Tuesday, 16 June 2026

ਟਰੰਪ ਨੇ ਭਾਰਤ ’ਤੇ ਵਾਧੂ ਟੈਕਸ ਲਗਾਉਣ ਦੀ ਦਿੱਤੀ ਚਿਤਾਵਨੀ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਤੋਂ ਆਉਣ ਵਾਲੇ ਚਾਵਲ ਅਤੇ ਕੈਨੇਡਾ ਤੋਂ ਆਉਣ ਵਾਲੀ ਖਾਦ ’ਤੇ ਵਾਧੂ ਟੈਕਸ ਲਗਾਉਣ ’ਤੇ ਵਿਚਾਰ ਕਰ ਰਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲਾ ਸਸਤਾ ਸਮਾਨ ਅਮਰੀਕੀ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਟਰੰਪ ਨੇ ਇਹ ਗੱਲ ਵਾਈਟ ਹਾਊਸ ਵਿਚ ਉਸ ਸਮੇਂ ਕਹੀ, ਜਦੋਂ ਉਹ ਕਿਸਾਨਾਂ ਦੇ ਲਈ ਨਵੀਂ ਆਰਥਿਕ ਮੱਦਦ ਦਾ ਐਲਾਨ ਕਰ ਰਹੇ ਸਨ। ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ, ਵੀਅਤਨਾਮ ਅਤੇ ਥਾਈਲੈਂਡ ਵਰਗੇ ਦੇਸ਼ ਅਮਰੀਕਾ ਤੋਂ ਬਹੁਤ ਸਸਤਾ ਚਾਵਲ ਵੇਚ ਰਹੇ ਹਨ, ਜਿਸ ਨਾਲ ਅਮਰੀਕਾ ਦੇ ਕਿਸਾਨਾਂ ਨੂੰ ਘੱਟ ਕਮਾਈ ਹੋ ਰਹੀ ਹੈ। ਟਰੰਪ ਨੇ ਇਸ ਨੂੰ ‘ਡੰਪਿੰਗ’ ਦੱਸਿਆ ਅਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਵਿੱਤ ਮੰਤਰੀ ਸਕੌਟ ਬੇਸੈਂਟ ਕੋਲੋਂ ਪੁੱਛਿਆ ਕਿ ਕੀ ਭਾਰਤ ਨੂੰ ਚਾਵਲ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਛੋਟ ਮਿਲੀ ਹੋਈ ਹੈ ਤਾਂ ਮੰਤਰੀ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ ’ਤੇ ਅਜੇ ਗੱਲਬਾਤ ਚੱਲ ਰਹੀ ਹੈ। 

ਚੰਡੀਗੜ੍ਹ/ਬਿਊਰੋ ਨਿਊਜ਼  
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਵਿਦੇਸ਼ ਦੌਰੇ ਦੌਰਾਨ ਦੱਖਣੀ ਕੋਰੀਆ ਵਿਚ ਹਨ। ਇਸ ਦੌਰਾਨ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਇਆ ਹੈ। ਜਿਸ ਵਿਚ ਮੁੱਖ ਮੰਤਰੀ ਮਾਨ ਇਕ ਕੋਰੀਅਨ ਲੜਕੀ ਨਾਲ ਮੁਲਾਕਾਤ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਇਹ ਲੜਕੀ ਬਹੁਤ ਚੰਗੇ ਤਰੀਕੇ ਨਾਲ ਪੰਜਾਬੀ ਭਾਸ਼ਾ ਬੋਲਦੇ ਹੋਏ ਮੁੱਖ ਮੰਤਰੀ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਇਹ ਲੜਕੀ ਹੱਸਦੇ ਹੋਏ ਕਹਿ ਰਹੀ ਹੈ ਕਿ ਤੁਹਾਨੂੰ ਮਿਲ ਕੇ ਚੰਗਾ ਲੱਗਾ ਅਤੇ ਪਹਿਲੀ ਵਾਰ ਕਿਸੇ ਪੰਜਾਬੀ ਮੁੱਖ ਮੰਤਰੀ ਨਾਲ ਮਿਲ ਰਹੀ ਹਾਂ। ਭਗਵੰਤ ਮਾਨ ਨੇ ਵੀ ਗੱਲਬਾਤ ਵਿਚ ਰੁਚੀ ਦਿਖਾਉਂਦੇ ਹੋਏ ਪੁੱਛਿਆ ਕਿ ਤੁਸੀਂ ਪੰਜਾਬੀ ਕਿਥੋਂ ਸਿੱਖੀ ਹੈ। ਇਸ ’ਤੇ ਇਹ ਕੋਰੀਅਨ ਲੜਕੀ ਨੇ ਕਿਹਾ ਕਿ ਉਸ ਨੇ ਪੰਜਾਬੀ ਆਪਣੇ ਸੁਸਰਾਲ ਵਾਲਿਆਂ ਕੋਲੋਂ ਸਿੱਖੀ ਹੈ, ਜੋ ਮੂਲ ਰੁੂਪ ਵਿਚ ਪੰਜਾਬ ਤੋਂ ਹਨ। ਉਸ ਨੇ ਇਹ ਵੀ ਦੱਸਿਆ ਕਿ ਪਰਿਵਾਰ ਵਿਚ ਸਾਰੇ ਮੈਂਬਰ ਪੰਜਾਬੀ ਬੋਲਦੇ ਹਨ। ਇਹ ਗੱਲਾਂ ਸੁਣ ਕੇ ਸੀਐਮ ਮਾਨ ਵੀ ਹੈਰਾਨ ਰਹਿ ਗਏ।

ਨਵੀਂ ਦਿੱਲੀ/ਬਿਊਰੋ ਨਿਊਜ਼
ਸਰਦ ਰੁੱਤ ਇਜਲਾਸ ਦੌਰਾਨ ਅੱਜ ਇੰਡੀਗੋ ਦੇ ਸੰਚਾਲਣ ਸੰਕਟ ਦਾ ਮੁੱਦਾ ਉਠਾਇਆ ਗਿਆ। ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਇੰਡੀਗੋ ਦੇ ਸੰਚਾਲਣ ਵਿਚ ਵਿਘਨ ਕਾਰਨ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਸੰਸਦ ਦੇ ਫਲੋਰ ਤੋਂ ਦੱਸਣਾ ਚਾਹੀਦਾ ਹੈ ਕਿ ਉਹ ਸੰਕਟ ਨੂੰ ਹੱਲ ਕਰਨ ਲਈ ਕੀ ਕਦਮ ਚੁੱਕ ਰਹੀ ਹੈ। ਪ੍ਰਸ਼ਨ ਕਾਲ ਖਤਮ ਹੋਣ ਤੋਂ ਤੁਰੰਤ ਬਾਅਦ ਇੰਡੀਗੋ ਦਾ ਮੁੱਦਾ ਉਠਾਉਂਦੇ ਹੋਏ, ਗੋਗੋਈ ਨੇ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਹਵਾਬਾਜ਼ੀ ਮੰਤਰਾਲਾ ਸੰਕਟ ਨੂੰ ਹੱਲ ਕਰਨ ਲਈ ਕੀ ਉਪਾਅ ਕਰ ਰਿਹਾ ਹੈ। ਇਸੇ ਦੌਰਾਨ ਸਪੀਕਰ ਓਮ ਬਿਰਲਾ ਨੇ ਗੋਗੋਈ ਨੂੰ ਭਰੋਸਾ ਦਿੱਤਾ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸਦਨ ਵਿਚ ਆਉਣਗੇ ਅਤੇ ਸਵਾਲ ਦਾ ਜਵਾਬ ਦੇਣਗੇ। ਜ਼ਿਕਰਯੋਗ ਹੈ ਕਿ ਇੰਡੀਗੋ ਵਿਚ ਚੱਲ ਰਿਹਾ ਸੰਕਟ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਇਸਦੇ ਚੱਲਦਿਆਂ ਵੱਖ-ਵੱਖ ਹਵਾਈ ਅੱਡਿਆਂ ’ਤੇ ਇੰਡੀਗੋ ਦੀਆਂ ਕਈ ਉਡਾਣਾਂ ਰੱਦ ਹੋਈਆਂ ਹਨ।  

ਪੀਐਮ ਮੋਦੀ ਨੇ ਕਿਹਾ : ਭਾਰਤ ਸ਼ਾਂਤੀ ਦੀ ਹਰ ਕੋਸ਼ਿਸ਼ ਦਾ ਕਰਦਾ ਹੈ ਸਮਰਥਨ

ਨਵੀਂ ਦਿੱਲੀ/ਬਿਊਰੋ ਨਿਊੁਜ਼  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੌਰੇ ’ਤੇ ਪਹੁੰਚੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਚ ਮੁਲਾਕਾਤ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਨੂੰ ਇਕ ਵਾਰ ਫਿਰ ਸ਼ਾਂਤੀ ਦੀ ਜ਼ਰੂਰਤ ਹੈ ਅਤੇ ਭਾਰਤ ਸ਼ਾਂਤੀ ਦੀ ਹਰ ਕੋਸ਼ਿਸ਼ ਦਾ ਸਮਰਥਨ ਕਰਦਾ ਹੈ। ਇਸੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਵੀ ਸ਼ਾਂਤੀ ਦੇ ਪੱਖ ਵਿਚ ਹੈ। ਭਾਰਤ ਦੌਰੇ ’ਤੇ ਪਹੁੰਚੇ ਪੂਤਿਨ ਦਾ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਚ 21 ਤੋਪਾਂ ਦੀ ਸਲਾਮੀ ਨਾਲ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.