Thursday, 18 June 2026

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰ ਦਿੱਤਾ ਹੈ। ਪੁਲਿਸ ਤੋਂ ਬਾਅਦ ਹੁਣ 9 ਆਈਏਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਸ ਦੇ ਚੱਲਦਿਆਂ ਆਲੋਕ ਸ਼ੇਖਰ ਐਡੀਸ਼ਨਲ ਚੀਫ ਸੈਕਟਰੀ ਜੇਲ੍ਹਾਂ ਲਗਾਏ ਗਏ ਹਨ, ਜਦੋਂ ਕਿ ਤੇਜਬੀਰ ਸਿੰਘ ਐਡੀਸ਼ਨਲ ਚੀਫ ਸੈਕਟਰੀ ਸਥਾਨਕ ਸਰਕਾਰਾਂ ਹੋਣਗੇ। ਇਸੇ ਤਰ੍ਹਾਂ ਅਜੇ ਸ਼ਰਮਾ ਨੂੰ ਪਿ੍ਰੰਸੀਪਲ ਸੈਕਟਰੀ ਟੂਰਿਜ਼ਮ ਐਂਡ ਕਲਚਰ ਅਫੇਅਰ ਲਗਾਇਆ ਗਿਆ ਹੈ। ਕੁਮਾਰ ਰਾਹੁਲ ਐਡਮਨਿਸਟ੍ਰੇਟਿਵ ਹੈਲਥ ਐਂਡ ਫੈਮਿਲੀ ਵੈਲਫੇਅਰ, ਅਮਿਤ ਢਾਕਾ ਐਡਮਨਿਸਟ੍ਰੇਟਿਵ ਸੈਕਟਰੀ ਪਲਾਨਿੰਗ ਅਤੇ ਡਾਇਰੈਕਟਰ ਐਮਜੀਐਸ ਆਈਪੀਏ, ਦਿਲਰਾਜ ਸਿੰਘ ਐਡਮਨਿਸਟ੍ਰੇਟਿਵ ਸੈਕਟਰੀ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ, ਪ੍ਰਦੀਪ ਕੁਮਾਰ ਕਮਿਸ਼ਨਰ ਜਲੰਧਰ ਡਿਵੀਜ਼ਨ ਅਤੇ ਗੁਰਪ੍ਰੀਤ ਕੌਰ ਸਪਰਾ ਨੂੰ ਸੈਕਟਰੀ ਪਰਸੋਨਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਚੰਡੀਗੜ੍ਹ/ਬਿਊਰੋ ਨਿਊਜ਼

ਚੰਡੀਗੜ੍ਹ ਪਹੁੰਚੇ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ 60 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਕੋਈ ਲਗਾਤਾਰ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹੈ। ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ ਕੀਤੀ। ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਜੋ ਮਰਜ਼ੀ ਕਹੇ, 2029 ਵਿੱਚ ਵੀ ਭਾਰਤ ’ਚ ਭਾਜਪਾ ਦੀ ਹੀ ਸਰਕਾਰ ਆਵੇਗੀ। ਅਮਿਤ ਸ਼ਾਹ ਨੇ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ 24 ਘੰਟੇ ਜਲ ਸਪਲਾਈ ਸੇਵਾ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤੋਂ ਇੱਕ ਲੱਖ ਲੋਕਾਂ ਨੂੰ 24 ਘੰਟੇ ਪਾਣੀ ਮਿਲੇਗਾ। ਇਸ ’ਤੇ 75 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 22 ਕਿਲੋਮੀਟਰ ਲੰਬੀ ਨਵੀਂ ਪਾਈਪਲਾਈਨ ਵਿਛਾਈ ਗਈ ਹੈ। ਸ਼ਾਹ ਨੇ ਆਖਿਆ ਕਿ ਸਮਾਰਟ ਮੀਟਰ ਲਗਾਉਣ ਨਾਲ ਲੋਕਾਂ ਨੂੰ ਕੁਝ ਵੀ ਖਰਚ ਨਹੀਂ ਕਰਨਾ ਪਵੇਗਾ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਚੰਡੀਗੜ੍ਹ ਦੀ ਸਾਬਕਾ ਐਮ.ਪੀ. ਕਿਰਨ ਖੇਰ ਦੀ ਤਾਰੀਫ ਵੀ ਕੀਤੀ।

 

ਪੰਜਾਬ ਦੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੇ ਜਾਣ ਦੀ ਕੀਤੀ ਮੰਗ

ਜਲੰਧਰ/ਬਿਊਰੋ ਨਿਊਜ਼ 

ਭਾਰਤੀ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਦਿਆਂ ਨੂੰ ਬਾਖੂਬੀ ਉਭਾਰਿਆ। ਹੁਣ ਤੱਕ ਵੱਖ-ਵੱਖ ਮੰਤਰਾਲਿਆਂ ਕੋਲ ਸੰਤ ਸੀਚੇਵਾਲ ਵੱਲੋਂ ਚੁੱਕੇ ਗਏ 14 ਦੇ ਕਰੀਬ ਸਵਾਲਾਂ ਦੇ ਜਵਾਬ ਆ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਹੈ। ਸੀਚੇਵਾਲ ਵੱਲੋਂ ਕੀਤੇ ਗਏ ਲਿਖਤੀ ਸਵਾਲਾਂ ਵਿੱਚ ਪੰਜਾਬ ’ਚ ਪਾਣੀ ਦੇ ਸੰਕਟ ਦਾ ਮੁੱਦਾ ਵੀ ਸ਼ਾਮਲ ਹੈ। ਉਨ੍ਹਾਂ ਨੇ ਵਰਲਡ ਨੇਚਰ ਫੰਡ ਦੀ ਰਿਪੋਰਟ ਸਾਂਝੀ ਕੀਤੀ, ਜਿਸ ਅਨੁਸਾਰ 2050 ਤੱਕ ਪਾਣੀ ਦੇ ਸੰਕਟ ਦਾ ਸਾਹਮਣਾ ਕਰਨ ਵਾਲੇ 30 ਸ਼ਹਿਰਾਂ ਵਿੱਚ ਪੰਜਾਬ ਦੇ ਤਿੰਨ ਸ਼ਹਿਰ ਜਲੰਧਰ, ਲੁਧਿਆਣਾ ਅਤੇ ਅੰਮਿ੍ਰਤਸਰ ਵੀ ਸ਼ਾਮਲ ਹਨ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਸ਼ਹਿਰਾਂ ਵਿੱਚ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕੇ ਗਏ ਹਨ। ਰਾਜ ਸਭਾ ਮੈਂਬਰ ਨੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ, ਵਾਤਾਵਰਨ ਨੂੰ ਬਚਾਉਣ ਅਤੇ ਲੋਕ ਹਿੱਤ ਦੇ ਮੁੱਦਿਆਂ ਸਬੰਧੀ ਸਵਾਲ ਵੀ ਕੀਤੇ ਹਨ। ਇਸੇ ਤਰ੍ਹਾਂ ਉਨ੍ਹਾਂ ਪੰਜਾਬ ਅਤੇ ਦੇਸ਼ ’ਚ ਵਧ ਰਹੇ ਕੈਂਸਰ ਦੇ ਮਾਮਲਿਆਂ ਸਬੰਧੀ ਵੀ ਸਵਾਲ ਚੁੱਕੇ ਹਨ।

 

ਪੰਜਾਬ ਦੇ ਪਿੰਡਾਂ ’ਚ ਨਸ਼ਿਆਂ ਦੀ ਰੋਕਥਾਮ ਲਈ ਕਮੇਟੀਆਂ ਦਾ ਕੀਤਾ ਗਿਆ ਗਠਨ 

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਵਿਚ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਸਖਤੀ ਕਰ ਦਿੱਤੀ ਹੈ। ਡੀਜੀਪੀ ਨੇ ਪੰਜਾਬ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਜਨਤਾ ਦੀ ਲੜਾਈ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ’ਤੇ ਰੋਕ ਲਗਾਉਣ ਲਈ ਸੂਬਾ ਪੁਲਿਸ ਵਲੋਂ ਪਿੰਡਾਂ ਵਿਚ ਵਿਲੇਜ਼ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ 93 ਫੀਸਦੀ ਪਿੰਡਾਂ ਵਿਚ ਇਹ ਕੰਮ ਮੁਕੰਮਲ ਵੀ ਹੋ ਚੁੱਕਾ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 17 ਜੂਨ ਨੂੰ ਹਾਈ ਲੈਵਲ ਰੀਵਿਊ ਕਮੇਟੀ ਦੀ ਬੈਠਕ ਸੱਦੀ ਸੀ, ਜਿਸ ਵਿਚ 3 ਸੂਤਰੀ ਰਣਨੀਤੀ ਬਣਾ ਕੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਸਨ। ਇਸ ਫੈਸਲੇ ਤੋਂ ਬਾਅਦ ਹੀ ਵਿਲੇਜ਼ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਵਲੋਂ ਨਸ਼ਿਆਂ ਸਬੰਧੀ ਪੁਲਿਸ ਨੂੰ ਜੋ ਵੀ ਸੂਚਨਾ ਦਿੱਤੀ ਜਾਵੇਗੀ, ਉਸਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.