Thursday, 18 June 2026

 

ਅਮਰੀਕੀ ਰਾਸ਼ਟਰਪਤੀ ਨੇ ਪੀਐਮ ਮੋਦੀ ਦੀ ਕੀਤੀ ਸ਼ਲਾਘਾ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲ ਕੀਤੀ ਅਤੇ ਯੂਕਰੇਨ ਲਈ ਉਨ੍ਹਾਂ ਦੇ ਸ਼ਾਂਤੀ ਦੇ ਸੰਦੇਸ਼ ਅਤੇ ਚੱਲ ਰਹੇ ਮਾਨਵਤਾਵਾਦੀ ਸਮਰਥਨ ਲਈ ਤਾਰੀਫ ਕੀਤੀ। ਪੀਐਮ ਮੋਦੀ ਦੀ 23 ਅਗਸਤ ਦੀ ਕੀਵ ਫੇਰੀ ਨੂੰ ਕੂਟਨੀਤਕ ਸੰਤੁਲਣ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਇਡਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਉਨ੍ਹਾਂ ਦੇ ਰੂਸ ਦੌਰੇ ਦੀ ਆਲੋਚਨਾ ਕੀਤੀ ਸੀ ਅਤੇ ਕਈ ਪੱਛਮੀ ਦੇਸ਼ਾਂ ਨੇ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਸੀ। ਬਾਇਡਨ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਹਾਲੀਆ ਪੋਲੈਂਡ ਅਤੇ ਯੂਕਰੇਨ ਦੀ ਯਾਤਰਾ ’ਤੇ ਚਰਚਾ ਕਰਨ ਲਈ ਫੋਨ ’ਤੇ ਗੱਲ ਕੀਤੀ ਅਤੇ ਯੂਕਰੇਨ ਲਈ ਸ਼ਾਂਤੀ ਅਤੇ ਮਨੁੱਖਤਾਵਾਦੀ ਸਮਰਥਨ ਦੇ ਉਨ੍ਹਾਂ ਦੇ ਸੰਦੇਸ਼ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਕਿਹਾ ਸੀ ਕਿ ਯੂਕਰੇਨ ਅਤੇ ਰੂਸ ਨੂੰ ਯੁੱਧ ਨੂੰ ਖਤਮ ਕਰਨ ਲਈ ਇਕੱਠੇ ਬੈਠਣਾ ਚਾਹੀਦਾ ਹੈ ਅਤੇ ਭਾਰਤ ਸ਼ਾਂਤੀ ਬਹਾਲ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ।   

 

 

ਰੇਲਵੇ ਲਾਈਨ ਅਤੇ ਪੁਲਿਸ ਸਟੇਸ਼ਨਾਂ ਨੂੰ ਵੀ ਬਣਾਇਆ ਗਿਆ ਨਿਸ਼ਾਨਾ

ਇਸਲਾਮਾਬਾਦ/ਬਿਊਰੋ ਨਿਊਜ਼  

ਪਾਕਿਸਤਾਨ ਵਿਚ ਲੰਘੇ ਐਤਵਾਰ ਦੀ ਰਾਤ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ 39 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨ ਮੀਡੀਆ ਦੇ ਮੁਤਾਬਕ ਬਲੂਚਿਸਤਾਨ ਵਿਚ ਹਮਲਾਵਰਾਂ ਨੇ ਹਾਈਵੇ, ਪੁਲਿਸ ਸਟੇਸ਼ਨਾਂ ਅਤੇ ਪਾਕਿਸਤਾਨ ਤੇ ਈਰਾਨ ਦੇ ਵਿਚਾਲੇ ਰੇਲਵੇ ਲਾਈਨ ਨੂੰ ਵੀ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਪਹਿਲਾਂ ਬਲੂਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ਵਿਚ ਇਕ ਹਾਈਵੇ ਨੂੰ ਬੰਦ ਕਰ ਦਿੱਤਾ ਸੀ। ਹਮਲਵਰਾਂ ਨੇ ਲੋਕਾਂ ਦੇ ਪਹਿਚਾਣ ਕਾਰਡ ਚੈਕ ਕਰਨ ਦੇ ਨਾਮ ’ਤੇ 23 ਵਿਅਕਤੀਆਂ ਨੂੰ ਇਕ-ਇਕ ਕਰਕੇ ਨਿਸ਼ਾਨਾ ਬਣਾਇਆ। ਮਰਨ ਵਾਲੇ ਇਹ ਸਾਰੇ ਮੁਸਾਫਿਰ ਦੱਸੇ ਗਏ ਹਨ। ਇਸ ਤੋਂ ਬਾਅਦ ਰੇਲ ਲਾਈਨ ’ਤੇ ਹੋਏ ਧਮਾਕੇ ਦੌਰਾਨ ਵੀ 6 ਵਿਅਕਤੀਆਂ ਦੀ ਮੌਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ’ਚ ਹੋਏ ਤਿੰਨ ਵੱਖ-ਵੱਖ ਹਮਲਿਆਂ ਵਿਚ 39 ਵਿਅਕਤੀਆਂ ਦੀ ਮੌਤ ਹੋਈ ਹੈ।  

 

ਕਮਲਾ ਹੈਰਿਸ ਨੇ ਖੁਦ ਨੂੰ ਟਰੰਪ ਨਾਲੋਂ ਬਿਹਤਰ ਦੱਸਿਆ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ’ਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣੀਆਂ ਹਨ। ਇਸਦੇ ਚੱਲਦਿਆਂ ਭਾਰਤਵੰਸ਼ੀ ਕਮਲਾ ਹੈਰਿਸ ਨੇ ਡੈਮੋਕਰੇਟਿਕ ਨੈਸ਼ਨਲ ਕਨਵੈਨਸ਼ਨ ਦੇ ਆਖਰੀ ਦਿਨ ਸ਼ਿਕਾਗੋ ਵਿਚ ਆਪਣੀ  ਉਮੀਦਵਾਰੀ ਨੂੰ ਅਧਿਕਾਰਤ ਤੌਰ ’ਤੇ ਸਵੀਕਾਰ ਕੀਤਾ। ਆਪਣੇ ਭਾਸ਼ਣ ਵਿਚ ਹੈਰਿਸ ਨੇ ਮੰਨਿਆ ਕਿ ਉਨ੍ਹਾਂ ਦੀ ਉਮੀਦਵਾਰੀ ਬਹੁਤ ਅਜੀਬੋ ਗਰੀਬ ਹਾਲਤ ਵਿਚ ਹੋਈ ਹੈ। ਕਮਲਾ ਹੈਰਿਸ ਨੇ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਡੋਨਾਲਡ ਟਰੰਪ ਦੇ ਮੁਕਾਬਲੇ ਬਿਹਤਰ ਉਮੀਦਵਾਰ ਹਨ। ਕਮਲਾ ਨੇ ਉਮੀਦਵਾਰੀ ਸਵੀਕਾਰ ਕਰਦੇ ਹੋਏ ਆਪਣਾ ਵਿਜ਼ਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀ ਜਨਤਾ ਦੇਸ਼ ਨੂੰ ਅੱਗੇ ਲਿਜਾਣ ਦੇ ਲਈ ਮੇਰੇ ’ਤੇ ਯਕੀਨ ਕਰ ਸਕਦੀ ਹੈ ਅਤੇ ਮੈਂ ਦੇਸ਼ ਨੂੰ ਜੋੜਨ ਵਾਲੀ ਰਾਸ਼ਟਰਪਤੀ ਬਣਾਂਗੀ। ਉਧਰ ਦੂਜੇ ਪਾਸੇ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਨੂੰ ਗੱਲਾਂ ਬਣਾਉਣ ਤੋਂ ਇਲਾਵਾ ਕੁਝ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਅਮਰੀਕੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਵਿਚ ਸਿੱਧਾ ਚੋਣ ਮੁਕਾਬਲਾ ਹੈ।  

 

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਜੇਲ੍ਹ ਵਿਚੋਂ ਭਰੀ ਨਾਮਜ਼ਦਗੀ

ਇਸਲਾਮਾਬਾਦ/ਬਿਊਰੋ ਨਿਊਜ਼ 

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਹੁਣ ਇਮਰਾਨ ਖਾਨ ਨੇ ਬਿ੍ਰਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਿਚ ਚਾਂਸਲਰ ਬਣਨ ਦੇ ਲਈ ਨਾਮਜ਼ਦਗੀ ਭਰ ਦਿੱਤੀ ਹੈ। ਇਸ ਸਬੰਧੀ ਇਮਰਾਨ ਖਾਨ ਦੇ ਸਲਾਹਕਾਰ ਸਈਅਦ ਜੁਲਿਫਕਾਰ ਬੁਖਾਰੀ ਨੇ ਸ਼ੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਹੈ। ਬੁਖਾਰੀ ਨੇ ਕਿਹਾ ਕਿ ਇਮਰਾਨ ਖਾਨ ਚੋਣ ਲੜਨ ਦੇ ਲਈ ਤਿਆਰ ਹੋ ਗਏ ਹਨ। ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਚਾਂਸਲਰ ਇਲੈਕਸ਼ਨ 2024 ਸਬੰਧੀ ਨਾਮਜ਼ਦਗੀ ਭਰ ਦਿੱਤੀ ਹੈ। ਇਹ ਚੋਣਾਂ 28 ਅਕਤੂਬਰ 2024 ਨੂੰ ਹੋਣੀਆਂ ਹਨ। ਧਿਆਨ ਰਹੇ ਕਿ ਆਕਸਫੋਰਡ ਦੇ 800 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਚਾਂਸਲਰ ਚੋਣਾਂ ਦੇ ਲਈ ਆਨਲਾਈਨ ਵੋਟਿੰਗ ਹੋਵੇਗੀ। ਇਮਰਾਨ ਖਾਨ ਆਕਸਫੋਰਡ ਯੂਨੀਵਰਸਿਟੀ ਵਿਚ ਹੀ ਪੜ੍ਹੇ ਹਨ ਅਤੇ ਉਨ੍ਹਾਂ ਨੇ 1972 ਵਿਚ ਆਕਸਫੋਰਡ ਯੂਨੀਵਰਸਿਟੀ ਦੇ ਕੇਬਲ ਕਾਲਜ ਵਿਚੋਂ ਇਕਨੌਮਿਕਸ ਵਿਚ ਡਿਗਰੀ ਹਾਸਲ ਕੀਤੀ ਸੀ। ਜ਼ਿਕਰਯੋਗ ਹੈ ਕਿ ਇਮਰਾਨ ਖਾਨ 2005 ਤੋਂ 2014 ਤੱਕ ਬਰੈਡਫੋਰਡ ਯੂਨੀਵਰਸਿਟੀ ਦੇ ਚਾਂਸਲਰ ਦੇ ਰੂਪ ਵਿਚ ਕੰਮ ਵੀ ਕਰ ਚੁੱਕੇ ਹਨ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.