Wednesday, 03 June 2026

ਸੂਬੇ ’ਚ ਵੱਖ-ਵੱਖ ਥਾਣਿਆਂ ਦੇ 191 ਮੁਨਸ਼ੀ ਬਦਲੇ

ਚੰਡੀਗੜ੍ਹ/ਬਿਊਰੋ ਨਿਊਜ਼ 

ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਵੱਖ-ਵੱਖ ਥਾਣਿਆਂ ’ਚ 2 ਸਾਲ ਤੋਂ ਤਾਇਨਾਤ 191 ਮੁਨਸ਼ੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਲੰਬੇ ਸਮੇਂ ਤਕ ਥਾਣਿਆਂ ’ਚ ਰਹਿਣ ਕਾਰਨ ਮੁਲਾਜ਼ਮ ਭਿ੍ਰਸ਼ਟਾਚਾਰ ’ਚ ਲਿਪਤ ਹੋ ਸਕਦੇ ਹਨ। ਇਸ ਮਿਥ ਨੂੰ ਤੋੜਨ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਕਿਸੇ ਵੀ ਥਾਣੇ ’ਚ ਕਿਸੇ ਮੁਨਸ਼ੀ ਨੂੰ 2 ਸਾਲ ਤੋਂ ਵੱਧ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਫੈਸਲੇ ’ਤੇ ਅਮਲ ਕਰਦਿਆਂ ਅੱਜ 191 ਮੁਨਸ਼ੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਧਿਆਨ ਰਹੇ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਹੋਈ ਹੈ, ਜਿਸਦੀ ਨਿਗਰਾਨੀ ਲਈ ਇਕ ਕੈਬਨਿਟ ਸਬ-ਕਮੇਟੀ ਵੀ ਬਣਾਈ ਗਈ ਹੈ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਦੇ ਪ੍ਰਧਾਨ ਹਨ। 

 

ਅਲਾਟ ਕੀਤੇ ਗਏ 450 ਕਰੋੜ ਅਤੇ ਖਰਚ ਹੋਏ 800 ਕਰੋੜ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੀਆਂ ਸਰਕਾਰੀ ਬੱਸਾਂ ਵਿਚ ਮਹਿਲਾਵਾਂ ਲਈ ਮੁਫਤ ਸਫਰ ਦੀ ਸਹੂਲਤ ਪੰਜਾਬ ਟਰਾਂਸਪੋਰਟ ਵਿਭਾਗ ਨੂੰ ਬਹੁਤ ਮਹਿੰਗੀ ਪੈ ਰਹੀ ਹੈ।  450 ਕਰੋੜ ਰੁਪਏ ਦੇ ਸਲਾਨਾ ਅਲਾਟਮੈਂਟ ਦੇ ਮੁਕਾਬਲੇ ਵਿਚ ਮੁਫਤ ਸਹੂਲਤ ਰਾਜ ਟਰਾਂਸਪੋਰਟ ਦੇ ਅਦਾਰਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ, ਪਨਬਸ ਅਤੇ ਪੰਜਾਬ ਰੋਡਵੇਜ਼ ਨੂੰ ਕਰੀਬ 800 ਕਰੋੜ ਰੁਪਏ ਵਿਚ ਪੈ ਰਹੀ ਹੈ। ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰਤ ਰਿਕਾਰਡ ਅਨੁਸਾਰ ਰੋਜ਼ਾਨਾ 3 ਲੱਖ ਤੋਂ ਵੱਧ ਮਹਿਲਾਵਾਂ ਮੁਫਤ ਬੱਸ ਸਫਰ ਦੀ ਸਹੂੁਲਤ ਦਾ ਲਾਭ ਉਠਾਉਂਦੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸਰਕਾਰੀ ਬੱਸਾਂ ’ਚ ਮਹਿਲਾਵਾਂ ਨੂੰ ਮੁਫਤ ਬੱਸ ਸਫਰ ਦੀ  ਯੋਜਨਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ 2021 ਵਿਚ ਸ਼ੁਰੂ ਕੀਤੀ ਗਈ ਸੀ।

ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਦੇ ਰਵੱਈਏ ਦੀ ਕੀਤੀ ਨਿਖੇਧੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਅੱਜ ਦੂਜਾ ਦਿਨ ਵੀ ਹੰਗਾਮਿਆਂ ਭਰਪੂਰ ਰਿਹਾ ਹੈ। ਇਸ ਹੰਗਾਮੇ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਸਦਨ ਵਿਚੋਂ ਵਾਕਆਊਟ ਕਰ ਗਏ। ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਪੀਕਰ ਨੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨਾਲ ਵੀ ਬਦਸਲੂਕੀ ਕੀਤੀ ਸੀ ਤੇ ਅੱਜ ਸਾਨੂੰ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਇਹ ਵੀ ਦੱਸਣਯੋਗ ਹੈ ਕਿ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਾਕ ਆਊਟ ਵਿਚ ਹਿੱਸਾ ਨਹੀਂ ਲਿਆ ਅਤੇ ਉਹ ਸਦਨ ਵਿਚ ਹੀ ਬੈਠੇ ਰਹੇ। ਬਾਜਵਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਮਿਲਣ ਵਾਲੀਆਂ ਸਰਕਾਰੀ ਨੌਕਰੀਆਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ, ਉਨ੍ਹਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ ਕਿ ਉਨ੍ਹਾਂ ਵਿਚ ਕਿੰਨੇ ਪੰਜਾਬੀ ਹਨ ਅਤੇ ਕਿੰਨੇ ਗੈਰਪੰਜਾਬੀ। 

 

ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਦੱਸਿਆ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਸ਼ੁੱਕਰਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਰਾਜਪਾਲ ਨੇ ਆਪਣੇ ਭਾਸ਼ਣ ਵਿਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਇਸਦੇ ਚੱਲਦਿਆਂ ਰਾਜਪਾਲ ਦੇ ਭਾਸ਼ਣ ਦਾ ਕਾਂਗਰਸੀ ਵਿਧਾਇਕਾਂ ਨੇ ਬਾਈਕਾਟ ਕੀਤਾ ਅਤੇ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਦੱਸਿਆ। ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਸੂਬਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ ਵਿਚ ਕੁਝ ਵੀ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਵਤੀਰਾ ਬਹੁਤ ਗਲਤ ਹੈ ਅਤੇ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਿਆਨ ਰਹੇ ਕਿ ਪੰਜਾਬ ਦਾ ਬਜਟ ਇਜਲਾਸ 28 ਮਾਰਚ ਤੱਕ ਚੱਲਣਾ ਹੈ ਅਤੇ 26 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰਨਗੇ।  

ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਦਿੱਤੀ ਜਾਵੇ ਇਜਾਜ਼ਤ : ਹਾਈਕੋਰਟ

ਚੰਡੀਗੜ੍ਹ/ਬਿਊਰੋ ਨਿਊਜ਼

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਵਿੱਚ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਅਦਾਲਤ ਨੇ ਸਵਾਲ ਉਠਾਇਆ ਕਿ ਜੇਕਰ ਡੱਲੇਵਾਲ ਇਸ ਸਮੇਂ ਹਸਪਤਾਲ ਵਿੱਚ ਦਾਖਲ ਹਨ ਤਾਂ ਇਹ ਪਟੀਸ਼ਨ ਕਿਉਂ ਜ਼ਰੂਰੀ ਸੀ। ਇਸ ’ਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਪਟਿਆਲਾ ਦੇ ਹਸਪਤਾਲ ਵਿੱਚ ਰੱਖਿਆ ਗਿਆ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਡੱਲੇਵਾਲ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਨਹੀਂ ਹੈ। ਇਸ ’ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਡੱਲੇਵਾਲ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਪਰਸੋਂ ਤੱਕ ਮੁਲਤਵੀ ਕਰ ਦਿੱਤੀ ਹੈ ਅਤੇ ਸਰਕਾਰ ਨੂੰ ਨਵੀਂ ਸਥਿਤੀ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। 

 

ਚੰਡੀਗੜ੍ਹ : ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਨੇ ਸੁਖਨਾ ਵਾਈਲਡਲਾਈਫ ਸੈਂਚੁਰੀ ਲਈ ਈਕੋ ਸੈਂਸਟਿਵ ਜ਼ੋਨ ਨੂੰ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਲਈ ਆਪਣੀ ਪ੍ਰਸਤਾਵਿਤ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ ਅਤੇ ਇਸਨੂੰ 100 ਮੀਟਰ ’ਤੇ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ। 

ਗੁਰਦੁਆਰਾ ਬੜ ਸਾਹਿਬ ਅਤੇ ਸ਼ਿਵ ਮੰਦਰ ਦੇ ਸਾਹਮਣੇ ਢੋਲ ਧਮਾਕੇ ਅਤੇ ਭੰਗੜੇ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਨਵਾਂਗਾਓਂ ਘਰ ਬਚਾਓ ਮੰਚ ਦੇ ਚੇਅਰਮੈਨ ਅਤੇ ਸੀਨੀਅਰ ਭਾਜਪਾ ਨੇਤਾ ਵਿਨੀਤ ਜੋਸ਼ੀ ਨੇ ਇਸਨੂੰ ਨਵਾਂਗਾਓਂ, ਕਾਂਸਲ, ਕਰੋਰਾ ਅਤੇ ਨਾਡਾ ਦੇ ਲੋਕਾਂ ਦੁਆਰਾ ਕੀਤੇ ਗਏ ਅੰਦੋਲਨ ਦੀ ਜਿੱਤ ਦੱਸਿਆ। ਭਾਜਪਾ ਮੋਹਾਲੀ ਜ਼ਿਲ੍ਹਾ ਸਕੱਤਰ ਭੁਪਿੰਦਰ ਭੂਪੀ, ਨਵਾਂਗਾਓਂ ਮੰਡਲ ਪ੍ਰਧਾਨ ਜੋਗਿੰਦਰ ਪਾਲ, ਕੌਂਸਲਰ ਸੁਰਿੰਦਰ ਕੌਸ਼ਿਸ਼ ਬੱਬਲ, ਕੌਂਸਲਰ ਪ੍ਰਮੋਦ ਕੁਮਾਰ, ਕੌਂਸਲਰ ਬਬਲੂ ਕੋਰੀ, ਉੱਘੇ ਸਮਾਜ ਸੇਵਕ ਅਤੁਲ ਅਰੋੜਾ, ਮਜ਼ਦੂਰ ਸੈਨਾ ਦੇ ਜਨਰਲ ਸਕੱਤਰ ਮਦਨ ਮੰਡਲ, ਬ੍ਰਹਮਾਕੁਮਾਰੀਜ ਨਯਾਗਾਓਂ ਦੇ ਮੁਖੀ ਗਿਆਨ ਚੰਦ ਭੰਡਾਰੀ, ਜਨਰਲ ਸਕੱਤਰ ਮਿਥਲਾਂਚਲ ਛੱਠ ਪੂਜਾ ਕਮੇਟੀ ਕਾਮੇਸ਼ਵਰ ਸ਼ਾਹ, ਗਊ ਸੇਵਾ ਮੁਖੀ ਨਯਾਗਾਓਂ ਸੁਸ਼ੀਲ ਰੋਹਿਲਾ ਆਦਿ ਨੇ ਖੁਸ਼ੀ ਵਿੱਚ ਭੰਗੜਾ ਪਾਇਆ।

ਜੋਸ਼ੀ ਨੇ ਕਿਹਾ ਕਿ ਨਵੰਬਰ 2024 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਵੱਲ ਰੋਸ ਮਾਰਚ ਤੋਂ ਬਾਅਦ, ਹੁਣ ਤੱਕ 24 ਨੁੱਕੜ ਮੀਟਿੰਗਾਂ ਅਤੇ ਵਿਰੋਧ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਜਿਸ ਕਾਰਨ ਪੰਜਾਬ ਸਰਕਾਰ ਨੂੰ ਝੁਕਣਾ ਪਿਆ ਅਤੇ  ਨੂੰ ਸਿਰਫ਼ 100 ਮੀਟਰ ਹੀ ਰੱਖਣ ਦਾ ਫੈਸਲਾ ਕੀਤਾ ਗਿਆ। ਜੋਸ਼ੀ ਨੇ ਅੰਤ ਵਿੱਚ ਕਿਹਾ ਕਿ ਇਹ ਫੈਸਲਾ ਮੋਹਾਲੀ ਜ਼ਿਲ੍ਹੇ ਦੇ ਨਯਾਗਾਓਂ, ਕਾਂਸਲ, ਕਰੋਰਾ ਅਤੇ ਨਾਡਾ ਵਿੱਚ ਰਹਿਣ ਵਾਲੇ ਗਰੀਬ ਅਤੇ ਹੇਠਲੇ ਮੱਧ ਵਰਗ ਦੀ ਦੋ ਲੱਖ ਆਬਾਦੀ ਲਈ ਰਾਹਤ ਭਰੀ ਖ਼ਬਰ ਹੈ। 

 

ਗੁਰਮੀਤ ਸਿੰਘ ਖੁੱਡੀਆਂ ਨਾਲ ਜਾਣ ਵਾਲੇ ਵਫਦ ਨੂੰ ਵੀ ਨਹੀਂ ਮਿਲੀ ਇਜਾਜ਼ਤ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਰਾਜਸੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਖੁੱਡੀਆਂ ਨੇ 29 ਮਾਰਚ ਨੂੰ ਅਮਰੀਕਾ ਲਈ ਸਰਕਾਰੀ ਦੌਰੇ ’ਤੇ ਰਵਾਨਾ ਹੋਣਾ ਸੀ। ਉਨ੍ਹਾਂ ਨਾਲ ਜਾਣ ਵਾਲੇ ਵਫਦ ਨੂੰ ਵੀ ਦੌਰੇ ਦੀ ਪ੍ਰਵਾਨਗੀ ਨਹੀਂ ਮਿਲੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਂਦਰ ਤੋਂ ਪੰਜਾਬ ਦੇ ਕਿਸੇ ਆਗੂ ਨੂੰ ਵਿਦੇਸ਼ ਦੌਰੇ ਦੀ ਮਨਜ਼ੂਰੀ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਵਜ਼ੀਰਾਂ ਨੂੰ ਵੀ ਵਿਦੇਸ਼ ਜਾਣ ਵਾਸਤੇ ਕੇਂਦਰ ਨੇ ਹਰੀ ਝੰਡੀ ਨਹੀਂ ਦਿੱਤੀ ਸੀ। ਵਿਦੇਸ਼ ਮੰਤਰਾਲੇ ਨੇ ਦੌਰੇ ਦੀ ਪ੍ਰਵਾਨਗੀ ਨਾ ਦੇਣ ਦੇ ਕਾਰਨਾਂ ਦਾ ਕੋਈ ਹਵਾਲਾ ਨਹੀਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਖੁੱਡੀਆਂ ਨੇ 29 ਮਾਰਚ ਤੋਂ 6 ਅਪਰੈਲ ਤੱਕ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਜਾਣਾ ਸੀ।

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਆਪਣਾ ਅਸਤੀਫਾ ਵਾਪਸ ਲੈਣ ਦੇ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛਿਆ, ਜਿਸ ਸਮੱਸਿਆ ਲਈ ਤੁਸੀਂ ਆਪਣਾ ਅਸਤੀਫਾ ਦਿੱਤਾ ਸੀ, ਕੀ ਉਹ ਹੱਲ ਹੋ ਗਈ ਹੈ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪਰਿਵਾਰ ਨੂੰ ਬਚਾਉਣ ਲਈ ਤਖਤਾਂ ਦੇ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਸੀ, ਕੀ ਇਹ ਸਹੀ ਸੀ? ਕੀ ਇਹ ਸਭ ਤੋਂ ਸਰਵਉੱਚ ਤਖਤ, ਪੰਥ ਅਤੇ ਭਾਈਚਾਰੇ ਦੇ ਮਾਣ-ਸਨਮਾਨ ਦੇ ਅਨੁਸਾਰ ਕੀਤਾ ਗਿਆ ਸੀ? ਗਰੇਵਾਲ ਨੇ ਕਿਹਾ ਕਿ ਸਿੱਖ ਭਾਈਚਾਰਾ ਇਸ ਦਾ ਜਵਾਬ ਮੰਗ ਰਿਹਾ ਹੈ। ਸਿਖ ਕੌਮ ਤੁਹਾਡੇ ਅਸਤੀਫੇ ਦੇਣ ਅਤੇ ਅਸਤੀਫ਼ੇ ਨੂੰ ਵਾਪਸ ਲੈਣ ਦਾ ਕਾਰਨ ਵੀ ਜਾਣਨਾ ਚਾਹੁੰਦੀ ਹੈ।

 

ਅੰਮਿ੍ਰਤਪਾਲ ਸਿੰਘ ਦੇ ਸਾਥੀਆਂ ਦਾ ਪੁਲਿਸ ਨੂੰ ਚਾਰ ਦਿਨਾਂ ਦਾ ਮਿਲਿਆ ਰਿਮਾਂਡ

ਚੰਡੀਗੜ੍ਹ/ਬਿਊਰੋ ਨਿਊਜ਼ 

ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਹਟਾਏ ਜਾਣ ਮਗਰੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵਾਪਸ ਪੰਜਾਬ ਲਿਆਂਦੇ ਗਏ ਅੰਮਿ੍ਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅਜਨਾਲਾ ਕੋਰਟ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਪੁਲਿਸ ਨੇ ਉਨ੍ਹਾਂ ਦਾ ਚਾਰ ਦਿਨਾ ਰਿਮਾਂਡ ਹਾਸਲ ਕਰ ਲਿਆ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਸਾਥੀਆਂ ਨੂੰ ਹੁਣ 25 ਮਾਰਚ ਨੂੰ ਮੁੜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਉਂਝ ਪੁਲਿਸ ਨੇ ਸੱਤ ਦਿਨਾ ਰਿਮਾਂਡ ਦੀ ਮੰਗ ਕੀਤੀ ਸੀ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਲਿਆਂਦੇ ਗਏ ਇਨ੍ਹਾਂ ਵਿਅਕਤੀਆਂ ਖਿਲਾਫ 23 ਫਰਵਰੀ 2023 ਨੂੰ ਅਜਨਾਲਾ ਪੁਲਿਸ ਸਟੇਸ਼ਨ ’ਤੇ ਹਮਲੇ ਦੇ ਆਰੋਪ ਵਿਚ ਕੇਸ ਦਰਜ ਕੀਤਾ ਗਿਆ ਸੀ। ਸੰਸਦ ਮੈਂਬਰ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਰਤਪਾਲ ਸਿੰਘ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। 

 

ਪੰਜਾਬ ਸਰਕਾਰ ਗਿ੍ਰਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਕਰੇ ਰਿਹਾਅ : ਸੁਖਬੀਰ ਬਾਦਲ

ਚੰਡੀਗੜ੍ਹ/ਬਿਊੁਰੋ ਨਿਊਜ਼

ਪੰਜਾਬ ਪੁਲਿਸ ਵੱਲੋਂ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਕਿਸਾਨਾਂ ਨੂੰ ਦੋਵਾਂ ਮੋਰਚਿਆਂ ਤੋਂ ਹਟਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਕਾਰਵਾਈ ਕਰਨ ਤੋਂ ਪਹਿਲਾਂ ਸ਼ੰਭੂ ਅਤੇ ਖਨੌਰੀ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਪੁਲਿਸ ਨੇ ਕਿਸਾਨਾਂ ਵੱਲੋਂ ਬਾਰਡਰ ਉਤੇ ਲਗਾਏ ਹੋਰਡਿੰਗ ਉਤਾਰ ਦਿੱਤੇ ਹਨ ਅਤੇ ਮੋਰਚਿਆਂ ’ਤੇ ਲੱਗੀਆਂ ਸਟੇਜਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਲੰਘੇ ਕੱਲ੍ਹ ਬੁੱਧਵਾਰ ਨੂੰ ਚੰਡੀਗੜ੍ਹ ਵਿਚ 7ਵੇਂ ਦੌਰ ਦੀ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ, ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ ਅਤੇ ਮਨਜੀਤ ਰਾਏ ਸਣੇ ਕਈ ਹੋਰ ਕਿਸਾਨਾਂ ਨੂੰ ਗਿ੍ਰਫਤਾਰ ਕਰ ਲਿਆ  ਸੀ। ਪੰਜਾਬ ਸਰਕਾਰ ਅਤੇ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਭਗਵੰਤ ਮਾਨ ਦੀ ਸਰਕਾਰ ’ਤੇ ਸਵਾਲ ਚੁੱਕੇ ਹਨ।  ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪੰਜ ਮਿੰਟ ਵਿਚ ਐਮ.ਐਸ.ਪੀ. ਦੇਣ ਦਾ ਵਾਅਦਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਿ੍ਰਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।

 

 

 

 

  

ਕਿਹਾ : ਕੇਜਰੀਵਾਲ ਦੇ ਹੁਕਮਾਂ ’ਤੇ ਪੰਜਾਬ ਦੇ ਕਿਸਾਨਾਂ ’ਤੇ ਹੋ ਰਹੇ ਜ਼ੁਲਮ 

ਬਠਿੰਡਾ/ਬਿਊਰੋ ਨਿਊਜ਼ 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਜਾ ਰਹੇ ਜ਼ੁਲਮ ਦਾ ਡਟ ਕੇ ਵਿਰੋਧ ਕਰਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੋਇਆ ਹੈ ਕਿ ਸੂਬਾ ਅਤੇ ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਹਿਰਾਸਤ ’ਚ ਲਿਆ ਹੋਵੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਣ ਦੇ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਸੁਖਬੀਰ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਗਿ੍ਰਫਤਾਰੀ, ਸ਼ੰਭੂ ਤੇ ਖਨੌਰੀ ਵਿੱਚ ਧਰਨੇ ਹਟਾਉਣ ਅਤੇ ਕਿਸਾਨਾਂ ਉਤੇ ਲਾਠੀਚਾਰਜ ਵਰਗੇ ਜ਼ੁਲਮ ਸਾਬਤ ਕਰ ਰਹੇ ਹਨ ਕਿ ਹੁਣ ਅਰਵਿੰਦ ਕੇਜਰੀਵਾਲ ਹੀ ਪੰਜਾਬ ਦੇ ‘ਅਸਲੀ ਮੁੱਖ ਮੰਤਰੀ’ ਬਣ ਗਏ ਹਨ ਅਤੇ ਉਨ੍ਹਾਂ ਦੇ ਹੁਕਮਾਂ ’ਤੇ ਹੀ ਕਿਸਾਨਾਂ ’ਤੇ ਇਹ ਜ਼ੁਲਮ ਹੋ ਰਹੇ ਹਨ।

ਚੰਡੀਗੜ੍ਹ - ਚੰਡੀਗੜ੍ਹ ਲਲਿਤ ਕਲਾ ਅਕਾਦਮੀ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ‘‘ਦੂਜੀ ਟ੍ਰਾਈ-ਸਿਟੀ ਪ੍ਰੈੱਸ ਫੋਟੋਗ੍ਰਾਫਰਜ਼ ਅਵਾਰਡਜ਼ ਅਤੇ ਪ੍ਰਦਰਸ਼ਨੀ” ਦਾ ਉਦਘਾਟਨ 18 ਮਾਰਚ 2025 ਨੂੰ ਸ਼ਾਮ 5:30 ਵਜੇ ਸੈਕਟਰ 17 ਤੋਂ ਰੋਜ਼ ਗਾਰਡਨ ਨੂੰ ਜੋੜਨ ਵਾਲੀ ਅੰਡਰਪਾਸ ਗੈਲਰੀ ਵਿੱਚ ਹੋਇਆ। ਇਹ 10 ਦਿਨਾਂ ਦੀ ਪ੍ਰਦਰਸ਼ਨੀ 28 ਮਾਰਚ 2025 ਤੱਕ ਹਰ ਰੋਜ਼ ਸਵੇਰੇ 10:00 ਵਜੇ ਤੋਂ ਰਾਤ 8:00 ਵਜੇ ਤੱਕ ਲੋਕਾਂ ਲਈ ਖੁੱਲੀ ਰਹੇਗੀ। ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਘਰ ਸਕੱਤਰ-ਕਮ-ਸੰਸਕਿ੍ਰਤੀ ਸਕੱਤਰ, ਸ਼੍ਰੀ ਮੰਦੀਪ ਸਿੰਘ ਬਰਾੜ (ਆਈਏਐਸ) ਨੇ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਭੀਮ ਮਲਹੋਤਰਾ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ ਨਲਿਨ ਆਚਾਰਿਆ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।

ਇਸ ਪ੍ਰਦਰਸ਼ਨੀ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ 23 ਪ੍ਰਤਿਭਾਸ਼ਾਲੀ ਫੋਟੋ-ਪੱਤਰਕਾਰਾਂ ਦੀਆਂ 94 ਸ਼ਕਤੀਸ਼ਾਲੀ ਤਸਵੀਰਾਂ ਸ਼ਾਮਲ ਹਨ, ਜੋ ਪਿਛਲੇ ਦਹਾਕੇ ਦੀਆਂ ਮਹੱਤਵਪੂਰਨ ਘਟਨਾਵਾਂ, ਭਾਵਨਾਵਾਂ ਅਤੇ ਸਮਾਜਿਕ ਬਦਲਾਅ ਨੂੰ ਦਰਸਾਉਂਦੀਆਂ ਹਨ। ਗੈਰ-ਪ੍ਰੈੱਸ ਪੱਤਰਕਾਰਾਂ ਲਈ ਵੀ ਇੱਕ ਵਿਸ਼ੇਸ਼ ਸ਼੍ਰੇਣੀ ਰੱਖੀ ਗਈ, ਜਿਸ ਵਿੱਚ 4 ਯੋਗਦਾਨੀ 12 ਸ਼ਾਨਦਾਰ ਰਚਨਾਵਾਂ ਪ੍ਰਦਰਸ਼ਤ ਕਰ ਰਹੇ ਹਨ।

46 ਸ਼੍ਰੇਸ਼ਠ ਤਸਵੀਰਾਂ ਨੂੰ ਵੱਖ-ਵੱਖ ਸ਼੍ਰੇਣੀਆਂ ਲਈ ਚੁਣਿਆ ਗਿਆ, ਜਿਵੇਂ ਕਿ ‘‘ਦਹਾਕੇ ਦੀ ਸਭ ਤੋਂ ਵਧੀਆ ਤਸਵੀਰ”, ‘‘ਉਤਕਿ੍ਰਸ਼ਟ ਮਨੁੱਖੀ ਰੁਚੀ ਫੋਟੋਗ੍ਰਾਫੀ”, ‘‘ਸਭ ਤੋਂ ਵਧੀਆ ਨਿਊਜ਼ ਫੋਟੋਗ੍ਰਾਫੀ” ਅਤੇ ‘‘ਵਿਸ਼ੇਸ਼ ਜੂਰੀ ਮੈਨਸ਼ਨ”। ਇਹ ਚੋਣ ਪ੍ਰਕਿਰਿਆ ਭਾਰਤੀ ਐਕਸਪ੍ਰੈੱਸ ਦੀ ਫੋਟੋ ਐਡੀਟਰ ਰੇਣੁਕਾ ਪੂਰੀ ਅਤੇ ਪ੍ਰਸਿੱਧ ਸ਼ਹਿਰੀ ਫੋਟੋ ਕਲਾਕਾਰ ਗੁਰਦੀਪ ਧੀਮਾਨ ਨੇ ਕੀਤੀ।

ਪ੍ਰੈੱਸ ਫੋਟੋਗ੍ਰਾਫੀ ਵਿੱਚ ਉਤਕਿ੍ਰਸ਼ਟ ਯੋਗਦਾਨ ਲਈ ਇਨਾਮ ਦਿੱਤੇ ਗਏ। ਪ੍ਰੈੱਸ ਫੋਟੋਗ੍ਰਾਫਰ ਸ਼੍ਰੇਣੀ ਵਿੱਚ ਜਸਬੀਰ ਮਲਹੋਤਰਾ, ਨਿਤਿਨ ਮਿੱਤਲ ਅਤੇ ਰਵੀ ਕੁਮਾਰ ਨੂੰ 25,000 ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ, ਕੇਸ਼ਵ ਸਿੰਘ, ਪਰਮਜੀਤ ਸਿੰਘ ਕਰਵਾਲ, ਸੰਜੇ ਘਿੜਿਆਲ, ਸ਼ੁਭਮ ਕੌਸ਼ਲ ਅਤੇ ਉਪੇਂਦਰ ਸੇਨ ਗੁਪਤਾ ਨੂੰ 10,000 ਦੀ ਇਨਾਮੀ ਰਕਮ ਮਿਲੀ। ਪੱਤਰਕਾਰ ਸ਼੍ਰੇਣੀ ਵਿੱਚ ਅਜੇਸ਼ ਕੁਮਾਰ ਧਰਵਾਲ ਨੂੰ 5,000 ਨਾਲ ਨਵਾਜਿਆ ਗਿਆ। ਇਹ ਪ੍ਰਦਰਸ਼ਨੀ ਸਿਰਫ਼ ਇੱਕ ਦਹਾਕੇ ਦੀ ਫੋਟੋਗ੍ਰਾਫੀ ਯਾਤਰਾ ਹੀ ਨਹੀਂ, ਸਗੋਂ ਪੱਤਰਕਾਰਤਾ ਵਿੱਚ ਦਿ੍ਰਸ਼ਟਿਕੋਣ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ।

 

 

 

 

  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.