Friday, 17 April 2026

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼   

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਵੱਡਾ ਐਲਾਨ ਕਰ ਦਿੱਤਾ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਕਿਸਾਨ ਭਾਰਤ ਭਰ ’ਚ 15 ਅਗਸਤ ਨੂੰ ਟਰੈਕਟਰ ਮਾਰਚ ਕਰਨਗੇ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਕੇਂਦਰ ਸਰਕਾਰ ਦੇ ਨਵੇਂ ਅਪਰਾਧਕ ਕਾਨੂੰਨ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ। ਧਿਆਨ ਰਹੇ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਿਛਲੇ ਦਿਨੀਂ ਆਪਣੇ ਹੁਕਮਾਂ ਵਿਚ ਕਿਹਾ ਸੀ ਕਿ ਜਦੋਂ ਸ਼ੰਭੂ ਬਾਰਡਰ ’ਤੇ ਸਥਿਤੀ ਸ਼ਾਂਤੀਪੂਰਨ ਹੈ ਤਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦਾ ਕੋਈ ਮਤਲਬ ਨਹੀਂ ਹੈ। ਹਾਈਕੋਰਟ ਨੇ ਕਿਹਾ ਸੀ ਕਿ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਲੋਕਤੰਤਰਿਕ ਅਧਿਕਾਰ ਹੈ ਅਤੇ ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਜ਼ਿਕਰਯੋਗ ਹੈ ਕਿ ਸ਼ੰਭੂ ਅਤੇ ਖਨੌਰੀ ਦੇ ਬਾਰਡਰ ਤੋਂ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਅੱਗੇ ਨਹੀਂ ਲੰਘਣ ਦਿੱਤਾ ਸੀ ਤਾਂ ਕਿਸਾਨ ਉਥੇ ਹੀ ਧਰਨਾ ਲਗਾ ਕੇ ਬੈਠ ਗਏ ਸਨ। 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਪੁਲਿਸ ਨੇ ਸਖਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਹੁਣ 18 ਸਾਲਾਂ ਤੋਂ ਘੱਟ ਉਮਰ ਵਾਲੇ ਬੱਚੇ ਮੋਟਰ ਸਾਈਕਲ ਜਾਂ ਕਾਰ ਚਲਾਉਂਦੇ ਫੜੇ ਗਏ ਤਾਂ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਕੈਦ ਹੋਵੇਗੀ ਅਤੇ ਮੋਟਾ ਜੁਰਮਾਨਾ ਵੀ ਕੀਤਾ ਜਾਵੇਗਾ। ਇਹ ਹੁਕਮ ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ ਚੰਡੀਗੜ੍ਹ ਵੱਲੋਂ ਸਮੂਹ ਕਮਿਸ਼ਨਰ ਪੁਲਿਸ, ਸਮੂਹ ਸੀਨੀਅਰ ਕਪਤਾਨ ਪੁਲਿਸ ਨੂੰ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਵਿਚ ਸਾਰੇ ਪੁਲਿਸ ਕਮਿਸ਼ਨਰਾਂ ਨੂੰ  ਲਿਖਿਆ ਗਿਆ ਹੈ ਕਿ ਆਪ ਦੇ ਅਧੀਨ ਤਾਇਨਾਤ ਟਰੈਫਿਕ ਐਜੂਕੇਸ਼ਨ ਸੈਲ/ਟਰੈਫਿਕ ਸਟਾਫ ਰਾਹੀਂ ਆਮ ਪਬਲਿਕ ਨੂੰ ਜ਼ਿਲ੍ਹਾ ਪੱਧਰ ’ਤੇ ਪਬਲਿਕ ਰਿਲੇਸ਼ਨ ਅਫਸਰ ਰਾਹੀ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਕੋਈ ਵੀ ਨਾਬਾਲਗ ਬੱਚਾ 31.07.2024 ਤੋਂ ਬਾਅਦ 2 ਪਹੀਆ ਅਤੇ 4 ਪਹੀਆ ਵਹੀਕਲ ਚਲਾਉਂਦਾ ਚੈਕਿੰਗ ਦੌਰਾਨ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਦੇ ਮਾਤਾ ਪਿਤਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ ਵਿੱਚ ਉਨ੍ਹਾਂ ਨੂੰ 3 ਸਾਲ ਦੀ ਕੈਦ ਅਤੇ 25000/- ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਨਾਬਾਲਗ ਬੱਚਾ ਕਿਸੇ ਪਾਸੋਂ 2 ਪਹੀਆਂ ਵਾਹਨ ਜਾਂ 4 ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਮਾਲਕ ਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਬੰਧੀ ਵੱਧ ਤੋ ਵੱਧ ਜਾਗਰੂਰਕਤਾ ਕੈਂਪ ਲਗਾਉਣ ਲਈ ਵੀ ਕਿਹਾ ਗਿਆ ਹੈ।  

 

ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫੂਕੇ ਗਏ

ਚੰਡੀਗੜ੍ਹ/ਬਿਊਰੋ ਨਿਊਜ਼

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ ਵਿਚ ਵੱਖ ਵੱਖ ਥਾਈਂ ਸੂਬਾ ਸਰਕਾਰ ਖਿਲਾਫ ਜੰਮ ਦੇ ਰੋਸ ਪ੍ਰਦਰਸ਼ਨ ਹੋਏ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫੂਕੇ ਗਏ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਹ ਸਰਕਾਰ ਬਣਨ ਤੋਂ ਬਾਅਦ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਨਾਲ ਝੂਠੇ ਵਾਅਦੇ ਕਰ ਰਹੀ ਹੈ। ਇਸੇ ਦੌਰਾਨ ਅੱਜ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਪਠਾਨਕੋਟ ਸਣੇ ਵੱਖ ਵੱਖ ਥਾਈਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਯੂਨੀਅਨ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਫਿਰ ਵੱਡੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ। 

ਚੰਡੀਗੜ੍ਹ : ਚੰਡੀਗੜ੍ਹ ਕੈਮਿਸਟ ਐਸੋਸੀਏਸ਼ਨ ਵੱਲੋਂ ਕਮਿਊਨਿਟੀ ਸੈਂਟਰ ਸੈਕਟਰ 46 ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਦਾ ਦੂਜਾ ਐਡੀਸ਼ਨ ਲਗਾਇਆ ਗਿਆ। ਇਸ ਕੈਂਪ ਦਾ 130 ਦੇ ਕਰੀਬ ਆਮ ਲੋਕਾਂ ਨੇ ਲਾਭ ਉਠਾਇਆ। ਇਸ ਸਮਾਗਮ ਵਿੱਚ ਖੇਤਰੀ ਕੌਂਸਲਰ ਸ੍ਰੀ ਗੁਰਪ੍ਰੀਤ ਸਿੰਘ ਗਾਬੀ ਅਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਸੈਕਟਰ 46 ਨੇ ਸਹਿਯੋਗ ਦਿੱਤਾ। ਕੈਂਪ ਵਿੱਚ ਆਈਵੀ ਹਸਪਤਾਲ ਮੋਹਾਲੀ, ਅਗਰਵਾਲ ਆਈ ਹਸਪਤਾਲ, ਕਲੋਵ ਡੈਂਟਲ, ਸਿਨੋਕੇਅਰ ਡਾਇਗਨੌਸਟਿਕਸ, ਪੋਲੋ ਲੈਬ ਅਤੇ ਹਿਅਰਕਲੀਅਰ ਨੇ ਡਾਕਟਰੀ ਸਹਾਇਤਾ ਦਿੱਤੀ। ਪ੍ਰਬੰਧਕਾਂ ਵੱਲੋਂ ਅਜਿਹੇ ਕੈਂਪ ਹਰ ਮਹੀਨੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ ਲਾਉਣ ਦੀ ਯੋਜਨਾ ਹੈ।

 

 

 

 

  

 

ਪਿਛਲੇ ਦਿਨੀਂ ਓਮਾਨ ਦੇ ਸਮੁੰਦਰ ’ਚ ਪਲਟ ਗਿਆ ਸੀ ਤੇਲ ਵਾਲਾ ਸਮੁੰਦਰੀ ਟੈਂਕਰ

ਨਵੀਂ ਦਿੱਲੀ/ਬਿਊਰੋ ਨਿਊਜ਼

ਅਫਰੀਕੀ ਦੇਸ਼ ਕੋਮੋਰੋਸ ਦਾ ਝੰਡਾ ਲੱਗਾ ਇਕ ਤੇਲ ਵਾਲਾ ਸਮੁੰਦਰੀ ਟੈਂਕਰ ਲੰਘੀ 14 ਜੁਲਾਈ ਨੂੰ ਓਮਾਨ ਦੇ ਤੱਟ ’ਤੇ ਡੁੱਬਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਇਸ ਸਮੁੰਦਰੀ ਟੈਂਕਰ ਵਿਚ 13 ਭਾਰਤੀਆਂ ਸਣੇ 16 ਕਰੂ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ 9 ਕਰੂ ਮੈਂਬਰਾਂ ਨੂੰ ਤਾਂ ਸੁਰੱਖਿਅਤ ਲੱਭ ਲਿਆ ਗਿਆ ਸੀ ਅਤੇ ਇਕ ਕਰੂ ਮੈਂਬਰ ਮਿ੍ਰਤਕ ਪਾਇਆ ਗਿਆ ਸੀ। ਇਸ ਜਹਾਜ਼ ਦੇ ਚਾਲਕ ਦਲ ਵਿਚ ਪਠਾਨਕੋਟ ਨਿਵਾਸੀ ਮਰਚੈਂਟ ਨੇਵੀ ਅਫਸਰ ਰਾਜਿੰਦਰ ਸਿੰਘ ਵੀ ਸ਼ਾਮਲ ਸੀ। ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਨੇਵੀ ਅਫਸਰ ਰਾਜਿੰਦਰ ਸਿੰਘ ਦੀ ਪਤਨੀ ਨਿਰਮਲ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ 11 ਜੁਲਾਈ ਨੂੰ ਹੀ ਡਿਊਟੀ ’ਤੇ ਗਿਆ ਸੀ ਅਤੇ 14 ਜੁਲਾਈ ਨੂੰ ਖਬਰ ਆ ਗਈ ਕਿ ਉਨ੍ਹਾਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਨੇਵੀ ਅਫਸਰ ਰਾਜਿੰਦਰ ਸਿੰਘ ਸਣੇ 6 ਕਰੂ ਮੈਂਬਰ ਅਜੇ ਵੀ ਲਾਪਤਾ ਹੀ ਹਨ।    

 

ਜੋਸ਼ੀ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਜਖਮੀਆਂ ਨੂੰ ਰਾਹਤ ਦੇਣ ਦੀ ਮੰਗ

ਚੰਡੀਗੜ੍ਹ  ਪੰਜਾਬ ’ਚ ਰੇਤ ਮਾਫੀਆ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਘਰ ਤੋਂ ਕੁਝ ਕਦਮ ’ਤੇ ਨਯਾਗਾਓਂ ਦੇ ਨਾਲ ਲੱਗਦੇ ਪਿੰਡ ਬੜੀ ਕਰੌਰ ’ਚ ਰੇਤ ਮਾਫੀਆ ਦਾ ਵਿਰੋਧ ਕਰ ਰਹੇ ਲੋਕਾਂ ’ਤੇ ਹੋਏ ਜਾਨਲੇਵਾ ਹਮਲੇ ’ਚ ਰਾਜੂ ਯਾਦਵ, ਸੁਧੀਰ ਅਤੇ ਸੁਜੀਤ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਵਾਲੇ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਅਮਨ ਕਾਨੂੰਨ ਭੰਗ ਹੋ ਰਿਹਾ ਹੈ ਗੁੰਡਾ ਅਨਸਰ ਸਿਰ ਚੜ ਕੇ ਬੋਲ ਰਹੇ ਹਨ, ਸਮਾਜ ਸੁਧਾਰਕਾਂ ਨੂੰ ਆਵਾਜ਼ ਚੁੱਕਣ ਦੇ ਬਦਲੇ ਸੱਟਾਂ ਖਾਣੀਆਂ ਪੈ ਰਹੀਆਂ ਹਨ ਅਤੇ ਹਮਲਾਵਰ ਉਹਨਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਵਿਨੀਤ ਜੋਸ਼ੀ ਨੇ ਕਿਹਾ ਕਿ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖ਼ਲ ਰਾਜੂ ਦੀ ਇੱਕ ਲੱਤ ਤਿੰਨ ਥਾਵਾਂ ’ਤੇ ਫਰੈਕਚਰ ਹੋ ਗਈ ਸੀ ਅਤੇ ਇੱਕ ਅੱਖ ਦੀ ਸਦਾ ਲਈ ਰੋਸ਼ਨੀ ਖਤਮ ਹੋ ਗਈ। ਸੁਧੀਰ ਦੀ ਟੰਗ ਫਰੈਕਚਰ ਹੈ ਤੇ ਸਿਰ ’ਤੇ ਸੱਟ ਲੱਗੀ ਹੋਈ ਹੈ ਅਤੇ ਸੁਜੀਤ ਦੀ ਹਾਲਤ ਵੀ ਠੀਕ ਨਹੀਂ ਹੈ। ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਨਵਾਂ ਗਰਾਉਂ ਨਾਲ ਲੱਗਦੇ ਪਿੰਡ ਬੜੀ ਕਰੌਰ ਜੋ ਕਿ ਰੇਤ ਮਾਫੀਆ ਦਾ ਗੜ ਬਣ ਚੁੱਕਾ ਹੈ ਵਿੱਚ ਦਹਿਸ਼ਤ ਦਾ ਮਾਹੌਲ ਹੈ। 

 

 

 

 

  

 

ਕਮਿਸ਼ਨ ਕੋਲੋਂ ਵਾਧੂ ਫੰਡਾਂ ਦੀ ਕੀਤੀ ਗਈ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼

16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਡਾ: ਅਰਵਿੰਦ ਪਨਗੜੀਆ ਦੇ ਸਾਹਮਣੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸਬਸਿਡੀ ਨੂੰ 2031 ਤੱਕ ਸੀਮਤ ਕਰਨ ਦਾ ਰੋਡ ਮੈਪ ਪੇਸ਼ ਕਰ ਦਿੱਤਾ ਹੈ ਅਤੇ ਇਸ ਲਈ ਕਮਿਸ਼ਨ ਤੋਂ ਵਾਧੂ ਫੰਡਾਂ ਦੀ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੋਲਰਾਈਜ਼ੇਸ਼ਨ ਕਰਕੇ ਬਿਜਲੀ ਸਬਸਿਡੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਇਸ ਲਈ ਵੱਡੀ ਰਕਮ ਦੀ ਲੋੜ ਪਵੇਗੀ। ਧਿਆਨਯੋਗ ਹੈ ਕਿ ਇਸ ਸਮੇਂ ਪੰਜਾਬ ਸਰਕਾਰ ਮੁਫਤ ਅਤੇ ਸਸਤੀ ਬਿਜਲੀ ਦੇਣ ਲਈ 21 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਖਰਚ ਰਹੀ ਹੈ।  ਇਸ ਤੋਂ ਇਲਾਵਾ ਪੰਜਾਬ ਦੇ ਸਰਹੱਦੀ ਸੂਬਾ ਹੋਣ ਦਾ ਮਾਮਲਾ ਵੀ ਕਮਿਸ਼ਨ ਅੱਗੇ ਰੱਖਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਰਹੱਦੀ ਸੂਬਾ ਹੋਣ ਕਾਰਨ ਇੱਥੇ ਨਿਵੇਸ਼ ਬਹੁਤ ਘੱਟ ਹੈ ਅਤੇ ਇਸ ਕਾਰਨ ਹੋਣ ਵਾਲੇ ਨੁਕਸਾਨ ਲਈ ਮਾਲੀਆ ਘਾਟਾ ਗਰਾਂਟ ਦੀ ਲੋੜ ਹੈ। ਸੂਬਾ ਸਰਕਾਰ ਨੇ ਇਹ ਮੁੱਦਾ ਵੀ ਉਠਾਇਆ ਕਿ ਜੀਐਸਟੀ ਤੋਂ ਪਹਿਲਾਂ ਪੰਜਾਬ ਦੇ ਕਈ ਸੈਕਟਰ ਕੇਂਦਰ ਕੋਲ ਚਲੇ ਗਏ ਸਨ, ਜਿਸ ਨਾਲ ਸੂਬੇ ਦੀ ਆਮਦਨ ਨੂੰ ਭਾਰੀ ਨੁਕਸਾਨ ਹੋਇਆ ਸੀ, ਇਸ ਲਈ ਟੈਕਸ ਢਾਂਚੇ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ।    

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਐਲਾਨ

ਚੰਡੀਗੜ੍ਹ/ਬਿਊਰੋ ਨਿਊਜ਼

ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਇੰਡੀਆ’ ਗਠਜੋੜ ਟੁੱਟ ਗਿਆ ਹੈ। ਆਮ ਆਦਮੀ ਪਾਰਟੀ ਨੇ ਹਰਿਆਣਾ ਵਿਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਾਕਤ ਨਾਲ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲੜੇਗੀ। ਇਸੇ ਦੌਰਾਨ ‘ਆਪ’ ਦੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਕਿਹਾ ਕਿ ਹਰਿਆਣਾ ਵਿਚ ਅਸੀਂ ਹਰ ਵਿਧਾਨ ਸਭਾ ਸੀਟ ’ਤੇ ਆਪਣਾ ਉਮੀਦਵਾਰ ਖੜ੍ਹਾ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਵਿਚ ਇਕੱਲਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਚੋਣਾਂ ਲੜਾਂਗੇ। ਸੰਦੀਪ ਪਾਠਕ ਨੇ ਕਿਹਾ ਕਿ ਜਨਤਾ ਬਦਲਾਅ ਚਾਹੁੰਦੀ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰੀਏ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਪਾਰਟੀ ਸਰਵੇ ਵਿਚ ਨਹੀਂ ਆਉਂਦੀ, ਜਦੋਂ ਕਿ ਸਿੱਧਾ ਸਰਕਾਰ ਹੀ ਬਣਾਉਂਦੀ ਹੈ। ਜ਼ਿਕਰਯੋਗ ਹੈ ਕਿ ਲੰਘੀਆਂ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ‘ਇੰਡੀਆ’ ਗਠਜੋੜ ਤਹਿਤ ਮਿਲ ਕੇ ਲੜੀਆਂ ਸਨ।   

 

 

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲਾਈਫ ਕੇਅਰ ਫਾਉਂਡੇਸ਼ਨ ਦੀ ਮੁਫਤ ਕੀਮੋਥੈਰੇਪੀ ਅਤੇ ਡਾਇਲਸਿਸ ਤੋਂ ਪਹਿਲਾਂ ਖੂਨ ਟੈਸਟ ਸੇਵਾ ਦਾ ਉਦਘਾਟਨ ਕੀਤਾ

ਚੰਡੀਗੜ੍ਹ : ਪਦਮਸ਼੍ਰੀ ਐਵਾਰਡੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਐਨਜੀਓ ਲਾਈਫ ਕੇਅਰ ਫਾਉਂਡੇਸ਼ਨ ਦੀ ਮੁਫ਼ਤ ਕੀਮੋਥੈਰੇਪੀ ਅਤੇ ਡਾਇਲਸਿਸ ਤੋਂ ਪਹਿਲਾਂ ਖੂਨ ਟੈਸਟ ਸੇਵਾ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਲੰਗਰ-ਭੰਡਾਰੇ ਲਗਾਉਣ ਵਾਲੇ ਤਾਂ ਬਹੁਤ ਹਨ, ਪਰ ਜ਼ਰੂਰਤ ਇਸ ਤਰ੍ਹਾਂ ਦੀ ਮੁਫ਼ਤ ਸਿਹਤ ਸੇਵਾ ਪ੍ਰਦਾਨ ਕਰਨ ਵਾਲਿਆਂ ਦੀ ਜ਼ਿਆਦਾ ਹੈ। ਉਹ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਆਯੋਜਿਤ ਇਕ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰ ਰਹੇ ਸਨ। ‘‘ਇਕੋ ਬਾਬਾ” ਦੇ ਨਾਮ ਨਾਲ ਪ੍ਰਸਿੱਧ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗਰੀਬ ਲੋਕ ਆਰਥਿਕ ਹਾਲਾਤਾਂ ਕਾਰਨ ਇਲਾਜ ਤਾਂ ਦੂਰ, ਆਪਣੇ ਸਰੀਰ ਦੀ ਸਿਹਤ ਜਾਂਚ ਵੀ ਨਹੀਂ ਕਰਵਾ ਸਕਦੇ। ਉਨ੍ਹਾਂ ਲਾਈਫ ਕੇਅਰ ਫਾਉਂਡੇਸ਼ਨ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਜ਼ਰੂਰਤਮੰਦਾਂ ਲਈ ਇਸ ਤਰ੍ਹਾਂ ਦੇ ਯਤਨਾਂ ਦੀ ਬਹੁਤ ਜ਼ਰੂਰਤ ਹੈ। ਲਾਈਫ ਕੇਅਰ ਫਾਉਂਡੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਨੇ ਇਸ ਵਿਸ਼ੇਸ਼ ਪਹਿਲ ਦੇ ਬਾਰੇ ਦੱਸਿਆ ਕਿ ਟ੍ਰਾਈਸਿਟੀ ਦੇ ਇਲਾਵਾ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਸਥਾਪਿਤ ਉਨ੍ਹਾਂ ਦੇ 90 ਤੋਂ ਵੱਧ ਪ੍ਰਯੋਗਸ਼ਾਲਾ ਸੰਗ੍ਰਹਿ ਕੇਂਦਰਾਂ ਵਿੱਚ ਕੈਂਸਰ ਅਤੇ ਕਿਡਨੀ ਵਰਗੀਆਂ ਬਹੁਤ ਹੀ ਖ਼ਤਰਨਾਕ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਹਰ ਵਾਰ ਡਾਇਲਸਿਸ ਤੋਂ ਪਹਿਲਾਂ ਕੀਤੇ ਜਾਣ ਵਾਲੇ ਕੁੱਲ 37 ਟੈਸਟ, ਸੀਬੀਸੀ (ਬਲੱਡ ਸੈੱਲ ਟੈਸਟ) ਦੇ 22 ਟੈਸਟ ਅਤੇ ਕੇਐਫਟੀ (ਕਿਡਨੀ) ਦੇ 15 ਟੈਸਟ ਸ਼ਾਮਲ ਹਨ। ਕੈਂਸਰ ਮਰੀਜ਼ਾਂ ਲਈ ਕੀਮੋਥੈਰੇਪੀ ਤੋਂ ਪਹਿਲਾਂ ਕੁੱਲ 48 ਟੈਸਟ ਕੀਤੇ ਜਾਣਗੇ, ਜਿਨ੍ਹਾਂ ਵਿੱਚ 22 ਸੀਬੀਸੀ (ਰਕਤ ਕੋਸ਼ਿਕਾਵਾਂ ਟੈਸਟ, 15 ਕੇਐਫਟੀ (ਕਿਡਨੀ) ਟੈਸਟ ਅਤੇ 11 ਐਲਐਫਟੀ (ਜਿਗਰ) ਟੈਸਟ ਸ਼ਾਮਲ ਹਨ। ਇਸ ਮੌਕੇ ਤੇ ਸੰਸਥਾ ਦੇ ਕੋਰ ਮੈਂਬਰ ਅਮਰਜੀਤ ਸਿੰਘ ਚੋਲੰਗ ਅਤੇ ਪੈਥੋਲੋਜਿਸਟ ਡਾ. ਈਸ਼ੀ ਸ਼ਰਮਾ ਵੀ ਮੌਜੂਦ ਸਨ। ਲਾਈਫ ਕੇਅਰ ਫਾਉਂਡੇਸ਼ਨ ਇੱਕ ਧਰਮਾਰਥ ਪ੍ਰਯੋਗਸ਼ਾਲਾ ਸੰਸਥਾ ਹੈ ਜੋ ਸਸਤੀ ਸੇਵਾਵਾਂ ਪ੍ਰਦਾਨ ਕਰਨ ਲਈ ਸਮਰਪਿਤ ਹੈ। ਐਨਏਬੀਐਲ ਪ੍ਰਯੋਗਸ਼ਾਲਾ ਭਾਰਤ ਸਰਕਾਰ ਦੁਆਰਾ ਇੱਕ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾ ਹੈ, ਜਿੱਥੇ ਸਾਰੇ ਟੈਸਟ ਵਿਸ਼ੇਸ਼ਗਿਆ ਡਾਕਟਰਾਂ ਦੀ ਦੇਖ ਰੇਖ ਵਿੱਚ ਕੀਤੇ ਜਾਂਦੇ ਹਨ। ਇਹ ਸੇਵਾ ਬਾਜ਼ਾਰ ਤੋਂ ਕਾਫੀ ਘੱਟ ਦਰਾਂ (75% ਤੱਕ ਘੱਟ ਦਰਾਂ) ’ਤੇ ਕੀਤੀ ਜਾਂਦੀ ਹੈ।

   

 

 

 

 

  

ਲਗਾਤਾਰ ਹਾਰ ਤੋਂ ਬਾਅਦ ਪਾਰਟੀ ’ਚ ਹੋਈ ਹੈ ਬਗਾਵਤ

ਚੰਡੀਗੜ੍ਹ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਵਿਚ ਹੋਈ ਬਗਾਵਤ ਕਰਕੇ ਪਾਰਟੀ ਵਿਚ ਉਲਝਣ ਵਾਲੀ ਸਥਿਤੀ ਬਣੀ ਹੋਈ ਹੈ। ਬਾਗੀ ਧੜੇ ਦੇ ਆਗੂ ਪਾਰਟੀ ਦੀ ਹੋਈ ਮਾੜੀ ਹਾਲਤ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਨੇ ਸੁਖਬੀਰ ਬਾਦਲ ਕੋਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਉਹ ਆਪਣੀ ਮੰਗ ’ਤੇ ਅੜੇ ਹੋਏ ਹਨ। ਪਾਰਟੀ ਵਿਚ ਹੋਈ ਬਗਾਵਤ ਦਾ ਅਸਰ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਵੀ ਦੇਖਿਆ ਗਿਆ ਹੈ ਤੇ ਇੱਥੇ ਅਕਾਲੀ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਬਗਾਵਤ ਨਾ ਰੁਕੀ ਤਾਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਸ਼ੋ੍ਰਮਣੀ ਅਕਾਲੀ ਦਲ ਲਈ ਵੱਡੀ ਚੁਣੌਤੀ ਬਣ ਜਾਣਗੀਆਂ। ਪਿਛਲੇ ਦਿਨੀਂ ਅਕਾਲੀ ਦਲ ਦੇ ਬਾਗੀ ਧੜੇ ਦੇ ਆਗੂਆਂ ਨੇ ਸੁਖਬੀਰ ਬਾਦਲ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ’ਤੇ ਸ਼ਿਕਾਇਤ ਵੀ ਦਿੱਤੀ ਸੀ। ਇਸ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਵੀ ਕੀਤਾ ਹੋਇਆ ਹੈ।

 

ਚੰਡੀਗੜ੍ਹ/ਬਿਊਰੋ ਨਿਊਜ਼  

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ਡੱਲੇਵਾਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਹਰਿਆਣਾ ਵਿਚ ਬਾਰਡਰ ਖੋਲ੍ਹਣ ਦੇ ਆਦੇਸ਼ ਨੂੰ ਹਰਿਆਣਾ ਸਰਕਾਰ ਵਲੋਂ ਲਾਗੂ ਨਾ ਕੀਤੇ ਜਾਣ ਕਰਕੇ ਕਿਸਾਨਾਂ ਵਿਚ ਰੋਸ ਹੈ। ਡੱਲੇਵਾਲ ਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਕਿਹਾ ਕਿ ਹਰਿਆਣਾ ਸਰਕਾਰ ਦੇ ਝਾਂਸੇ ਵਿਚ ਆ ਕੇ ਸੰਘਰਸ਼ ਨੂੰ ਕਮਜ਼ੋਰ ਨਾ ਕੀਤੇ ਜਾਵੇ ਅਤੇ ਆਪਣੀ ਏਕਤਾ ਦਾ ਸਬੂਤ ਦਿੱਤਾ ਜਾਣਾ ਚਾਹੀਦਾ ਹੈ। ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਡੱਲੇਵਾਲ ਨੇ ਕਿਹਾ ਕਿ ਸਾਨੂੰ ਐਮ.ਐਸ.ਪੀ. ਖਰੀਦ ਗਾਰੰਟੀ ਕਾਨੂੰਨ ਲਾਜ਼ਮੀ ਤੌਰ ’ਤੇ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰ ਕੋਲੋਂ ਸਵਾਮੀਨਾਥਨ ਰਿਪੋਰਟ ਵੀ ਲਾਗੂ ਕਰਵਾ ਕੇ ਹੀ ਹਟਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਤਸ਼ੱਦਦ ਅੱਗੇ ਕਿਸਾਨ ਝੁਕਣਗੇ ਨਹੀਂ।

 

 

ਜਲੰਧਰ ਦੀ ਆਦਮਪੁਰ ਸੀਟ ਤੋਂ ਵਿਧਾਇਕ ਹਨ ਸੁਖਵਿੰਦਰ ਕੋਟਲੀ

ਜਲੰਧਰ/ਬਿਊਰੋ ਨਿਊਜ਼

ਜਲੰਧਰ ਵਿਚ ਪੈਂਦੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਦੋ ਸਥਾਈ ਸੰਮਤੀਆਂ ਦਾ ਮੈਂਬਰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬ ਪੰਚਾਇਤੀ ਰਾਜ ਅਤੇ ਪੰਜਾਬ ਸਮਾਜ ਕਲਿਆਣ ਸੰਮਤੀ ਦੇ ਮੈਂਬਰ ਦੇ ਰੂਪ ਵਿਚ ਚੁਣਿਆ ਗਿਆ ਹੈ। ਇਸੇ ਦੌਰਾਨ ਵਿਧਾਇਕ ਸੁਖਵਿੰਦਰ ਕੋਟਲੀ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਵਿਧਾਨ ਸਭਾ ਦੀ ਪੰਜਾਬ ਰਾਜ ਅਤੇ ਪੰਜਾਬ ਸਮਾਜ ਕਲਿਆਣ ਸੰਮਤੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕੋਟਲੀ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਸੰਮਤੀ ਦੇ ਸਾਹਮਣੇ ਜਨਹਿੱਤ ਸਬੰਧੀ ਮੁੱਦੇ ਉਠਾਉਂਦੇ ਰਹਿਣਗੇ। ਧਿਆਨ ਰਹੇ ਕਿ ਸੁਖਵਿੰਦਰ ਸਿੰਘ ਕੋਟਲੀ ਪਹਿਲਾਂ ਬਹੁਜਨ ਸਮਾਜ ਪਾਰਟੀ ਵਿਚ ਸਨ ਅਤੇ ਫਿਰ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.