Tuesday, 16 June 2026

ਕਿਹਾ : ਜੇ ਮੈਂ ਦਖਲ ਨਾ ਦਿੰਦਾ ਤਾਂ ਹੋਣੀ ਹੀ ਪ੍ਰਮਾਣੂ ਜੰਗ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕਾਂਗਰਸ ਨੂੰ ਆਪਣੇ ਦੂਜੇ ਕਾਰਜਕਾਲ ਦਾ ਦੂਜਾ ਸਟੇਟ ਆਫ ਦ ਯੂਨੀਅਨ ਭਾਸ਼ਣ ਦਿੱਤਾ। ਇਸੇ ਸਾਲ ਦੇ ਸਟੇਟ ਆਫ ਦ ਯੂਨੀਅਨ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਆਪਣੇ ਪਹਿਲੇ 10 ਮਹੀਨਿਆਂ ਵਿਚ ਮੈਂ ਅੱਠ ਜੰਗਾਂ ਖਤਮ ਕਰਵਾਈਆਂ। ਟਰੰਪ ਨੇ ਕਿਹਾ ਕਿ ਜੇ ਮੈਂ ਦਖਲ ਨਾ ਦਿੰਦਾ ਤਾਂ ਪਾਕਿਸਤਾਨ ਅਤੇ ਭਾਰਤ ਵਿਚ ਪ੍ਰਮਾਣੂ ਯੁੱਧ ਹੁੰਦਾ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਨੇ ਦਾਅਵਾ ਕੀਤਾ ਹੈ ਕਿ 35 ਮਿਲੀਅਨ ਲੋਕਾਂ ਨੇ ਕਿਹਾ ਸੀ ਕਿ ਜੇਕਰ ਮੇਰੀ ਸ਼ਮੂਲੀਅਤ ਨਾ ਹੁੰਦੀ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਮੌਤ ਹੋ ਜਾਂਦੀ। ਇਸਦੇ ਨਾਲ ਹੀ ਟਰੰਪ ਨੇ ਕਿਹਾ ਕਿ ਗਾਜ਼ਾ ਵਿਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤਾ ਸਫਲ ਰਿਹਾ ਹੈ। ਟਰੰਪ ਨੇ ਦੁਹਰਾਇਆ ਕਿ ਉਨ੍ਹਾਂ ਨੇ ਅਹੁਦੇ ’ਤੇ ਵਾਪਸ ਆਉਣ ਤੋਂ ਬਾਅਦ 8 ਯੁੱਧ ਖਤਮ ਕਰਵਾ ਦਿੱਤੇ ਹਨ। ਇਰਾਨ ਸਬੰਧੀ ਗੱਲਬਾਤ ਕਰਦਿਆਂ ਟਰੰਪ ਨੇ ਦੱਸਿਆ ਕਿ ਈਰਾਨ ਅਜਿਹੀਆਂ ਮਿਜ਼ਾਈਲਾਂ ਵਿਕਸਤ ਕਰ ਰਿਹਾ ਹੈ, ਜੋ ਸੰਯੁਕਤ ਰਾਜ ਅਮਰੀਕਾ ਤੱਕ ਪਹੁੰਚ ਸਕਦੀਆਂ ਹਨ।

ਆਸਟਰੇਲੀਆ ਦੀ ਸਰਕਾਰ ਨੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਸੁਰੱਖਿਆ ਦਾ ਦਿੱਤਾ ਭਰੋਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨਿਊਜ਼ੀਲੈਂਡ ਵਿਚ ਨਗਰ ਕੀਰਤਨ ਰੋਕਣ ਤੋਂ ਬਾਅਦ ਆਸਟਰੇਲੀਆ ਵਿਚ ਵੀ ਭਾਰਤੀਆਂ ਅਤੇ ਖਾਸਕਰ ਪੰਜਾਬੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਆਸਟਰੇਲੀਆ ਦੇ ਕੱਟੜਪੰਥੀ ਆਗੂ ਥੌਮਸ ਸੇਵੇਲ ਨੇ ਪੰਜਾਬੀਆਂ ਨੂੰ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ। ਸੇਵੇਲ ਨੇ ਕਿਹਾ ਹੈ ਕਿ ਭਾਰਤੀਆਂ ਨੂੰ ਇਹ ਦੇਸ਼ ਛੱਡ ਕੇ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਆਸਟਰੇਲੀਆ ਸਿਰਫ ਗੋਰਿਆਂ ਦਾ ਹੈ। ਉਸ ਨੇ ਭਾਰਤੀਆਂ ਨੂੰ ਨੀਚ ਦੱਸਦੇ ਹੋਏ ਉਨ੍ਹਾਂ ਨੂੰ ਦੇਸ਼ ਵਿਚੋਂ ਕੱਢਣ ਦੀ ਮੰਗ ਕੀਤੀ ਹੈ। ਉਧਰ ਦੂਜੇ ਪਾਸੇ ਆਸਟਰੇਲੀਆ ਦੀ ਸਰਕਾਰ ਨੇ ਸੇਵੇਲ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਹੈ ਅਤੇ ਆਸਟਰੇਲੀਆ ਵਿਚ ਰਹਿ ਰਹੇ ਦੋ ਲੱਖ ਤੋਂ ਜ਼ਿਆਦਾ ਪੰਜਾਬੀਆਂ ਅਤੇ 10 ਲੱਖ ਤੋਂ ਜ਼ਿਆਦਾ ਭਾਰਤੀਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਸਪੱਸ਼ਟ ਕੀਤਾ ਹੈ ਕਿ ਨਫਰਤ ਫੈਲਾਉਣ ਵਾਲਿਆਂ ’ਤੇ ਨਵੇਂ ਹੇਟ ਸਪੀਚ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।

ਅਲ ਮੈਂਚੋ ਦੇ ਮਾਰੇ ਜਾਣ ਤੋਂ ਬਾਅਦ ਚੌਕਸ ਰਹਿਣ ਦੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼
ਮੈਕਸੀਕੋ ਵਿਚ ਨਸ਼ਾ ਤਸਕਰ ਅਲ ਮੈਂਚੋ ਦੇ ਮਾਰੇ ਜਾਣ ਤੋਂ ਬਾਅਦ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਉਥੇ ਸਥਿਤ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਫਿਲਹਾਲ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਐਤਵਾਰ ਨੂੰ ਮੈਕਸੀਕੋ ਦੀ ਫੌਜ ਨੇ ਜਾਲਿਸਕੋ ਨਿਊ ਜਨਰੇਸ਼ਨ ਕਾਰਟੇਲ ਦੇ ਮੁਖੀ ਨੇਮੇਸੀਓ ਓਸੇਗੁਏਰਾ ਜਿਸ ਨੂੰ ‘ਅਲ ਮੈਂਚੋ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਸ ਨੂੰ ਮਾਰ ਦਿੱਤਾ ਸੀ।  ਇਸ ਤੋਂ ਬਾਅਦ ਮੈਕਸੀਕੋ ਦੇ ਕਈ ਇਲਾਕਿਆਂ ਵਿਚ ਹਾਲਾਤ ਵਿਗੜ ਗਏ ਹਨ। ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਨਾਗਰਿਕ ਅਗਲੇ ਹੁਕਮਾਂ ਤੱਕ ਸੁਰੱਖਿਅਤ ਥਾਵਾਂ ’ਤੇ ਹੀ ਰਹਿਣ। ਦੂਤਾਵਾਸ ਨੇ ਕਿਹਾ ਹੈ ਕਿ ਇਨ੍ਹਾਂ ਇਲਾਕਿਆਂ ਵਿਚ ਫੌਜੀ ਕਾਰਵਾਈਆਂ, ਸੜਕਾਂ ਦੀ ਨਾਕਾਬੰਦੀ ਅਤੇ ਅਪਰਾਧਿਕ ਗਤੀਵਿਧੀਆਂ ਹੋਣ ਦਾ ਖਤਰਾ ਹੈ, ਇਸ ਲਈ ਬਿਨਾ ਵਜ੍ਹਾ ਬਾਹਰ ਨਾ ਨਿਕਲਿਆ ਜਾਵੇ।

ਵਾਸ਼ਿੰਗਟਨ ’ਚ ਹੋਈ ਬੈਠਕ ’ਚ 50 ਦੇਸ਼ਾਂ ਨੇ ਲਿਆ ਹਿੱਸਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਬੋਰਡ ਆਫ ਪੀਸ’ ਦੀ ਪਹਿਲੀ ਬੈਠਕ ਵਿਚ ਭਾਰਤ ਨੇ ਆਬਜ਼ਰਵਰ ਦੇਸ਼ ਦੇ ਤੌਰ ’ਤੇ ਹਿੱਸਾ ਲਿਆ। ਇਹ ਬੈਠਕ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਵਿਚ ਹੋਈ। ਭਾਰਤ ਵਲੋਂ ਭਾਰਤੀ ਦੂਤਾਵਾਸ ਵਿਚ ਤੈਨਾਤ ਸੀਨੀਅਰ ਅਧਿਕਾਰੀ ਨਾਮਗਿਆ ਸੀ. ਖੰਪਾ ਨੇ ਹਿੱਸਾ ਲਿਆ। ਭਾਰਤ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਬੋਰਡ ਦਾ ਪੂਰਾ ਸਮਾਂ ਮੈਂਬਰ ਬਣੇਗਾ ਜਾਂ ਨਹੀਂ ਅਤੇ ਪਿਛਲੇ ਮਹੀਨੇ ਦਾਵੋਸ ਵਿਚ ਇਸਦੇ ਲਾਂਚ ਸਮਾਗਮ ਵਿਚ ਵੀ ਹਿੱਸਾ ਨਹੀਂ ਲਿਆ ਸੀ। ‘ਬੋਰਡ ਆਫ ਪੀਸ’ ਦੀ ਬੈਠਕ ਵਿਚ ਗਾਜਾ ਦੇ ਪੁਨਰ ਨਿਰਮਾਣ ਦੇ ਲਈ  1.5 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਕਿਹਾ ਹੈ ਕਿ 9 ਮੈਂਬਰ ਦੇਸ਼ ਗਾਜਾ ਰਾਹਤ ਪੈਕੇਜ ਦੇ ਲਈ 63 ਹਜ਼ਾਰ ਕਰੋੜ ਰੁਪਏ ਦੇਣਗੇ। ਜਦੋਂ ਕਿ ਅਮਰੀਕਾ ਖੁਦ 90 ਹਜ਼ਾਰ ਕਰੋੜ ਰੁਪਏ ਦੇਵੇਗਾ। ਇਸੇ ਦੌਰਾਨ 5 ਦੇਸ਼ਾਂ ਨੇ ਯੁੱਧ ਵਿਚ ਤਬਾਹ ਫਲਸਤੀਨੀ ਇਲਾਕੇ ਵਿਚ ਫੌਜੀ ਤੈਨਾਤ ਕਰਨ ’ਤੇ ਸਹਿਮਤੀ ਦਿੱਤੀ ਹੈ। ਵਾਸ਼ਿੰਗਟਨ ਵਿਚ ਹੋਈ ਇਸ ਬੈਠਕ ਵਿਚ ਕਰੀਬ 50 ਦੇਸ਼ਾਂ ਦੇ ਅਧਿਕਾਰੀ ਸ਼ਾਮਲ ਹੋਏ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.