Monday, 20 April 2026

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਹੋਈ ਹੈ। ਇਸ ਮੀਟਿੰਗ ਦੌਰਾਨ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨੂੰ ਤਹਿਸੀਲ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ 12 ਪਟਵਾਰ ਸਰਕਲ, ਦੋ ਕਾਨੂੰਨਗੋ ਸਰਕਲ ਅਤੇ 50 ਪਿੰਡ ਸ਼ਾਮਲ ਕੀਤੇ ਗਏ ਹਨ। ਇਸੇ ਤਰ੍ਹਾਂ ਮੁਹਾਲੀ ਜ਼ਿਲ੍ਹੇ ’ਚ ਪੈਂਦੀ ਸਬ ਤਹਿਸੀਲ ਬਨੂੜ ਨੂੰ ਅਪਗਰੇਡ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਵਿਚ ਦੋ ਕਾਨੂੰਨਗੋ, 14 ਪਟਵਾਰ ਸਰਕਲ ਅਤੇ 40 ਪਿੰਡ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ‘ਮੇਰਾ ਘਰ ਮੇਰੇ ਨਾਮ’ ਸਕੀਮ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਕੈਬਨਿਟ ਮੀਟਿੰਗ ਤੋਂ ਬਾਅਦ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ। ਮੁੰਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦਾ ਨਾਮ ਬਦਲਣ ਅਤੇ ਉਸ ਵਿਚ ਲਗਾਈਆਂ ਗਈਆਂ ਸ਼ਰਤਾਂ ਦੇ ਖਿਲਾਫ ਭਲਕੇ 30 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਜਾਵੇਗੀ ਕਿ ਮਨਰੇਗਾ ਸਕੀਮ ਜਿਸ ਤਰ੍ਹਾਂ ਚੱਲਦੀ ਹੈ, ਉਸੇ ਤਰ੍ਹਾਂ ਚੱਲਣ ਦਿੱਤੀ ਜਾਵੇ। 

ਆਈ.ਜੀ. ਨਾਲ ਹੋਈ ਠੱਗੀ ਦੇ ਮਾਮਲੇ ’ਚ 25 ਬੈਂਕ ਖਾਤੇ ਸੀਲ

ਪਟਿਆਲਾ/ਬਿਊਰੋ ਨਿਊਜ਼

ਪੰਜਾਬ ਦੇ ਰਿਟਾਇਰਡ ਇੰਸਪੈਕਟਰ ਜਨਰਲ (ਆਈ.ਜੀ.) ਅਮਰ ਸਿੰਘ ਚਾਹਲ ਨਾਲ ਜੁੜੇ ਕਰੋੜਾਂ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ ਕਰੀਬ 25 ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ। ਇਸਦੇ ਚੱਲਦਿਆਂ 8 ਕਰੋੜ 10 ਲੱਖ ਰੁਪਏ ਵਿਚੋਂ ਕਰੀਬ 3 ਕਰੋੜ ਰੁਪਏ ਦੀ ਰਾਸ਼ੀ ਦੇ ਲੈਣ-ਦੇਣ ਨੂੰ ਵੀ ਰੋਕ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਠੱਗੀ ਨੈਟਵਰਕ ਦੇ ਤਾਰ ਮਹਾਰਾਸ਼ਟਰ ਨਾਲ ਜੁੜੇ ਹੋਏ ਹਨ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਹਾਈ ਲੈਵਲ ਜਾਂਚ ਟੀਮ ਲਗਾਤਾਰ ਤਕਨੀਕੀ ਅਤੇ ਬੈਂਕਿੰਗ ਟਰੇਲ ਦੇ ਅਧਾਰ ’ਤੇ ਕਾਰਵਾਈ ਕਰ ਰਹੀ ਹੈ। ਧਿਆਨ ਰਹੇ ਕਿ ਲੰਘੀ 22 ਦਸੰਬਰ ਨੂੰ ਠੱਗੀ ਦਾ ਅਹਿਸਾਸ ਹੋਣ ਤੋਂ ਬਾਅਦ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰ ਲਈ ਸੀ ਅਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹਨ। 

 

ਕਿਹਾ : ਵਿਸ਼ੇਸ਼ ਇਜਲਾਸ ਨਾਲ ਵਿਧਾਨ ਸਭਾ ਪੀ.ਆਰ. ਪਲੇਟਫਾਰਮ ਬਣ ਕੇ ਰਹਿ ਗਈ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ‘ਸਪੈਸ਼ਲ ਇਜਲਾਸਾਂ’  ਨਾਲ ਵਿਧਾਨ ਸਭਾ ਖੋਖਲੀ ਹੋ ਰਹੀ ਹੈ। ਬਾਜਵਾ ਨੇ ਕਿਹਾ ਕਿ ਇਹ ਇਕ ਪੀ.ਆਰ. ਪਲੇਟਫਾਰਮ ਬਣ ਕੇ ਰਹਿ ਗਈ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਵਿਧਾਨ ਸਭਾ ਨਿਯਮਤ ਪੱਧਰ ’ਤੇ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਘੱਟ ਤੋਂ ਘੱਟ 40 ਬੈਠਕਾਂ ਹੋਣ ਅਤੇ ਵਿਧਾਨ ਸਭਾ ਦੇ ਸੰਵਿਧਾਨਕ ਰੁਤਬੇ ਨੂੰ ਸੁਰੱਖਿਅਤ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਸਿਰਫ ਨਾਅਰਿਆਂ ਅਤੇ ਦਿਖਾਵੇ ਨਾਲ ਨਹੀਂ ਚੱਲਦਾ। ਧਿਆਨ ਰਹੇ ਕਿ ਪੰਜਾਬ ਸਰਕਾਰ ਵਲੋਂ ਭਲਕੇ 30 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। 

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੁਰੂ ਚਰਨਾਂ ’ਚ ਟੇਕਿਆ ਮੱਥਾ

ਸ੍ਰੀ ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦਾ ਅੱਜ ਦੂਜਾ ਦਿਨ ਹੈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਸ੍ਰੀ ਫਤਹਿਗੜ੍ਹ ਸਾਹਿਬ ਪਹੁੰਚੀ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਨਤਮਸਤਕ ਹੋਈ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਗੁਰੂ ਚਰਨਾਂ ਵਿਚ ਮੱਥਾ ਟੇਕਿਆ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਦੀ ਮਿਸਾਲ ਰਹਿੰਦੀ ਦੁਨੀਆ ਤੱਕ ਰਹੇਗੀ। ਉਨ੍ਹਾਂ ਦੇ ਦਿ੍ਰੜ੍ਹ ਇਰਾਦੇ ਅਤੇ ਜਜ਼ਬੇ ਰਹਿੰਦੀ ਦੁਨੀਆ ਤੱਕ ਸਾਡੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਦੱਸਣਯੋਗ ਹੈ ਕਿ ਇਸ ਸ਼ਹੀਦੀ ਸਭਾ ਵਿਚ ਦੇਸ਼ ਅਤੇ ਵਿਦੇਸ਼ਾਂ ਵਿਚੋਂ ਬਹੁਤ ਵੱਡੀ ਗਿਣਤੀ ਵਿਚ ਸੰਗਤ ਪਹੁੰਚੀ ਹੋਈ ਹੈ। 

ਕਿਹਾ : ਅਸੀਂ ਸੱਚ ਸਾਹਮਣੇ ਲਿਆਉਣ ਦੀ ਕਰ ਰਹੇ ਹਾਂ ਕੋਸ਼ਿਸ਼

ਚੰਡੀਗੜ੍ਹ/ਬਿਊਰੋ ਨਿਊਜ਼  

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਸਰੂੁਪਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਸੀਐਮ ਨੇ ਦੱਸਿਆ ਕਿ ਸਾਨੂੰ ਕਈ ਸਿੱਖ ਸੰਸਥਾਵਾਂ ਨੇ ਕਿਹਾ ਕਿ ਸਰੂਪ ਕਿੱਥੇ ਹਨ, ਇਸ ਬਾਰੇ ਪਤਾ ਕਰੋ ਅਤੇ ਅਸੀਂ ਐਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਸ਼ੋ੍ਰਮਣੀ ਕਮੇਟੀ ਨੇ ਇਸ ਤੋਂ ਆਪਣਾ ਪੱਲਾ ਝਾੜ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਲੈ ਕੇ ਐਸ.ਆਈ.ਟੀ. ਬਣਾਈ ਹੈ ਤਾਂ ਜੋ ਨਿਰਪੱਖ ਤਰੀਕੇ ਨਾਲ ਇਸਦੀ ਜਾਂਚ ਹੋ ਸਕੇ ਅਤੇ ਪਤਾ ਲੱਗ ਸਕੇ ਕਿ ਕੌਣ-ਕੌਣ ਇਸ ਵਿਚ ਦੋਸ਼ੀ ਹਨ।  ਸੀਐਮ ਮਾਨ ਨੇ ਜਥੇਦਾਰ ਦੀ ਨਿਯੁਕਤੀ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਜਥੇਦਾਰ ਦੀ ਨਿਯੁਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕੀਤੀ ਗਈ ਤੇ ਅੱਧੀਆਂ ਸੰਸਥਾਵਾਂ ਨੇ ਅਜੇ ਤੱਕ ਉਨ੍ਹਾਂ ਨੂੰ ਜਥੇਦਾਰ ਵਜੋਂ ਪ੍ਰਵਾਨਗੀ ਨਹੀਂ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸਤਿੰਦਰ ਸਿੰਘ ਕੋਹਲੀ ਦੀ ਚਾਰਟਰਡ ਅਕਾਊਂਟੈਂਟ ਦੀ ਭੂਮਿਕਾ ’ਤੇ ਵੱਡੇ ਸਵਾਲ ਖੜ੍ਹੇ ਹੁੰਦੇ ਹਨ ਅਤੇ ਕੋਹਲੀ ਨੂੰ ਐਸ.ਜੀ.ਪੀ.ਸੀ. ਵਲੋਂ ਕਰੋੜਾਂ ਰੁਪਏ ਦੀ ਤਨਖਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਤਿੰਦਰ ਸਿੰਘ ਕੋਹਲੀ, ਸੁਖਬੀਰ ਸਿੰਘ ਬਾਦਲ ਦਾ ਕੰਮ ਵੀ ਦੇਖਦੇ ਸਨ। 

ਚੰਡੀਗੜ੍ਹ/ਬਿਊਰੋ ਨਿਊਜ਼

ਸਰਦੀਆਂ ਦਾ ਮੌਸਮ ਸਿਖਰ ’ਤੇ ਹੋਣ ਦੇ ਨਾਲ ਅੱਜ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਰਹੇ। ਸਥਾਨਕ ਮੌਸਮ ਵਿਭਾਗ ਅਨੁਸਾਰ ਹਰਿਆਣਾ ਵਿੱਚ ਨਾਰਨੌਲ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਅੰਮਿ੍ਰਤਸਰ ਵਿੱਚ ਘੱਟੋ-ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੀਜ਼ਨ ਦੇ ਆਮ ਨਾਲੋਂ 5 ਡਿਗਰੀ ਜ਼ਿਆਦਾ ਹੈ, ਜਦਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 8.4 ਅਤੇ 7.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਕਰੀਬ ਦੋ ਡਿਗਰੀ ਵੱਧ ਹੈ। ਇਸਦੇ ਨਾਲ ਹੀ ਸਿਹਤ ਵਿਭਾਗ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਇਸ ਠੰਡ ਦੇ ਮੌਸਮ ਵਿਚ ਬਗੈਰ ਕੰਮ ਤੋਂ ਘਰਾਂ ਤੋਂ ਬਾਹਰ ਨਾ ਜਾਇਆ ਜਾਵੇ ਅਤੇ ਆਪਣੀ ਸਿਹਤ ਦਾ ਧਿਆਨ ਰੱਖਿਆ ਜਾਵੇ। 

ਕਾਂਗਰਸ ‘ਮਨਰੇਗਾ’ ਨੂੰ ਲੈ ਕੇ ਪੂਰੇ ਦੇਸ਼ ’ਚ ਲੜੇਗੀ ਲੜਾਈ

ਲੁਧਿਆਣਾ/ਬਿਊਰੋ ਨਿਊਜ਼ 

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ‘ਮਨੇਰਗਾ’ ਨੂੰ ਲੈ ਕੇ ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ‘ਮਨਰੇਗਾ’ ਨੂੰ ਲੈ ਕੇ ਪੂਰੇ ਦੇਸ਼ ਵਿਚ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਮਨਰੇਗਾ ਨਾਲ ਹੀ ਗਰੀਬਾਂ ਦਾ ਚੁੱਲ੍ਹਾ ਬਲਦਾ ਹੈ ਅਤੇ ਪਿੰਡਾਂ ਵਿਚ ਵਿਕਾਸ ਦੀ ਦੇਣ ਵੀ ਮਨਰੇਗਾ ਹੀ ਹੈ। ਰਾਜਾ ਵੜਿੰਗ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਸਰਕਾਰ ਮਨੇਰਗਾ ਸਕੀਮ ਨੂੰ ਬੰਦ ਕਰਨਾ ਚਾਹੁੰਦੀ ਹੈ। ਵੜਿੰਗ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸਰਕਾਰ ‘ਮਨਰੇਗਾ’ ਸਕੀਮ ਨੂੰ ਲੈ ਕੇ ਆਈ ਸੀ ਕਿ ਇੱਥੇ ਹਰ ਵਰਗ ਦੇ ਲੋਕਾਂ ਨੂੰ ਕੰਮ ਮਿਲੇ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਇਸ ਸਕੀਮ ਦਾ ਨਾਮ ਬਦਲ ਕੇ ਆਪਣਾ ਲੇਬਲ ਲਗਾ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਹੁਣ ਆਮ ਆਦਮੀ ਪਾਰਟੀ ਅਤੇ ਭਾਜਪਾ ਆਗੂਆਂ ਦੇ ਘਰ ਘੇਰੇਗੀ ਅਤੇ 8 ਜਨਵਰੀ ਨੂੰ ਗੁਰਦਾਸਪੁਰ ਤੋਂ ਰੋਸ ਪ੍ਰਦਰਸ਼ਨ ਵੀ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ‘ਮਨਰੇਗਾ’ ਦਾ ਨਾਮ ਬਦਲ ਕੇ ‘ਵਿਕਸਤ ਭਾਰਤ-ਜੀ ਰਾਮ ਜੀ’ ਕੀਤਾ ਜਾ ਰਿਹਾ ਹੈ। 

 

1700 ਏਕੜ ’ਚ ਵਸੇਗੀ ਨਿਊ ਚੰਡੀਗੜ੍ਹ ਸਿਟੀ

ਚੰਡੀਗੜ੍ਹ/ਬਿਊਰੋ ਨਿਊਜ਼ 

ਨਿਊ ਚੰਡੀਗੜ੍ਹ ’ਚ ਈਕੋ ਸਿਟੀ-3 ਸਥਾਪਿਤ ਕਰਨ ਲਈ ਗਮਾਡਾ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਜ਼ਮੀਨ ਮਾਲਕਾਂ ਨੂੰ ਪ੍ਰਤੀ ਏਕੜ ਜ਼ਮੀਨ ਦੇ ਮੁਆਵਜ਼ੇ ਦੇ ਰੂਪ ਵਿਚ  4 ਕਰੋੜ 27 ਲੱਖ ਰੁਪਏ ਤੋਂ ਲੈ ਕੇ 6 ਕਰੋੜ 46 ਲੱਖ ਰੁਪਏ ਮਿਲਣਗੇ। ਇਹ ਰਕਮ ਗਮਾਡਾ ਵਲੋਂ ਜ਼ਮੀਨ ਐਕਵਾਇਰ ਹੋਣ ’ਤੇ ਉਨ੍ਹਾਂ ਨੂੰ ਦਿੱਤੀ ਜਾਵੇਗੀ। ਇਸਦੇ ਚੱਲਦਿਆਂ 9 ਪਿੰਡਾਂ ਵਿਚ ਕਰੀਬ 1700 ਏਕੜ ਜ਼ਮੀਨ ਇਸ ਦੌਰਾਨ ਐਕਵਾਇਰ ਕੀਤੀ ਜਾਵੇਗੀ। ਇੱਥੇ ਹਾਊਸਿੰਗ, ਕਮਰਸ਼ੀਅਲ ਅਤੇ ਇੰਸਟੀਟਿਊਸ਼ਨਲ ਸਾਈਟ ਸਥਾਪਿਤ ਹੋਣਗੀਆਂ। ਜ਼ਮੀਨ ਮਾਲਕਾਂ ਨੂੰ ਗਮਾਡਾ ਵਲੋਂ ਨਾ ਸਿਰਫ ਨਕਦ ਭੁਗਤਾਨ ਕੀਤਾ ਜਾਵੇਗਾ, ਸਗੋਂ ਲੈਂਡ ਪੂਲਿੰਗ ਦੀ ਔਪਸ਼ਨ ਵੀ ਦਿੱਤੀ ਜਾਵੇਗੀ। ਜਿਨ੍ਹਾਂ ਪਿੰਡਾਂ ਦੀ ਜ਼ਮੀਨ ਇਸ ਈਕੋ ਸਿਟੀ ’ਚ ਆਵੇਗੀ, ਉਨ੍ਹਾਂ ਵਿਚ ਚੰਡੀਗੜ੍ਹ ਦਾ ਨੇੇੜਲਾ ਪਿੰਡ ਹੁਸ਼ਿਆਰਪੁਰ, ਰਸੂਲਪੁਰ, ਤਕੀਪੁਰ, ਮਾਜਰਾ, ਢੋਡੇ ਮਾਜਰਾ, ਸਲਾਮਤਪੁਰ, ਕੰਸਾਲਾ, ਰਾਜਗੜ੍ਹ ਅਤੇ ਕਰਤਾਰਪੁਰ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਬਦਲੇ ਗਮਾਡਾ ਵਲੋਂ ਇਨ੍ਹਾਂ ਨੂੰ 3690 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। 

ਜਥੇਦਾਰ ਨੇ ਕਿਹਾ : ਸਿਰਫ ਪੂਰਨ ਸਿੱਖ ਹੀ ਕਰ ਸਕਦਾ ਹੈ ਗੁਰਬਾਣੀ ਕੀਰਤਨ

ਅੰਮਿ੍ਰਤਸਰ/ਬਿਊੁਰੋ ਨਿਊਜ਼ 

ਇਕ ਧਾਰਮਿਕ ਸਮਾਗਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ ਕੀਤੇ ਗਏ ਸ਼ਬਦ ਗਾਇਨ ਅਤੇ ਕੀਰਤਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਪਰੰਪਰਾਵਾਂ ਅਤੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਸਿਰਫ਼ ਇਕ ਸਿੱਖ ਹੀ ਗੁਰਬਾਣੀ ਕੀਰਤਨ ਕਰ ਸਕਦਾ ਹੈ। ਜਥੇਦਾਰ ਨੇ ਸਪੱਸ਼ਟ ਕੀਤਾ ਕਿ ਸਿੱਖ ਰਹਿਤ ਮਰਿਆਦਾ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸਿਰਫ਼ ਸਿੱਖ ਹੀ ਕੀਰਤਨ ਕਰ ਸਕਦੇ ਹਨ, ਪਤਿਤ ਸਿੱਖ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਧਾਰਮਿਕ ਸਮਾਗਮਾਂ ਵਿਚ ਪਰੰਪਰਾਵਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਅਤੇ ਕਿਸੇ ਵੀ ਉਲੰਘਣਾ ਨੂੰ ਸਿੱਖ ਧਰਮ ਦੀ ਸ਼ਾਨ ਦੇ ਵਿਰੁੱਧ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸ਼ਹੀਦੀ ਸਮਾਗਮਾਂ ਦੌਰਾਨ ਗਾਇਕ ਜਸਬੀਰ ਜੱਸੀ ਨੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨਾਲ ਇਕ ਸਮਾਗਮ ’ਚ ਕੀਰਤਨ ਕੀਤਾ ਸੀ, ਜਿਸਦੀ ਵੀਡੀਓ ਖੁਦ ਜੱਸੀ ਵਲੋਂ ਸਾਂਝੀ ਕੀਤੀ ਗਈ ਸੀ।

ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਕਰਨਲ ਬਾਠ ਨਾਲ ਕੀਤੀ ਸੀ ਕੁੱਟਮਾਰ

ਮੁਹਾਲੀ/ਬਿਊਰੋ ਨਿਊਜ਼  

ਸੀਬੀਆਈ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਅਦਾਲਤ ਵਿੱਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸਤਗਾਸਾ ਪੱਖ ਨੇ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਖਿਲਾਫ ਗੰਭੀਰ ਸੱਟਾਂ ਪਹੁੰਚਾਉਣ ਅਤੇ ਗਲਤ ਤਰੀਕੇ ਨਾਲ ਰੋਕਣ ਦੇ ਇਲਜ਼ਾਮ ਲਗਾਏ ਹਨ। ਚਾਰਜਸ਼ੀਟ ਮੁਤਾਬਕ ਇੰਸਪੈਕਟਰ ਰੌਨੀ ਸਿੰਘ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਪਟਿਆਲਾ ਪੁਲਿਸ ਨੇ ਇਸ ਤੋਂ ਪਹਿਲਾਂ ਚਾਰ ਇੰਸਪੈਕਟਰਾਂ, ਜਿਨ੍ਹਾਂ ਵਿੱਚ ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਹਰਜਿੰਦਰ ਸਿੰਘ ਢਿੱਲੋਂ ਸ਼ਾਮਲ ਸਨ, ਉਨ੍ਹਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਸੀ। ਬਾਅਦ ਵਿੱਚ ਇੱਕ ਹੋਰ ਇੰਸਪੈਕਟਰ ਨੂੰ ਨਾਮਜ਼ਦ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਹ ਘਟਨਾ ਪਟਿਆਲਾ ’ਚ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੀ ਸੀ, ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦਾ ਪੁੱਤਰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਲ ਸੜਕ ਕਿਨਾਰੇ ਸਥਿਤ ਇੱਕ ਢਾਬੇ ’ਤੇ ਸਨ। ਕਰਨਲ ਬਾਠ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਇੱਕ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਰਾਡਾਂ ਅਤੇ ਡੰਡਿਆਂ ਨਾਲ ਕਰਨਲ ਅਤੇ ਉਨ੍ਹਾਂ ਦੇ ਪੁੱਤਰ ’ਤੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ।  

ਮੰਡੀ ਗੋਬਿੰਦਗੜ੍ਹ, 26 ਦਸੰਬਰਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਪੁਰਬ ਦੇ ਮੌਕੇਤੇ, ਦੇਸ਼ ਭਗਤ ਹਸਪਤਾਲ, ਜੋ ਕਿ ਖੇਤਰ ਦਾ ਇੱਕ ਪ੍ਰਮੁੱਖ ਸਿਹਤ ਸੰਭਾਲ ਅਤੇ ਡਾਇਗਨੌਸਟਿਕ ਸੈਂਟਰ ਹੈ, ਵੱਲੋਂ ਇੱਕ ਕਲੀਨਿਕਲ ਮਨੋਵਿਗਿਆਨ ਓਪੀਡੀ ਦਾ ਉਦਘਾਟਨ ਕੀਤਾ ਗਿਆ
ਇਹ ਪਹਿਲਕਦਮੀ ਮਾਨਸਿਕ ਸਿਹਤ ਸੰਭਾਲ, ਅਕਾਦਮਿਕ ਉੱਤਮਤਾ ਅਤੇ ਭਾਈਚਾਰਕ ਸੇਵਾ ਪ੍ਰਤੀ ਡੀਬੀਯੂ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਕਿ ਇਸਦੇ ਆਰਸੀਆਈ-ਪ੍ਰਵਾਨਿਤ ਕਲੀਨਿਕਲ ਮਨੋਵਿਗਿਆਨ ਪ੍ਰੋਗਰਾਮਾਂ ਦੇ ਅਨੁਸਾਰ ਹੈ
ਇਸ ਓਪੀਡੀ ਦਾ ਉਦਘਾਟਨ ਮਾਨਯੋਗ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ ਚਾਂਸਲਰ, ਡੀਬੀਯੂ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕੀਤਾ
ਇਸ ਮੌਕੇ ਯੂਨੀਵਰਸਿਟੀ ਅਤੇ ਹਸਪਤਾਲ ਦੇ ਸੀਨੀਅਰ ਅਧਿਕਾਰੀ, ਫੈਕਲਟੀ ਮੈਂਬਰਾਂ ਅਤੇ ਪੈਰਾ ਮੈਡੀਕਲ ਸਟਾਫ ਵੀ ਮੌਜੂਦ ਸਨ
ਇਸ ਮੌਕੇ ਬੋਲਦਿਆਂ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਕਲੀਨਿਕਲ ਮਨੋਵਿਗਿਆਨ ਓਪੀਡੀ ਸਿਹਤ ਸੰਭਾਲ ਸੇਵਾਵਾਂ ਨੂੰ ਵਧਾਏਗਾ ਅਤੇ ਮਾਨਸਿਕ ਸਿਹਤ ਵਿੱਚ ਉੱਤਮਤਾ ਕੇਂਦਰ ਵਜੋਂ ਕੰਮ ਕਰੇਗੀ, ਜੋ ਕਿ ਹਮਦਰਦੀਪੂਰਨ ਕਲੀਨਿਕਲ ਦੇਖਭਾਲ ਨਾਲ ਜੋੜ ਕੇ ਡੀਬੀਯੂ ਦੇ ਸੰਪੂਰਨ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ
ਇਹ ਓਪੀਡੀ ਮਨੋਵਿਗਿਆਨਕ ਮੁਲਾਂਕਣ, ਸਲਾਹ ਅਤੇ ਮਨੋ-ਚਿਕਿਤਸਾ, ਤਣਾਅ ਅਤੇ ਡਿਪਰੈਸ਼ਨ ਪ੍ਰਬੰਧਨ, ਬੱਚਿਆਂ ਅਤੇ ਕਿਸ਼ੋਰਾਂ ਦੀ ਵਿਵਹਾਰਕ ਦੇਖਭਾਲ, ਸਿੱਖਣ ਦੀਆਂ ਮੁਸ਼ਕਲਾਂ, ਪਰਿਵਾਰਕ ਸਲਾਹ, ਨਸ਼ਾ ਮੁਕਤੀ ਸਲਾਹ ਅਤੇ ਕਰੀਅਰ ਮੁਲਾਂਕਣ ਸਮੇਤ ਸੇਵਾਵਾਂ ਪ੍ਰਦਾਨ ਕਰੇਗਾ
ਦੇਸ਼ ਭਗਤ ਹਸਪਤਾਲ ਵਿਖੇ ਇਹ ਕਲੀਨਿਕਲ ਮਨੋਵਿਗਿਆਨ ਓਪੀਡੀ ਸੋਮਵਾਰ ਤੋਂ ਸ਼ਨੀਵਾਰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਖੁੱਲ੍ਹੀ ਰਹੇਗੀ

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ 

ਮਾਲੇਰਕੋਟਲਾ/ਬਿਊਰੋ ਨਿਊਜ਼

ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਭੂਦਨ ਵਿੱਚ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿ੍ਰਤਕਾਂ ਦੀ ਪਛਾਣ 31 ਸਾਲਾ ਇੰਦਰਪਾਲ ਕੌਰ, ਉਸਦੀ ਬਜ਼ੁਰਗ ਸੱਸ ਹਰਦੀਪ ਕੌਰ ਅਤੇ 9 ਸਾਲਾ ਪੁੱਤਰ ਜੌਰਡਨ ਸਿੰਘ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੰਦਰਪਾਲ ਕੌਰ ਅਤੇ ਹਰਦੀਪ ਕੌਰ ਦੀ ਮੌਤ ਰਾਤ ਸਮੇਂ ਹੀ ਹੋ ਗਈ ਸੀ, ਜਦਕਿ ਮਾਸੂਮ ਬੱਚੇ ਜੌਰਡਨ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.