Tuesday, 16 June 2026

ਪੀਐਮ ਮੋਦੀ ਨੇ ਕਿਹਾ : ਰਿਫਾਈਨਿੰਗ ਸਮਰੱਥਾ ’ਚ ਦੁਨੀਆ ਦਾ ਨੰਬਰ 1 ਦੇਸ਼ ਬਣੇਗਾ ਭਾਰਤ 

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਚੱਲ ਰਹੀ 18 ਸਾਲਾਂ ਦੀ ਲੰਬੀ ਉਡੀਕ ਅੱਜ ਖਤਮ ਹੋ ਗਈ ਹੈ। ਦੋਵਾਂ ਪੱਖਾਂ ਨੇ ਇਤਿਹਾਸਕ ਮੁਕਤ ਵਪਾਰ ਸਮਝੌਤੇ ’ਤੇ ਦਸਤਖਤ ਕਰ ਦਿੱਤੇ ਹਨ। ਨਵੀਂ ਦਿੱਲੀ ਵਿਚ ਯੂਰਪੀਅਨ ਯੂਨੀਅਨ ਦੇ ਵਫਦ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੀਟਿੰਗ ਕੀਤੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਖੁਦ ਇਸ ਸਬੰਧੀ ਐਲਾਨ ਕੀਤਾ। ‘ਇੰਡੀਆ ਐਨਰਜੀ ਵੀਕ 2026’ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਭਰ ਵਿਚ ਇਸ ਡੀਲ ਦੀ ਚਰਚਾ ‘ਮਦਰ ਆਫ ਆਲ ਡੀਲ’ ਵਜੋਂ ਹੋ ਰਹੀ ਹੈ। ਇਹ ਸਮਝੌਤਾ ਭਾਰਤ ਦੇ 140 ਕਰੋੜ ਵਿਅਕਤੀਆਂ ਅਤੇ ਯੂਰਪੀ ਦੇਸ਼ਾਂ ਦੇ ਕਰੋੜਾਂ ਨਾਗਰਿਕਾਂ ਲਈ ਸੁਨਹਿਰੀ ਮੌਕਾ ਲੈ ਕੇ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਨਿਵੇਸ਼ਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਰਿਫਾਈਨਿੰਗ ਸਮਰੱਥਾ ਵਿਚ ਇਸ ਵੇਲੇ ਦੁਨੀਆ ਵਿਚ ਦੂਜੇ ਸਥਾਨ ’ਤੇ ਹੈ ਅਤੇ ਜਲਦੀ ਹੀ ਪਹਿਲੇ ਨੰਬਰ ’ਤੇ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਇਸ ਸਮਝੌਤੇ ਲਈ 2007 ਵਿਚ ਗੱਲਬਾਤ ਸ਼ੁਰੂ ਹੋਈ ਸੀ ਅਤੇ ਹੁਣ18 ਸਾਲਾਂ ਬਾਅਦ ਇਹ ਕੋਸ਼ਿਸ਼ ਸਫਲ ਹੋਈ ਹੈ। 

ਰਾਸ਼ਟਰਪਤੀ ਨਾਹਯਾਨ ਦੇ ਭਾਰਤ ਦੌਰੇ ਤੋਂ ਬਾਅਦ ਫੈਸਲਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਸੰਯਕਤ ਅਰਬ ਅਮੀਰਾਤ (ਯੂਏਈ) ਨੇ ਪਾਕਿਸਤਾਨ ’ਚ ਇੰਟਰਨੈਸ਼ਨਲ ਏਅਰਪੋਰਟ ਦੇ ਅਪਰੇਸ਼ਨ ਯਾਨੀ ਸੰਚਾਲਣ ਦੀ ਡੀਲ ਨੂੰੂ ਖਤਮ ਕਰ ਦਿੱਤਾ ਹੈ। ਪਾਕਿਸਤਾਨ ਦੇ ਮੀਡੀਆ ਮੁਤਾਬਕ ਆਬੂ ਧਾਬੀ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਹੁਣ ਇਸਲਾਮਾਬਾਦ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਨਹੀਂ ਚਲਾਵੇਗਾ। ਇਸ ਨੂੰ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੀ ਅਚਾਨਕ ਹੋਈ ਭਾਰਤ ਯਾਤਰਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਹਯਾਨ ਲੰਘੀ 19 ਜਨਵਰੀ ਨੂੰ ਸਿਰਫ 2 ਘੰਟਿਆਂ ਲਈ ਭਾਰਤ ਪਹੁੰਚੇ ਸਨ ਅਤੇ ਉਨ੍ਹਾਂ ਦੇ ਭਾਰਤ ਦੌਰੇ ਦਾ ਐਲਾਨ ਇਕ ਦਿਨ ਪਹਿਲਾਂ 18 ਜਨਵਰੀ ਨੂੰ ਹੋਇਆ ਸੀ।   

ਟੋਕੀਓ/ਬਿਊਰੋ ਨਿਊਜ਼    

ਜਾਪਾਨ ਦੀ ਪ੍ਰਧਾਨ ਮੰਤਰੀ ਤਾਕਾਇਚੀ ਨੇ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਹੈ, ਜਿਸ ਨਾਲ ਆਉਂਦੀ 8 ਫਰਵਰੀ ਨੂੰ ਚੋਣਾਂ ਲਈ ਰਾਹ ਪੱਧਰਾ ਹੋ ਗਿਆ। ਤਾਕਾਇਚੀ ਦੀ ਇਹ ਪੇਸ਼ਕਦਮੀ ਆਪਣੀ ਹਰਮਨਪਿਆਰਤਾ ਦਾ ਲਾਹਾ ਲੈ ਕੇ ਸੱਤਾਧਾਰੀ ਪਾਰਟੀ ਨੂੰ ਲੰਘੇ ਸਾਲਾਂ ਦੌਰਾਨ ਹੋਏ ਵੱਡੇ ਨੁਕਸਾਨ ਤੋਂ ਬਾਅਦ ਮੁੜ ਤੋਂ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਇਸ ਫੈਸਲੇ ਨਾਲ ਉਸ ਬਜਟ ’ਤੇ ਵੋਟਿੰਗ ਵਿਚ ਦੇਰੀ ਹੋਵੇਗੀ, ਜਿਸਦਾ ਮਕਸਦ ਸੰਘਰਸ਼ਸ਼ੀਲ ਅਰਥਚਾਰੇ ਨੂੰ ਹੁਲਾਰਾ ਦੇਣਾ ਅਤੇ ਵਧਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣਾ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਤਾਕਾਇਚੀ ਨੂੰ ਅਜੇ ਸਿਰਫ ਤਿੰਨ ਮਹੀਨੇ ਹੋਏ ਹਨ, ਪਰ ਉਨ੍ਹਾਂ ਨੂੰ ਕਰੀਬ 70 ਫੀਸਦ ਦੀ ਮਜ਼ਬੂਤ ਪ੍ਰਵਾਨਗੀ ਰੇਟਿੰਗ ਮਿਲੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਛਾ ਹੈ ਕਿ ਜਪਾਨ ਹਥਿਆਰਾਂ ’ਤੇ ਵਧੇਰੇ ਖਰਚ ਕਰੇ ਕਿਉਂਕਿ ਵਾਸ਼ਿੰਗਟਨ ਤੇ ਬੀਜਿੰਗ ਇਸ ਖੇਤਰ ਵਿਚ ਹਥਿਆਰਾਂ ਪੱਖੋਂ ਇਕ ਦੂਜੇ ਤੋਂ ਅੱਗੇ ਲੰਘਣ ਦੀ ਫਿਰਾਕ ਵਿਚ ਹਨ। 

ਗ੍ਰੀਨਲੈਂਡ ਬਾਰੇ ‘ਭਵਿੱਖੀ ਸੌਦੇ’ ਦੇ ਚੌਖਟੇ ਨੂੰ ਦਿੱਤੀ ਸਹਿਮਤੀ 

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਲੈ ਕੇ ਕੁਝ ਯੂਰਪੀਅਨ ਮੁਲਕਾਂ ਉੱਤੇ ਟੈਰਿਫ ਲਗਾਉਣ ਦੀਆਂ ਆਪਣੀਆਂ ਯੋਜਨਾਵਾਂ ਉੱਤੇ ਅੱਗੇ ਨਹੀਂ ਵਧਣਗੇ। ਟਰੰਪ ਨੇ 1 ਫਰਵਰੀ ਤੋਂ ਟੈਰਿਫ ਲਾਗੂ ਕਰਨ ਦੀ ਆਪਣੀ ਪਿਛਲੀ ਧਮਕੀ ਨੂੰ ਵਾਪਸ ਲੈ ਲਿਆ ਹੈ। ਇਹ ਫੈਸਲਾ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ‘ਲਾਭਕਾਰੀ’ ਮੀਟਿੰਗ ਤੋਂ ਬਾਅਦ ਆਇਆ ਹੈ, ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਅਤੇ ਵਿਸ਼ਾਲ ਆਰਕਟਿਕ ਖੇਤਰ ਸਬੰਧੀ ਭਵਿੱਖੀ ਸੌਦੇ ਲਈ ਇੱਕ ਢਾਂਚੇ ਦੀ ਨੀਂਹ ਵੀ ਰੱਖੀ। ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਟਰੰਪ ਨੇ ਇਸ ਪੇਸ਼ਕਦਮੀ ਨੂੰ ਅਮਰੀਕਾ ਤੇ ਨਾਟੋ ਸਹਿਯੋਗੀਆਂ ਦੋਵਾਂ ਲਈ ਲਾਭਦਾਇਕ ਦੱਸਿਆ। ਟਰੰਪ ਨੇ ਕਿਹਾ ਕਿ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ਮੇਰੀ ਇੱਕ ਬਹੁਤ ਹੀ ਲਾਭਕਾਰੀ ਮੀਟਿੰਗ ਦੇ ਆਧਾਰ ’ਤੇ, ਅਸੀਂ ਗ੍ਰੀਨਲੈਂਡ ਤੇ ਪੂਰੇ ਆਰਕਟਿਕ ਖੇਤਰ ਦੇ ਸਬੰਧ ਵਿੱਚ ਇੱਕ ਭਵਿੱਖੀ ਸੌਦੇ ਦਾ ਢਾਂਚਾ ਬਣਾਇਆ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਇਹ ਸਿਰੇ ਚੜ੍ਹ ਜਾਂਦਾ ਹੈ ਤਾਂ ਅਮਰੀਕਾ ਅਤੇ ਸਾਰੇ ਨਾਟੋ ਦੇਸ਼ਾਂ ਲਈ ਲਾਭਕਾਰੀ ਹੋਵੇਗਾ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.