Tuesday, 16 June 2026

ਮੋਦੀ ਨੇ ਕਿਹਾ : ਜੰਗਬੰਦੀ ਪਾਕਿਸਤਾਨ ਦੇ ਕਹਿਣ ’ਤੇ ਹੋਈ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਇਹ ਗੱਲਬਾਤ ਕਰੀਬ 35 ਮਿੰਟ ਹੋਈ ਹੈ। ਇਸ ਦੌਰਾਨ ਅੱਤਵਾਦ ਵਿਰੁੱਧ ਭਾਰਤ ਦੀ ਲੜਾਈ ਅਤੇ ਅਪਰੇਸ਼ਨ ਸੰਦੂਰ ’ਤੇ ਚਰਚਾ ਹੋਈ ਹੈ। ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਅਤੇ ਨਾ ਹੀ ਉਹ ਕਦੇ ਅਜਿਹਾ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਚੱਲਦਿਆਂ ਜੰਗਬੰਦੀ ਪਾਕਿਸਤਾਨ ਦੇ ਕਹਿਣ ’ਤੇ ਹੋਈ ਸੀ। ਧਿਆਨ ਰਹੇ ਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਡੋਨਾਲਡ ਟਰੰਪ ਦੇ ਕਹਿਣ ’ਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗਬੰਦੀ ਹੋਈ ਸੀ।  ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਡੋਨਾਲਡ ਟਰੰਪ ਦੀ ਜੀ-7 ਸੰਮੇਲਨ ਦੇ ਮੌਕੇ ’ਤੇ ਕੈਨੇਡਾ ’ਚ ਮੁਲਾਕਾਤ ਹੋਣੀ ਸੀ, ਪਰ ਰਾਸ਼ਟਰਪਤੀ ਟਰੰਪ ਨੂੰ ਅਮਰੀਕਾ ਵਾਪਸ ਜਾਣਾ ਪਿਆ, ਜਿਸ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ ਸੀ। ਇਸ ਤੋਂ ਬਾਅਦ ਮੋਦੀ ਅਤੇ ਟਰੰਪ ਵਿਚਾਲੇ ਫੋਨ ’ਤੇ ਗੱਲ ਹੋਈ ਹੈ। 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੀ-7 ਸੰਮੇਲਨ ਲਈ ਕੈਨੇਡਾ ਪਹੁੰਚੇ ਸਨ। ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਟਕਰਾਅ ਕਾਰਨ, ਟਰੰਪ ਹੁਣ ਇਕ ਦਿਨ ਪਹਿਲਾਂ ਹੀ ਵਾਪਸ ਚਲੇ ਗਏ ਹਨ। ਟਰੰਪ ਨੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਅਤੇ ਪੱਛਮੀ ਏਸ਼ੀਆ ਵਿਚ ਉਨ੍ਹਾਂ ਦੇ ਵਿਸ਼ੇਸ਼ ਪ੍ਰਤੀਨਿਧੀ ਸਟੀਵ ਵਿਟਕੌਫ ਨੂੰ ਈਰਾਨ ਨਾਲ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਦਾ ਮੰਨਣਾ ਹੈ ਕਿ ਈਰਾਨ ਗੱਲਬਾਤ ਲਈ ਤਿਆਰ ਹੋਵੇਗਾ। ਇਹ ਜਾਣਕਾਰੀ ਵਾਈਟ ਹਾਊਸ ਵਲੋਂ ਸਾਂਝੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਈਰਾਨ ਨੂੰ ਪ੍ਰਮਾਣੂ ਸਮਝੌਤੇ ’ਤੇ ਦਸਤਖਤ ਕਰਨੇ ਚਾਹੀਦੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਮੈਂ ਇਹ ਵਾਰ-ਵਾਰ ਕਿਹਾ ਹੈ ਕਿ ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ। 

 

ਨਵੀਂ ਦਿੱਲੀ/ਬਿਊਰੋ ਨਿਊਜ਼   

ਇਜਰਾਈਲ ਅਤੇ ਈਰਾਨ ਵਿਚਾਲੇ ਪੰਜਵੇਂ ਦਿਨ ਵੀ ਸੰਘਰਸ਼ ਜਾਰੀ ਰਿਹਾ। ਇਸ ਦੌਰਾਨ ਈਰਾਨ ’ਚ ਸਥਿਤ ਭਾਰਤੀ ਦੂਤਾਵਾਸ ਨੇ ਤਹਿਰਾਨ ’ਚ ਰਹਿ ਰਹੇ ਲੋਕਾਂ ਨੂੰ, ਉਥੋਂ ਬਾਹਰ ਨਿਕਲਣ ਅਤੇ ਕਿਸੇ ਸੁਰੱਖਿਅਤ ਜਗ੍ਹਾ ’ਤੇ ਚਲੇ ਜਾਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਤਹਿਰਾਨ ’ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਸ਼ਹਿਰ ਖਾਲੀ ਕਰਨ ਦੀ ਚਿਤਾਵਨੀ ਜਾਰੀ ਕੀਤੀ ਸੀ। ਇਜਰਾਈਲ ਨੇ ਤਹਿਰਾਨ ’ਤੇ ਲੰਘੀ ਰਾਤ ਨੂੰ ਕਈ ਵਾਰ ਏਅਰ ਸਟਰਾਈਕ ਕੀਤੀ। ਇਸੇ ਦੌਰਾਨ ਈਰਾਨ ਨੇ ਵੀ ਇਜਰਾਈਲ ਦੀ ਰਾਜਧਾਨੀ ਤੇਲ ਅਵੀਵ ਅਤੇ ਹਾਈਫਾ ’ਤੇ ਬੰਬਾਰੀ ਕੀਤੀ ਹੈ। ਇਜਰਾਈਲੀ ਹਮਲਿਆਂ ਵਿਚ 224 ਈਰਾਨੀ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ 1500 ਦੇ ਕਰੀਬ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਇਸੇ ਤਰ੍ਹਾਂ ਇਜ਼ਰਾਈਲ ਵਿਚ ਵੀ ਹੁਣ ਤੱਕ 24 ਵਿਅਕਤੀਆਂ ਦੀ ਜਾਨ ਗਈ ਹੈ ਅਤੇ 600 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹਨ।

ਇਜਰਾਈਲ ਨਾਲ ਟਕਰਾਅ ਦੇ ਚੱਲਦਿਆਂ 1500 ਵਿਦਿਆਰਥੀ ਫਸੇ

ਨਵੀਂ ਦਿੱਲੀ/ਬਿਊਰੋ ਨਿਊਜ਼   

ਇਜਰਾਈਲ ਤੋਂ ਲਗਾਤਾਰ ਚੌਥੇ ਦਿਨ ਜਾਰੀ ਲੜਾਈ ਦੌਰਾਨ ਈਰਾਨ ਨੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਇਜ਼ਾਜਤ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਆਪਣੇ ਵਿਦਿਆਰਥੀਆਂ ਨੂੰ ਈਰਾਨ ’ਚੋਂ ਵਾਪਸ ਲਿਆਉਣ ਲਈ ਈਰਾਨ ਵਿਚ ਆਰਮੀਨੀਆ ਦੇ ਰਾਜਦੂਤ ਨਾਲ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਵਿਚ 1500 ਵਿਦਿਆਰਥੀਆਂ ਸਣੇ ਕਰੀਬ 10 ਹਜ਼ਾਰ ਭਾਰਤੀ ਫਸੇ ਹੋਏ ਹਨ। ਈਰਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਮੌਜੂੁਦਾ ਹਾਲਾਤ ਦੌਰਾਨ ਦੇਸ਼ ਦੇ ਏਅਰਪੋਰਟ ਭਾਵੇਂ ਬੰਦ ਹਨ, ਪਰ ਲੈਂਡ  ਬਾਰਡਰਜ਼ ਖੁੱਲ੍ਹੇ ਹਨ। ਉਧਰ ਦੂਜੇ ਪਾਸੇ ਈਰਾਨੀ ਫੌਜ ਨੇ ਸੈਂਟਰਲ ਇਜ਼ਰਾਈਲ ਵਿਚ ਕਈ ਥਾਵਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਸ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਜ਼ਿਆਦਾ ਜ਼ਖ਼ਮੀ ਵੀ ਹੋ ਗਏ ਹਨ।  

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.