Tuesday, 16 June 2026

ਇਮਰਾਨ ਖਾਨ ਨਾਲ ਮਿਲਣ ਦੀ ਮੰਗ ਕਰ ਰਹੀ ਹੈ ਉਸਦੀ ਪਾਰਟੀ

ਇਸਮਾਲਾਬਾਦ/ਬਿਊਰੋ ਨਿਊਜ਼ 

ਪਾਕਿਸਤਾਨ ਸਰਕਾਰ ਨੇ ਰਾਵਲਪਿੰਡੀ ਵਿਚ ਧਾਰਾ 144 ਲਗਾ ਦਿੱਤੀ ਹੈ। ਇਹ ਫੈਸਲਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਸਬੰਧੀ ਉਡ ਰਹੀਆਂ ਅਫਵਾਹਾਂ ਅਤੇ ਦੇਸ਼ ਵਿਚ ਅਸ਼ਾਂਤੀ ਫੈਲਣ ਦੇ ਡਰ ਤੋਂ ਲਿਆ ਗਿਆ ਹੈ। ਇਸਦੇ ਚੱਲਦਿਆਂ ਭਲਕੇ 3 ਦਸੰਬਰ ਤੱਕ ਕੋਈ ਵੀ ਜਨਤਕ ਇਕੱਠ, ਰੈਲੀ, ਧਰਨਾ ਪ੍ਰਦਰਸ਼ਨ ਕਰਨ ਅਤੇ ਪੰਜ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਡਾ. ਹਸਨ ਵਕਾਰ ਨੇ ਇਸ ਨੂੰ ਲੈ ਕੇ ਇਕ ਨਿਰਦੇਸ਼ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਫਰਤ ਭਰੇ ਭਾਸ਼ਣ ਦੇਣਾ, ਪੁਲਿਸ ਦੀ ਬੈਰੀਕੇਡਿੰਗ ਹਟਾਉਣ ਦੀ ਕੋਸ਼ਿਸ਼ ਕਰਨਾ ਅਤੇ ਲਾਊਡ ਸਪੀਕਰ ਦੇ ਇਸਤੇਮਾਲ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਧਿਆਨ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਹਨ। 

 

ਬਿ੍ਰਟਿਸ਼ ਸੰਸਦ ਮੈਂਬਰ ਰਹੀ ਭਾਣਜੀ ਅਤੇ ਛੋਟੀ ਭੈਣ ਨੂੰ ਵੀ ਜੇਲ੍ਹ

ਢਾਕਾ/ਬਿਊਰੋ ਨਿਊਜ਼

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜ਼ਮੀਨ ’ਤੇ ਕਬਜ਼ਾ ਕਰਨ ਦੇ ਮਾਮਲੇ ਵਿਚ ਕੁੱਲ 26 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਢਾਕਾ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸੋਮਵਾਰ ਨੂੰ ਪੁਰਵਾਂਚਲ ਨਿਊ ਟਾਊਨ ਪ੍ਰੋਜੈਕਟ ’ਚ ਪਲਾਟ ਵੰਡਣ ਵਿਚ ਗੜਬੜੀ ਦੇ ਮਾਮਲੇ ਵਿਚ ਹਸੀਨਾ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਬੰਗਲਾਦੇਸ਼ ਦੇ ਐਂਟੀ ਕਰੱਪਸ਼ਨ ਕਮਿਸ਼ਨ ਨੇ ਜਨਵਰੀ ਮਹੀਨੇ ਵਿਚ ਇਸ ਮਾਮਲੇ ਦੌਰਾਨ ਹਸੀਨਾ ਦੇ ਖਿਲਾਫ 6 ਮਾਮਲੇ ਦਰਜ ਕੀਤੇ ਸਨ। ਦੱਸਣਯੋਗ ਹੈ ਕਿ ਇਹ ਚੌਥਾ ਮਾਮਲਾ ਹੈ, ਜਿਸ ਵਿਚ ਹਸੀਨਾ ਨੂੰ ਸਜ਼ਾ ਸੁਣਵਾਈ ਗਈ ਹੈ। ਇਸ ਤੋਂ ਪਹਿਲਾਂ ਸ਼ੇਖ ਹਸੀਨਾ ਨੂੰ 3 ਮਾਮਲਿਆਂ ਵਿਚ 21 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹਸੀਨਾ ਤੋਂ ਇਲਾਵਾ ਉਨ੍ਹਾਂ ਦੀ ਛੋਟੀ ਭੈਣ ਸ਼ੇਖ ਰੇਹਾਨਾ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸੇ ਤਰ੍ਹਾਂ ਸ਼ੇਖ ਹਸੀਨਾ ਦੀ ਭਾਣਜੀ, ਜਿਹੜੀ ਬਿ੍ਰਟਿਸ਼ ਵਿਚ ਸੰਸਦ ਮੈਂਬਰ ਰਹਿ ਚੁੱਕੀ ਹੈ, ਉਸ ਨੂੰ ਵੀ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਫਿਲਹਾਲ ਇਹ ਤਿੰਨੋਂ ਦੋਸ਼ੀ ਬੰਗਲਾਦੇਸ਼ ਤੋਂ ਫਰਾਰ ਹਨ। ਸ਼ੇਖ ਹਸੀਨਾ 5 ਅਗਸਤ 2024 ਨੂੰ ਤਖਤਾ ਪਲਟ ਤੋਂ ਬਾਅਦ ਅਸਤੀਫਾ ਦੇ ਕੇ ਭਾਰਤ ਪਹੰੁਚ ਗਈ ਸੀ।  

ਟੈਸਲਾ ਦੇ ਸੀਈਓ ਹਨ ਮਸਕ 

ਵਾਸ਼ਿੰਗਟਨ/ਬਿਊਰੋ ਨਿਊਜ਼

ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੂੰ ਹੁਨਰਮੰਦ ਭਾਰਤੀਆਂ ਤੋਂ ਬਹੁਤ ਲਾਭ ਹੋਇਆ ਹੈ। ਇਮੀਗਰੇਸ਼ਨ ਨੀਤੀਆਂ ਅਤੇ ਆਲਮੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਮਹੱਤਤਾ ਬਾਰੇ ਚੱਲ ਰਹੀਆਂ ਚਰਚਾਵਾਂ ਦੌਰਾਨ, ਮਸਕ ਨੇ ਸੰਯੁਕਤ ਰਾਜ ਅਮਰੀਕਾ ਵਿਚ ਭਾਰਤੀ ਪ੍ਰਤਿਭਾ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ ਹੈ। ਇਕ ਇੰਟਰਵਿਊ ਵਿਚ ਮਸਕ ਨੇ ਇਮੀਗਰੇਸ਼ਨ ਨੀਤੀਆਂ ਬਾਰੇ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਕਈ ਵਿਅਕਤੀਆਂ ਨੇ ਅਮਰੀਕੀ ਅਰਥ ਵਿਵਸਥਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਿਸ ਨਾਲ ਵਿਕਾਸ ਨੂੰ ਹੁਲਾਰਾ ਮਿਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਸਕ ਨੇ ਇਮੀਗਰੇਸ਼ਨ ਨੀਤੀਆਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਪ੍ਰਸ਼ਾਸਨ ਦੀ ਸਰਹੱਦੀ ਨਿਯੰਤਰਣ ਦੀ ਘਾਟ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਖੁੱਲ੍ਹੀਆਂ ਸਰਹੱਦਾਂ ਨੁਕਸਾਨਦੇਹ ਸਨ ਕਿਉਂਕਿ ਉਨ੍ਹਾਂ ਨੇ ਅਪਰਾਧੀਆਂ ਨੂੰ ਵੀ ਅਮਰੀਕਾ ਵਿਚ ਦਾਖਲ ਹੋਣ ਦੀ ਇਜ਼ਾਜਤ ਦਿੱਤੀ ਸੀ। 

 

ਕਿਹਾ : ਅਮਰੀਕਾ ਨਾਲ ਪਿਆਰ ਨਾ ਕਰਨ ਵਾਲਿਆਂ ਨੂੰ ਵੀ ਕੱਢਾਂਗਾ ਬਾਹਰ

ਵਾਸ਼ਿੰਗਟਨ/ਬਿਊਰੋ ਨਿਊਜ਼  

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਸਾਰੇ ਜ਼ੋਖਮ ਭਰੇ ਦੇਸ਼ਾਂ ਤੋਂ ਇਮੀਗਰੇਸ਼ਨ ਨੂੰ ਹਮੇਸ਼ਾ ਦੇ ਲਈ ਰੋਕ ਦੇਣਗੇ। ਉਨ੍ਹਾਂ ਕਿਹਾ ਕਿ ਜਿਹੜੇ ਵਿਦੇਸ਼ੀ ਨਾਗਰਿਕ ਸੁਰੱਖਿਆ ਲਈ ਖਤਰਾ ਹਨ, ਉਨ੍ਹਾਂ ਨੂੰ ਵੀ ਅਮਰੀਕਾ ਵਿਚੋਂ ਕੱਢ ਦਿਆਂਗੇ। ਟਰੰਪ ਨੇ ਕਿਹਾ ਕਿ ਜੋ ਲੋਕ ਅਮਰੀਕਾ ਦੇ ਲਈ ਫਾਇਦੇਮੰਦ ਨਹੀਂ ਹਨ ਜਾਂ ਜੋ ਲੋਕ ਸਾਡੇ ਦੇਸ਼ ਨਾਲ ਸੱਚਾ ਪਿਆਰ ਨਹੀਂ ਕਰਦੇ, ਉਨ੍ਹਾਂ ਨੂੰ ਵੀ ਬਾਹਰ ਕੱਢਿਆ ਜਾਵੇਗਾ। ਟਰੰਪ ਦਾ ਇਹ ਬਿਆਨ ਇਕ ਅਫਗਾਨ ਨਾਗਰਿਕ ਵਲੋਂ ਨੈਸ਼ਨਲ ਗਾਰਡ ਮੈਂਬਰ ਦੀ ਹੱਤਿਆ ਤੋਂ ਬਾਅਦ ਆਇਆ ਹੈ। ਇਸ ਉਪਰੰਤ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਮੀਗਰੇਸ਼ਨ ’ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਡੀਸੀ ਵਿਚ ਹੋਈ ਗੋਲੀਬਾਰੀ ਦੇ ਮੱਦੇਨਜ਼ਰ 19 ਚਿੰਤਾਜਨਕ ਦੇਸ਼ਾਂ ਦੇ ਪਰਵਾਸੀਆਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ਵਿਆਪਕ ਸਮੀਖਿਆ ਦਾ ਐਲਾਨ ਕੀਤਾ ਹੈ। ਇਸਦੇ ਚੱਲਦਿਆਂ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ ਦੇ ਡਾਇਰੈਕਟਰ ਜੋਸਫ ਐਡਲੋ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਦੇ ਪਰਵਾਸੀਆਂ ਨੂੰ ਜਾਰੀ ਕੀਤੇ ਗਏ ਹਰੇਕ ਗ੍ਰੀਨ ਕਾਰਡ ਦੀ ਪੂਰੇ ਪੈਮਾਨੇ ’ਤੇ ਸਖਤ ਜਾਂਚ ਦਾ ਆਦੇਸ਼ ਦਿੱਤਾ ਹੈ। 

 

 

 

 

  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.