Friday, 19 June 2026

ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ ਅਤੇ ਚੋਣਾਂ 21 ਦਸੰਬਰ ਨੂੰ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ 21 ਦਸੰਬਰ ਨੂੰ ਹੋਣ ਵਾਲੀਆਂ ਪੰਜ ਨਗਰ ਨਿਗਮ ਅਤੇ 44 ਨਗਰ ਕੌਂਸਲ ਚੋਣਾਂ ਦੇ ਲਈ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ। ਇਸ ਨੂੰ ਲੈ ਕੇ ਸੂਬੇ ਦੇ ਚੋਣ ਕਮਿਸ਼ਨ ਵਲੋਂ 22 ਆਈ.ਏ.ਐਸ. ਅਧਿਕਾਰੀਆਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 5 ਅਫਸਰਾਂ ਨੂੰ ਨਗਰ ਨਿਗਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਬਾਕੀ ਅਫਸਰਾਂ ਨੂੰ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਆਬਜ਼ਰਵਰ ਦੇ ਤੌਰ ’ਤੇ ਤੈਨਾਤ ਕੀਤਾ ਗਿਆ ਹੈ। ਇਨ੍ਹਾਂ ਸਾਰੇ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਵੀ ਸੰਭਾਲ ਲਈ ਹੈ। ਸੂਬੇ ਦੇ ਚੋਣ ਕਮਿਸ਼ਨ ਵਲੋਂ ਕਿਹਾ ਗਿਆ ਹੈ ਕਿ ਇਹ ਸਾਰੇ ਅਧਿਕਾਰੀ ਕਾਨੂੰਨ ਵਿਵਸਥਾ ਅਤੇ ਚੋਣਾਂ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਜ਼ਿਕਰਯੋਗ ਹੈ ਕਿ ਅੰਮਿ੍ਰਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿਚ ਨਿਗਮ ਚੋਣਾਂ ਹੋਣੀਆਂ ਹਨ ਅਤੇ ਸੂਬੇ ’ਚ 44 ਨਗਰ ਕੌਂਸਲਾਂ ਲਈ ਵੀ ਚੋਣ ਹੋਣੀ ਹੈ।

 

 

 

  

ਐਡਮਿਸ਼ਨ ਸਮੇਂ ਬੱਚਿਆਂ ਦੇ ਮਾਪਿਆਂ ਦੀ ਨਹੀਂ ਹੋਵੇਗੀ ਇੰਟਰਵਿਊ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਪਲੇਅ ਵੇਅ ਸਕੂਲਾਂ ਲਈ ਗਾਈਡ ਲਾਈਨ ਤੈਅ ਕੀਤੀਆਂ ਗਈਆਂ ਹਨ। ਇਸਦੇ ਤਹਿਤ ਹੁਣ ਬੱਚਿਆਂ ਦਾ ਕੋਈ ਵੀ ਸਕਰੀਨਿੰਗ ਟੈਸਟ ਜਾਂ ਬੱਚਿਆਂ ਦੇ ਮਾਪਿਆਂ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ। ਪਲੇਅ ਵੇਅ ਸਕੂਲਾਂ ਵਿਚ ਜੰਕ ਫੂਡ ਪੂਰੀ ਤਰ੍ਹਾਂ ਨਾਲ ਬੰਦ ਹੋਵੇਗਾ। ਇਸਦੇ ਚੱਲਦਿਆਂ ਨਾ ਤਾਂ ਘਰ ਤੋਂ ਡੱਬੇ ਵਿਚ ਜੰਕ ਫੂਡ ਆਵੇਗਾ ਅਤੇ ਨਾ ਹੀ ਸਕੂਲ ਜਾਂ ਉਸਦੇ ਨੇੜੇ ਤੇੜੇ ਜੰਕ ਫੂਡ ਵਿਕੇਗਾ। ਇਹ ਜਾਣਕਾਰੀ ਪੰਜਾਬ ਦੀ ਮੰਤਰੀ ਡਾ. ਬਲਜੀਤ ਸਿੰਘ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ। ਡਾ. ਬਲਜੀਤ ਕੌਰ ਵਲੋਂ ਪਲੇਅ ਵੇਅ ਸਕੂਲਾਂ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿਚ ਖੇਡਣ ਲਈ ਥਾਂ ਹੋਣਾ ਲਾਜ਼ਮੀ ਹੈ ਤੇ ਇਸ ਦੇ ਨਾਲ ਹੀ ਸਕੂਲਾਂ ਵਿਚ ਕੈਮਰੇ ਵੀ ਜ਼ਰੂਰੀ ਤੌਰ ’ਤੇ ਲੱਗੇ ਹੋਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਦੀ ਬਾਉਂਡਰੀ ਬੱਚਿਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੋਣੀ ਚਾਹੀਦੀ ਹੈ ਤੇ ਸਕੂਲ ਵਿਚ ਕੁੜੀਆਂ ਤੇ ਮੁੰਡਿਆਂ ਲਈ ਵੱਖਰੇ ਵੱਖਰੇ ਵਾਸ਼ਰੂਮਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿੱਕੇ ਬੱਚਿਆਂ ਨੂੰ ਥੱਪੜ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ।  

ਸਰਕਾਰ ਚਾਹੇ ਤਾਂ ਇਕ ਦਿਨ ਵਿਚ ਹੀ ਨਸ਼ਾ ਖਤਮ ਕੀਤਾ ਜਾ ਸਕਦਾ : ਫੌਜਾ ਸਿੰਘ

ਜਲੰਧਰ/ਬਿਊਰੋ ਨਿਊਜ਼ 

ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਜਲੰਧਰ ਪਹੁੰਚੇ। ਇਸ ਮੁਹਿੰਮ ਦੇ ਤਹਿਤ ਜਲੰਧਰ ਦੇ ਬਿਆਸ ਪਿੰਡ ਵਿਚ ਪੈਦਲ ਮਾਰਚ ਵੀ ਕੱਢਿਆ ਗਿਆ। ਇਹ ਮਾਰਚ ਬਿਆਸ ਪਿੰਡ ਤੋਂ ਕਰਤਾਰਪੁਰ ਤੱਕ ਚੱਲੇਗਾ। ਮਾਰਚ ਵਿਚ ਸ਼ਾਮਲ ਸਾਰੇ ਵਿਅਕਤੀ ਪੈਦਲ ਹੀ ਕਰਤਾਰਪੁਰ ਜਾਣਗੇ। ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਵਿਚ ਕਈ ਬਜ਼ੁਰਗ ਵਿਅਕਤੀਆਂ ਨੇ ਵੀ ਹਿੱਸਾ ਲਿਆ ਹੈ। ਅੱਜ 10 ਦਸੰਬਰ ਨੂੰ ਇਹ ਯਾਤਰਾ ਮਹਾਨ ਅਥਲੀਟ ਫੌਜਾ ਸਿੰਘ ਦੇ ਬਿਆਸ ਪਿੰਡ ਵਿਚਲੇ ਘਰ ਤੋਂ ਸ਼ੁਰੂ ਕੀਤੀ ਗਈ। ਇਹ ਯਾਤਰਾ ਭਲਕੇ 11 ਦਸੰਬਰ ਨੂੰ ਕਰਤਾਰਪੁਰ ਵਿਚ ਜੰਗ ਏ ਆਜ਼ਾਦੀ ਸਮਾਰਕ ’ਤੇ ਪਹੁੰਚ ਕੇ ਸੰਪੰਨ ਹੋਵੇਗੀ। ਇਸ ਮੌਕੇ ਫੌਜਾ ਸਿੰਘ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਇਕ ਦਿਨ ਵਿਚ ਹੀ ਨਸ਼ਾ ਖਤਮ ਕੀਤਾ ਜਾ ਸਕਦਾ ਹੈ। 

ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਚੱਲ ਰਿਹਾ ਹੈ ਰੋਸ ਧਰਨਾ

ਨਵੀਂ ਦਿੱਲੀ/ਬਿਊਰੋ ਨਿਊਜ਼

ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੇ ਚੱਲਦਿਆਂ ਬੰਦ ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਲਈ ਗਈ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਹੀ ਅਦਾਲਤ ਵਿਚ ਚੱਲ ਰਹੇ ਹਨ, ਫਿਰ ਵਾਰ-ਵਾਰ ਇਸ ਤਰ੍ਹਾਂ ਦੀ ਪਟੀਸ਼ਨ ਦਾਖਲ ਕਿਉਂ ਕੀਤੀ ਜਾ ਰਹੀ ਹੈ। ਅਦਾਲਤ ਨੇ ਕਿਹਾ ਕਿ ਅਜਿਹੀ ਪਟੀਸ਼ਨ ਦਾਖਲ ਕਰਨ ਨਾਲ ਇਹ ਧਾਰਨਾ ਬਣ ਰਹੀ ਹੈ ਕਿ ਇੱਥੇ ਕੋਈ ਵੀ ਵਿਅਕਤੀ ਕੇਵਲ ਲੋਕਾਂ ਨੂੰ ਦਿਖਾਉਣ ਦੇ ਲਈ ਮੁਕੱਦਮਾ ਕਰਨ ਲਈ ਆਇਆ ਹੈ। ਅਦਾਲਤ ਨੇ ਪਟੀਸ਼ਨ ਕਰਤਾ ਨੂੰ ਕਿਹਾ ਕਿ ਜੇਕਰ ਤੁਸੀਂ ਪਹਿਲਾਂ ਤੋਂ ਚੱਲ ਰਹੀ ਪਟੀਸ਼ਨ ਵਿਚ ਸਹਿਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਇਹ ਪਟੀਸ਼ਨ ਜਲੰਧਰ ਦੇ ਇਕ ਵਿਅਕਤੀ ਵਲੋਂ ਲਗਾਈ ਗਈ ਸੀ। ਉਸ ਨੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਦੇ ਨਾਲ ਹਰਿਆਣਾ ਅਤੇ ਪੰਜਾਬ ਦੀ ਸਰਕਾਰ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਸ਼ੰਭੂ ਬਾਰਡਰ ਸਮੇਤ ਉਨ੍ਹਾਂ ਸਾਰੇ ਸਟੇਟ-ਨੈਸ਼ਨਲ ਹਾਈਵੇ ਨੂੰ ਟਰੈਫਿਕ ਲਈ ਖੋਲ੍ਹਿਆ ਜਾਵੇ, ਜੋ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ ਬੰਦ ਕੀਤੇ ਗਏ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.