Wednesday, 03 June 2026

ਸੰਜੇ ਗੁਪਤਾ ਬਣੇ ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਚੇਅਰਪਰਸਨ

ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ ਸੰਜੇ ਗੁਪਤਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਲੋਂ ਸੰਜੇ ਗੁਪਤਾ ਨੂੰ ‘ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ’ ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਸੰਜੇ ਗੁਪਤਾ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ। ਲੰਘੀ 31 ਮਈ ਨੂੰ ਹੀ ਸਰਕਾਰੀ ਸੇਵਾ ਤੋਂ ਮੁਕਤ ਹੋਏ ਗੁਪਤਾ ਕੋਲ ਲੋਕ ਪ੍ਰਸ਼ਾਸਨ ਅਤੇ ਊਰਜਾ ਖੇਤਰ ਦੇ ਪ੍ਰਬੰਧਨ ਦਾ ਇੱਕ ਲੰਮਾ ਤਜਰਬਾ ਹੈ, ਜਿਸਦਾ ਲਾਹਾ ਹੁਣ ਪੰਜਾਬ ਨੂੰ ਮਿਲ ਸਕਦਾ ਹੈ। ਇਸ ਵੱਕਾਰੀ ਅਹੁਦੇ ਦੀ ਦੌੜ ਵਿੱਚ ਕਈ ਸੇਵਾਮੁਕਤ ਅਫ਼ਸਰਸ਼ਾਹਾਂ ਸਣੇ ਕੁੱਲ 26 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਚੇਅਰਪਰਸਨ ਦੀ ਚੋਣ ਲਈ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਗਠਿਤ ਤਿੰਨ ਮੈਂਬਰੀ ਕਮੇਟੀ ਨੇ ਲੰਘੀ 27 ਮਈ ਨੂੰ ਇੱਕ ਅਹਿਮ ਮੀਟਿੰਗ ਕੀਤੀ ਸੀ। ਇਸ ਕਮੇਟੀ ਵੱਲੋਂ ਛਾਂਟੀ ਕੀਤੇ ਗਏ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸੰਜੇ ਗੁਪਤਾ ਦੇ ਨਾਂ ’ਤੇ ਅੰਤਿਮ ਮੋਹਰ ਲਾਈ। ਜ਼ਿਕਰਯੋਗ ਹੈ ਕਿ ਸੰਜੇ ਗੁਪਤਾ ਪੰਜਾਬ ਕੇਡਰ ਦੇ ਸਾਬਕਾ ਸੀਨੀਅਰ ਅਧਿਕਾਰੀ ਵਿਸ਼ਵਜੀਤ ਖੰਨਾ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਲੰਘੇ ਅਪ੍ਰੈਲ ਮਹੀਨੇ ਖ਼ਤਮ ਹੋ ਗਿਆ ਸੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.