Friday, 17 April 2026

ਸ਼ੋ੍ਰਮਣੀ ਕਮੇਟੀ ਨੂੰ ਮਿਲੇ 1763 ਸ਼ਰਧਾਲੂਆਂ ਦੇ ਵੀਜ਼ੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਹਾਈ ਕਮਿਸ਼ਨ ਨੇ ਐਲਾਨ ਕੀਤਾ ਕਿ ਉਸਨੇ ਭਾਰਤੀ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਹੋਣ ਵਾਲੇ ਆਗਾਮੀ ਵਿਸਾਖੀ ਜਸ਼ਨਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ 2800 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ। ਇਹ ਸਾਲਾਨਾ ਤਿਉਹਾਰ 10 ਤੋਂ 19 ਅਪਰੈਲ ਤੱਕ ਮਨਾਇਆ ਜਾਣਾ ਹੈ, ਜਿਸ ਦੌਰਾਨ ਸ਼ਰਧਾਲੂਆਂ ਵੱਲੋਂ ਪਾਕਿਸਤਾਨ ਭਰ ਦੇ ਪ੍ਰਮੁੱਖ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦੀ ਉਮੀਦ ਹੈ। ਸਿੱਖ ਕੈਲੰਡਰ ਦੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਵਿਸਾਖੀ, ਖਾਲਸਾ ਦੀ ਸਾਜਨਾ ਦਾ ਪ੍ਰਤੀਕ ਹੈ ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਖਾਸ ਕਰਕੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਗੁਰਦੁਆਰਿਆਂ ਵੱਲ ਖਿੱਚਦਾ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਵੀ ਸ਼ਾਮਲ ਹੈ। ਇਸੇ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 1763 ਵੀਜ਼ੇ ਪ੍ਰਾਪਤ ਹੋਏ ਹਨ। ਇਸ ਗੱਲ ਦਾ ਪ੍ਰਗਟਾਵਾ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਆਪਣੇ ਵੀਜ਼ਾ ਲੱਗੇ ਪਾਸਪੋਰਟ 9 ਅਪ੍ਰੈਲ ਨੂੰ ਸਵੇਰੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫਤਰ ਸਥਿਤ ਯਾਤਰਾ ਵਿਭਾਗ ਤੋਂ ਪ੍ਰਾਪਤ ਕਰ ਸਕਦੇ ਹਨ।

ਇਜ਼ਰਾਈਲ ਨੇ ਵੀ ਕਿਹਾ : ਇਰਾਨ ਦੀ ਜਨਤਾ ਰੇਲਾਂ ਵਿਚ ਸਫਰ ਨਾ ਕਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਦਿੱਤੀ ਆਪਣੀ ਚਿਤਾਵਨੀ ਨੂੰ ਹੋਰ ਸਖਤ ਕਰਦਿਆਂ ਕਿਹਾ ਹੈ ਕਿ ਜੇਕਰ ਸਮਝੌਤਾ ਨਾ ਹੋਇਆ ਤਾਂ ਇਰਾਨ ਦੇ ਸਾਰੇ ਪਾਵਰ ਪਲਾਂਟ ਅਤੇ ਪੁਲ ਤਬਾਹ ਕਰ ਦਿੱਤੇ ਜਾਣਗੇ। ਇਰਾਨ ਵਲੋਂ 45 ਦਿਨਾਂ ਦੀ ਜੰਗਬੰਦੀ ਦੇ ਮਤੇ ਨੂੰ ਠੁਕਰਾਉਣ ਅਤੇ ਜੰਗ ਦੇ ਪੱਕੇ ਖਾਤਮੇ ਦੀ ਮੰਗ ਕੀਤੇ ਜਾਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਇਰਾਨ ਨੂੰ ਇਕ ਰਾਤ ਵਿਚ ਹੀ ਖਤਮ ਕੀਤਾ ਜਾ ਸਕਦਾ ਹੈ। ਅਮਰੀਕਾ ਨੇ ਇਰਾਨ ਨੂੰ ਹੋਰਮੁਜ਼ ਜਲਮਾਰਗ ਨੂੰ ਸਾਰੀ ਸਮੁੰਦਰੀ ਆਵਾਜਾਈ ਲਈ ਖੋਲ੍ਹਣ ਦਾ ਅਲਟੀਮੇਟਮ ਦਿੱਤਾ ਹੈ। ਇਸੇ ਦੌਰਾਨ ਇਜ਼ਰਾਈਲ ਨੇ ਵੀ ਇਰਾਨ ਵਿਚ ਲੋਕਾਂ ਨੂੰ ਰੇਲਾਂ ਵਿਚ ਸਫਰ ਨਾ ਕਰਨ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਰਾਨ ਦੀ ਜਨਤਾ ਰੇਲ ਪਟੜੀਆਂ ਤੋਂ ਵੀ ਦੂਰ ਰਹੇ। ਜ਼ਿਕਰਯੋਗ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਇਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ।  

ਇਰਾਨ ਦਾ ਕਹਿਣਾ : ਅਸੀਂ ਦਬਾਅ ਅੱਗੇ ਨਹੀਂ ਝੁਕਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜਾਰੀ ਜੰਗ ਹੁਣ ਇਕ ਅਜਿਹੇ ਮੋੜ ’ਤੇ ਪਹੁੰਚ ਗਈ ਹੈ, ਜਿੱਥੇ ਸਮਝੌਤੇ ਦੀ ਬਜਾਏ ਟਕਰਾਅ ਵਧਦਾ ਦਿਖਾਈ ਦੇ ਰਿਹਾ ਹੈ। ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਹੋਰਮੁਜ਼ ਜਲਡਮਰੂ ਨੂੰ ਲੈ ਕੇ ਦਿੱਤੀ ਗਈ ਸਮਾਂ-ਸੀਮਾ ਅਤੇ ਅਲਟੀਮੇਟਮ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਟਰੰਪ ਨੇ ਇਰਾਨ ਨੂੰ ਮੰਗਲਵਾਰ ਤੱਕ ਦਾ ਸਮਾਂ ਦਿੰਦਿਆਂ ਸਖਤ ਸ਼ਰਤਾਂ ਰੱਖੀਆਂ ਸਨ, ਜਿਨ੍ਹਾਂ ਵਿਚ ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਮੰਗ ਪ੍ਰਮੁੱਖ ਸੀ। ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਰਾਨ ਇਨ੍ਹਾਂ ਸ਼ਰਤਾਂ ਨੂੰ ਨਹੀਂ ਮੰਨਦਾ ਤਾਂ ਮੰਗਲਵਾਰ ਨੂੰ ਹੀ ਉਸਦੇ ਊਰਜਾ ਪਲਾਂਟਾਂ ਅਤੇ ਮਹੱਤਵਪੂਰਨ ਪੁਲਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ, ਪਰ ਤਹਿਰਾਨ ਨੇ ਟਰੰਪ ਦੀ ਇਸ ਡੈਡਲਾਈਨ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਤਹਿਰਾਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਨਹੀਂ ਝੁਕੇਗਾ ਅਤੇ ਅਸਥਾਈ ਜੰਗਬੰਦੀ ’ਤੇ ਹੋਰਮੁਜ਼ ਨਹੀਂ ਖੋਲ੍ਹੇਗਾ। ਧਿਆਨ ਰਹੇ ਕਿ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਉਹ ਅਮਰੀਕਾ ਨਾਲ ਸਿੱਧੀ ਗੱਲਬਾਤ ਨਹੀਂ ਕਰ ਰਹੇ ਅਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਹੋਰਮੁਜ਼ ਵਰਗੇ ਰਣਨੀਤਕ ਮੁੱਦਿਆਂ ’ਤੇ ਸਮਝੌਤਾ ਨਹੀਂ ਕਰਨਗੇ।

ਅਮਰੀਕਾ ਦੇ ਅਰਥ ਸ਼ਾਸ਼ਤਰੀ ਪ੍ਰੋਫੈਸਰ ਜੈਫਰੀ ਸਾਕਸ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਏਸ਼ੀਆ ਵਿਚ ਅਮਰੀਕਾ ਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਜੰਗ ਦਰਮਿਆਨ ਪ੍ਰਸਿੱਧ ਅਮਰੀਕੀ ਅਰਥ ਸ਼ਾਸ਼ਤਰੀ ਪ੍ਰੋਫੈਸਰ ਜੈਫਰੀ ਸਾਕਸ ਨੇ ਵੱਡਾ ਦਾਅਵਾ ਕੀਤਾ ਹੈ। ਸਾਕਸ ਨੇ ਕਿਹਾ ਕਿ ਇਸ ਸਮੇਂ ਦੁਨੀਆ ਵਿਚ ਸਿਰਫ ਤਿੰਨ ਆਗੂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਹੀ ਅਜਿਹਾ ਪ੍ਰਭਾਵ ਰੱਖਦੇ ਹਨ, ਜੋ ਇਸ ਸੰਭਾਵੀ ਆਲਮੀ ਤਬਾਹੀ ਨੂੰ ਰੋਕ ਸਕਦੇ ਹਨ। ਇਕ ਇੰਟਰਵਿਊ ਵਿਚ ਅਰਥ ਸ਼ਾਸ਼ਤਰੀ ਜੈਫਰੀ ਸਾਕਸ ਨੇ ਕਿਹਾ ਕਿ ਵਧਦੀ ਦੁਸ਼ਮਣੀ ਦੇ ਇਸ ਸੰਕਟ ਨੂੰ ਹੁਣ ਸਿਆਣੇ ਲੋਕਾਂ ਵਲੋਂ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮੋਦੀ, ਜਿਨਪਿੰਗ ਅਤੇ ਪੂਤਿਨ ਨੂੰ ਅਜਿਹੇ ਸਮਰੱਥ ਆਗੂਆਂ ਵਜੋਂ ਦੇਖਿਆ, ਜੋ ਮਿਲ ਕੇ ਅਮਰੀਕਾ ਦੀਆਂ ਕਾਰਵਾਈਆਂ ਨੂੰ ਰੁਕਵਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਏਨਾ ਸ਼ਕਤੀਸ਼ਾਲੀ ਹੈ ਕਿ ਉਹ ਅਮਰੀਕਾ ਦੇ ਗਲਤ ਫੈਸਲਿਆਂ ਨੂੰ ਨਕਾਰ ਸਕਦਾ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.