Monday, 20 April 2026

ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਹੋਣ ਦਾ ਦਿੱਤਾ ਸੱਦਾ
ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ 50ਵੇਂ ਕਾਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵਲੋਂ ਰਾਸ਼ਟਰਪਤੀ ਦਾ ਸਨਮਾਨ ਕੀਤਾ ਗਿਆ। ਇਸ ਕਾਨਵੋਕੇਸ਼ਨ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੀ ਹਾਜ਼ਰ ਰਹੇ। ਇਸ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ 1452 ਵਿਦਿਆਰਥੀਆਂ ਨੂੰ ਮੈਡਲ ਅਤੇ ਡਿਗਰੀਆਂ ਤਕਸੀਮ ਕੀਤੀਆਂ ਗਈਆਂ। ਇਸੇ ਦੌਰਾਨ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਪੰਜਾਬ ਲਈ ਵੱਡੀ ਸਮੱਸਿਆ ਨਸ਼ਾਖੋਰੀ ਹੈ, ਜਿਸ ਲਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਹੋਣਾ ਚਾਹੀਦਾ ਹੈ।


ਮੰਡੀ ਗੋਬਿੰਦਗੜ੍ਹ, 14 ਜਨਵਰੀ: ਦੇਸ਼ ਭਗਤ ਯੂਨੀਵਰਸਿਟੀ ਨੂੰ ਆਪਣੇ ਕੈਂਪਸ ਦੀ ਵਿਸ਼ੇਸ਼ ਫੇਰੀ ਦੌਰਾਨ ਭਾਰਤ ਵਿੱਚ ਸ਼੍ਰੀਲੰਕਾ ਦੀ ਹਾਈ ਕਮਿਸ਼ਨਰ ਸ਼੍ਰੀਮਤੀ ਪ੍ਰਦੀਪਾ ਮਾਹਿਸ਼ਿਨੀ ਕੋਲੋਨ ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ। ਇਹ ਫੇਰੀ ਪੰਜਾਬ ਦੇ ਪ੍ਰਸਿੱਧ ਤਿਉਹਾਰ ਲੋਹੜੀ ਦੇ ਮੌਕੇ ਨਾਲ ਹੋਈ, ਜੋ ਨਿੱਘ, ਨਵੀਂ ਸ਼ੁਰੂਆਤ ਅਤੇ ਭਾਰਤ–ਸ਼੍ਰੀਲੰਕਾ ਦਰਮਿਆਨ ਸਾਂਝੇ ਸੱਭਿਆਚਾਰਕ ਤੇ ਸੱਭਿਆਚਾਰਕ ਮੁੱਲਾਂ ਦੀ ਪ੍ਰਤੀਕ ਹੈ।

ਫੇਰੀ ਦੌਰਾਨ ਹਾਈ ਕਮਿਸ਼ਨਰ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬੁੱਧ ਧਰਮ ਅਤੇ ਅੰਤਰ-ਧਰਮ ਅਧਿਐਨ ਲਈ ਅੰਤਰਰਾਸ਼ਟਰੀ ਕੇਂਦਰ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਬੁੱਧ ਧਰਮ ਦੇ ਸ਼ਾਂਤੀ, ਦਇਆ, ਸਦਭਾਵਨਾ ਅਤੇ ਅੰਤਰ-ਧਰਮ ਸੰਵਾਦ ਵਰਗੇ ਸਦੀਵੀ ਮੁੱਲਾਂ ਨੂੰ ਪ੍ਰੋਤਸਾਹਿਤ ਕਰਨ ਲਈ ਯੂਨੀਵਰਸਿਟੀ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਜੋ ਡੂੰਘੀਆਂ ਬੌਧਿਕ ਅਤੇ ਸੱਭਿਆਚਾਰਕ ਜੜ੍ਹਾਂ ਸਾਂਝੀਆਂ ਕਰਦੇ ਹਨ, ਦਰਮਿਆਨ ਸੱਭਿਆਚਾਰਕ ਸਮਝ ਅਤੇ ਆਧਿਆਤਮਿਕ ਸੰਪਰਕ ਮਜ਼ਬੂਤ ਕਰਨ ਵਿੱਚ ਅਜਿਹੇ ਕੇਂਦਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਹਾਈ ਕਮਿਸ਼ਨਰ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਦੋਸਤੀ ਅਤੇ ਵਿਦਿਅਕ ਸਹਿਯੋਗ ਦੇ ਪ੍ਰਤੀਕ ਵਜੋਂ ਸ਼੍ਰੀਲੰਕਾ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸਕਾਲਰਸ਼ਿਪ ਪਹਿਲਕਦਮੀ ਦਾ ਐਲਾਨ ਕੀਤਾ। ਇਸ ਤਹਿਤ ਯੂਨੀਵਰਸਿਟੀ ਵੱਲੋਂ ਸ਼੍ਰੀਲੰਕਾ ਦੇ ਯੋਗ ਵਿਦਿਆਰਥੀਆਂ ਲਈ ਚੁਣੇ ਹੋਏ ਨਿਯਮਤ ਕੈਂਪਸ ਪ੍ਰੋਗਰਾਮਾਂ ਵਿੱਚ ਦੋ ਪੂਰੀ-ਫ਼ੀਸ ਸਕਾਲਰਸ਼ਿਪਾਂ ਅਤੇ ਯੂਜੀਸੀ-ਹੱਕਦਾਰ ਔਨਲਾਈਨ ਪ੍ਰੋਗਰਾਮਾਂ ਲਈ ਪੂਰੀ ਸਕਾਲਰਸ਼ਿਪ ਦਿੱਤੀ ਜਾਵੇਗੀ।
ਦੇਸ਼ ਭਗਤ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕਿਹਾ ਕਿ ਸਿੱਖਿਆ ਦੇਸ਼ਾਂ ਦਰਮਿਆਨ ਸਭ ਤੋਂ ਮਜ਼ਬੂਤ ਪੁਲ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀ ਅਤੇ ਫੈਕਲਟੀ ਆਦਾਨ-ਪ੍ਰਦਾਨ, ਸੰਯੁਕਤ ਖੋਜ, ਨਵੀਨਤਾ ਅਤੇ ਸੱਭਿਆਚਾਰਕ ਸ਼ਮੂਲੀਅਤ ਰਾਹੀਂ ਸ਼੍ਰੀਲੰਕਾ ਨਾਲ ਅਕਾਦਮਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਮੌਕੇ ਬੋਲਦਿਆਂ ਸ਼੍ਰੀਮਤੀ ਪ੍ਰਦੀਪਾ ਮਾਹਿਸ਼ਿਨੀ ਕੋਲੋਨ ਨੇ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਸਿੱਖਿਆ ਸਦਾ ਹੀ ਭਾਰਤ–ਸ਼੍ਰੀਲੰਕਾ ਸੰਬੰਧਾਂ ਦੀ ਮਜ਼ਬੂਤ ਨੀਂਹ ਰਹੀ ਹੈ। ਸਕਾਲਰਸ਼ਿਪਾਂ ਅਤੇ ਅਕਾਦਮਿਕ ਸਹਿਯੋਗ ਵਰਗੀਆਂ ਪਹਿਲਕਦਮੀਆਂ ਸਿਰਫ਼ ਸਾਡੇ ਨੌਜਵਾਨਾਂ ਨੂੰ ਸਸ਼ਕਤ ਨਹੀਂ ਕਰਦੀਆਂ, ਸਗੋਂ ਦੋਹਾਂ ਦੇਸ਼ਾਂ ਦਰਮਿਆਨ ਲੋਕ-ਤੋਂ-ਲੋਕ ਸੰਬੰਧਾਂ, ਆਪਸੀ ਸਮਝ ਅਤੇ ਸਾਂਝੇ ਵਿਕਾਸ ਨੂੰ ਵੀ ਮਜ਼ਬੂਤ ਕਰਦੀਆਂ ਹਨ।”
ਉਨ੍ਹਾਂ ਨੇ ਸਿੱਖਿਆ, ਸੱਭਿਆਚਾਰ ਅਤੇ ਮਨੁੱਖੀ ਸਰੋਤ ਵਿਕਾਸ ਦੇ ਖੇਤਰਾਂ ਵਿੱਚ ਸ਼੍ਰੀਲੰਕਾ ਪ੍ਰਤੀ ਭਾਰਤ ਦੇ ਨਿਰੰਤਰ ਸਮਰਥਨ ਦੀ ਪ੍ਰਸ਼ੰਸਾ ਕੀਤੀ ਅਤੇ ਦੋਹਾਂ ਦੇਸ਼ਾਂ ਦੀਆਂ ਅਕਾਦਮਿਕ ਸੰਸਥਾਵਾਂ ਦਰਮਿਆਨ ਡੂੰਘੇ ਸਹਿਯੋਗ ਦਾ ਸਵਾਗਤ ਕੀਤਾ।
ਇਹ ਦੌਰਾ ਭਵਿੱਖ ਦੀਆਂ ਅਕਾਦਮਿਕ ਭਾਈਵਾਲੀਆਂ, ਸਾਂਝੀ ਖੋਜ ਦੇ ਮੌਕਿਆਂ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਸੰਬੰਧੀ ਚਰਚਾਵਾਂ ਨਾਲ ਸੰਪੰਨ ਹੋਇਆ, ਜੋ ਦੇਸ਼ ਭਗਤ ਯੂਨੀਵਰਸਿਟੀ ਦੀ ਵਿਸ਼ਵਵਿਆਪੀ ਸ਼ਮੂਲੀਅਤ, ਸੱਭਿਆਚਾਰਕ ਸਦਭਾਵਨਾ ਅਤੇ ਸਮਾਵੇਸ਼ੀ ਅੰਤਰਰਾਸ਼ਟਰੀ ਸਿੱਖਿਆ ਦੀ ਦ੍ਰਿਸ਼ਟੀ ਨੂੰ ਹੋਰ ਮਜ਼ਬੂਤ ਕਰਦਾ ਹੈ।

ਕਿਹਾ : ਜਥੇਦਾਰ ਸਾਹਿਬ ਜੋ ਫੈਸਲਾ ਲੈਣਗੇ, ਉਹ ਸਿਰ ਮੱਥੇ

ਅੰਮਿ੍ਰਤਸਰ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਪੇਸ਼ ਹੋਏ ਹਨ। ਧਿਆਨ ਰਹੇ ਕਿ ਮੁੱਖ ਮੰਤਰੀ ਮਾਨ ਨੂੰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਮਾਮਲਿਆਂ ਵਿਚ ਬਿਆਨਬਾਜ਼ੀ ਤੇ ਵੀਡੀਓ ਮਾਮਲੇ ਵਿਚ ਸਪੱਸ਼ਟੀਕਰਨ ਦੇਣ ਲਈ ਸੱਦਿਆ ਸੀ। ਇਸਦੇ ਚੱਲਦਿਆਂ ਮੁੱਖ ਮੰਤਰੀ ਮਾਨ ਨੇ ਸਕੱਤਰੇਤ ਵਿਚੋਂ ਬਾਹਰ ਆਉਣ ਤੋਂ ਬਾਅਦ ਦੱਸਿਆ ਕਿ ਉਹ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਹਨ ਅਤੇ ਉਨ੍ਹਾਂ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਨਹੀਂ ਦਿੱਤੀ। ਮਾਨ ਨੇ ਕਿਹਾ ਕਿ ਮੈਂ ਜਥੇਦਾਰ ਸਾਹਿਬ ਨੂੰ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ ਅਤੇ ਜਥੇਦਾਰ ਜੋ ਵੀ ਫੈਸਲਾ ਲੈਣਗੇ, ਉਹ ਮੈਨੂੰ ਮਨਜ਼ੂਰ ਹੈ। ਸੀਐਮ ਨੇ ਕਿਹਾ ਕਿ ਜਥੇਦਾਰ ਨੂੰ ਦੱਸ ਦਿੱਤਾ ਹੈ ਕਿ ਵਾਇਰਲ ਹੋਈ ਵੀਡੀਓ ਫਰਜ਼ੀ ਹੈ, ਜਿਸ ਦੀ ਦੇਸ਼ ਵਿਚ ਕਿਤੋਂ ਵੀ ਜਾਂਚ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀਡੀਓ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਬਾਹਰ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਸੀ। 

ਵੱਖ-ਵੱਖ ਸਿਆਸੀ ਪਾਰਟੀਆਂ ਨੇ ਇਕ-ਦੂਜੇ ’ਤੇ ਕੀਤੀ ਸਿਆਸੀ ਦੂਸ਼ਣਬਾਜ਼ੀ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼  

ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਮਾਘੀ ਮੇਲੇ ਦੇ ਮੌਕੇ ’ਤੇ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ। ਇਸ ਮੌਕੇ ਸਿਆਸੀ ਆਗੂਆਂ ਨੇ ਇਕ-ਦੂਜੇ ’ਤੇ ਜੰਮ ਕੇ ਦੂੁਸ਼ਣਬਾਜ਼ੀ ਕੀਤੀ ਹੈ। ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਵਲੋਂ ਮਹਿਲਾਵਾਂ ਨਾਲ ਕੀਤਾ ਵਾਅਦਾ ਵੀ ਅਗਲੇ ਬਜਟ ਵਿਚ ਪੂਰਾ ਕਰ ਦਿੱਤਾ ਜਾਵੇਗਾ ਅਤੇ ਹਰ ਮਹੀਨੇ ਹਰ ਮਹਿਲਾ ਦੇ ਬੈਂਕ ਖਾਤੇ ਵਿਚ 1 ਹਜ਼ਾਰ ਰੁਪਏ ਪਾ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿਚ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਵਾਲਿਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ‘ਆਪ’ ਵਾਲਿਆਂ ਨੇ ਇਕ ਵੀ ਗਾਰੰਟੀ ਪੂਰੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬੇਅਦਬੀ ਦੇ ਮਾਮਲੇ ’ਤੇ ਸਿਆਸਤ ਕਰ ਰਹੀ ਹੈ। ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ ਝੂਠ ਬੋਲ ਕੇ ਸ਼ੋ੍ਰਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਵਲੋਂ ਵੀ ਸਿਆਸੀ ਕਾਨਫਰੰਸ ਕੀਤੀ ਗਈ ਅਤੇ ਇਸ ਕਾਨਫਰੰਸ ਵਿਚ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਵਿਰੋਧੀਆਂ ਪਾਰਟੀਆਂ ’ਤੇ ਸਵਾਲ ਚੁੱਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਘੀ ਮੇਲੇ ਮੌਕੇ ਕਾਂਗਰਸ ਪਾਰਟੀ ਵਲੋਂ ਸਿਆਸੀ ਕਾਨਫਰੰਸ ਨਹੀਂ ਕੀਤੀ ਗਈ। 

 

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਮਜੀਠੀਆ ਹਨ ਜੇਲ੍ਹ ’ਚ

ਨਾਭਾ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਨਾਭਾ ਦੀ ਜੇਲ੍ਹ ਵਿਚ ਬੰਦ ਹਨ। ਇਸਦੇ ਚੱਲਦਿਆਂ ਬਿਕਰਮ ਮਜੀਠੀਆ ਦੀ ਪਤਨੀ ਅਤੇ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਨਾਭਾ ਦੀ ਜੇਲ੍ਹ ਵਿਚ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਬਾਅਦ ਗਨੀਵ ਕੌਰ ਮਜੀਠੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਮਜੀਠੀਆ ਪਰਿਵਾਰ ਜਾਂ ਬਾਦਲ ਪਰਿਵਾਰ ਦੀ ਗੱਲ ਤਾਂ ਛੱਡੋ ਪੰਜਾਬ ਸਰਕਾਰ ਨੂੰ ਤਾਂ ਸੂਬੇ ਦੇ ਲੋਕਾਂ ਦੀ ਵੀ ਫਿਕਰ ਨਹੀਂ ਹੈ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਅੱਜ ਜੋ ਜੇਲ੍ਹ ਪ੍ਰਸ਼ਾਸ਼ਨ ਵਲੋਂ ਬਿਕਰਮ ਮਜੀਠੀਆ ਨਾਲ ਮੁਲਾਕਾਤ ਕਰਵਾਈ ਗਈ ਹੈ, ਉਹ ਵੀ ਕੈਮਰੇ ਦੀ ਨਿਗਰਾਨੀ ਵਿਚ ਹੋਈ ਹੈ, ਜੋ ਕਿ ਬਹੁਤ ਗਲਤ ਹੈ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਦਮਨਬੀਰ ਸਿੰਘ ਸੋਫਤੀ ਵੀ ਮੌਜੂਦ ਸਨ। 

 

ਕਿਹਾ : ਨਵਾਂਸ਼ਹਿਰ ਦੇ ਬੰਗਾ ਤੋਂ 169 ਸਰੂਪ ਮਿਲੇ

ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਨਵਾਂਸ਼ਹਿਰ ਦੇ ਬੰਗਾ ਤੋਂ 169 ਸਰੂੁਪ ਮਿਲੇ ਹਨ ਅਤੇ ਇਹ ਸਰੂਪ ਇਕ ਡੇਰੇ ਵਿਚੋਂ ਮਿਲੇ ਹਨ। ਸੀਐਮ ਮਾਨ ਨੇ ਕਿਹਾ ਕਿ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਇਹ 139 ਸਰੂਪ ਅਣ ਅਧਿਕਾਰਤ ਹਨ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਿਰਫ 30 ਸਰੂਪਾਂ ਦਾ ਰਿਕਾਰਡ ਮਿਲਿਆ ਹੈ ਅਤੇ ਇਹ 30 ਸਰੂਪ ਗੁਰੂੁ ਘਰ ਦੇ ਨਾਮ ਹਨ।

ਉਧਰ ਦੂਜੇ ਪਾਸੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਗਿਆਨੀ ਹਰਪ੍ਰੀਤ ਸਿੰਘ ਦੀ ਬਠਿੰਡਾ ਸਥਿਤ ਰਿਹਾਇਸ਼ ’ਤੇ ਹੋਈ ਹੈ ਅਤੇ ਜਾਂਚ ਟੀਮ ਨੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਸਹਿਯੋਗ ਮੰਗਿਆ ਹੈ। ਇਸਦੇ ਚੱਲਦਿਆਂ ਜਾਂਚ ਟੀਮ ਦੀ ਅਗਵਾਈ ਕਰ ਰਹੇ ਏ.ਆਈ.ਜੀ. ਜਗਤ ਸਿੰਘ ਨੇ ਦੱਸਿਆ ਕਿ ਪਾਵਨ ਸਰੂਪਾਂ ਨਾਲ ਸਬੰਧਤ ਚੱਲ ਰਹੀ ਜਾਂਚ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾ ਸਕੇਗੀ। ਸਿੱਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਹੁਣ ਤੱਕ ਦੋ ਵਿਅਕਤੀਆਂ ਦੀ ਗਿ੍ਰਫਤਾਰੀ ਹੋ ਚੁੱਕੀ ਹੈ। ਇਨ੍ਹਾਂ ਵਿਚ ਸਤਿੰਦਰ ਸਿੰਘ ਕੋਹਲੀ ਅਤੇ ਕਮਲਜੀਤ ਸਿੰਘ ਸ਼ਾਮਲ ਹਨ। 

 

ਕਿਹਾ : ਇੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋਈ

ਬੰਗਾ/ਬਿਊਰੋ ਨਿਊਜ਼ 

ਬੰਗਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਡਾ. ਸੁਖਵਿੰਦਰ ਸੁੱਖੀ ਨੇ ਧੰਨ-ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪਵਿੱਤਰ ਅਸਥਾਨ ’ਤੇ ਨਤਮਸਤਕ ਹੋ ਕੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਧਿਆਨ ਵਿਚ ਆਈ ਸੀ ਕਿ ਕੁਝ ਲੋਕਾਂ ਵਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਰਿਆਦਾ ਮੁਤਾਬਕ ਸਤਿਕਾਰ ਨਹੀਂ ਹੋਇਆ। ਡਾ. ਸੁੱਖੀ ਨੇ ਦੱਸਿਆ ਕਿ ਉਹ ਪਿਛਲੇ 65 ਸਾਲਾਂ ਤੋਂ ਇਸ ਅਸਥਾਨ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਦਾਦਾ-ਦਾਦੀ ਅਤੇ ਮਾਤਾ-ਪਿਤਾ ਵੀ ਇਸ ਸਥਾਨ ਦੀ ਮਹਿਮਾ ਬਾਰੇ ਗੱਲ ਕਰਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਉਹ ਪਵਿੱਤਰ ਅਸਥਾਨ ਹੈ, ਜਿੱਥੇ ਕਦੇ ਵੀ ਮਰਿਆਦਾ ਭੰਗ ਨਹੀਂ ਹੋ ਸਕਦੀ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਨਵਾਂਸ਼ਹਿਰ ਦੇ ਬੰਗਾ ਤੋਂ 169 ਸਰੂੁਪ ਮਿਲੇ ਹਨ ਅਤੇ ਇਹ ਸਰੂਪ ਇਕ ਡੇਰੇ ਵਿਚੋਂ ਮਿਲੇ ਹਨ। ਸੀਐਮ ਮਾਨ ਨੇ ਕਿਹਾ ਸੀ ਕਿ 139 ਸਰੂਪਾਂ ਦਾ ਕੋਈ ਰਿਕਾਰਡ ਨਹੀਂ ਹੈ ਅਤੇ ਇਹ 139 ਸਰੂਪ ਅਣ ਅਧਿਕਾਰਤ ਹਨ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਿਰਫ 30 ਸਰੂਪਾਂ ਦਾ ਰਿਕਾਰਡ ਮਿਲਿਆ ਹੈ ਅਤੇ ਇਹ 30 ਸਰੂਪ ਗੁਰੂੁ ਘਰ ਦੇ ਨਾਮ ਹਨ।  

 

ਲੁਧਿਆਣਾ ਅਦਾਲਤ ਨੂੰ ਵੀ ਮੁੜ ਮਿਲੀ ਧਮਕੀ

ਅੰਮਿ੍ਰਤਸਰ/ਬਿਊਰੋ ਨਿਊਜ਼ 

ਅੰਮਿ੍ਰਤਸਰ ਦੇ ਕਰੀਬ 10 ਸਰਕਾਰੀ ਸਕੂਲਾਂ ਅਤੇ ਮੋਗਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਕੂਲਾਂ ਵਿਚ ਰਾਸ਼ਟਰੀ ਗੀਤ ਦਾ ਗਾਇਨ ਬੰਦ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਧਮਕੀਆਂ ਕਰਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਵੀ ਦੱਸਣਯੋਗ ਹੈ ਕਿ ਠੰਡ ਕਰਕੇ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ ਤੋਂ ਬਾਅਦ ਅੱਜ ਬੁੱਧਵਾਰ ਨੂੰ ਸਕੂਲ ਖੁੱਲ੍ਹੇ ਸਨ। ਇਸੇ ਦੌਰਾਨ ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਵੀ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਨੂੰ ਦੇਖਦਿਆਂ ਅਦਾਲਤ ਵਿਚ ‘ਨੋ ਵਰਕ ਡੇਅ’ ਦਾ ਐਲਾਨ ਕਰਨਾ ਪਿਆ ਅਤੇ ਦੂਰ-ਦੂਰ ਤੋਂ ਅਦਾਲਤ ਪਹੁੰਚੇ ਲੋਕਾਂ ਨੂੰ ਬਿਨਾ ਕਿਸੇ ਅਦਾਲਤੀ ਕਾਰਵਾਈ ਤੋਂ ਵਾਪਸ ਮੁੜਨਾ ਪਿਆ। ਇਕ ਹਫਤੇ ਦੇ ਅੰਦਰ ਇਹ ਦੂਜੀ ਵਾਰ ਹੈ, ਜਦੋਂ ਅਦਾਲਤ ਨੂੰ ਨਿਸ਼ਾਨਾ ਬਣਾਉਣ ਦੀ ਅਜਿਹੀ ਧਮਕੀ ਮਿਲੀ ਹੈ। ਇਨ੍ਹਾਂ ਧਮਕੀਆਂ ਦੇ ਚੱਲਦਿਆਂ ਪੁਲਿਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 

 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ, ਚੰਡੀਗੜ੍ਹ ਤੇ ਨੇੜਲੇ ਇਲਾਕਿਆਂ ਵਿਚ ਕਹਿਰ ਦੀ ਠੰਡ ਪੈ ਰਹੀ ਹੈ। ਇਸਦੇ ਚੱਲਦਿਆਂ ਪੈ ਰਹੀ ਸੰਘਣੀ ਧੁੰਦ ਨਾਲ ਵੀ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉਤਰੀ ਖਿੱਤੇ ਵਿਚ ਹੱਡ ਚੀਰਵੀਂ ਠੰਡ ਅਤੇ ਧੁੰਦ ਕਰਕੇ ਜਿੱਥੇ ਸੜਕੀ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਉਥੇ ਹਵਾਈ ਉਡਾਣਾਂ ਵੀ ਦੇਰੀ ਨਾਲ ਹੀ ਪਹੁੰਚ ਰਹੀਆਂ ਅਤੇ ਦੇਰੀ ਨਾਲ ਹੀ ਜਾ ਰਹੀਆਂ ਹਨ। ਇਸਦੇ ਚੱਲਦਿਆਂ ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਵਿਚ ਹਾਲੇ ਦੋ ਦਿਨ ਹੋਰ ਸੀਤ ਲਹਿਰ ਜਾਰੀ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ 18 ਜਨਵਰੀ ਤੋਂ 20 ਜਨਵਰੀ ਤੱਕ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ।

 

ਪੰਜਾਬ ਦੇ ਬਠਿੰਡਾ ਅਤੇ ਫਰੀਦਕੋਟ ਸ਼ਹਿਰ ਰਹੇ ਸਭ ਤੋਂ ਠੰਡੇ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਤੇ ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰਾਂ ਨੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ। ਇਸ ਦੌਰਾਨ ਸੜਕਾਂ ’ਤੇ ਸੰਘਣੀ ਧੁੰਦ ਹੋਣ ਕਰਕੇ ਦੂਰ ਤੱਕ ਦੇਖਣ ਦੀ ਹੱਦ ਨਾਂਹ ਦੇ ਬਰਾਬਰ ਹੀ ਦਰਜ ਕੀਤੀ ਗਈ। ਇਸ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸਦੇ ਨਾਲ ਹੀ ਚੱਲ ਰਹੀਆਂ ਸੀਤ ਲਹਿਰਾਂ ਨੇ ਆਮ ਲੋਕਾਂ ਨੂੰ ਵੀ ਸਵੇਰ ਸਮੇਂ ਕੰਬਣੀ ਛੇੜੀ ਰੱਖੀ। ਪੰਜਾਬ ਵਿੱਚ ਅੱਜ ਬਠਿੰਡਾ ਅਤੇ ਫਰੀਦਕੋਟ ਸ਼ਹਿਰ ਸਭ ਤੋਂ ਠੰਡੇ ਰਹੇ। ਦੋਵਾਂ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਹਰਿਆਣਾ ਵਿੱਚ ਸੋਨੀਪਤ ਸ਼ਹਿਰ ਸਭ ਤੋਂ ਠੰਡਾ ਰਿਹਾ ਹੈ। ਸੋਨੀਪਤ ਵਿੱਚ ਘੱਟੋ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਤੇ ਸਰਕਾਰਾਂ ਵਲੋਂ ਲੋਕਾਂ ਨੂੰ ਠੰਡ ਤੋਂ ਬਚਣ ਦੀ ਅਪੀਲ ਕੀਤੀ ਗਈ ਅਤੇ ਬਿਨਾ ਕੰਮ ਤੋਂ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ।

 

ਜ਼ਿਲ੍ਹਾ ਪ੍ਰਧਾਨਾਂ ਨੂੰ ਦੇਣੀ ਹੋਵੇਗੀ ਰਿਪੋਰਟ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਕਮੇਟੀ ਨੇ ਮਨਰੇਗਾ ਸੰਗਰਾਮ ਦੇ ਤਹਿਤ ਹੁਣ ਪਿੰਡ-ਪਿੰਡ ਜਾ ਕੇ ਮਨਰੇਗਾ ਮਜ਼ਦੂਰਾਂ ਨਾਲ ਬੈਠਕਾਂ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਚੱਲਦਿਆਂ ਸੋਨੀਆ ਗਾਂਧੀ, ਮਲਿਕ ਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਹ ਵੀ ਦੱਸਿਆ ਗਿਆ ਕਿ ਕਾਂਗਰਸ ਪਾਰਟੀ ਦਾ ਹਰ ਆਗੂ ਆਪਣੇ ਹਲਕੇ ਦੇ 10 ਪਿੰਡਾਂ ਵਿਚ ਜਾ ਕੇ ਮਨਰੇਗਾ ਮਜ਼ਦੂਰਾਂ ਨੂੰ ਮਿਲੇਗਾ।  ਜ਼ਿਲ੍ਹਿਆਂ ਦੇ ਪ੍ਰਧਾਨ ਮਨਰੇਗਾ ਮਜ਼ਦੂਰਾਂ ਨੂੰ ਮਿਲਣ ਦੇ ਵੀਡੀਓ, ਫੋਟੋ ਅਤੇ ਮੀਡੀਆ ਰਿਪੋਰਟ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਭੇਜਣਗੇ। ਇਸ ਤੋਂ ਬਾਅਦ ਪੂਰੇ ਸੂਬੇ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਭੇਜੀ ਜਾਵੇਗੀ ਅਤੇ ਫਿਰ ਇਹ ਰਿਪੋਰਟ ਰਾਹੁਲ ਗਾਂਧੀ ਨੂੰ ਭੇਜ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕਾਂਗਰਸੀ ਆਗੂਆਂ ਨੇ 16 ਜਨਵਰੀ ਤੋਂ 25 ਜਨਵਰੀ ਤੱਕ ਪਿੰਡਾਂ ਵਿਚ ਪਹੁੰਚ ਕੇ ਇਹ ਸਮਾਗਮ ਕਰਨੇ ਹਨ।  

ਸੀਐਮ ਮਾਨ ਨੇ ਜਾਣਾ ਸੀ ਇੰਗਲੈਂਡ ਅਤੇ ਇਜ਼ਰਾਈਲ

ਚੰਡੀਗੜ੍ਹ/ਬਿਊਰੋ ਨਿਊਜ਼   

ਭਾਰਤੀ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਯਾਤਰਾ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੂੰ ਪੈਰਿਸ ਜਾਣ ਦੀ ਪ੍ਰਵਾਨਗੀ ਵੀ ਨਹੀਂ ਮਿਲੀ ਸੀ। ਮੁੱਖ ਮੰਤਰੀ ਨੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਨਾਲ ਇੰਗਲੈਂਡ ਅਤੇ ਇਜ਼ਰਾਈਲ ਦੌਰੇ ’ਤੇ ਜਾਣਾ ਸੀ ਪ੍ਰੰਤੂ ਕੇਂਦਰ ਸਰਕਾਰ ਨੇ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਸ ਦੌਰੇ ਲਈ ਪ੍ਰਵਾਨਗੀ ਨਾ ਦਿੱਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਹੈ। ਮੁੱਖ ਮੰਤਰੀ ਮਾਨ ਇਹ ਦੌਰਾ ਪੰਜਾਬ ’ਚ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਕਰਨਾ ਚਾਹੁੰਦੇ ਸਨ। ਧਿਆਨ ਰਹੇ ਕਿ ਪੰਜਾਬ ਸਰਕਾਰ ਮਾਰਚ ’ਚ ਪੰਜਾਬ ਵਿੱਚ ਨਿਵੇਸ਼ ਸੰਮੇਲਣ ਕਰ ਰਹੀ ਹੈ ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.