Thursday, 18 June 2026

ਕਿਹਾ : ਦੇਸ਼ ’ਚੋਂ ਅੱਤਵਾਦ ਨੂੰ ਖਤਮ ਕਰਨਾ ਹੀ ਸਾਡਾ ਧਰਮ 

ਸ੍ਰੀਨਗਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਦਾਮੀ ਬਾਗ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਪਾਕਿਸਤਾਨ ਵੱਲੋਂ ਦਾਗੇ ਮੋਰਟਾਰ ਅਤੇ ਗੋਲਿਆਂ ਦੇ ਟੁਕੜਿਆਂ ਨੂੰ ਦੇਖਿਆ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਪਹਿਲਗਾਮ ’ਚ ਅੱਤਵਾਦੀਆਂ ਨੇ ਨਿਰਦੋਸ਼ਾਂ ਨੂੰ ਧਰਮ ਪੁੱਛ-ਪੁੱਛ ਕੇ ਮਾਰਿਆ ਸੀ ਪਰ ਅਸੀਂ ਉਨ੍ਹਾਂ ਦਾ ਕਰਮ ਦੇਖ ਕੇ ਖਾਤਮਾ ਕੀਤਾ ਹੈ ਅਤੇ ਅੱਤਵਾਦ ਨੂੰ ਦੇਸ਼ ’ਚੋਂ ਖਤਮ ਕਰਨਾ ਹੀ ਸਾਡਾ ਧਰਮ ਹੈ। ਉਧਰ ਰੱਖਿਆ ਮੰਤਰੀ ਦੇ ਜੰਮੂ-ਕਸ਼ਮੀਰ ਦੌਰੇ ਤੋਂ ਪਹਿਲਾਂ ਭਾਰਤੀ ਫੌਜ ਨੇ ਅਵੰਤੀਪੁਰਾ ਦੇ ਤਰਾਲ ਖੇਤਰ ’ਚ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮਰਨ ਵਾਲਿਆਂ ’ਚ ਟੌਪ ਕਮਾਂਡਰ ਆਸਿਫ ਸ਼ੇਖ ਤੋਂ ਇਲਾਵਾ ਆਮਿਰ ਨਜ਼ੀਰ ਵਾਨੀ ਅਤੇ ਯਾਵਰ ਅਹਿਮਦ ਭੱਟ ਸ਼ਾਮਲ ਹਨ। ਇਹ ਤਿੰਨੋਂ ਅੱਤਵਾਦੀ ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤੀ ਗਈ 14 ਅੱਤਵਾਦੀਆਂ ਦੀ ਲਿਸਟ ਵਿਚ ਸ਼ਾਮਲ ਸਨ। ਜਦਕਿ ਅਧਿਕਾਰੀਆਂ ਵੱਲੋਂ ਅੱਤਵਾਦੀਆਂ ਦੀ ਮੌਤ ਸਬੰਧੀ ਫਿਲਹਾਲ ਪੁਸ਼ਟੀ ਨਹੀਂ ਕੀਤੀ ਗਈ।

  

ਐਮਰਜੈਂਸੀ ਗੇਟ ਨਾ ਖੁੱਲ੍ਹਣ ਕਾਰਨ 5 ਵਿਅਕਤੀਆਂ ਦੀ ਗਈ ਜਾਨ

ਲਖਨਊ/ਬਿਊਰੋ ਨਿਊਜ਼ : ਬਿਹਾਰ ਦੇ ਬੇਗੂਸਰਾਏ ਤੋਂ ਦਿੱਲੀ ਜਾ ਰਹੀ ਏਸੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਅਤੇ ਇਸ ਹਾਦਸੇ ਦੌਰਾਨ 5 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ ਮਾਂ-ਬੇਟੀ, ਭੈਣ-ਭਰਾ ਸਮੇਤ ਇਕ ਹੋਰ ਨੌਜਵਾਨ ਸ਼ਾਮਲ ਹੈ। ਬੱਸ ਵਿਚ ਲਗਭਗ 80 ਯਾਤਰੀ ਸਵਾਰ ਸਨ ਅਤੇ ਇਸ ਬੱਸ ਨੂੰ ਆਊਟਰ ਰਿੰਗ ਰੋਡ ’ਤੇ ਮੋਹਨਲਾਲ ਗੰਜ ਕੇ ਕੋਲ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਬੱਸ ਅੰਦਰ ਹਫੜਾ-ਦਫੜੀ ਮਚ ਗਈ ਜਦਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਬੱਸ ਛੱਡ ਕੇ ਭੱਜ ਗਏ। ਭਿਆਨਕ ਹਾਦਸੇ ਦੌਰਾਨ ਬੱਸ ਦਾ ਐਮਰਜੈਂਸੀ ਗੇਟ ਵੀ ਨਹੀਂ ਖੁੱਲ੍ਹਿਆ ਜਿਸ ਕਾਰਨ ਸਵਾਰੀਆਂ ਨੂੰ ਬੱਸ ਵਿਚੋਂ ਉਤਰਨ ਸਮੇਂ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਮੌਜੂਦ ਵਿਅਕਤੀਆਂ ਵੱਲੋਂ ਫਾਇਰ ਬਿ੍ਰਗੇਟ ਨੂੰ ਸੂਚਨਾ ਦਿੱਤੀ ਗਈ ਪਰ ਜਦੋਂ ਤੱਕ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਪਹੁੰਚੀਆਂ ਉਸ ਸਮੇਂ ਸਮੇਂ ਤੱਕ ਬੱਸ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ।

ਕਿਹਾ : ਜੇ ਪਾਕਿਸਤਾਨ ਗੋਲੀ ਚਲਾਏਗਾ ਤਾਂ ਭਾਰਤ ਵੱਲੋਂ ਗੋਲਾ ਦਾਗਿਆ ਜਾਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਦਾਅਵਾ ਕੀਤਾ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਤੇ ਵਿਦੇਸ਼ ਮੰਤਰੀਆਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਬਲਕਿ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨ (ਡੀਜੀਐਮਓ) ਦਰਮਿਆਨ ਹੀ ਗੱਲਬਾਤ ਹੋਈ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ‘ਅਪਰੇਸ਼ਨ ਸਿੰਧੂਰ’ ਹਾਲੇ ਖਤਮ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਇਸ ਵੇਲੇ ਸਿਰਫ ਇਕ ਮਾਮਲਾ ਰਹਿੰਦਾ ਹੈ, ਉਹ ਹੈ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਵਾਪਸੀ। ਜੇ ਪਾਕਿਸਤਾਨ ਦਹਿਸ਼ਤਗਰਦਾਂ ਨੂੰ ਸੌਂਪਣ ਦੀ ਗੱਲ ਕਰਦਾ ਹੈ ਤਾਂ ਭਾਰਤ ਗੱਲਬਾਤ ਲਈ ਤਿਆਰ ਹੈ। ਇਹ ਵੀ ਪਤਾ ਲੱਗਿਆ ਹੈ ਕਿ ਭਾਰਤ ਨੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਕਿਸੇ ਸਾਲਸੀ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਪਾਕਿਸਤਾਨ ਵਲੋਂ ਗੋਲੀ ਚਲਦੀ ਹੈ ਤਾਂ ਭਾਰਤ ਵਲੋਂ ਗੋਲਾ ਚੱਲੇਗਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਨਾਲ ਸਿਰਫ਼ ਡੀਜੀਐਮਓ ਪੱਧਰ ’ਤੇ ਗੱਲਬਾਤ ਹੋਵੇਗੀ ਤੇ ਹੋਰ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਹੋਵੇਗੀ। ਪਾਕਿਸਤਾਨ ਵਲੋਂ ਭਾਰਤ ਖਲਿਾਫ ਦਹਿਸ਼ਤੀ ਕਾਰਵਾਈਆਂ ਜਾਰੀ ਰਹਿਣ ਤਕ ਸਿੰਧੂ ਜਲ ਸੰਧੀ ਰੱਦ ਰਹੇਗੀ। ਉਨ੍ਹਾਂ ਕਿਹਾ ਕਿ ਜੰਗਬੰਦੀ ਦੀ ਸ਼ੁਰੂਆਤ ਵੇਲੇ ਪਾਕਿਸਤਾਨੀ ਡੀਜੀਐਮਓ ਨੇ 10 ਮਈ ਨੂੰ ਭਾਰਤੀ ਡੀਜੀਐਮਓ ਕੋਲ ਪਹੁੰਚ ਕੀਤੀ ਸੀ। ਭਾਰਤ ਵਲੋਂ ਸੱਤ ਮਈ ਨੂੰ ਅਤਿਵਾਦੀ ਟਿਕਾਣਿਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਕਿ ਜੇ ਪਾਕਿਸਤਾਨ ਗੋਲੀਬਾਰੀ ਕਰਦਾ ਹੈ ਤਾਂ ਭਾਰਤ ਹੋਰ ਮਜ਼ਬੂਤੀ ਨਾਲ ਇਸ ਦਾ ਜਵਾਬ ਦੇਵੇਗਾ। ਪਾਕਿਸਤਾਨ ਵਲੋਂ ਸੱਤ ਮਈ ਤੋਂ ਬਾਅਦ ਕੀਤੀ ਜਾਣ ਵਾਲੀ ਹਰ ਕਾਰਵਾਈ ਦਾ ਭਾਰਤ ਨੇ ਸਖਤ ਤੇ ਹਮਲਾਵਰ ਰੁਖ਼ ਨਾਲ ਜਵਾਬ ਦਿੱਤਾ ਹੈ।       

ਪਾਣੀ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਹੁੰਚੇ ਨੰਗਲ ਡੈਮ

ਨੰਗਲ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਬੀਬੀਐਮਬੀ ਹਰਿਆਣਾ ਨੂੰ ਪਾਣੀ ਛੱਡਣ ’ਚ ਨਾਕਾਮ ਰਿਹਾ ਹੈ। ਹਾਈਕੋਰਟ ਦੇ ਹੁਕਮਾਂ ’ਤੇ ਬੀਬੀਐਮਬੀ ਹਰਿਆਣਾ ਨੂੰ ਪਾਣੀ ਛੱਡਣ ਦੀ ਤਿਆਰੀ ਵਿੱਚ ਸੀ, ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇਸ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ‘ਆਪ’ ਵਰਕਰ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਮਾਮਲੇ ਨੂੰ ਲੈ ਕੇ ਇੱਕ ਹਫਤੇ ਤੋਂ ਨੰਗਲ ਡੈਮ ਗੇਟਾਂ ਦੇ ਲਗਾਤਾਰ ਧਰਨੇ ’ਤੇ ਹਨ। ਇਨ੍ਹਾਂ ਧਰਨਿਆਂ ਦੀ ਅਗਵਾਈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕਰ ਰਹੇ ਹਨ। ਬੀਬੀਐਮਬੀ ਨੰਗਲ ਡੈਮ ਤੋਂ ਪਾਣੀ ਛੱਡਣ ਬਾਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ। ਮੁੱਖ ਮੰਤਰੀ ਆਪਣੇ ਸਾਰੇ ਰੁਝੇਵੇਂ ਛੱਡ ਕੇ ਨੰਗਲ ਡੈਮ ਪਹੁੰਚ ਗਏ, ਜਿੱਥੇ ਉਨ੍ਹਾਂ ਡੈਮ ਦੇ ਗੇਟਾਂ ਦਾ ਨਿਰੀਖਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਸਾਡਾ ਹੈ ਇਸ ਨੂੰ ਬਾਹਰ ਭੇਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਭਾਵੇਂ ਇਸ ਲਈ ਉਨ੍ਹਾਂ ਨੂੰ ਸਪਰੀਮ ਕੋਰਟ ਹੀ ਕਿਉਂ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਹ ਪਾਣੀ ਹੁਣ ਪੰਜਾਬ ਦੇ ਖੇਤਾਂ ਨੂੰ ਹੀ ਲੱਗੇਗਾ। ਮੁੱਖ ਮੰਤਰੀ ਨੇ ਉਨ੍ਹਾਂ ਕਿਸਾਨਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਹੁਣ ਪਾਣੀਆਂ ਦੇ ਰਾਖੇ ਕਿੱਥੇ ਹਨ ਜਿਹੜੇ ਏਸੀ ਟਰਾਲੀਆਂ ਵਿੱਚ ਜਾ ਕੇ ਧਰਨੇ ਲਾਉਂਦੇ ਸਨ। ਉਨ੍ਹਾਂ ਪਾਣੀਆਂ ਦੇ ਮੁੱਦੇ ’ਤੇ ਪੰਜਾਬੀਆਂ ਨੂੰ ਇੱਕ ਹੋਣ ਦਾ ਸੱਦਾ ਦਿੱਤਾ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.