ਇਹ ਅਸਥਾਈ ਛੋਟ ਦੇ ਰਿਹਾ ਹੈ ਤਾਂ ਜੋ ਦੇਸ਼ ਇਸ ਸਮੇਂ ਸਮੁੰਦਰ ਵਿਚ ਫਸੇ ਹੋਏ ਰੂਸੀ ਤੇਲ ਨੂੰ ਖਰੀਦ ਸਕਣ।

ਟਰੰਪ ਨੇ ਇਰਾਨ ’ਤੇ ਹੋਰ ਹਮਲੇ ਕਰਨ ਦੀ ਦਿੱਤੀ ਚਿਤਾਵਨੀ
ਨਵੀਂ ਦਿੱਲੀ/ਬਿਊਰੋ ਨਿਊਜ਼  
ਅਮਰੀਕੀ ਫੌਜ ਨੇ ਖਾੜੀ ਖੇਤਰ ਵਿੱਚ ਇਰਾਨ ਦੀਆਂ ਕਈ ਸਮੁੰਦਰੀ ਕਿਸ਼ਤੀਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ। ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਇਰਾਨ ਨੇ ਖੇਤਰ ਦੇ ਤੇਲ ਦੀ ਬਰਾਮਦਗੀ ਨੂੰ ਰੋਕਣ ਦੀ ਧਮਕੀ ਦਿੱਤੀ ਸੀ। ਅਮਰੀਕਾ ਨੇ ਇਰਾਨ ਦੀਆਂ ਉਨ੍ਹਾਂ 16 ਕਿਸ਼ਤੀਆਂ ਨੂੰ ਨਸ਼ਟ ਕਰ ਦਿੱਤਾ ਹੈ, ਜੋ ਸਮੁੰਦਰ ਵਿੱਚ ਬਾਰੂਦੀ ਸੁਰੰਗਾਂ ਵਿਛਾਉਣ ਦਾ ਕੰਮ ਕਰ ਰਹੀਆਂ ਸਨ। ਹਾਲਾਂਕਿ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਫਿਲਹਾਲ ‘ਸਟਰੇਟ ਆਫ ਹਾਰਮੁਜ਼’ ਵਿੱਚ ਕਿਸੇ ਵੀ ਬਾਰੂਦੀ ਸੁਰੰਗ ਦੇ ਫਟਣ ਜਾਂ ਲੱਗੇ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਅਮਰੀਕਾ ਕਿਸੇ ਵੀ ਖਤਰੇ ਨੂੰ ਰੋਕਣ ਲਈ ਪਹਿਲਾਂ ਹੀ ਕਾਰਵਾਈ ਕਰ ਰਿਹਾ ਹੈ। ਜੰਗ ਦੇ ਅੱਜ 12ਵੇਂ ਦਿਨ ਦੋਵਾਂ ਦੇਸ਼ਾਂ ਦੇ ਤੇਵਰ ਹੋਰ ਤਿੱਖੇ ਹੋ ਗਏ ਹਨ। ਰਾਸ਼ਟਰਪਤੀ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਸਮੁੰਦਰੀ ਰਸਤੇ ਵਿੱਚ ਕੋਈ ਵੀ ਰੁਕਾਵਟ ਪਾਈ, ਤਾਂ ਉਸ ’ਤੇ ਅਜਿਹਾ ਹਮਲਾ ਕੀਤਾ ਜਾਵੇਗਾ ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ।

ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਵਿਚ ਵਧਦੀਆਂ ਤੇਲ ਕੀਮਤਾਂ ਨੂੰ ਦੇਖਦਿਆਂ ਖਰਚਿਆਂ ਵਿਚ ਕਟੌਤੀ ਯੋਜਨਾ ਦਾ ਐਲਾਨ ਕੀਤਾ ਹੈ। ਇਸਦੇ ਤਹਿਤ ਸਰਕਾਰੀ ਦਫਤਰ ਹਫਤੇ ’ਚ ਸਿਰਫ ਚਾਰ ਦਿਨ ਖੁੱਲ੍ਹਣਗੇ ਅਤੇ ਅੱਧੇ ਕਰਮਚਾਰੀ ਵਰਕ ਫਰੌਮ ਹੋਮ ਕਰਨਗੇ ਅਤੇ ਸਕੂਲ ਵੀ ਦੋ ਹਫਤਿਆਂ ਲਈ ਬੰਦ ਕਰ ਦਿੱਤੇ ਗਏ ਹਨ। ਮੀਡੀਆ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਮੰਤਰੀਆਂ ਅਤੇ ਸਲਾਹਕਾਰਾਂ ਦੇ ਵਿਦੇਸ਼ ਦੌਰੇ ਰੋਕ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਮੰਤਰੀ ਦੋ ਮਹੀਨੇ ਤੱਕ ਤਨਖਾਹ ਨਹੀਂ ਲੈਣਗੇ ਅਤੇ ਸੰਸਦ ਮੈਂਬਰਾਂ ਦੀ ਤਨਖਾਹ ਵਿਚ ਵੀ 25 ਫੀਸਦੀ ਕਟੌਤੀ ਹੋਵੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਮਰੀਕਾ-ਇਜਰਾਈਲ ਅਤੇ ਇਰਾਨ ਸੰਘਰਸ਼ ਕਰਕੇ ਕੱਚੇ ਤੇਲ ਦੀ ਕੀਮਤ 60 ਡਾਲਰ ਤੋਂ ਵਧ ਕੇ 100 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਹੋ ਗਈ ਹੈ। ਇਸ ਕਰਕੇ ਇਹ ਫੈਸਲਾ ਲਿਆ ਗਿਆ ਹੈ। ਉਧਰ ਦੂਜੇ ਪਾਸੇ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਫਿਲਹਾਰ ਅਸਾਰ ਨਹੀਂ ਹਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.