Tuesday, 16 June 2026

ਪਹਿਲਾਂ ਇਜ਼ਰਾਈਲ ਨੇ ਈਰਾਨ ਦੇ ਮਿਲਟਰੀ ਟਿਕਾਣਿਆਂ ਨੂੰ ਬਣਾਇਆ ਸੀ ਨਿਸ਼ਾਨਾ

ਨਵੀਂ ਦਿੱਲੀ/ਬਿਊਰੋ ਨਿਊਜ਼  

ਈਰਾਨ ਨੇ ਇਜ਼ਰਾਈਲ ’ਤੇ ਜਵਾਬੀ ਹਮਲੇ ’ਚ 100 ਤੋਂ ਜ਼ਿਆਦਾ ਡਰੋਨ ਦਾਗੇ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਇਜ਼ਰਾਈਲ ਨੇ ਈਰਾਨ ’ਤੇ 200 ਫਾਈਟਰ ਜੈਟ ਨਾਲ ਹਮਲਾ ਕੀਤਾ ਸੀ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਜ਼ਰਾਈਲੀ ਫੌਜ ਨੇ ਤਹਿਰਾਨ ਦੇ ਨੇੜੇ-ਤੇੜੇ 6 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ 6 ਫੌਜੀ ਟਿਕਾਣਿਆਂ ਵਿਚੋਂ 4 ਥਾਵਾਂ ’ਤੇ ਪ੍ਰਮਾਣੂ ਟਿਕਾਣੇ ਵੀ ਮੌਜੂਦ ਹਨ। ਈਰਾਨ ਦੇ ਸਰਕਾਰੀ ਮੀਡੀਆ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲੀ ਹਮਲੇ ਵਿਚ ਇਸਲਾਮਿਕ ਰੈਵੋਲੂਸ਼ਰੀ ਗਾਰਡ ਕਾਰਪਸ ਦੇ ਕਮਾਂਡਰ ਹੁਸੈਨ ਸਲਾਮੀ ਦੀ ਮੌਤ ਹੋ ਗਈ ਹੈ। ਉਧਰ ਦੂਜੇ ਪਾਸੇ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਹਮਲੇ ਵਿਚ ਈਰਾਨ ਦੇ ਆਰਮੀ ਚੀਫ, ਫੌਜ ਦੇ ਵੱਡੇ ਅਧਿਕਾਰੀ ਅਤੇ ਕੁਝ ਸੀਨੀਅਰ ਪ੍ਰਮਾਣੂ ਵਿਗਿਆਨਕ ਵੀ ਮਾਰੇ ਗਏ ਹਨ। ਇਸਦੇ ਚੱਲਦਿਆਂ ਇਜ਼ਰਾਈਲ ਸਥਿਤ ਭਾਰਤੀ ਸਫਾਰਤਖਾਨੇ ਨੇ ਇਜ਼ਰਾਈਲ ਵਿਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਚੌਕਸੀ ਵਰਤਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਦੋਵਾਂ ਵਿਚਾਲੇ ਪਿਛਲੇ ਦਿਨਾਂ ਤੋਂ ਚੱਲ ਰਹੀ ਸੀ ਨਰਾਜ਼ਗੀ

ਵਾਸ਼ਿੰਗਟਨ/ਬਿਊਰੋ ਨਿਊਜ਼ 

ਟੇਸਲਾ ਚੀਫ ਐਲੋਨ ਮਸਕ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਲੋਂ ਮੁਆਫੀ ਮੰਗ ਲਈ ਹੈ। ਸ਼ੋਸ਼ਲ ਮੀਡੀਆ ਪੋਸਟ ਵਿਚ ਮਸਕ ਨੇ ਆਪਣੀ ਗਲਤੀ ਮੰਨੀ ਹੈ ਅਤੇ ਮਸਕ ਨੇ ਇਸ ਨੂੰ ਲੈ ਕੇ ‘ਐਕਸ’ ਉਤੇ ਪੋਸਟ ਕੀਤਾ ਹੈ। ਮਸਕ ਨੇ ਇਸ ਤੋਂ ਪਹਿਲਾਂ ਟਰੰਪ ਦੇ ਖਿਲਾਫ ਪਾਈ ਗਈ ਆਪਣੀ ਪੁਰਾਣੀ ਪੋਸਟ ਨੂੰ ਹਟਾ ਦਿੱਤਾ ਹੈ। ਉਸ ਪੋਸਟ ਵਿਚ ਟਰੰਪ ਦਾ ਰਿਸ਼ਤਾ ਇਕ ਯੌਨ ਅਪਰਾਧੀ ਨਾਲ ਜੋੜਿਆ ਗਿਆ ਸੀ। ਇਸ ਤੋਂ ਪਹਿਲਾਂ ਟਰੰਪ ਅਤੇ ਮਸਕ ਵਿਚਾਲੇ ‘ਬਿੱਗ ਬਿਊਟੀਫੁਲ ਬਿੱਲ’ ਨੂੰ ਲੈ ਕੇ ਬਹਿਸ ਉਦੋਂ ਸ਼ੁਰੂ ਹੋਈ ਸੀ, ਜਦ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਸਕ ਨੂੰ ਲੈ ਕੇ ਨਰਾਜ਼ਗੀ ਜਤਾਈ ਸੀ। ਇਸੇ ਦੌਰਾਨ ਡੋਨਾਲਡ ਟਰੰਪ ਨੇ ਲੰਘੀ 7 ਜੂਨ ਨੂੰ ਕਿਹਾ ਸੀ ਕਿ ਉਸਦਾ ਐਲੋਨ ਮਸਕ ਨਾਲ ਰਿਸ਼ਤਾ ਖਤਮ ਹੋ ਗਿਆ ਹੈ।   

 

ਟਰੰਪ ਨੇ ਕਿਹਾ : ਸੁਰੱਖਿਆ ਬਲ ਪੂਰੀ ਤਾਕਤ ਨਾਲ ਨਿਪਟ ਲੈਣਗੇ

ਵਾਸ਼ਿੰਗਟਨ/ਬਿਊਰੋ ਨਿਊਜ਼    

ਅਮਰੀਕਾ ਦੇ 12 ਸੂਬਿਆਂ ਦੇ 25 ਸ਼ਹਿਰਾਂ ਵਿਚ 5 ਦਿਨਾਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਹ ਰੋਸ ਪ੍ਰਦਰਸ਼ਨ ਗੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਦੇ ਟਰੰਪ ਪ੍ਰਸ਼ਾਸ਼ਨ ਦੇ ਫੈਸਲੇ ਖਿਲਾਫ ਹੋ ਰਹੇ ਹਨ। ਇਸਦੇ ਚੱਲਦਿਆਂ ਲਾਸ ਏਂਜਲਸ ਵਿਚ ਲੰਘੇ 5 ਦਿਨਾਂ ਤੋਂ ਜਾਰੀ ਰੋਸ ਪ੍ਰਦਰਸ਼ਨ ਕਾਰਨ ਸ਼ਾਮ 6 ਵਜੇ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਲਾਸ ਏਂਜਲਸ ਦੀ ਮੇਅਰ ਕੈਰਨ ਬੈਸ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਸਾਨ ਫਰਾਂਸਿਸਕੋ, ਡਲਾਸ, ਆਸਟਿਨ, ਟੈਕਸਾਸ ਅਤੇ ਨਿਊਯਾਰਕ ਜਿਹੇ ਸ਼ਹਿਰਾਂ ਵਿਚ ਵੀ ਰੋਸ ਪ੍ਰਦਰਸ਼ਨ ਹੋ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲਾਤ ’ਤੇ ਕਾਬੂ ਕਰਨ ਲਈ ਲਾਸ ਏਂਜਲਸ ਵਿਚ 4 ਹਜ਼ਾਰ ਨੈਸ਼ਨਲ ਗਾਰਡ ਤੋਂ ਇਲਾਵਾ 700 ਮਰੀਨ ਕਮਾਂਡੋਜ਼ ਨੂੰ ਵੀ ਤੈਨਾਤ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਅਜਿਹੀ ਸਥਿਤੀ ਨਾਲ ਸਾਡੇ ਸੁਰੱਖਿਆ ਬਲ ਪੂਰੀ ਤਾਕਤ ਨਾਲ ਨਿਪਟ ਲੈਣਗੇ। 

 

 

ਨਵੀਂ ਦਿੱਲੀ/ਬਿਊਰੋ ਨਿਊਜ਼  

ਆਸਟਰੀਆ ਦੇ ਗ੍ਰਾਜ ਸ਼ਹਿਰ ਵਿਚ ਅੱਜ ਮੰਗਲਵਾਰ ਸਵੇਰੇ ਇਕ ਹਾਈ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਗੋਲੀਬਾਰੀ ਦੀ ਘਟਨਾ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਪੁਲਿਸ ਨੇ ਇਸ ਇਲਾਕੇ ਵਿਚ ਵੱਡਾ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਇਥੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਆਸਟਰੀਆ ਦੇ ਮੀਡੀਆ ਦੀ ਰਿਪੋਰਟ ਮੁਤਾਬਕ, ਸਵੇਰੇ ਕਰੀਬ 10 ਵਜੇ ਸਕੂਲ ਦੇ ਅੰਦਰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਇਸ ਤੋਂ ਤੁਰੰਤ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ। ਮੀਡੀਆ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਵਿਚ ਕਈ ਵਿਦਿਆਰਥੀ ਅਤੇ ਅਧਿਆਪਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਸ਼ੱਕੀ ਹਮਲਾਵਰ ਸ਼ਾਇਦ ਉਸੇ ਸਕੂਲ ਦਾ ਵਿਦਿਆਰਥੀ ਸੀ ਅਤੇ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਧਿਆਨ ਰਹੇ ਕਿ ਗ੍ਰਾਜ ਆਸਟਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ, ਜੋ ਦੇਸ਼ ਦੇ ਦੱਖਣ ਪੂਰਬ ਵਿਚ ਸਥਿਤ ਹੈ।    

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.