Monday, 20 April 2026

ਪੀਐਮ ਨਰਿੰਦਰ ਮੋਦੀ ਕਰ ਚੁੱਕੇ ਹਨ ਇਸ ਵਿਅਕਤੀ ਦੀ ਤਾਰੀਫ

ਪਠਾਨਕੋਟ/ਬਿਊਰੋ ਨਿਊਜ਼

ਪੂਰੇ ਉਤਰੀ ਭਾਰਤ ਵਿਚ ਜਾਰੀ ਸੀਤ ਲਹਿਰ ਦੌਰਾਨ ਪਠਾਨਕੋਟ ਵਿਚ ਇਕ ਭਿਖਾਰੀ ਨੇ ਜ਼ਰੂਰਤਮੰਦਾਂ ਦੇ ਲਈ ਗਰਮ ਕੰਬਲਾਂ ਦਾ ਲੰਗਰ ਲਗਾਇਆ। ਇਸ ਮੌਕੇ ਕਰੀਬ 500 ਕੰਬਲ ਵੰਡੇ ਗਏ। ਖੁਦ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਇਸ ਵਿਅਕਤੀ ਦੇ ਕੰਮ ਦੀ ਸਰਾਹਨਾ ਕੀਤੀ ਜਾ ਰਹੀ ਹੈ। ਇਸ ਵਿਅਕਤੀ ਦਾ ਨਾਮ ਰਾਜੂ ਦੱਸਿਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਕਾਲ ਦੌਰਾਨ ਇਸ ਵਿਅਕਤੀ ਦੇ ਕੰਮਾਂ ਦਾ ਜ਼ਿਕਰ ‘ਮਨ ਕੀ ਬਾਤ’ ਵਿਚ ਕੀਤਾ ਸੀ। ਰਾਜੂ ਦਾ ਇਹ ਕਦਮ ਧਨਾਡ ਲੋਕਾਂ ਲਈ ਇਕ ਮਿਸਾਲ ਹੈ, ਜੋ ਗਰੀਬਾਂ ਦੀ ਮੱਦਦ ਕਰਨ ਤੋਂ ਪਾਸਾ ਵੱਟਦੇ ਹਨ। ਇਸ ਰਾਜੂ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਸ ਕੋਲ ਰਹਿਣ ਦੇ ਲਈ ਕੋਈ ਪੱਕੀ ਜਗ੍ਹਾ ਨਹੀਂ ਹੈ। ਰਾਜੂ ਨੇ ਕੰਬਲਾਂ ਦੇ ਲੰਗਰ ਸਬੰਧੀ ਦੱਸਿਆ ਕਿ ਉਸ ਨੇ 10-10 ਰੁਪਏ ਜੋੜ ਕੇ ਇਹ ਵਿਵਸਥਾ ਕੀਤੀ ਹੈ। ਰਾਜੂ ਦੇ ਇਸ ਕਾਰਜ ਤੋਂ ਸਾਰੇ ਹੈਰਾਨ ਵੀ ਹਨ। 


ਮੰਡੀ ਗੋਬਿੰਦਗੜ੍ਹ, 7 ਜਨਵਰੀ: ਦੇਸ਼ ਭਗਤ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਫੈਕਲਟੀ ਵੱਲੋਂ ਚਾਂਸਲਰ ਡਾ. ਜ਼ੋਰਾ ਸਿੰਘ ਦੀ ਅਗਵਾਈ ਹੇਠ ਭਾਰਤੀ ਭਾਸ਼ਾ ਪੁਸਤਕ ਯੋਜਨਾ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਸਾਰੇ ਫੈਕਲਟੀ ਦੇ ਡਾਇਰੈਕਟਰਾਂ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਨੇ ਭਾਗ ਲਿਆ।
ਭਾਰਤੀ ਭਾਸ਼ਾ ਪੁਸਤਕ ਯੋਜਨਾ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਇੱਕ ਪ੍ਰਮੁੱਖ ਪਹਿਲਕਦਮੀ ਹੈ, ਜਿਸਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ (N5P) 2020 ਦੇ ਅਨੁਸਾਰ ਭਾਰਤੀ ਭਾਸ਼ਾਵਾਂ ਅਤੇ ਸਵਦੇਸ਼ੀ ਗਿਆਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਵਰਕਸ਼ਾਪ ਦਾ ਸੰਯੋਜਨ ਪ੍ਰੋ. ਧਰਮਿੰਦਰ ਸਿੰਘ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਯੋਜਨਾ ਦੇ ਦਾਇਰੇ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸਨੂੰ ਭਾਰਤੀ ਭਾਸ਼ਾ ਸਮਿਤੀ, ਯੂਜੀਸੀ, ਏਆਈਸੀਟੀਈ, ਐਨਸੀਈਆਰਟੀ, ਸੀਬੀਐਸਈ ਅਤੇ ਹੋਰ ਰੈਗੂਲੇਟਰੀ ਕੌਂਸਲਾਂ ਨਾਲ ਜੁੜੇ ਇੱਕ ਮੈਗਾ ਰਾਸ਼ਟਰੀ ਪ੍ਰੋਜੈਕਟ ਵਜੋਂ ਦੱਸਿਆ।
ਇਸ ਮੌਕੇ ਮੁੱਖ ਸਰੋਤ ਵਿਅਕਤੀ, ਪ੍ਰੋ. ਗੁਰਪਾਲ ਸਿੰਘ, ਸਾਬਕਾ ਡੀਨ, ਭਾਸ਼ਾਵਾਂ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਵਿੱਚ ਇਸ ਯੋਜਨਾ ਦੇ ਸਟੇਟ ਨੋਡਲ ਅਫਸਰ, ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਲਈ ਨੋਡਲ ਯੂਨੀਵਰਸਿਟੀ ਵਜੋਂ ਮਨੋਨੀਤ ਕੀਤਾ ਗਿਆ ਹੈ ਅਤੇ ਦੇਸ਼ ਭਗਤ ਯੂਨੀਵਰਸਿਟੀ ਇਸ ਯੋਜਨਾ ਦੇ ਤਹਿਤ ਇੱਕ ਰਜਿਸਟਰਡ ਭਾਗੀਦਾਰ ਹੈ। ਪੰਜਾਬੀ ਨੂੰ ਇੱਕ ਕਾਰਜਸ਼ੀਲ ਅਕਾਦਮਿਕ ਭਾਸ਼ਾ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਵਿਸ਼ਾ ਮਾਹਿਰ ਆਪਣੀ ਮਾਤ ਭਾਸ਼ਾ ਵਿੱਚ ਗੁਣਵੱਤਾ ਵਾਲੀ ਸਮੱਗਰੀ ਵਿਕਸਤ ਕਰਨ ਲਈ ਸਭ ਤੋਂ ਵਧੀਆ ਸਥਾਨ ’ਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਫੈਕਲਟੀ ਨੇ ਇਸ ਯੋਜਨਾ ਦੇ ਤਹਿਤ ਸ਼ਲਾਘਾਯੋਗ ਪ੍ਰਦਰਸ਼ਨ ਦਿਖਾਇਆ ਹੈ। ਪ੍ਰੋ. ਗੁਰਪਾਲ ਸਿੰਘ ਨੇ ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਹਿਲੇ ਪੜਾਅ ਵਿੱਚ ਰਿਲੀਜ਼ ਹੋਣ ਵਾਲੀਆਂ ਸੱਤ ਕਿਤਾਬਾਂ ਵਿੱਚੋਂ ਪ੍ਰੋ. ਧਰਮਿੰਦਰ ਸਿੰਘ ਅਤੇ ਪ੍ਰੋ. ਜੋਤੀ ਸ਼ਰਮਾ ਦੁਆਰਾ ਲਿਖੀ ਗਈ ਇੱਕ ਕਿਤਾਬ ਦੀ ਚੋਣ ਕੀਤੀ ਗਈ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ (ਪੀਵੀਸੀ) ਡਾ. ਅਮਰਜੀਤ ਸਿੰਘ ਨੇ ਬਸਤੀਵਾਦੀ ਮਾਨਸਿਕਤਾ ਤੋਂ ਦੂਰ ਜਾਣ ਅਤੇ ਮਾਤ ਭਾਸ਼ਾਵਾਂ ਵਿੱਚ ਗਿਆਨ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਪ੍ਰੋਗਰਾਮ ਦੀ ਸਮਾਪਤੀ ਡਾ. ਐੱਚ.ਕੇ. ਸਿੱਧੂ, ਡਾਇਰੈਕਟਰ ਆਈਕਿਊਏਸੀ ਦੇ ਧੰਨਵਾਦ ਮਤੇ ਨਾਲ ਹੋਈ, ਜਿਨ੍ਹਾਂ ਨੇ ਸਰੋਤ ਵਿਅਕਤੀ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।

ਕਿਹਾ : ਸੀਐਮ ਮਾਨ ਨੂੰ ਇਤਿਹਾਸ ਦਾ ਨਹੀਂ ਪਤਾ 

ਲੁਧਿਆਣਾ/ਬਿਊਰੋ ਨਿਊਜ਼ 

ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਰੈਲੀਆਂ ਵਿਚ ਅਕਸਰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ। ਇਸਦੇ ਚੱਲਦਿਆਂ ਸੀਐਮ ਮਾਨ ਨੇ ਮੁਹਾਲੀ ਵਿਚ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਮੋਦੀ ਦੇ ਪਿਤਾ ਦੀ ਜਿਸ ਰੇਲਵੇ ਸਟੇਸ਼ਨ ’ਤੇ ਚਾਹ ਦੀ ਦੁਕਾਨ ਸੀ, ਉਥੇ ਉਸ ਸਮੇਂ ਰੇਲ ਲਾਈਨ ਹੀ ਨਹੀਂ ਸੀ। ਸੀਐਮ ਭਗਵੰਤ ਮਾਨ ਦੇ ਇਸ ਬਿਆਨ ਤੋਂ ਬਾਅਦ ਹੁਣ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਸਾਹਮਣੇ ਆਏ ਹਨ ਅਤੇ ਉਨ੍ਹਾਂ ਨੇ ਰੇਲਵੇ ਦੀ ਹਿਸਟਰੀ ਪੇਸ਼ ਕਰਕੇ ਭਗਵੰਤ ਮਾਨ ਦੇ ਬਿਆਨ ਨੂੰ ਝੂਠਾ ਕਰਾਰ ਦਿੱਤਾ ਹੈ। ਰਵਨੀਤ ਬਿੱਟੂ ਨੇ ਇੰਡੀਅਨ ਰੇਲਵੇ ਦੀ ਹਿਸਟਰੀ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ ਅਤੇ ਦੱਸਿਆ ਕਿ ਮਿਸਾਨਾ-ਬਡਨਗਰ ਰੇਲ ਲਾਈਨ 1887 ਵਿਚ ਬਣ ਗਈ ਸੀ। ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਇਤਿਹਾਸ ਦਾ ਪਤਾ ਨਹੀਂ ਹੈ, ਇਸ ਲਈ ਉਹ ਕੁਝ ਵੀ ਕਹਿ ਦਿੰਦੇ ਹਨ। 

ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਕੀਤੀ ਸ਼ੁਰੂਆਤ 

ਜਲੰਧਰ/ਬਿਊਰੋ ਨਿਊਜ਼ 

ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਅੱਜ ਬੁੱਧਵਾਰ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਹੈ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਬੇਹੱਦ ਖੁਸ਼ੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦੇ ਪਹਿਲੇ ਪੜ੍ਹਾਅ ਦੀ ਸਫਲਤਾ ਤੋਂ ਬਾਅਦ ਅੱਜ ਇਸਦਾ ਦੂਜਾ ਪੜ੍ਹਾਅ ਸ਼ੁਰੂ ਹੋ ਗਿਆ ਹੈ। ਕੇਜਰੀਵਾਲ ਨੇ ਪੰਜਾਬ ਵਿਚ ਨਸ਼ਿਆਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਫੀ ਹੱਦ ਤੱਕ ਪੰਜਾਬ ਵਿਚੋਂ ਨਸ਼ੇ ਘਟੇ ਹਨ ਅਤੇ ਅਸੀਂ ਅਜੇ ਤੱਕ ਮੰਜ਼ਿਲ ’ਤੇ ਨਹੀਂ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਨਸ਼ੇ ਖਤਮ ਕਰਨ ਦੀ ਲੜਾਈ ਅਸੀਂ ਯੁੱਧ ਵਾਂਗ ਹੀ ਲੜ ਰਹੇ ਹਾਂ ਅਤੇ ਪੰਜਾਬ ਵਿਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ।


ਮੰਡੀ ਗੋਬਿੰਦਗੜ੍ਹ, 8 ਜਨਵਰੀ: ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ, ਸਕੂਲ ਆਫ਼ ਨਰਸਿੰਗ, ਸਕੂਲ ਆਫ਼ ਫਾਰਮੇਸੀ ਅਤੇ ਆਯੁਰਵੈਦਿਕ ਕਾਲਜ, ਮੰਡੀ ਗੋਬਿੰਦਗੜ੍ਹ ਵੱਲੋਂ ਦੇਸ਼ ਭਗਤ ਯੂਨੀਵਰਸਿਟੀ ਵਿਖੇ 2025 ਬੈਚ ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਇੱਕ ਵ੍ਹਾਈਟ ਕੋਟ ਅਤੇ ਇੰਡਕਸ਼ਨ ਸਮਾਰੋਹ ਕਰਵਾਇਆ ਗਿਆ।  
ਇਸ ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ, ਮਾਨਯੋਗ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਕੀਤਾ। ਇਸ ਸਮਾਗਮ ਵਿੱਚ ਰਾਸ਼ਟਰੀ ਜਨਰਲ ਸਕੱਤਰ (ਭਾਜਪਾ) ਸ਼੍ਰੀ ਤਰੁਣ ਚੁੱਘ ਵਿਸ਼ੇਸ਼ ਮਹਿਮਾਨ ਅਤੇ ਡਾ. ਪੁਨੀਤ ਘਿਰਧਰ, ਸੰਯੁਕਤ ਡੀਆਰਐਮਈ, ਪੰਜਾਬ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ।
ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਵਿਕਰਮ ਬਾਲੀ, ਵਾਈਸ ਪ੍ਰਿੰਸੀਪਲ ਡਾ. ਤੇਜਵੀਰ ਸਿੰਘ, ਸਕੂਲ ਆਫ਼ ਨਰਸਿੰਗ ਦੇ ਡਿਪਟੀ ਡਾਇਰੈਕਟਰ ਡਾ. ਪ੍ਰਭਜੋਤ ਸਿੰਘ, ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਹੇਮ ਰਾਜ, ਫਾਰਮੇਸੀ ਫੈਕਲਟੀ ਦੀ ਪ੍ਰਿੰਸੀਪਲ ਡਾ. ਪੂਜਾ ਗੁਲਾਟੀ ਅਤੇ ਨਰਸਿੰਗ ਫੈਕਲਟੀ ਦੀ ਪ੍ਰਿੰਸੀਪਲ ਡਾ. ਲਵਸੰਪੂਰਨਜੋਤ ਕੌਰ ਨੇ ਪਤਵੰਤਿਆਂ ਦਾ ਰਸਮੀ ਸਵਾਗਤ ਕੀਤਾ।
ਉਨ੍ਹਾਂ ਨੇ ਸਿਹਤ ਸੰਭਾਲ ਸਿੱਖਿਆ ਵਿੱਚ ਪੇਸ਼ੇਵਰਤਾ, ਨੈਤਿਕਤਾ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਵਜੋਂ ਵ੍ਹਾਈਟ ਕੋਟ ਅਤੇ ਇੰਡਕਸ਼ਨ ਸਮਾਰੋਹ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਸਮਾਰੋਹ ਦੌਰਾਨ, 2025 ਬੈਚ ਦੇ ਪਹਿਲੇ ਪੇਸ਼ੇਵਰ ਵਿਦਿਆਰਥੀਆਂ ਨੂੰ ਪਤਵੰਤਿਆਂ ਵੱਲੋਂ ਰਸਮੀ ਤੌਰ ’ਤੇ ਵ੍ਹਾਈਟ ਕੋਟ ਪ੍ਰਦਾਨ ਕੀਤੇ ਗਏ।
ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਉੱਭਰ ਰਹੇ ਪੇਸ਼ੇਵਰਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਉੱਤਮਤਾ ਲਈ ਯਤਨ ਕਰਨ ਅਤੇ ਸਮਾਜ ਦੀ ਸੇਵਾ ਲਈ ਵਚਨਬੱਧ ਸਮਰਪਿਤ ਪ੍ਰੈਕਟੀਸ਼ਨਰ ਬਣਨ ਲਈ ਉਤਸ਼ਾਹਿਤ ਕੀਤਾ।  
ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਮਹਿਮਾਨ ਸ਼੍ਰੀ ਤਰੁਣ ਚੁੱਘ ਅਤੇ ਮਹਿਮਾਨ ਡਾ. ਪੁਨੀਤ ਘਿਰਧਰ ਨੇ 2025 ਬੈਚ ਦੇ ਬੀਡੀਐਸ, ਬੀਏਐਮਐਸ, ਫਾਰਮੇਸੀ ਅਤੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸਾਰੇ ਪੇਸ਼ੇਵਰ ਖੇਤਰਾਂ ਦੇ ਬਰਾਬਰ ਮਹੱਤਵ ’ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਪੇਸ਼ੇਵਰ ਯੋਗਤਾ ਦੇ ਨਾਲ-ਨਾਲ ਮਨੁੱਖੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ।
ਇਹ ਸਮਾਗਮ ਸਾਰੇ ਵਿਦਿਆਰਥੀਆਂ ਦੁਆਰਾ ਨੈਤਿਕ ਅਭਿਆਸ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਸਹੁੰ ਚੁੱਕ ਸਮਾਗਮ ਨਾਲ ਸਮਾਪਤ ਹੋਇਆ, ਜਿਸ ਤੋਂ ਬਾਅਦ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋ ਵਾਈਸ-ਚਾਂਸਲਰ ਡਾ. ਬੀ.ਐਲ. ਭਾਰਦਵਾਜ ਦੁਆਰਾ ਆਏ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ।

ਹਰਮਿੰਦਰ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਕੀਤੀ ਵਾਪਸੀ

ਹੁਸ਼ਿਆਰਪੁਰ/ਬਿਊਰੋ ਨਿਊਜ਼  

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੈਂਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸਦੀ ਪੁਸ਼ਟੀ ਹਰਮਿੰਦਰ ਸਿੰਘ ਸੰਧੂ ਨੇ ਖੁਦ ਕੀਤੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਬਾਰੇ ਉਨ੍ਹਾਂ ਨੇ ਆਪਣੀ ਫੇਸਬੁੱਕ ਪ੍ਰੋਫਾਈਲ ’ਤੇ ਵੀ ਪੋਸਟ ਸ਼ੇਅਰ ਕੀਤੀ ਹੈ। ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕੀਤੀ, ਪਰ ਪਾਰਟੀ ਨੇ ਉਨ੍ਹਾਂ ਦੀ ਕਦਰ ਨਹੀਂ ਕੀਤੀ।

ਕਿਹਾ : ਮੇਰੇ ਸਪੱਸ਼ਟੀਕਰਨ ਸਮੇਂ ਲਾਈਵ ਟੈਲੀਕਾਸਟ ਕੀਤਾ ਜਾਵੇ

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਅਪੀਲ ਕੀਤੀ ਹੈ ਕਿ 15 ਜਨਵਰੀ ਨੂੰ ਜਦੋਂ ਉਹ ਹਿਸਾਬ-ਕਿਤਾਬ ਲੈ ਕੇ ਆਪਣਾ ਸਪਸ਼ਟੀਕਰਨ ਦੇਣਗੇ ਤਾਂ ਉਸ ਸਮੇਂ ਲਾਈਵ ਪ੍ਰਸਾਰਨ ਕੀਤਾ ਜਾਵੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਰਾਹੀਂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਵਿਚੋਂ ਮੈਨੂੰ ਸੁਨੇਹੇ ਆ ਰਹੇ ਹਨ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ-ਕਿਤਾਬ ਲੈ ਕੇ ਜਾਵਾਂਗੇ ਤਾਂ ਸਾਰੇ ਚੈਨਲਾਂ ’ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦੈ। ਮੈਂ ਵੀ ਦੁਨੀਆਂ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਬ੍ਹ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪੱਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ ਅਤੇ ਹੁਣ ਮਿਲਦੇ ਹਾਂ ਜੀ 15 ਜਨਵਰੀ ਨੂੰ ਸਬੂਤਾਂ ਸਮੇਤ। ਜ਼ਿਕਰਯੋਗ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਨ ਦੇ ਇਲਜ਼ਾਮਾਂ ਤਹਿਤ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ’ਚ ਤਲਬ ਕੀਤਾ ਹੋਇਆ ਹੈ।

ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਅਤੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼ 

ਭਾਰਤ ਸਰਕਾਰ ਦੀ ‘ਵਿਕਸਤ ਭਾਰਤ-ਜੀ ਰਾਮ ਜੀ’ ਯੋਜਨਾ ਦੇ ਸਮਰਥਨ ਵਿਚ ਪੰਜਾਬ ਭਾਜਪਾ ਵਲੋਂ  ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।  ਇਸਦੀ ਸ਼ੁਰੂਆਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖਾਊ ਵਾਲੀ ਢਾਬ ਤੋਂ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿਥੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਨਿਸ਼ਾਨਾ ਸਾਧਿਆ, ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ’ਤੇ ਵੀ ਸਵਾਲ ਚੁੱਕੇ। ਜਾਖੜ ਨੇ ਕਿਹਾ ਕਿ ਮਨਰੇਗਾ ਵਿਚ ਕੁਝ ਨਹੀਂ ਸੀ ਅਤੇ ਹੁਣ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੋਜਨਾ ‘ਜੀ ਰਾਮ ਜੀ’ ਵਿਚ ਰਾਮ ਦਾ ਨਾਮ ਤਾਂ ਆਉਂਦਾ ਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਵਿਚ ਕਾਂਗਰਸ ਸਰਕਾਰ ਦੇ ਸਮੇਂ ਚਲਾਈ ਗਈ ਮਨਰੇਗਾ ਯੋਜਨਾ ਦਾ ਨਾਮ ਬਦਲ ਕੇ ਹੁਣ ਨਰਿੰਦਰ ਮੋਦੀ ਸਰਕਾਰ ਵਲੋਂ ‘ਵਿਕਸਿਤ ਭਾਰਤ -ਜੀ ਰਾਮ ਜੀ’ ਰੱਖ ਦਿੱਤਾ ਗਿਆ ਹੈ। ਜਿਸਦਾ ਕਾਂਗਰਸ ਅਤੇ ਹੋਰ ਕਈ ਸਿਆਸੀ ਪਾਰਟੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। 

ਭਾਜਪਾ, ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਵੀ ਆਤਿਸ਼ੀ ਦੇ ਬਿਆਨ ਨੂੰ ਦੱਸਿਆ ਮੰਦਭਾਗਾ

ਅੰਮਿ੍ਰਤਸਰ/ਬਿਊਰੋ ਨਿਊਜ਼  

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵਲੋਂ ਦਿੱਲੀ ਵਿਧਾਨ ਸਭਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਅਪਮਾਨਜਨਕ ਟਿੱਪਣੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਧਾਮੀ ਨੇ ਇਸ ਨੂੰ ‘ਆਪ’ ਆਗੂਆਂ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਦਿੱਲੀ ਦੀ ਆਪ ਆਗੂ ਆਤਿਸ਼ੀ ਵਲੋਂ ਦਿੱਤਾ ਗਿਆ ਬਿਆਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਦਿੱਲੀ ਵਿਖੇ ਸ਼ਹਾਦਤ ਦਿੱਤੀ। ਦਿੱਲੀ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਵਲੋਂ ਗੁਰੂ ਸਾਹਿਬ ਪ੍ਰਤੀ ਬੇਹੱਦ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨੀ ਜਿਥੇ ਮੰਦਭਾਗਾ ਹੈ, ਉਥੇ ਹੀ ਇਹ ਆਮ ਆਦਮੀ ਪਾਰਟੀ ਦੀ ਸੋਚ ਦਾ ਪ੍ਰਗਟਾਵਾ ਵੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੰਗ ਕੀਤੀ ਕਿ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਦੀ ਮੈਂਬਰਸ਼ਿਪ ਤੁਰੰਤ ਰੱਦ ਕੀਤੀ ਜਾਵੇ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਵੀ ਆਤਿਸ਼ੀ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ।

ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਰਕੇ ਸਰਕਾਰ ਨੇ ਲਿਆ ਫੈਸਲਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਨੇ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੂੰ ਦੇਖਦਿਆਂ ਸੂਬੇ ਦੇ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੱਚਿਆਂ ਅਤੇ ਸਕੂਲ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸਦੇ ਚੱਲਦਿਆਂ ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਵਾਂਗ ਮੁੜ ਖੁੱਲ੍ਹਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਕੂਲਾਂ ਵਿਚ ਛੁੱਟੀਆਂ 7 ਜਨਵਰੀ ਤੱਕ ਵਧਾਈਆਂ ਗਈਆਂ ਸਨ। 

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਕਥਿਤ ਟਿੱਪਣੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਦੀ ਸਖਤ ਨਿਖੇਧੀ ਕੀਤੀ ਹੈ। ਮਾਨ ਨੇ ਦਾਅਵਾ ਕੀਤਾ ਕਿ ਅਤਿਸ਼ੀ ਨੇ ਅਜਿਹੀਆਂ ਟਿੱਪਣੀਆਂ ਕਦੇ ਕੀਤੀਆਂ ਹੀ ਨਹੀਂ। ਭਾਜਪਾ ’ਤੇ ਹਮੇਸ਼ਾ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਹੋਣ ਦਾ ਇਲਜ਼ਾਮ ਲਾਉਂਦਿਆਂ ਮਾਨ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਭਾਜਪਾ ਆਗੂ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇਲਜ਼ਾਮ ਲਾਇਆ ਕਿ ਆਤਿਸ਼ੀ ਨੇ ਵਿਧਾਨ ਸਭਾ ਵਿੱਚ ਸਿੱਖ ਗੁਰੂ ਬਾਰੇ ਅਪਮਾਨਜਨਕ ਟਿੱਪਣੀ ਕੀਤੀ ਹੈ। ਦੂਜੇ ਪਾਸੇ ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਜਾਣਬੁੱਝ ਕੇ ਇੱਕ ਗਲਤ ਸਬ-ਟਾਈਟਲ ਜੋੜਿਆ ਅਤੇ ਇਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਪਾ ਦਿੱਤਾ।

ਅੰਮਿ੍ਰਤਸਰ/ਬਿਊਰੋ ਨਿਊਜ਼ 

ਪੰਜਾਬੀ ਗਾਇਕ ਰੰਮੀ ਰੰਧਾਵਾ ਖਿਲਾਫ ਪੁਲਿਸ ਨੇ ਹਥਿਆਰਾਂ ਦੀ ਨੁਮਾਇਸ਼ ਕਰਨ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਹੈ। ਰੰਮੀ ਰੰਧਾਵਾ ਅੰਮਿ੍ਰਤਸਰ ਜ਼ਿਲ੍ਹੇ ਵਿਚ ਪੈਂਦੇ ਕਸਬਾ ਅਜਨਾਲਾ ਦਾ ਰਹਿਣ ਵਾਲਾ ਹੈ। ਰੰਮੀ ਰੰਧਾਵਾ ਖਿਲਾਫ ਇਹ ਕਾਰਵਾਈ ਉਸਦੀ ਇਕ ਸ਼ੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕੀਤੀ ਗਈ ਹੈ।  ਇਹ ਜਾਣਕਾਰੀ ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਅਤੇ ਐਸ.ਐਚ.ਓ ਇੰਸਪੈਕਟਰ ਹਿਮਾਂਸ਼ੂ ਭਗਤ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਸੋਸ਼ਲ ਮੀਡੀਆ ’ਤੇ ਅਜਿਹੀ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਵਿਅਕਤੀ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਨੁਮਾਇਸ਼ ਕਰਦਾ ਪਾਇਆ ਗਿਆ, ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.