Tuesday, 16 June 2026

ਤਿੰਨ ਵਾਹਨਾਂ ਦੀ ਟੱਕਰ ’ਚ ਇਕ ਬਜ਼ੁਰਗ ਦੀ ਕਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਹੋਏ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਕ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਟਰੱਕ ਡਰਾਈਵਰ ’ਤੇ ਇਲਜ਼ਾਮ ਹਨ ਕਿ ਉਸ ਨੇ ਲਾਲ ਬੱਤੀ ਪਾਰ ਕੀਤੀ, ਜਿਸ ਕਾਰਨ ਤਿੰਨ ਵਾਹਨਾਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਬਜ਼ੁਰਗ ਵਿਅਕਤੀ ਦੀ ਜਾਨ ਚਲੇ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੱਕ ਡਰਾਈਵਰ ਦੀ ਪਹਿਚਾਣ ਸੁਖਦੀਪ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਲੰਘੀ 18 ਫਰਵਰੀ ਨੂੰ ਇੰਡੀਆਨਾ ਪੋਲਿਸ ਦੇ ਪੱਛਮ ਵਿਚ ਸਥਿਤ ਕਾਊਂਟੀ ਦੇ ਚੌਰਾਹੇ ’ਤੇ ਵਾਪਰਿਆ। ਏਜੰਸੀਆਂ ਇਸ ਸਾਰੀ ਘਟਨਾ ਦੀ ਜਾਂਚ ਕਰ ਰਹੀਆਂ ਹਨ।

ਕਿਹਾ ਗਿਆ : ਉਥੇ ਵਾਪਸ ਜਾਓ, ਜਿਥੋਂ ਤੁਸੀਂ ਆਏ ਹੋ
ਚੰਡੀਗੜ੍ਹ/ਬਿਊਰੋ ਨਿਊਜ਼
ਆਸਟਰੇਲੀਆ ਵਿਚ ਇਕ 22 ਸਾਲਾ ਭਾਰਤੀ ਸਿੱਖ ਨੌਜਵਾਨ ਜਿੰਮ ਦੇ ਬਾਹਰ ਨਸਲੀ ਹਮਲੇ ਦਾ ਸ਼ਿਕਾਰ ਹੋ ਗਿਆ। ਵਿਕਟੋਰੀਆ ਦੇ ਕੋਰੀਓ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਤਿੰਨ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਜਦੋਂ ਉਹ ਸਥਾਨਕ ਜਿਮ ਵਿਚ ਸਿਖਲਾਈ ਲੈ ਰਿਹਾ ਸੀ। ਹਰਮਨਪ੍ਰੀਤ ਸਿੰਘ ਦੇ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਜਿੰਮ ਦੇ ਬਾਹਰ ਉਸ ਨੂੰ ਪਰੇਸ਼ਾਨ ਕੀਤਾ ਅਤੇ ਫਿਰ ਬਾਹਰ ਤੱਕ ਉਸਦਾ ਪਿੱਛਾ ਕੀਤਾ, ਜਿੱਥੇ ਟਕਰਾਅ ਵਧ ਗਿਆ। ਹਰਮਨਪ੍ਰੀਤ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਵਿਰੁੱਧ ਨਸਲੀ ਟਿੱਪਣੀਆਂ ਵੀ ਕੀਤੀਆਂ। ਹਰਮਨਪ੍ਰੀਤ ਨੇ ਇਹ ਵੀ ਦੱਸਿਆ ਕਿ ਇਹ ਵਿਅਕਤੀ ਕਹਿ ਰਹੇ ਸਨ ਕਿ ‘‘ਉਥੇ ਵਾਪਸ ਜਾਓ, ਜਿਥੋਂ ਤੁਸੀਂ ਆਏ ਹੋ’’। ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਵੀ ਆਸਟਰੇਲੀਆ ਵਿਚ ਨਸਲੀ ਵਿਤਕਰੇ ਦਾ ਸਾਹਮਣਾ ਕੀਤਾ ਹੈ, ਪਰ ਇਹ ਘਟਨਾ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੋਂ ਮੁਲਜ਼ਮ ਇਕ ਕਾਰ ਵਿਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।  

ਬੀ.ਐਨ.ਪੀ. ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦੇਸ਼ ਵਿਚ ਨਵੀਂ ਸਰਕਾਰ ਦਾ ਗਠਨ

ਢਾਕਾ/ਬਿਊਰੋ ਨਿਊਜ਼ 

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਚੇਅਰਮੈਨ ਤਾਰਿਕ ਰਹਿਮਾਨ ਨੇ ਅੱਜ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਢਾਕਾ ਵਿੱਚ ਸੰਸਦ ਭਵਨ ਦੇ ਸਾਊਥ ਪਲਾਜ਼ਾ ਵਿਚ ਇੱਕ ਸਮਾਗਮ ਵਿੱਚ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਤਾਰਿਕ ਰਹਿਮਾਨ ਪਿਛਲੇ 36 ਸਾਲਾਂ ਵਿੱਚ ਬੰਗਲਾਦੇਸ਼ ਦੇ ਪਹਿਲੇ ਪੁਰਸ਼ ਪ੍ਰਧਾਨ ਮੰਤਰੀ ਬਣੇ ਹਨ। ਇਹ ਬਦਲਾਅ 12 ਫਰਵਰੀ ਨੂੰ ਹੋਈਆਂ 13ਵੀਆਂ ਸੰਸਦੀ ਚੋਣਾਂ ਵਿੱਚ ਬੀ.ਐਨ.ਪੀ. ਦੀ ਜਿੱਤ ਤੋਂ ਬਾਅਦ ਆਇਆ ਹੈ, ਜਿੱਥੇ ਉਨ੍ਹਾਂ ਦੀ ਪਾਰਟੀ ਨੇ 297 ਵਿੱਚੋਂ 209 ਸੀਟਾਂ ’ਤੇ ਕਬਜ਼ਾ ਕੀਤਾ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਵੀ ਸਹੁੰ ਚੁੱਕੀ। ਇਸ ਮੌਕੇ ਭਾਰਤ ਦੀ ਨੁਮਾਇੰਦਗੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕੀਤੀ।  

ਨਵੇਂ ਸੰਘੀ ਨਿਯਮਾਂ ਦਾ ਕੀਤਾ ਗਿਆ ਖੁਲਾਸਾ 

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਨਵੇਂ ਸੰਘੀ ਨਿਯਮਾਂ ਦਾ ਖੁਲਾਸਾ ਕੀਤਾ ਹੈ, ਜੋ ਅਮਰੀਕਾ ਵਿਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਯੋਗਤਾ ਨੂੰ ਖਾਸ ਤੌਰ ’ਤੇ ਸੀਮਤ ਕਰਦੇ ਹਨ। ਇਹ ਕਦਮ ਹਾਲ ਹੀ ਦੇ ਸਾਲਾਂ ਵਿਚ ਇਸ ਪ੍ਰੋਗਰਾਮ ਦੇ ਸਭ ਤੋਂ ਸਖਤ ਸੁਧਾਰਾਂ ਵਿਚੋਂ ਇਕ ਹੈ। ਸੋਧੇ ਹੋਏ ਢਾਂਚੇ ਤਹਿਤ ਸਿਰਫ ਆਰਜ਼ੀ ਖੇਤੀਬਾੜੀ ਕਾਮੇ, ਆਰਜ਼ੀ ਗੈਰ-ਖੇਤੀਬਾੜੀ ਕਾਮੇ ਅਤੇ ਗੈਰ-ਪਰਵਾਸੀ ਵੀਜ਼ਾ ਰੱਖਣ ਵਾਲੇ ਵਿਦੇਸ਼ੀ ਨਾਗਰਿਕ ਹੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਨਵੇਂ ਨਿਯਮ ਰੁਜ਼ਗਾਰ ਅਧਿਕਾਰ ਦਸਤਾਵੇਜ਼ ਵਾਲੇ ਗੈਰ-ਨਾਗਰਿਕਾਂ ਨੂੰ ਵਪਾਰਕ ਡਰਾਈਵਿੰਗ ਦੇ ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨ ਦੀ ਇਜ਼ਾਜਤ ਦੇਣ ਦੀ ਪ੍ਰਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਦੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਯਕੀਨੀ ਬਣਾਏਗਾ ਕਿ ਸਿਰਫ ਯੋਗ ਵੀਜ਼ਾ ਸ਼ੇ੍ਰਣੀਆਂ ਵਾਲੇ ਵਿਅਕਤੀ ਹੀ ਅਮਰੀਕਾ ਵਿਚ ਕਾਨੂੰਨੀ ਤੌਰ ’ਤੇ ਭਾਰੀ ਵਪਾਰਕ ਵਾਹਨ ਚਲਾ ਸਕਣ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.