Tuesday, 02 June 2026

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਫਾਊਂਡੇਸ਼ਨ ਵੱਲੋਂ ਰਮਿੰਦਰ ਰੰਮੀ ਦੀ ਸਰਪ੍ਰਸਤੀ ਹੇਠ ਚਲਾਈ ਜਾ ਰਹੀ ਲੜੀ ‘ਸਿਰਜਣਾ ਦੇ ਆਰ ਪਾਰ’ ਅਧੀਨ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਪ੍ਰੋ. ਕੁਲਜੀਤ ਕੌਰ ਦੇ ਯਤਨਾਂ ਸਦਕਾ ਬਰੈਂਪਟਨ ਵਿੱਚ ਕਰਵਾਏ ਗਏ ਇਸ 52ਵੇਂ ਸਮਾਗਮ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਚਿੰਤਕ ਡਾ. ਸਰਬਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਜੀਵਨ, ਸਾਹਿਤਕ ਸਫ਼ਰ ਤੇ ਮੌਜੂਦਾ ਸੰਕਟਾਂ ਬਾਰੇ ਖੁੱਲ੍ਹੀ ਚਰਚਾ ਕੀਤੀ।

ਪ੍ਰੋਗਰਾਮ ਦੇ ਆਗਾਜ਼ ਵਿੱਚ ਸਰਪ੍ਰਸਤ ਸੁਰਜੀਤ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਸਰਬਜੀਤ ਸਿੰਘ ਨੇ ਆਪਣੀ ਗੱਲਬਾਤ ਦੌਰਾਨ ਆਪਣੇ ਸਾਧਾਰਨ ਪੇਂਡੂ ਪਿਛੋਕੜ ਅਤੇ ਵਿਦਿਅਕ ਯਾਤਰਾ ਦੇ ਪੜਾਵਾਂ ਨੂੰ ਸਾਂਝਾ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸੋਚ ਉੱਤੇ ਉਨ੍ਹਾਂ ਦੇ ਪਿਤਾ ਦੀ ਰਾਜਨੀਤਕ ਚੇਤਨਾ ਦਾ ਡੂੰਘਾ ਪ੍ਰਭਾਵ ਹੈ, ਜਿਸ ਨੇ ਉਨ੍ਹਾਂ ਨੂੰ ਅਕਾਦਮਿਕ ਅਤੇ ਸਮਾਜਿਕ ਖੇਤਰ ਵਿੱਚ ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ।

ਬਤੌਰ ਗੋਲਡ ਮੈਡਲਿਸਟ ਅਤੇ ਖੋਜਾਰਥੀ ਆਪਣੀ ਪਛਾਣ ਸਥਾਪਿਤ ਕਰਨ ਵਾਲੇ ਡਾ. ਸਰਬਜੀਤ ਨੇ ਜਲ੍ਹਿਆਂਵਾਲਾ ਬਾਗ਼, ਗ਼ਦਰ ਲਹਿਰ ਅਤੇ ਭਾਈ ਵੀਰ ਸਿੰਘ ਦੇ ਹਵਾਲੇ ਨਾਲ ਪੰਜਾਬੀ ਚਿੰਤਨ ਨੂੰ ਨਵੀਆਂ ਧਾਰਨਾਵਾਂ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਮੌਜੂਦਾ ‘ਪਾਠਕ ਸੰਕਟ’ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੀ ਕਵਿਤਾ ਪਾਠਕ ਨਾਲੋਂ ਟੁੱਟ ਰਹੀ ਹੈ। ਉਨ੍ਹਾਂ ਖੋਜ ਦੀ ਗੁਣਵੱਤਾ ਵਿੱਚ ਆ ਰਹੀ ਗਿਰਾਵਟ ਅਤੇ ਪੁਰਸਕਾਰਾਂ ਵਿੱਚ ਵਧ ਰਹੀ ‘ਜੁਗਾੜਬੰਦੀ’ ਉੱਤੇ ਵੀ ਬੇਬਾਕੀ ਨਾਲ ਟਿੱਪਣੀ ਕੀਤੀ।

ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਨੇ ਡਾ. ਸਰਬਜੀਤ ਸਿੰਘ ਦੀ ਵਿਚਾਰਧਾਰਾ ਦੀ ਪ੍ਰੌੜਤਾ ਕੀਤੀ ਅਤੇ ਡਾ. ਬਲਜੀਤ ਰਿਆੜ ਨੇ ਉਨ੍ਹਾਂ ਨੂੰ ਅੱਜ ਦੇ ਦੌਰ ਦੇ ਇੱਕ ਕਰਮਯੋਗੀ ਤੇ ਸੱਚ ’ਤੇ ਪਹਿਰਾ ਦੇਣ ਵਾਲੀ ਸ਼ਖ਼ਸੀਅਤ ਦੱਸਿਆ। ਮਨਦੀਪ ਬੰਮਰਾ ਨੇ ਵੀ ਉਨ੍ਹਾਂ ਦੇ ਸਾਹਿਤਕ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਡਾ. ਸਰਬਜੀਤ ਸਿੰਘ ਵਰਗੇ ਸੱਚੇ-ਸੁੱਚੇ ਅਤੇ ਮਿਹਨਤੀ ਵਿਦਵਾਨਾਂ ਤੋਂ ਨਵੀਂ ਪੀੜ੍ਹੀ ਦੇ ਖੋਜਾਰਥੀਆਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਸ ਆਨਲਾਈਨ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਵਿਦਵਾਨਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ, ਜਿਸ ਨੇ ਇਸ ਚਰਚਾ ਨੂੰ ਹੋਰ ਵੀ ਸਾਰਥਿਕ ਬਣਾ ਦਿੱਤਾ।

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਅਪਰੈਲ ਮਹੀਨੇ ਦੀ ਮੀਟਿੰਗ ਵਿੱਚ ਲੇਖਿਕਾ ਸੰਦੀਪ ਰੂਹਵ ਦੇ ਦੋ ਨਵ-ਪ੍ਰਕਾਸ਼ਿਤ ਕਹਾਣੀ-ਸੰਗ੍ਰਿਹ ‘ਇੱਕ ਲੱਪ ਮੁਹੱਬਤ’ ਅਤੇ ‘ਚੁੱਪ! ਬਸ ਕੁਝ ਨਾ ਬੋਲੀਂ’ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼ ਕੀਤੇ ਗਏ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਅਤੇ ਲੇਖਿਕਾ ਸੰਦੀਪ ਕੌਰ ਰੂਹਵ ਦੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਣ ਉਪਰੰਤ ਸਕੱਤਰ ਗੁਰਚਰਨ ਥਿੰਦ ਨੇ ਸਭ ਨੂੰ ਜੀ ਆਇਆਂ ਆਖ ਮੀਟਿੰਗ ਦਾ ਏਜੰਡਾ ਸਾਂਝਾ ਕੀਤੀ।

ਸਮਾਗਮ ਦੀ ਸ਼ੁਰੂਆਤ ਸੰਦੀਪ ਰੂਹਵ ਦੇ ਕਹਾਣੀ ਸੰਗ੍ਰਹਿਆਂ ਉੱਪਰ ਚਰਨਦੀਪ ਕੌਰ ਦੁਆਰਾ ਆਪਣਾ ਪੇਪਰ ਪੇਸ਼ ਕਰਨ ਨਾਲ ਹੋਈ। ਉਸ ਨੇ ਲੇਖਿਕਾ ਦੇ ਪਲੇਠੇ ਕਾਵਿ-ਸੰਗ੍ਰਿਹ ‘ਇੱਕ ਲੱਪ ਮੁਹੱਬਤ’ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਮੁਹੱਬਤ ਇੱਕ ਅਪ੍ਰਵਾਨਿਤ ਵਿਸ਼ਾ ਹੈ, ਪਰ ਇਹ ਹਰੇਕ ਨੂੰ ਉਸ ਖੇੜੇ ਵਿੱਚ ਲੈ ਜਾਂਦਾ ਹੈ ਜਿੱਥੇ ਕਿਤੇ ਹਰੇਕ ਨੇ ਜਵਾਨੀ ਵੇਲੇ ਉਡਾਰੀ ਮਾਰੀ ਹੋਣੀ ਹੈ। ‘ਚੁੱਪ! ਬਸ ਕੁਝ ਬੋਲੀਂ ਨਾ’ ਬਾਰੇ ਉਸ ਦਾ ਵਿਚਾਰ ਹੈ ਕਿ ਲੇਖਿਕਾ ਨੇ ਆਪਣੀਆਂ ਮਿੰਨੀ ਤੇ ਛੋਟੀਆਂ ਕਹਾਣੀਆਂ ਵਿੱਚ ਉਨ੍ਹਾਂ ਪਹਿਲੂਆਂ ਨੂੰ ਛੋਹਿਆ ਹੈ, ਜਿਨ੍ਹਾਂ ਬਾਰੇ ਅਸੀਂ ਗੱਲ ਕਰਨ ਤੋਂ ਕਤਰਾਉਂਦੇ ਹਾਂ। ਲੇਖਿਕਾ ਇਨ੍ਹਾਂ ਕਹਾਣੀਆਂ ਵਿੱਚ ਮਨੁੱਖੀ ਮਨ ਦਾ ਵਿਖਿਆਨ ਕਰਦੀ ਸਫਲ ਤੇ ਸਾਰਥਿਕ ਸਾਬਤ ਹੁੰਦੀ ਹੈ।

ਦੂਜਾ ਪਰਚਾ ਗੁਰਚਰਨ ਥਿੰਦ ਨੇ ਪੜ੍ਹਿਆ। ਉਸ ਨੇ ‘ਇੱਕ ਲੱਪ ਮੁਹੱਬਤ’ ਕਰਨ ਵਾਲੇ ਜਾਂ ਇਸ ਦੀ ਚਾਹਤ ਰੱਖਣ ਵਾਲੇ ਚੜ੍ਹਦੀ ਉਮਰ ਦੇ ਨੌਜੁਆਨ ਮੁੰਡੇ-ਕੁੜੀਆਂ ਦੇ ਮਾਸੂਮ ਜਜ਼ਬਾਤਾਂ ਦਾ ਜ਼ਿਕਰ ਕਰਦੀਆਂ ਕਹਾਣੀਆਂ ਨੂੰ ਪਿਆਰ ਪਰੁੰਨੇ ਦਿਲਾਂ ਲਈ ਸਮਾਜ ਰੂਪੀ ਝਨਾਂ ਪਾਰ ਕਰਨ ਦੀਆਂ ਚੁਣੌਤੀਆਂ ਅਤੇ ਆਪਣਿਆਂ ਦੇ ਮਾਰੂਥਲ ਵਰਗੇ ਰਵੱਈਏ ਨੂੰ ਮੋਹ ਨਾਲ ਬਦਲਣ ਦਾ ਔਖਾ ਕਾਰਜ ਕਰਦੀਆਂ ਦਰਸਾਇਆ। ਕਵਿੱਤਰੀ ਰੂਹਵ ਵੱਲੋਂ ਆਪਣੀਆਂ ਲਿਖੀਆਂ ਕਹਾਣੀਆਂ ਨੂੰ ਕਾਵਿ -ਟੋਟਿਆਂ ਨਾਲ ਸ਼ਿੰਗਾਰਨਾ ਉਹਦੀ ਕਾਵਿਕ ਪ੍ਰਤਿਭਾ ਦਰਸਾਉਂਦਾ ਹੈ। ਦੂਸਰੇ ਕਹਾਣੀ ਸੰਗ੍ਰਿਹ ਦੇ ‘ਚੁੱਪ’ ਸ਼ਬਦ ਨੂੰ ਉਸ ਨੇ ਕੁਝ ਨਾ ਬੋਲ ਸਕਣ ਦੀ ਹਿੰਮਤ, ਖ਼ੌਫ਼, ਅੰਤਰ-ਦਵੰਧ ਜਾਂ ਕੋਈ ਬਾਹਰੀ ਦਬਾਅ ਦਰਸਾਉਂਦੇ ਕਿਹਾ ਕਿ ਚੁੱਪ ਅਸਲ ਵਿੱਚ ਧੁਰ ਅੰਦਰ ਤੱਕ ਚੀਕ ਬਣ ਕੁਲਬੁਲਾਉਂਦੇ ਸ਼ਬਦ ਹੁੰਦੇ ਹਨ ਜੋ ਮੂੰਹੋਂ ਬਾਹਰ ਨਹੀਂ ਨਿਕਲਦੇ। ਇਹ ਬਾਹਰੀ ਸਮਾਜਿਕ ਕਾਰਨਾਂ ਦਾ ਨਤੀਜਾ ਤਾਂ ਹੁੰਦਾ ਹੀ ਹੈ, ਪਰ ਵਿਅਕਤੀ ਦੀ ਆਪਣੀ ਅਸਮਰੱਥਾ ਵੀ ਜ਼ਾਹਿਰ ਕਰਦਾ ਹੈ। ਕਹਾਣੀਆਂ ਵਿੱਚ ਪੇਂਡੂ ਰਹਿਤਲ ਦਾ ਵਰਣਨ ਅਤੇ ਖਾਸ ਤੌਰ ’ਤੇ ਵਿਸਰ ਰਹੇ ਸ਼ਬਦਾਂ ਦੀ ਵਰਤੋਂ ਕਹਾਣੀਆਂ ਨੂੰ ਖੂਬਸੂਰਤ ਤੇ ਰੌਚਕ ਬਣਾਉਂਦੀ ਹੈ।

ਸੰਦੀਪ ਰੂਹਵ ਨੇ ਆਪਣੀਆਂ ਕਹਾਣੀਆਂ ਦੇ ਸਿਰਜਨਾਤਮਕ ਪਲਾਂ ਨੂੰ ਆਪਣੇ ਆਪ ਦਾ ਅਧਿਐਨ ਕਰਨ ਅਤੇ ਆਪਣੇ ਆਪ ਨਾਲ ਗੱਲਾਂ ਕਰਨ ਦਾ ਸਮਾਂ ਦਰਸਾਇਆ। ਲੇਖਿਕਾਂ ਨੂੰ ਕਿਤਾਬਾਂ ਛਪਵਾਉਣ ਦਾ ਆਰਥਿਕ ਬੋਝ ਬਰਦਾਸ਼ਤ ਕਰਨ ਲਈ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਜ਼ਰੂਰੀ ਆਖ ਲੇਖਿਕਾ ਨੇ ਕਿਤਾਬਾਂ ਦੀ ਛਪਾਈ ਦੀਆਂ ਦੁਸ਼ਵਾਰੀਆਂ ਦਾ ਜ਼ਿਕਰ ਵੀ ਕੀਤਾ। ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਲੇਖਿਕਾ ਦੀਆਂ ਕਹਾਣੀਆਂ ਨੂੰ ਸਮਾਜ ਦਾ ਸ਼ੀਸ਼ਾ ਆਖ ਵਡਿਆਇਆ ਅਤੇ ਵਧਾਈ ਦਿੱਤੀ। ਉਪਰੰਤ ਸਭਾ ਦੇ ਕਾਰਜਕਾਰੀ ਮੈਂਬਰਾਂ ਵੱਲੋਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ।

ਵੰਦਨਾ ਸ਼ਰਮਾ ਨੇ ਆਪਣੀ ਬਜ਼ੁਰਗਾਂ ਦੀ ਸੇਵਾ ਲਈ ਖੋਲ੍ਹੀ ਗਈ ਕੰਪਨੀ ‘ਗੋਲਡਨ ਹੋਮ ਕੇਅਰ’ ਬਾਰੇ ਦੱਸਿਆ ਕਿ ਉਹ ਘਰ ਵਿੱਚ ਹੀ ਬਜ਼ੁਰਗਾਂ ਤੇ ਲੋੜਵੰਦਾਂ ਨੂੰ ਉਨ੍ਹਾਂ ਦੀ ਆਪਣੀ ਬੋਲੀ ਤੇ ਕਲਚਰ ਵਿੱਚ ਹੀ ਸੇਵਾ ਪ੍ਰਦਾਨ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਕੁਝ ਵੀ ਅਦਾ ਨਹੀਂ ਕਰਨਾ ਪੈਂਦਾ। ਇਹ ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਨਿਯੰਤ੍ਰਤ ਹੁੰਦਾ ਹੈ।

ਦਰਸ਼ਨ ਸਿੰਘ ਮਹਿਰੋਕ ਵੱਲੋਂ ਅੰਮ੍ਰਿਤ ਦੀ ਖੋਜ ਦੇ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ ਗਏ ਅਤੇ ਉਨ੍ਹਾਂ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਿੱਖੀ ਦੇ ਸਫ਼ਰ ’ਤੇ ਚਾਨਣਾ ਪਾ ਕੇ ਖਾਲਸਾ ਪੰਥ ਦੀ ਸਿਰਜਨਾ ਦਾ ਮਹੱਤਵ ਬਿਆਨਿਆ। ਗੁਰਦੀਸ਼ ਗਰੇਵਾਲ, ਚਰਨਦੀਪ ਕੌਰ, ਹਰਮੰਦਰ ਪਾਲ ਸਿੰਘ, ਪਰਮਜੀਤ ਭੰਗੂ ਤੇ ਅਮਰੀਕ ਸਿੰਘ ਨੇ ਗੀਤਾਂ, ਕਵਿਤਾਵਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ। ਬਲਦੇਵ ਸਿੰਘ ਦੁੱਲਟ ਨੇ ਸਿੱਖ ਹੈਰੀਟੇਜ ਮਹੀਨੇ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਗੁਰਚਰਨ ਸਿੰਘ ਹੇਅਰ, ਮਨਿੰਦਰ ਕੌਰ, ਗੁਰਬਾਣੀ ਕੌਰ, ਸੋਹਣ ਸਿੰਘ ਭੁੱਚੋ ਦਰਸ਼ਨ ਸਿੰਘ ਬਰਾੜ, ਮਨਮੋਹਣ ਸਿੰਘ ਬਾਠ ਸਰਬਜੀਤ ਕੌਰ ਉੱਪਲ ਹੁਰਾਂ ਵੀ ਆਪਣੇ ਗਾਏ ਗੀਤਾਂ ਤੇ ਕਵਿਤਾਵਾਂ ਨਾਲ ਹਾਜ਼ਰੀ ਲੁਆਈ। ਸਭਾ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਨੇ ਰੂਹਵ ਨੂੰ ਵਧਾਈ ਦਿੰਦਿਆਂ ਉਹਦੀ ਲਿਖਤ ਵਿੱਚ ਪੰਜਾਬੀ ਦੇ ਠੇਠ ਅੱਖਰਾਂ ਦੀ ਹੋਂਦ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਹਾਜ਼ਰੀਨ ਦਾ ਧੰਨਵਾਦ ਕਰਕੇ ਮੀਟਿੰਗ ਦੀ ਸਮਾਪਤੀ ਕਰ ਦਿੱਤੀ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.