Monday, 20 April 2026

ਪਾਰਟੀ ’ਤੇ ਅਣਗੌਲਿਆ ਕਰਨ ਦੇ ਲਗਾਏ ਆਰੋਪ

ਚੰਡੀਗੜ੍ਹ/ਬਿਊਰੋ ਨਿਊਜ਼

ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਨਿੰਮਾ 1992 ਵਿਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਇਕ ਬਣੇ ਸਨ। ਨਿਰਮਲ ਸਿੰਘ ਨਿੰਮਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿਚੋਂ ਇਕ ਹਨ। ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ’ਤੇ ਉਨ੍ਹਾਂ ਨੂੰ ਅਣਗੌਲਿਆਂ ਕਰਨ ਦੇ ਇਲਜ਼ਾਮ ਲਗਾਏ ਹਨ। ਜ਼ਿਕਰਯੋਗ ਹੈ ਕਿ ਨਿੰਮਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵੀ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਉਨ੍ਹਾਂ ਨੂੰ 2017 ਵਿਚ ਵੀ ਕਾਂਗਰਸ ਪਾਰਟੀ ਵਲੋਂ ਭਦੌੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ, ਪਰ ਕੁਝ ਕਾਰਨਾਂ ਕਰਕੇ ਪਾਰਟੀ ਨੇ ਉਨ੍ਹਾਂ ਦੀ ਟਿਕਟ ਚੋਣ ਪ੍ਰਕਿਰਿਆ ਦੌਰਾਨ ਹੀ ਕੱਟ ਦਿੱਤੀ ਸੀ। ਨਿੰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੋਂ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ, ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ/ਬਿਊਰੋ ਨਿਊਜ਼    

ਪੰਜਾਬ ਵਿਚ ਹੁਣ 20 ਮਿੰਟਾਂ ਵਿਚ ਰਜਿਸਟਰੀ ਹੋ ਜਾਇਆ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਇਜ਼ੀ-ਰਜਿਸਟਰੀ ਸਿਸਟਮ ਲਾਂਚ ਕੀਤਾ ਹੈ। ਇਸ ਮੌਕੇ ਸੀਐਮ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟਰੀ ਦੇ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਟੋਕਨ ਦੇ ਜ਼ਰੀਏ ਤੈਅ ਸਮਾਂ ਮਿਲੇਗਾ। ਮਾਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਚਾਹੇ ਤਾਂ ਸਰਕਾਰੀ ਮੁਲਾਜ਼ਮ ਰਜਿਸਟਰੀ ਕਰਨ ਦੇ ਲਈ ਮਸ਼ੀਨ ਲੈ ਕੇ ਉਨ੍ਹਾਂ ਦੇ ਘਰ ਤੱਕ ਵੀ ਜਾਣਗੇ। ਸੀਐਮ ਨੇ ਕਿਹਾ ਕਿ ਮੋਹਾਲੀ ਤੋਂ ਬਾਅਦ ਇਸ ਸਿਸਟਮ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਪੂਰੇ ਸੂਬੇ ਵਿਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਸ ਖਿਲਾਫ ਜ਼ਰੂਰ ਬਣਦੀ ਕਾਰਵਾਈ ਹੋਵੇਗੀ। ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਕਈ-ਕਈ ਦਿਨ ਰਜਿਸਟਰੀਆਂ ਕਰਵਾਉਣ ਨੂੰ ਲੱਗ ਜਾਂਦੇ ਸਨ ਅਤੇ ਹੁਣ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਡੇ ਫੈਸਲੇ ਲੈ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ ਸ਼ੁੱਕਰਵਾਰ ਨੂੰ ਸਵੇਰੇ 11 : 30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਹੋ ਰਹੀ ਹੈ। 

ਪੰਜਾਬ ਵਿਚ ਨਿਵੇਸ਼ ਵਧਾਉਣ ਨੂੰ  ਲੈ ਕੇ ਹੋਵੇਗਾ ਵਿਚਾਰ-ਵਟਾਂਦਰਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 1 ਦਸੰਬਰ ਤੋਂ 10 ਦਿਨਾਂ ਲਈ ਜਪਾਨ ਦੇ ਦੌਰੇ ’ਤੇ ਰਹਿਣਗੇ। ਸਰਕਾਰੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਮਾਨ ਜਪਾਨ ਦੇ ਸਨਅਤਕਾਰਾਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਉਨ੍ਹਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਇਸ ਦੌਰਾਨ ਸੂਬੇ ਵਿਚ ਉਨ੍ਹਾਂ ਦੇ ਨਿਵੇਸ਼ ਨੂੰ ਵਧਾਉਣ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਯਾਤਰਾ ਸੂਬਾ ਸਰਕਾਰ ਦੇ ਆਊਟਰੀਚ ਯਤਨਾਂ ਦਾ ਹਿੱਸਾ ਹੈ, ਜਿਸਦੀ ਤਿਆਰੀ 13 ਤੋਂ 15 ਮਾਰਚ 2026 ਨੂੰ ਮੁਹਾਲੀ ਵਿਚ ਹੋਣ ਵਾਲੇ ਛੇਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਲਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੀਐਮ ਮਾਨ ਨੇ ਇਕ ਉਚ ਪੱਧਰੀ ਜਪਾਨੀ ਵਫਦ ਨਾਲ ਵਰਚੂਅਲ ਮੀਟਿੰਗ ਕੀਤੀ ਸੀ, ਜਿਸ ਵਿਚ ਜਪਾਨ ਦੀਆਂ ਕੰਪਨੀਆਂ ਦੇ ਪ੍ਰਤੀਨਿਧ ਸ਼ਾਮਲ ਹੋਏ ਸਨ।

ਕਿਹਾ : ਪੰਜਾਬ ’ਚ ਆ ਕੇ ਲੱਗਦਾ ਹੈ ਜਿਵੇਂ ਅਸੀਂ ਆਪਣੇ ਘਰ ਆ ਗਏ ਹਾਂ

ਮੋਗਾ/ਬਿਊਰੋ ਨਿਊਜ਼ 

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦਾ ਦੌਰਾ ਕੀਤਾ। ਚੌਹਾਨ ਨੇ ਪੰਜਾਬ ਦੇ ਕਿਸਾਨਾਂ ਦੀ ਜਨਤਕ ਭਾਗੀਦਾਰੀ ਅਤੇ ਨਵੀਨਤਾ ਵਿਚ ‘ਨਵੇਂ ਰਿਕਾਰਡ’ ਸਥਾਪਤ ਕਰਨ ਲਈ ਪ੍ਰਸ਼ੰਸ਼ਾ ਕੀਤੀ। ਖੇਤੀਬਾੜੀ ਮੰਤਰੀ ਚੌਹਾਨ ਨੇ ਆਪਣੇ ਇਕ ਦਿਨ ਦੇ ਦੌਰੇ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕ ਕੇ ਅਤੇ ਅਰਦਾਸ ਕਰਕੇ ਕੀਤੀ। ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਨੂੰ ਸ਼ਾਨਦਾਰ ਦੱਸਿਆ ਅਤੇ ਕਿਹਾ ਕਿ ਇੱਥੇ ਪੰਚਾਇਤ ਵਿਚ ਜਨਤਕ ਭਾਗੀਦਾਰੀ ਦੇ ਨਵੇਂ ਰਿਕਾਰਡ ਬਣੇ ਹਨ। ਚੌਹਾਨ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਇੰਝ ਲੱਗਦਾ ਹੈ ਜਿਵੇਂ ਅਸੀਂ ਆਪਣੇ ਘਰ ਆ ਗਏ ਹਾਂ। ਆਪਣੀ ਫੇਰੀ ਦੌਰਾਨ ਮੰਤਰੀ ਨੇ ਪੰਚਾਇਤ ਮੈਂਬਰਾਂ ਅਤੇ ਨਿਵਾਸੀਆਂ ਨਾਲ ਮੰਜੇ ’ਤੇ ਬੈਠ ਕੇ ਰਵਾਇਤੀ ‘ਮੱਕੀ ਦੀ ਰੋਟੀ ਤੇ ਸਾਗ’ ਵੀ ਖਾਧਾ। ਚੌਹਾਨ ਨੇ ਕਿਸਾਨਾਂ ਨਾਲ ਸਿੱਧੀ ਬਿਜਾਈ, ਖਾਦ ਦੀ ਘੱਟ ਵਰਤੋਂ ਅਤੇ ਪਰਾਲੀ ਪ੍ਰਬੰਧਨ ਦੇ ਉਨ੍ਹਾਂ ਦੇ ਤਰੀਕਿਆਂ ਨੂੰ ਸਮਝਣ ਲਈ ਗੱਲਬਾਤ ਕੀਤੀ। ਮੰਤਰੀ ਚੌਹਾਨ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਦੇ ਹੋਰ ਲੀਡਰ ਵੀ ਹਾਜ਼ਰ ਰਹੇ।

ਚੰਡੀਗੜ੍ਹ/ਬਿਊਰੋ ਨਿਊਜ਼

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਫਿਰ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਉਨ੍ਹਾਂ ਨੇ ਸੰਸਦ ਦੇ ਇਜਲਾਸ ਵਿਚ ਹਿੱਸਾ ਲੈਣ ਦੇ ਲਈ ਪੈਰੋਲ ਨਾ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸ ਮਾਮਲੇ ਵਿਚ ਹੁਣ ਆਉਂਦੀ 1 ਦਸੰਬਰ ਦਿਨ ਸੋਮਵਾਰ ਨੂੰ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਹੋਈ ਸੁਣਵਾਈ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਅੰਮਿ੍ਰਤਪਾਲ ਸਿੰਘ ਦੀ ਪੈਰੋਲ ’ਤੇ ਇਕ ਹਫਤੇ ਵਿਚ ਫੈਸਲਾ ਲੈਣ ਲਈ ਕਿਹਾ ਸੀ, ਪਰ ਸਰਕਾਰ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ। ਇਸ ਸਬੰਧੀ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਰਿਪੋਰਟ ਦਿੱਤੀ ਸੀ ਕਿ ਅੰਮਿ੍ਰਤਪਾਲ ਸਿੰਘ ਨੂੰ ਪੈਰੋਲ ਦਿੱਤੇ ਜਾਣ ਨਾਲ ਮਾਹੌਲ ਵਿਗੜ ਸਕਦਾ ਹੈ। ਦੱਸਣਯੋਗ ਹੈ ਕਿ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਇਸ ਸਮੇਂ ਐਨ.ਐਸ.ਏ. ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। 

ਕਿਸਾਨ ਆਗੂ ਰਾਜੇਵਾਲ ਨੇ ਪੀਐਮ ਮੋਦੀ ’ਤੇ ਝੂਠ ਬੋਲਣ ਦੇ ਲਗਾਏ ਇਲਜ਼ਾਮ

ਚੰਡੀਗੜ੍ਹ/ਬਿਊਰੋ ਨਿਊਜ਼     

ਚੰਡੀਗੜ੍ਹ ਵਿਚ ਅੱਜ ਬੁੱਧਵਾਰ ਨੂੰ ਸੈਕਟਰ 43 ਦੀ ਦੁਸਹਿਰਾ ਗਰਾਊਂਡ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲੰਧਰ ਖੰਡ ਮਿੱਲ ਤੁਰੰਤ ਚਾਲੂ ਨਾ ਕੀਤੀ ਗਈ ਤਾਂ ਭਲਕੇ ਵੀਰਵਾਰ ਨੂੰ ਜਲੰਧਰ ’ਚ ਹਾਈਵੇ ਜਾਮ ਕਰ ਦਿੱਤਾ ਜਾਵੇਗਾ। ਰੈਲੀ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਫਰੀ ਟਰੇਡ ਸਮਝੌਤਾ ਕਰਨ ਜਾ ਰਹੀ ਹੈ। ਰਾਜੇਵਾਲ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਬੋਲ ਰਹੇ ਹਨ ਕਿ ਉਹ ਖੇਤੀ ਨੂੰ ਆਂਚ ਨਹੀਂ ਆਉਣ ਦੇਣਗੇ। ਕਿਸਾਨ ਰੈਲੀ ਦੌਰਾਨ ਮੰਚ ਤੋਂ ਇਹ ਵੀ ਐਲਾਨ ਹੋਇਆ ਕਿ 28 ਨਵੰਬਰ ਨੂੰ ਐਸ.ਕੇ.ਐਮ. ਦੀ ਮੀਟਿੰਗ ਹੋਵੇਗੀ ਅਤੇ ਮੀਟਿੰਗ ਦੌਰਾਨ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।  ਜ਼ਿਕਰਯੋਗ ਹੈ ਕਿ ਇਸ ਰੈਲੀ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲੀ ਵਾਰ ਬਿਨਾ ਕਿਸੇ ਸ਼ਰਤ ਤੋਂ ਤਿੰਨ ਘੰਟੇ ਦੀ ਇਜਾਜਤ ਦਿੱਤੀ ਸੀ। 

 

ਚੰਡੀਗੜ੍ਹ/ਬਿਊਰੋ ਨਿਊਜ਼   

ਪੰਜਾਬ ਵਿਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ ਅਤੇ ਰੋਜ਼ਾਨਾ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਦੇ ਰੇੜਕੇ ਨੂੰ ਲੈ ਕੇ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਨੇ ਅੱਜ ਸ਼ੁੱਕਰਵਾਰ ਸਵੇਰੇ ਹੀ ਸੂਬਾ ਪੱਧਰੀ ਹੜਤਾਲ ਸ਼ੁਰੂ ਕਰਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਪੰਜਾਬ ਦੇ ਸਾਰੇ ਬੱਸ ਅੱਡਿਆਂ ’ਤੇ ਮੁਲਾਜ਼ਮਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸਦੇ ਚੱਲਦਿਆਂ ਪੁਲਿਸ ਨੇ ਸਰਕਾਰੀ ਬੱਸਾਂ ਦੇ ਕਈ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ। ਇਸੇ ਦੌਰਾਨ ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼ ਅਤੇ ਪਨਬਸ ਵਰਕਰ ਯੂਨੀਅਨ ਦੇ ਕਈ ਆਗੂ ਆਤਮਦਾਹ ਦੀ ਧਮਕੀ ਦਿੰਦਿਆਂ ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸਾਂ ਦੀਆਂ ਛੱਤਾਂ ਅਤੇ ਓਵਰ ਬਿ੍ਰਜ਼ਾਂ ’ਤੇ ਵੀ ਚੜ੍ਹ ਗਏ। 

 

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੰਤਰੀਆਂ ਦੇ ਰੋਲ ਕੀਤੇ ਅਦਾ

ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼ 

ਭਾਰਤ ਦੇ ਸੰਵਿਧਾਨ ਦਿਵਸ ਮੌਕੇ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਾਪਿਤ ਆਰਜੀ ਪੰਜਾਬ ਵਿਧਾਨ ਸਭਾ ਵਿਚ ਵਿਦਿਆਰਥੀ ਵਿਧਾਨ ਸਭਾ ਦਾ ਮੌਕ ਇਜਲਾਸ ਕਰਵਾਇਆ ਗਿਆ। ਇਸ ਵਿਸ਼ੇਸ਼ ਵਿਦਿਆਰਥੀ ਸੈਸ਼ਨ ਵਿਚ ਪੰਜਾਬ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੰਜਾਬ ਕੈਬਨਿਟ ਦੇ ਵੱਖ-ਵੱਖ ਮੰਤਰੀਆਂ ਦੇ ਰੋਲ ਅਦਾ ਕੀਤੇ। ਇਸਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ 117 ਮੈਂਬਰਾਂ ਦੇ ਰੂਪ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੇ ਬਤੌਰ ਵਿਧਾਇਕ ਹਿੱਸਾ ਲਿਆ। ਇਜਲਾਸ ਦੌਰਾਨ ਜਿੱਥੇ ਵਿਦਿਆਰਥੀਆਂ ਵੱਲੋਂ ਆਪਣੇ-ਆਪਣੇ ਹਲਕੇ ਦੇ ਕੰਮਾਂ ਸੰਬੰਧੀ ਮਤੇ ਪੇਸ਼ ਕੀਤੇ ਗਏ, ਉੱਥੇ ਹੀ ਸੰਬੰਧਿਤ ਵਿਭਾਗਾਂ ਦੇ ਨਾਮਜ਼ਦ ਮੰਤਰੀਆਂ ਦਾ ਰੋਲ ਅਦਾ ਕਰ ਰਹੇ ਵਿਦਿਆਰਥੀਆਂ ਨੇ ਸੰਬੰਧਤ ਸਵਾਲਾਂ ਦੇ ਜਵਾਬ ਵੀ ਦਿੱਤੇ। ਇਜਲਾਸ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਇਜਲਾਸ ਵਿਚ ਵਿਰੋਧੀ ਧਿਰ ਵੱਲੋਂ ਵੀ ਸ਼ਾਨਦਾਰ ਰੋਲ ਅਦਾ ਕੀਤਾ ਗਿਆ।

 

ਸਰਹੱਦੀ ਖੇਤਰ ਵਿਚ ਤੈਨਾਤ ਹੋਣ ਵਾਲੇ ਅਧਿਆਪਕਾਂ ਅਤੇ ਡਾਕਟਰਾਂ ਨੂੰ ਵੀ ਮਿਲੇਗਾ ਸਪੈਸ਼ਲ ਭੱਤਾ 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਚ ਸਰਕਾਰੀ ਵਿਭਾਗ ਹੁਣ 5 ਲੱਖ ਰੁਪਏ ਤੱਕ ਦਾ ਸਮਾਨ ਬਿਨਾ ਟੈਂਡਰ ਦੇ ਖਰੀਦ ਸਕਣਗੇ। ਇਹ ਫੈਸਲਾ ਚੰਡੀਗੜ੍ਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ। ਇਸ ਤੋਂ ਇਲਾਵਾ ਸੂਬੇ ਵਿਚ ਰਜਿਸਟਰਡ ਸੁਸਾਇਟੀਆਂ ਅਤੇ ਟਰੱਸਟਾਂ ਦੀ ਜਾਂਚ ਹੋਵੇਗੀ ਅਤੇ ਇਸਦੇ ਲਈ ਪ੍ਰਬੰਧਕ ਦੀ ਨਿਯੁਕਤੀ ਕੀਤੀ ਜਾਵੇਗੀ। ਕੈਬਨਿਟ ਮੀਟਿੰਗ ਵਿਚ ਇਹ ਵੀ ਫੈਸਲਾ ਹੋਇਆ ਕਿ ਸਰਕਾਰ ਪ੍ਰਾਈਵੇਟ ਸਪੈਸ਼ਲਿਸਟ ਡਾਕਟਰਾਂ ਦੀ ਰਜਿਸਟਰੇਸ਼ਨ ਕਰੇਗੀ ਅਤੇ ਬਦਲੇ ਵਿਚ ਉਨ੍ਹਾਂ ਭੱਤਾ ਵੀ ਦੇਵੇਗੀ। ਇਸੇ ਤਰ੍ਹਾਂ ਸਰਹੱਦੀ ਖੇਤਰ ਵਿਚ ਤੈਨਾਤ ਹੋਣ ਵਾਲੇ ਅਧਿਆਪਕਾਂ ਅਤੇ ਡਾਕਟਰਾਂ ਨੂੰ ਵੀ ਸਪੈਸ਼ਲ ਭੱਤਾ ਦਿੱਤਾ ਜਾਵੇਗਾ। ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਹੁਣ ਗੱਡੀਆਂ ਵਿਚ ਜੀ.ਪੀ.ਐਸ. ਲਗਾਇਆ ਜਾਵੇਗਾ। 

 

ਅਮਨ ਅਰੋੜਾ ਨੇ ਕਿਹਾ : ਪੀਐਮ ਮੋਦੀ ਨੇ ਪੰਜਾਬ ਪ੍ਰਤੀ ਨਫਰਤ ਨੂੰ ਕੀਤਾ ਉਜਾਗਰ

ਚੰਡੀਗੜ੍ਹ/ਬਿਊਰੋ ਨਿਊਜ਼ 

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਕਰਵਾਏ ਗਏ ਸਮਾਗਮਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੈਰਹਾਜ਼ਰੀ ’ਤੇ ਸਵਾਲ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਸਣੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ। ਇਸਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੰਜਾਬ ਦੇ ਸਮਾਗਮਾਂ ਵਿਚ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਰਿਆਣਾ ਸਰਕਾਰ ਵਲੋਂ ਕੁਰੂਕਸ਼ੇਤਰ ਵਿਚ ਕਰਵਾਏ ਗਏ ਸਮਾਗਮ ਵਿਚ ਪਹੁੰਚ ਸਕਦੇ ਹਨ, ਪਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਏ ਸਮਾਗਮ ਵਿਚ ਨਹੀਂ ਪੁੱਜੇ। ਇਸ ਤੋਂ ਪ੍ਰਧਾਨ ਮੰਤਰੀ ਦੀ ਪੰਜਾਬ ਪ੍ਰਤੀ ਨਫਰਤ ਦਾ ਪਤਾ ਚੱਲਦਾ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੇ ਐਲਾਨ ਨੂੰ ਸੰਘਰਸ਼ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੈਨੇਟ ਤੇ ਸਿੰਡੀਕੇਟ ਚੋਣਾਂ ਨੂੰ ਲੈ ਕੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ। ਸੀਐਮ ਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਮਾਨਯੋਗ ਸੀ.ਪੀ. ਰਾਧਾਕ੍ਰਿਸ਼ਨਨ ਜੀ ਵਲੋਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੀ ਮਨਜੂਰੀ ਦੇਣਾ ਸਮੁੱਚੇ ਪੰਜਾਬ ਦੀ ਸ਼ਾਨਦਾਰ ਜਿੱਤ ਹੈ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਸਿਰਫ ਇਕ ਸੰਸਥਾ ਹੀ ਨਹੀਂ, ਬਲਕਿ ਪੰਜਾਬ ਦੀ ਵਿਰਾਸਤ ਹੈ। ਸੀਐਮ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ, ਅਧਿਆਪਕ, ਫੈਕਲਟੀ ਮੈਂਬਰ ਅਤੇ ਹਰ ਉਹ ਪੰਜਾਬੀ ਵਧਾਈ ਦਾ ਪਾਤਰ ਹੈ, ਜਿਸ ਨੇ ਬੇਹੱਦ ਦਬਾਅ ਦੇ ਬਾਵਜੂਦ ਵੀ ਆਪਣੀ ਹਿੰਮਤ ਨਹੀਂ ਟੁੱਟਣ ਦਿੱਤੀ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਚੋਣਾਂ ਕਰਵਾਉਣ ਦੇ ਸ਼ਡਿਊਲ ਨੂੰ ਮਨਜੂਰੀ ਲਈ ਚਾਂਸਲਰ ਕੋਲ ਭੇਜਿਆ ਗਿਆ ਸੀ, ਜਿਸ ਨੂੰ ਮਨਜੂਰੀ ਦੇ ਦਿੱਤੀ ਗਈ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼ 

ਤਰਨਤਾਰਨ ਵਿਚ ਐਸ.ਐਸ.ਪੀ. ਦੀ ਮੁਅੱਤਲੀ ਤੋਂ ਬਾਅਦ ਹੁਣ ਦੋ ਡੀ.ਐਸ.ਪੀਜ਼ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚ ਡੀਐਸਪੀ ਹਰਜਿੰਦਰ ਸਿੰਘ ਅਤੇ ਡੀਐਸਪੀ ਗੁਲਜ਼ਾਰ ਸਿੰਘ ਸ਼ਾਮਲ ਹਨ। ਇਹ ਕਾਰਵਾਈ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਅਕਾਲੀ ਉਮੀਦਵਾਰ ਦੀ ਬੇਟੀ ਅਤੇ ਆਈ.ਟੀ. ਵਿੰਗ ਇੰਚਾਰਜ ਖਿਲਾਫ ਦਰਜ ਕੇਸ ਦੇ ਮਾਮਲੇ ਵਿਚ ਕੀਤੀ ਗਈ ਹੈ। ਦੱਸਿਆ ਗਿਆ ਕਿ ਇਹ ਦੋਵੇਂ ਪੁਲਿਸ ਅਧਿਕਾਰੀ ਹਾਈਕੋਰਟ ’ਚ ਕੇਸ ਦਰਜ ਕਰਵਾਉਣ ਅਤੇ ਆਈ.ਟੀ. ਵਿੰਗ ਇੰਚਾਰਜ ਦੀ ਗਿ੍ਰਫਤਾਰੀ ’ਤੇ ਕੋਈ ਠੋਸ ਜਵਾਬ ਨਹੀਂ ਦੇ ਸਕੇ। ਇਸ ਤੋਂ ਇਲਾਵਾ ਹੋਰ ਅਕਾਲੀ ਆਗੂਆਂ ਨੂੰ ਵੀ ਇਸ ਕੇਸ ਵਿਚ ਜ਼ਮਾਨਤ ਮਿਲ ਗਈ ਸੀ। ਜਿਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਦੋਵੇਂ ਅਧਿਕਾਰੀਆਂ ਨੂੰ ਕੇਸ ਦੀ ਕਮਜ਼ੋਰ ਪੈਰਵੀ ਲਈ ਜ਼ਿੰਮੇਵਾਰ ਠਹਿਰਾਇਆ ਹੈ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਨਵੀਂ ਦਿੱਲੀ ਵਿਖੇ ਚੋਣ ਕਮਿਸ਼ਨ ਦੇ ਅੱਗੇ ਪੇਸ਼ ਹੋਏ ਸਨ। ਜਿਸ ਤੋਂ ਬਾਅਦ ਹੀ ਇਨ੍ਹਾਂ ਦੋਵੇਂ ਡੀ.ਐਸ.ਪੀਜ. ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤਰਨਤਾਰਨ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਤੋਂ 3 ਦਿਨ ਪਹਿਲਾਂ ਚੋਣ ਕਮਿਸ਼ਨ ਨੇ ਇਥੋਂ ਦੀ ਮਹਿਲਾ ਡੀਐਸਪੀ ਰਵਜੋਤ ਕੌਰ ਗਰੇਵਾਲ ਨੂੰ ਵੀ ਸਸਪੈਂਡ ਕਰ ਦਿੱਤਾ ਸੀ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.