Monday, 20 April 2026

ਚੰਡੀਗੜ੍ਹ/ਬਿਊਰੋ ਨਿਊਜ਼

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲੁਧਿਆਣਾ ਅਤੇ ਜੈਪੁਰ ਵਿਚ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਅਤੇ ਇਸ ਨਾਲ ਸਬੰਧਤ ਸੰਸਥਾਵਾਂ ਦੀਆਂ ਕਰੀਬ 2 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੀਆਂ 37 ਅਚੱਲ ਜਾਇਦਾਦਾਂ ਨੂੰ ਆਰਜ਼ੀ ਤੌਰ ’ਤੇ ਕੁਰਕ ਕਰ ਲਿਆ ਹੈ। ਇਹ ਕਾਰਵਾਈ ਪੀ.ਏ.ਸੀ.ਐਲ. ਵਲੋਂ ਚਲਾਈ ਗਈ ਇਕ ਸਮੂਹਿਕ ਨਿਵੇਸ਼ ਯੋਜਨਾ ਨਾਲ ਸਬੰਧਤ ਵੱਡੇ ਪੱਧਰ ’ਤੇ ਵਿੱਤੀ ਧੋਖਾਧੜੀ ਦੀ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਹੈ। ਇਹ ਜਾਂਚ 19 ਫਰਵਰੀ 2014 ਨੂੰ ਕੇਂਦਰੀ ਜਾਂਚ ਬਿਊਰੋ ਵਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਕੀਤੇ ਗਏ ਕੇਸ ਨਾਲ ਸਬੰਧਤ ਹੈ। ਧਿਆਨ ਰਹੇ ਕਿ ਈਡੀ ਵਲੋਂ ਹੁਣ ਤੱਕ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਭਾਰਤ ਅਤੇ ਵਿਦੇਸ਼ਾਂ ਵਿਚ ਸਥਿਤ ਜਾਇਦਾਦ ਸਣੇ ਕਰੀਬ 7589 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ।

ਹਿਮਾਚਲ ਵਿਚ ਵੀ ਮੀਂਹ ਤੇ ਬਰਫਬਾਰੀ ਦੀ ਚਿਤਾਵਨੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਣੇ ਉੱਤਰੀ ਭਾਰਤ ’ਚ ਪਿਛਲੇ ਦਿਨੀਂ ਪਏ ਮੀਂਹ ਤੋਂ ਬਾਅਦ ਮੌਸਮ ਵਿਭਾਗ ਨੇ ਪੰਜਾਬ ’ਚ ਮੁੜ ਤੋਂ ਮੌਸਮ ਦਾ ਮਿਜ਼ਾਜ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ 27 ਤੇ 28 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਉਧਰ ਹਿਮਾਚਲ ਪ੍ਰਦੇਸ਼ ਵਿੱਚ ਵੀ ਤਾਜ਼ਾ ਪੱਛਮੀ ਗੜਬੜੀ ਦੇ ਨਤੀਜੇ ਵਜੋਂ ਭਾਰੀ ਬਰਫਬਾਰੀ ਅਤੇ ਮੀਂਹ ਦਾ ਇੱਕ ਹੋਰ ਦੌਰ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕੁੱਲੂ, ਕਿੰਨੌਰ ਚੰਬਾ ਅਤੇ ਲਾਹੌਲ ਤੇ ਸਪਿਤੀ ਜ਼ਿਲ੍ਹਿਆਂ ਵਿੱਚ 27 ਜਨਵਰੀ ਨੂੰ ਭਾਰੀ ਬਰਫਬਾਰੀ ਅਤੇ ਮੀਂਹ ਲਈ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਫਿਰੋਜ਼ਪੁਰ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਘੱਟੋ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਕੇਂਦਰੀ ਬਜਟ ਪੇਸ਼ ਹੋਣ ਮਗਰੋਂ ਸ਼ਾਮ 4 ਵਜੇ ਜਲੰਧਰ ਦੇ ਡੇਰਾ ਬੱਲਾਂ ਆਉਣਗੇ ਪ੍ਰਧਾਨ ਮੰਤਰੀ
ਚੰਡੀਗੜ੍ਹ/ਬਿਊਰੋ ਨਿਊਜ਼  
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਬਜਟ ਸੈਸ਼ਨ ਦੌਰਾਨ ਪਹਿਲੀ ਫਰਵਰੀ ਨੂੰ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਡੇਰਾ ਬੱਲਾਂ ’ਚ ਨਤਮਸਤਕ ਹੋਣਗੇ। ਇਸ ਸਬੰਧੀ ਜਾਣਕਾਰੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਸਾਂਝੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੇ ਪਿਛਲੇ ਦਿਨਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਧਿਆਨ ਰਹੇ ਕਿ ਦੋ ਦਿਨ ਪਹਿਲਾਂ ਹੀ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਦੇਣ ਦਾ ਵੀ ਐਲਾਨ ਹੋਇਆ ਹੈ। ਡੇਰਾ ਬੱਲਾਂ ਦੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਨ ਅਤੇ ਦੁਆਬੇ ਵਿੱਚ ਵੱਡਾ ਆਧਾਰ ਵੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਸਿਆਸੀ ਮਾਅਨੇ ਵੀ ਹਨ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਹੁਣ ਬਹੁਤਾ ਦੂਰ ਨਹੀਂ ਹਨ। ਸਿਆਸੀ ਹਲਕੇ ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਆਗਾਮੀ ਚੋਣਾਂ ਦੀ ਤਿਆਰੀ ਵਜੋਂ ਦੇਖ ਰਹੇ ਹਨ।

ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਹੁਸ਼ਿਆਰਪੁਰ ਅਤੇ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਵਿੱਚ ਲਹਿਰਾਇਆ ਤਿਰੰਗਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਅਤੇ ਹਰਿਆਣਾ ਵਿੱਚ ਅੱਜ ਸੋਮਵਾਰ ਨੂੰ 77ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਫਾਜ਼ਿਲਕਾ ਵਿਖੇ ਸੂੂਬਾ ਪੱਧਰੀ ਸਮਾਗਮ ਵਿੱਚ ਕੌਮੀਂ ਝੰਡਾ ਲਹਿਰਾਇਆ, ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਵਾਲੇ ਹਥਿਆਰਬੰਦ ਬਲਾਂ ਨੂੰ ਸਲਾਮ ਕੀਤਾ। ਉਧਰ ਦੂਜੇ ਪਾਸੇ ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਪੰਚਕੂਲਾ ਵਿੱਚ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਵਿੱਚ ਝੰਡਾ ਲਹਿਰਾ ਕੇ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਅਗਵਾਈ ਕੀਤੀ। ਦੋਵਾਂ ਸੂਬਿਆਂ ਦੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਪੁਲਿਸ ਅਤੇ ਹੋਮ ਗਾਰਡ ਦੀਆਂ ਟੁਕੜੀਆਂ ਵੱਲੋਂ ਸ਼ਾਨਦਾਰ ਪਰੇਡਾਂ ਕੱਢੀਆਂ ਗਈਆਂ। ਸੁਰੱਖਿਆ ਦੇ ਲਿਹਾਜ਼ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਦੇ ਮੰਤਰੀਆਂ ਨੇ ਜਿੱਥੇ-ਜਿੱਥੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਸੀ, ਉਥੇ-ਉਥੇ ਉਨ੍ਹਾਂ ਨੇ ਤਿਰੰਗਾ ਲਹਿਰਾਉਣ ਦੀ ਜ਼ਿੰਮੇਵਾਰੀ ਨਿਭਾਈ। 

ਮੰਡੀ ਗੋਬਿੰਦਗੜ੍ਹ, 27 ਜਨਵਰੀ: ਭਾਰਤ ਦਾ 77ਵਾਂ ਗਣਤੰਤਰ ਦਿਵਸ ਦੇਸ਼ ਭਗਤ ਯੂਨੀਵਰਸਿਟੀ ਵਿਖੇ ਬਹੁਤ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜੋਸ਼ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਅੱਗੇ ਫੁੱਲ ਚੜ੍ਹਾਉਣ ਨਾਲ ਹੋਈ, ਇਸ ਤੋਂ ਬਾਅਦ ਅਮਰ ਆਜ਼ਾਦੀ ਘੁਲਾਟੀਏ ਅਤੇ ਦੇਸ਼ ਭਗਤ ਯੂਨੀਵਰਸਿਟੀ ਦੀ ਪ੍ਰੇਰਨਾਦਾਇਕ ਹਸਤੀ, ਜੋ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਸਹਿਯੋਗੀ ਵੀ ਸਨ, ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ।
ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ, ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਸਮਾਰੋਹ ਦੀ ਅਗਵਾਈ ਕੀਤੀ। ਝੰਡਾ ਲਹਿਰਾਉਣ ਤੋਂ ਬਾਅਦ, ਐਨ.ਸੀ.ਸੀ. ਕੈਡਿਟਾਂ ਨੇ ਤਿਰੰਗੇ ਨੂੰ ਅਨੁਸ਼ਾਸਿਤ ਸਲਾਮੀ ਦਿੱਤੀ। ਲੈਫਟੀਨੈਂਟ ਤਾਬਿਸ਼ ਅਲੀ ਖਾਨ ਅਤੇ ਸਬ-ਲੈਫਟੀਨੈਂਟ ਚਮਨਪ੍ਰੀਤ ਕੌਰ ਦੀ ਅਗਵਾਈ ਹੇਠ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਵਿੰਗਾਂ ਦੁਆਰਾ ਇੱਕ ਸ਼ਾਨਦਾਰ ਪਰੇਡ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਨੌਜਵਾਨਾਂ ਨੂੰ ਜਾਤ ਅਤੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠਣ ਅਤੇ ਮਿਆਰੀ ਸਿੱਖਿਆ ਰਾਹੀਂ ਆਪਣੇ ਆਪ ਨੂੰ ਰਾਸ਼ਟਰ ਪ੍ਰਤੀ ਸਮਰਪਿਤ ਕਰਨ ਦਾ ਸੱਦਾ ਦਿੱਤਾ। ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਆਪਣੇ ਭਾਸ਼ਣ ਵਿੱਚ ਰਾਸ਼ਟਰੀ ਮਾਣ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਨੌਜਵਾਨ ਪ੍ਰੇਰਨਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਨੂੰ 1947 ਵਿੱਚ ਆਜ਼ਾਦੀ ਮਿਲੀ ਸੀ, ਪਰ ਅਸਲ ਅਰਥਾਂ ਵਿੱਚ ਸੱਚੀ ਆਜ਼ਾਦੀ 26 ਜਨਵਰੀ, 1950 ਨੂੰ ਸੰਵਿਧਾਨ ਦੇ ਲਾਗੂ ਹੋਣ ਨਾਲ ਪ੍ਰਾਪਤ ਹੋਈ।
ਸਟੇਜ ਦੀ ਕਾਰਵਾਈ ਪ੍ਰੋਫੈਸਰ ਡਾ. ਅਜੈਪਾਲ ਸਿੰਘ ਦੁਆਰਾ ਚਲਾਈ ਗਈ, ਜਿਨ੍ਹਾਂ ਨੇ ਦਰਸ਼ਕਾਂ ਨੂੰ ਆਪਣੇ ਸੰਵਿਧਾਨਕ ਫਰਜ਼ਾਂ ਨੂੰ ਪੂਰਾ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਨਾਲ ਇਕੱਠ ਨੂੰ ਮੋਹਿਤ ਕੀਤਾ।
ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਾਸ਼ਣਾਂ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਭਾਰਤ ਦੀ ਲੋਕਤੰਤਰੀ ਯਾਤਰਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਪ੍ਰੋਗਰਾਮ ਵਿੱਚ ਡਿਪਟੀ ਰਜਿਸਟਰਾਰ ਡਾ. ਪਰਵੀਨ ਰਾਠੀ, ਡਾਇਰੈਕਟਰ ਡਾ. ਅਜੇ ਗੁਪਤਾ, ਡਾ. ਅਮਨ ਸ਼ਰਮਾ, ਰਵਿੰਦਰ ਮਾਨ, ਸੀਐਸਓ ਬਲਜੀਤ ਸਿੰਘ, ਨਰੇਸ਼ ਸ਼ਰਮਾ, ਕਿਰਨ ਰਾਜਪੂਤ, ਲੜਕਿਆਂ ਦੇ ਹੈੱਡ ਵਾਰਡਨ ਬਲਜਿੰਦਰ ਸਿੰਘ, ਲੜਕੀਆਂ ਦੇ ਹੈੱਡ ਵਾਰਡਨ ਨਰਿੰਦਰ ਕੌਰ, ਜਸਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਸੈਂਕੜੇ ਸਟਾਫ਼ ਮੈਂਬਰਾਂ ਸਮੇਤ 500 ਤੋਂ ਵੱਧ ਵਿਦਿਆਰਥੀਆਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ।

ਮੰਡੀ ਗੋਬਿੰਦਗੜ੍ਹ, 23 ਜਨਵਰੀ: ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਹਾਲ ਹੀ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ  ਪਿੰਡ ਖਟਕੜ ਕਲਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰੇ ਦੌਰਾਨ ਡਾ. ਸੰਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਅਤੇ ਹੈਰਿਟੇਜ ਸਟ੍ਰੀਟ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜੀਵਨ, ਵਿਚਾਰਾਂ ਅਤੇ ਮਹਾਨ ਬਲੀਦਾਨ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਭਗਤ ਸਿੰਘ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ਭਗਤੀ, ਹਿੰਮਤ ਅਤੇ ਨਿਸ਼ਕਾਮ ਸੇਵਾ ਦੇ ਮੁੱਲਾਂ ਨਾਲ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਡਾ. ਸੰਦੀਪ ਸਿੰਘ ਨੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀ ਗੁਲਪ੍ਰੀਤ ਸਿੰਘ ਔਲਖ ਨਾਲ ਵੀ ਮੁਲਾਕਾਤ ਕੀਤੀ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਮਹਾਨ ਬਲੀਦਾਨ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਖਟਕੜ ਕਲਾਂ ਦੀ ਇਤਿਹਾਸਕ ਅਤੇ ਰਾਸ਼ਟਰੀ ਮਹੱਤਤਾ ਨੂੰ ਯਾਦਗਾਰੀ ਅਤੇ ਪ੍ਰੇਰਣਾ ਦੇ ਕੇਂਦਰ ਵਜੋਂ ਉਜਾਗਰ ਕੀਤਾ। ਇਸ ਦੌਰੇ ਦੌਰਾਨ ਡਾ. ਸੰਦੀਪ ਸਿੰਘ ਦੇ ਨਾਲ ਇੰਜੀਨੀਅਰ ਅਰੁਣ ਮਲਿਕ (ਡਾਇਰੈਕਟਰ – ਓਪਰੇਸ਼ਨਜ਼), ਸ਼੍ਰੀ ਅਵਤਾਰ ਸਿੰਘ (ਸਹਾਇਕ ਡਾਇਰੈਕਟਰ – ਮੀਡੀਆ), ਸ਼੍ਰੀ ਪਰਮਵੀਰ ਸਿੰਘ ਜਨਾਗਲ (ਪਬਲਿਕ ਰਿਲੇਸ਼ਨਜ਼ ਅਫ਼ਸਰ) ਅਤੇ ਸ਼੍ਰੀ ਸਨੀ ਸੂਰਿਆਵੰਸ਼ੀ (ਸਹਾਇਕ ਪ੍ਰੋਫੈਸਰ), ਦੇਸ਼ ਭਗਤ ਯੂਨੀਵਰਸਿਟੀ ਵੀ ਮੌਜੂਦ ਸਨ। ਇਹ ਦੌਰਾ ਸ਼ਹੀਦ ਭਗਤ ਸਿੰਘ ਦੀ ਅਮਰ ਵਿਰਾਸਤ ਪ੍ਰਤੀ ਸਨਮਾਨ ਅਤੇ ਸ਼ਰਧਾ ਦਾ ਪ੍ਰਤੀਕ ਹੈ, ਜਿਨ੍ਹਾਂ ਦਾ ਜਨਮ ਸਥਾਨ ਅੱਜ ਵੀ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਪ੍ਰੇਰਕ ਪ੍ਰਤੀਕ ਬਣਿਆ ਹੋਇਆ ਹੈ।

ਅੰਮ੍ਰਿਤਸਰ : ਆਮਦਨ ਕਰ ਵਿਭਾਗ, ਅੰਮ੍ਰਿਤਸਰ ਵੱਲੋਂ 77ਵੇਂ ਗਣਤੰਤਰ ਦਿਵਸ ਸਮਾਗਮ ਦਾ ਆਯੋਜਨ ਉਤਸ਼ਾਹ ਤੇ ਦੇਸ਼ਭਕਤੀ ਭਰੇ ਮਾਹੌਲ ਵਿੱਚ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ. ਜੀ. ਐਸ. ਫਣੀ ਕਿਸ਼ੋਰ, ਮੁੱਖ ਆਮਦਨ ਕਰ ਕਮਿਸ਼ਨਰ, ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਕੋਮਲ ਜੋਪਾਲ, ਮੁੱਖ ਆਮਦਨ ਕਰ ਕਮਿਸ਼ਨਰ ਰਹੇ। ਮੁੱਖ ਮਹਿਮਾਨ ਨੂੰ ਗਾਰਡ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਸਵੇਰੇ 9 ਵਜੇ ਮੁੱਖ ਮਹਿਮਾਨ ਨੇ ਵਿਸ਼ੇਸ਼ ਮਹਿਮਾਨ ਦੀ ਗੌਰਵਮਈ ਹਾਜ਼ਰੀ ਵਿੱਚ ਕੌਮੀ ਝੰਡਾ ਲਹਿਰਾਇਆ।

ਗਣਤੰਤਰ ਦਿਵਸ ਦੇ ਮੌਕੇ ‘ਤੇ ਆਪਣੇ ਸੰਬੋਧਨ ਦੌਰਾਨ ਡਾ. ਜੀ. ਐਸ. ਫਣੀ ਕਿਸ਼ੋਰ ਨੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਜ਼ਾਦੀ ਘੁਲਾਟੀਆਂ ਦੇ ਤਿਆਗ ਤੇ ਬਲਿਦਾਨ ਨੂੰ ਨਮਨ ਕੀਤਾ। ਉਨ੍ਹਾਂ ਨੇ ਦੇਸ਼ ਦੀ ਅਖੰਡਤਾ ਅਤੇ ਸੰਪ੍ਰਭੂਤਾ ਨੂੰ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਇੱਕ ਸੰਪ੍ਰਭੂ, ਸਮਾਜਵਾਦੀ, ਧਰਮ ਨਿਰਪੱਖ ਤੇ ਲੋਕਤੰਤਰਕ ਰਾਸ਼ਟਰ ਹੈ। ਭਾਰਤ ਦੀ ਸੱਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਨੂੰ ਦੇਸ਼ ਦੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਉਨ੍ਹਾਂ ਇਸਨੂੰ ਸੰਭਾਲ ਕੇ ਰੱਖਣ ‘ਤੇ ਜ਼ੋਰ ਦਿੱਤਾ।

ਮੁੱਖ ਮਹਿਮਾਨ ਨੇ ਕਿਹਾ ਕਿ ਆਮਦਨ ਕਰ ਵਿਭਾਗ ਸਿਰਫ ਕਰ ਇਕੱਠਾ ਕਰਨ ਵਾਲਾ ਵਿਭਾਗ ਨਹੀਂ ਹੈ, ਸਗੋਂ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਆਮਦਨ ਕਰ ਰਾਹੀਂ ਇਕੱਠੇ ਕੀਤੇ ਗਏ ਧਨ ਦਾ ਇਸਤੇਮਾਲ ਸਿੱਖਿਆ, ਮੂਲ ਢਾਂਚੇ, ਰੱਖਿਆ ਅਤੇ ਸਮਾਜਿਕ ਕਲਿਆਣ ਦੇ ਕੰਮਾਂ ਲਈ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਤਕਨਾਲੋਜੀ ਦੀ ਵਰਤੋਂ ਕਰਕੇ ਕਰਦਾਤਿਆਂ ਨੂੰ ਪਾਰਦਰਸ਼ੀ ਅਤੇ ਸੁਵਿਧਾਜਨਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਉਹ ਘਰ ਬੈਠੇ ਆਮਦਨ ਕਰ ਰਿਟਰਨ ਭਰ ਸਕਦੇ ਹਨ ਅਤੇ ਆਮਦਨ ਕਰ ਨਾਲ ਸੰਬੰਧਤ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ।

ਇਸ ਮੌਕੇ ‘ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਵੀ ਸਮਾਂ ਬੰਨ੍ਹਿਆ, ਜਿਸ ਵਿੱਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਭਾਗੀਦਾਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸ਼੍ਰੀ ਕੰਵਲਜੀਤ ਸਿੰਘ, ਪ੍ਰਧਾਨ ਆਮਦਨ ਕਰ ਕਮਿਸ਼ਨਰ-1, ਅੰਮ੍ਰਿਤਸਰ, ਸ਼੍ਰੀਮਤੀ ਰਤਿੰਦਰ ਕੌਰ, ਐਡੀਸ਼ਨਲ ਆਮਦਨ ਕਰ ਕਮਿਸ਼ਨਰ, ਸ਼੍ਰੀ ਹਿਮਾਂਸ਼ੂ, ਐਡੀਸ਼ਨਲ ਆਮਦਨ ਕਰ ਕਮਿਸ਼ਨਰ, ਸ਼੍ਰੀ ਮੇਵਾਰਾਮ, ਸਹਾਇਕ ਆਮਦਨ ਕਰ ਕਮਿਸ਼ਨਰ, ਬਾਰ ਅਤੇ ਸੀ.ਏ. ਐਸੋਸੀਏਸ਼ਨ ਦੇ ਪ੍ਰਤੀਨਿਧੀ ਸਣੇ ਵਿਭਾਗ ਦੇ ਅਧਿਕਾਰੀ, ਮੁਲਜ਼ਮ ਤੇ ਸੇਵਾਮੁਕਤ ਮੁਲਜ਼ਮ ਹਾਜ਼ਰ ਰਹੇ।

ਸ਼ਿਮਲਾ ਅਤੇ ਮਨਾਲੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਣੇ ਉਤਰੀ ਭਾਰਤ ’ਚ ਭਰਵਾਂ ਮੀਂਹ ਪਿਆ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਇਸ ਬਦਲੇ ਮੌਸਮ ਦੌਰਾਨ ਤਾਪਮਾਨ ਵਿਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਵੀ ਮੀਂਹ ਅਤੇ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਹਿਮਾਚਲ ਦੇ ਸ਼ਿਮਲਾ ਅਤੇ ਮਨਾਲੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਮੈਦਾਨੀ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਬਰਫਬਾਰੀ ਜਾਰੀ ਹੈ। ਸ੍ਰੀਨਗਰ ਏਅਰਪੋਰਟ ’ਤੇ ਕਰੀਬ 4 ਇੰਚ ਤੱਕ ਬਰਫ ਜੰਮ ਗਈ ਹੈ ਅਤੇ ਇਸ ਕਰਕੇ ਹਵਾਈ ਉਡਾਣਾਂ ਵੀ ਰੱਦ ਕਰਨੀਆਂ ਪਈਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ  ਕਿ ਆਉਂਦੇ 2 ਦਿਨਾਂ ਦੌਰਾਨ ਗੜ੍ਹੇਮਾਰੀ ਹੋ ਸਕਦੀ ਹੈ ਅਤੇ ਹੋਰ ਮੀਂਹ ਪੈ ਸਕਦਾ ਹੈ। ਇਸਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ। 

1 ਫਰਵਰੀ ਨੂੰ ਪੇਸ਼ ਹੋ ਰਿਹਾ ਹੈ ਭਾਰਤ ਸਰਕਾਰ ਦਾ ਬਜਟ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਵਿਚ ਸ਼ੇਅਰ ਬਜ਼ਾਰ ਦੇ ਲਈ ਇਹ ਹਫਤਾ ਸਾਲ ਦਾ ਸਭ ਤੋਂ ਮਹੱਤਵਪੂਰਨ ਹਫਤਾ ਸਾਬਤ ਹੋਣ ਵਾਲਾ ਹੈ। ਆਉਂਦੀ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ, ਜਿਸ ’ਤੇ ਪੂਰੇ ਦੇਸ਼ ਦੀ ਨਜ਼ਰ ਟਿਕੀ ਹੋਈ ਹੈ। ਇਸ ਵਾਰ ਬਜਟ ਵਿਚ ਮਿਡਲ ਕਲਾਸ ਨੂੰ ਟੈਕਸ ’ਚ ਰਾਹਤ ਮਿਲਣ ਦੀ ਉਮੀਦ ਹੈ। ਬਜਟ ਤੋਂ ਇਲਾਵਾ ਇਸ ਹਫਤੇ ਅਮਰੀਕੀ ਫੈਡਰਲ ਰਿਜ਼ਰਵ ਦੀਆਂ ਵਿਆਜ਼ ਦਰਾਂ ਸਬੰਧੀ ਮੀਟਿੰਗ, ਦਿੱਗਜ਼ ਕੰਪਨੀਆਂ ਦੇ ਤੀਜੀ ਤਿਮਾਹੀ ਦੇ ਨਤੀਜੇ ਅਤੇ ਜਨਵਰੀ ਮਹੀਨ ਦੇ ਆਟੋ ਸੇਲਜ਼ ਦੇ ਅੰਕੜੇ ਵੀ ਜਾਰੀ ਹੋਣਗੇ। ਲੰਘੇ ਹਫਤੇ ਭਾਰਤੀ ਬਜ਼ਾਰ ਵਿਚ ਭਾਰੀ ਗਿਰਾਵਟ ਰਹੀ ਸੀ, ਜਿਸ ਵਿਚ ਸੈਂਸੈਕਸ 2,033 ਅੰਕ ਅਤੇ ਨਿਫਟੀ 646 ਅੰਕ ਤੱਕ ਟੁੱਟ ਗਿਆ ਸੀ। ਅਜਿਹੇ ਵਿਚ ਨਿਵੇਸ਼ਕਾਂ ਦੀ ਨਜ਼ਰ ਇਨ੍ਹਾਂ ਵੱਡੇ ਫੈਕਟਰਜ਼ ’ਤੇ ਰਹੇਗੀ, ਜੋ ਬਜ਼ਾਰ ਦੀ ਅਗਲੀ ਦਿਸ਼ਾ ਤੈਅ ਕਰਨਗੇ। 

 

ਕਿਹਾ : ਵਿੱਤ ਆਯੋਗ ਰਾਹੀਂ ਮਿਲਣ ਵਾਲੀਆਂ ਗਰਾਂਟਾਂ ਰੋਕ ਰਹੀ ਪੰਜਾਬ ਸਰਕਾਰ

ਅੰਮਿ੍ਰਤਸਰ/ਬਿਊਰੋ ਨਿਊਜ਼

ਅੰਮਿ੍ਰਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਕਾਸ ਗਰਾਂਟਾਂ ਰੋਕੇ ਜਾਣ ਦੇ ਮੁੱਦੇ ’ਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਔਜਲਾ ਨੇ ਇਲਜ਼ਾਮ ਲਗਾਇਆ ਕਿ ਸੂਬਾ ਸਰਕਾਰ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਵਿੱਤ ਆਯੋਗ ਦੇ ਤਹਿਤ ਕੇਂਦਰ ਸਰਕਾਰ ਤੋਂ ਮਿਲਣ ਵਾਲੀ ਵਿਕਾਸ ਗਰਾਂਟ ਨੂੰ ਜਾਣ ਬੁੱਝ ਕੇ ਰੋਕ ਰਹੀ ਹੈ। ਔਜਲਾ ਨੇ ਕਿਹਾ ਕਿ ਅੰਮਿ੍ਰਤਸਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਕਈ ਸਰਪੰਚਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਲੰਮੇ ਸਮੇਂ ਤੋਂ ਪਿੰਡਾਂ ਦਾ ਵਿਕਾਸ ਰੁਕਿਆ ਹੋਇਆ ਹੈ ਕਿਉਂਕਿ ਸਰਕਾਰ ਵਲੋਂ ਫੰਡ ਜਾਰੀ ਨਹੀਂ ਕੀਤੇ ਜਾ ਰਹੇ। ਔਜਲਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ’ਚ ਸੱਤਾਧਾਰੀ ਪਾਰਟੀ ਵਿਰੋਧੀ ਦਲਾਂ ਨਾਲ ਜੁੜੇ ਸਰਪੰਚਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਦਬਾਅ ਬਣਾ ਰਹੀ ਹੈ।

ਕੇਂਦਰ ਸਰਕਾਰ ਖਿਲਾਫ ਜੰਮ ਕੇ ਹੋਈ ਨਾਅਰੇਬਾਜ਼ੀ

ਚੰਡੀਗੜ੍ਹ/ਬਿਊਰੋ ਨਿਊਜ਼ 

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਕਿਸਾਨਾਂ, ਮਜ਼ਦੂਰਾਂ ਅਤੇ ਬਿਜਲੀ ਕਾਮਿਆਂ ਵਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੱਢ ਕੇ ਰੋਸ ਵਿਖਾਵਾ ਕੀਤਾ ਗਿਆ। ਇਸ ਟਰੈਕਟਰ ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।  ਕਿਸਾਨਾਂ ਵਲੋਂ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਕਰਦਿਆਂ ਲੇਬਰ ਕਾਨੂੰਨ ਦੀਆਂ ਚਾਰ ਧਰਾਵਾਂ, ਮਨਰੇਗਾ ਦਾ ਪੁਰਾਣਾ ਸਰੂਪ ਬਹਾਲ ਕਰਨ ਅਤੇ ਬੀਜ ਬਿੱਲ ਵਾਪਸ ਕਰਵਾਉਣ ਲਈ ਟਰੈਕਟਰ ਮਾਰਚ ਕਰਕੇ ਰੋਸ ਮਾਰਚ ਕੱਢਿਆ ਗਿਆ। ਕਿਸਾਨਾਂ ਦੀ ਮੰਗ ਸੀ ਕਿ ਇਨ੍ਹਾਂ ਬਿੱਲਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। 

92 ਬੇਟੀਆਂ ਨੂੰ ਸ਼ਗਨ ਦੇ ਚੁੱਕਾ ਹੈ ਸਰਬੱਤ ਦਾ ਭਲਾ ਟਰੱਸਟ

ਅੰਮਿ੍ਰਤਸਰ/ਬਿਊਰੋ ਨਿਊਜ਼ 

ਅੰਮਿ੍ਰਤਸਰ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ 8 ਧੀਆਂ ਦੇ ਵਿਆਹ ਲਈ ਇੱਕ-ਇੱਕ ਲੱਖ ਰੁਪਏ ਦੇ ਚੈਕ ਭੇਟ ਕੀਤੇ। ਇਹ ਸਹਾਇਤਾ ਟਰੱਸਟ ਦੀ ‘ਹੜ੍ਹ ਪ੍ਰਭਾਵਿਤ ਵਿਆਹ ਯੋਜਨਾ’ ਦੇ ਤਹਿਤ ਦਿੱਤੀ ਗਈ ਹੈ। ਇਸ ਮੌਕੇ ਟਰੱਸਟ ਦੇ ਸੰਸਥਾਪਕ ਅਤੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਵਿਸ਼ੇਸ਼ ਤੌਰ ’ਤੇ ਸਰਹੱਦੀ ਖੇਤਰ ਵਿਚ ਪਹੁੰਚੇ। ਡਾ. ਉਬਰਾਏ ਨੇ ਦੱਸਿਆ ਕਿ ਟਰੱਸਟ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ 300 ਧੀਆਂ ਦੇ ਵਿਆਹ ਕਰਨ ਦਾ ਟੀਚਾ ਰੱਖਿਆ ਹੈ। ਇਸ ਯੋਜਨਾ ਦੇ ਲਈ 3 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੰਮਿ੍ਰਤਸਰ ਦੀਆਂ 8, ਤਰਨਤਾਰਨ ਦੀਆਂ 27 ਅਤੇ ਫਿਰੋਜ਼ਪੁਰ ਦੀਆਂ 21 ਧੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਤੋਂ ਬਾਅਦ, ਟਰੱਸਟ ਹੁਣ ਤੱਕ ਕੁੱਲ 92 ਵਿਆਹ ਕਰਵਾ ਚੁੱਕਾ ਹੈ। ਡਾ. ਉਬਰਾਏ ਨੇ ਇਹ ਵੀ ਦੱਸਿਆ ਕਿ 28 ਜਨਵਰੀ ਨੂੰ ਫਾਜ਼ਿਲਕਾ ਖੇਤਰ ਦੀਆਂ 24 ਹੋਰ ਧੀਆਂ ਦੇ ਵਿਆਹ ਦਾ ਖਰਚਾ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪਿਆ ਜਾਵੇਗਾ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.