Friday, 19 June 2026

ਦਿਲਜੀਤ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਕੀਤਾ ਭਰਪੂਰ ਮਨੋਰੰਜਨ

ਲੁਧਿਆਣਾ/ਬਿਊਰੋ ਨਿਊਜ਼ 

ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਵਾਰ ਲੁਧਿਆਣਾ ਵਾਸੀਆਂ ਦਾ ਨਵਾਂ ਸਾਲ ਦਾ ਜਸ਼ਨ ਦੁੱਗਣਾ ਕਰ ਦਿੱਤਾ ਹੈ। ਨਵੇਂ ਸਾਲ ਮੌਕੇ 31 ਦਸੰਬਰ ਦੀ ਰਾਤ ਨੂੰ ਲੁਧਿਆਣਾ ’ਚ ਖੇਤੀਬਾੜੀ ਯੂਨੀਵਰਸਿਟੀ ਵਿਚ ਦਿਲਜੀਤ ਦਾ ਦਿਲ ਲੁਮਿਨਾਟੀ ਕੰਸਰਟ ਹੋਇਆ ਅਤੇ ਜਿਸਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਗੀਤਾਂ ਨਾਲ ਪੰਜਾਬੀਆਂ ਦਾ ਦਿਲ ਜਿੱਤ ਲਿਆ। ਦਿਲਜੀਤ ਦੋਸਾਂਝ ਨੇ ਮੰਚ ’ਤੇ ਆਉਂਦੇ ਹੀ ਕਿਹਾ ਕਿ ‘ਪੰਜਾਬੀ ਆ ਗਏ ਓਏ’ ਤਾਂ ਦਰਸ਼ਕਾਂ ਨੇ ਇਸਦਾ ਭਰਪੂਰ ਸਮਰਥਨ ਕੀਤਾ ਅਤੇ ਦਿਲਜੀਤ ਨੇ ਦਰਸ਼ਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ। ਦਿਲਜੀਤ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਵਾਂ ਮਨੋਰੰਜਨ ਕੀਤਾ ਅਤੇ ਪੰਜਾਬੀ ਲੋਕ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਨੂੰ ਵੀ ਮੰਚ ’ਤੇ ਬੁਲਾਇਆ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਦਿਲਜੀਤ ਦੇ ਇਸ ਸ਼ੋਅ ਵਿਚ ਕਰੀਬ 45 ਹਜ਼ਾਰ ਵਿਅਕਤੀ ਪਹੰੁਚੇ ਹੋਏ ਸਨ। ਦਿਲਜੀਤ ਦੇ ਸ਼ੋਅ ਚੱਲਦਿਆਂ ਸ਼ਾਮੀ 5 ਵਜੇ ਤੋਂ ਲੈ ਕੇ ਸਵੇਰੇ 2 ਵਜੇ ਤੱਕ ਲੁਧਿਆਣਾ ਵਿਚ ਜਾਮ ਹੀ ਲੱਗਾ ਰਿਹਾ। ਦਿਲਜੀਤ ਦੋਸਾਂਝ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਾ ਵੀ ਵਿਸ਼ੇਸ਼ ਤੌਰ ’ਤੇ ਸਹਿਯੋਗ ਲਈ ਧੰਨਵਾਦ ਕੀਤਾ।

 

ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪੀਐਮ ਮੋਦੀ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ

ਚੰਡੀਗੜ੍ਹ/ਬਿਊਰੋ ਨਿਊਜ਼

ਨਵੇਂ ਸਾਲ 2025 ਦੇ ਪਹਿਲੇ ਦਿਨ ਅੱਜ 1 ਜਨਵਰੀ ਦਿਨ ਬੁੱਧਵਾਰ ਨੂੰ ਵੱਡੀ ਗਿਣਤੀ ਵਿਚ ਸੰਗਤ ਅੰਮਿ੍ਰਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਸ਼ਰਧਾਲੂਆਂ ਨੇ ਘੰਟਿਆਂਬੱਧੀ ਕਤਾਰਾਂ ਵਿਚ ਖੜ੍ਹ ਕੇ ਮੱਥਾ ਟੇਕਿਆ ਤੇ ਨਵੇਂ ਸਾਲ ਮੌਕੇ ਆਪਣੇ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸੇ ਦੌਰਾਨ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਬਹੁਤ ਸਾਰੇ ਆਗੂਆਂ ਨੇ ਨਵੇਂ ਸਾਲ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਸਾਲ ਹਰੇਕ ਲਈ ਨਵੇਂ ਮੌਕੇ, ਸਫਲਤਾ ਤੇ ਬੇਸ਼ੁਮਾਰ ਖੁਸ਼ੀਆਂ ਲੈ ਕੇ ਆਵੇ। ਹਰ ਕਿਸੇ ਨੂੰ ਚੰਗੀ ਸਿਹਤ ਤੇ ਖ਼ੁਸ਼ਹਾਲੀ ਦੀ ਬਖ਼ਸ਼ਿਸ਼ ਹੋਵੇ।

ਹਜ਼ਾਰਾਂ ਵਿਅਕਤੀਆਂ ਦੇ ਪਹੁੰਚਣ ਦੀ ਉਮੀਦ

ਲੁਧਿਆਣਾ/ਬਿਊਰੋ ਨਿਊਜ਼  

ਲੁਧਿਆਣਾ ਵਿਚ ਭਲਕੇ 31 ਦਸੰਬਰ ਦੀ ਰਾਤ ਨੂੰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕੰਸਰਟ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਤੇ ਇਸ ਕੰਸਰਟ ਵਿਚ ਹਜ਼ਾਰਾਂ ਵਿਅਕਤੀਆਂ ਦੇ ਪਹੁੰਚਣ ਦੀ ਉਮੀਦ ਹੈ। ਉਧਰ ਦੂਜੇ ਪਾਸੇ ਲੁਧਿਆਣਾ ਦੇ ਪ੍ਰਸ਼ਾਸਨ ਨੇ ਇਸ ਕੰਸਰਟ ਨੂੰ ਲੈ ਕੇ ਨਵੇਂ ਸਾਲ ’ਤੇ ਸ਼ਹਿਰ ਵਿਚ ਹੋਣ ਵਾਲੇ ਸਾਰੇ ਪ੍ਰੋਗਰਾਮ ਰੱਦ ਕਰਾ ਦਿੱਤੇ ਹਨ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਸਾਰੇ ਕਲੱਬਾਂ ਨੂੰ ਨਿਰਦੇਸ਼ ਜਾਰੀ ਕਰਵਾ ਦਿੱਤੇ ਹਨ ਕਿ 31 ਦਸੰਬਰ ਨੂੰ ਨਵੇਂ ਸਾਲ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੋਵੇਗਾ। ਇਸਦੇ ਚੱਲਦਿਆਂ ਕਲੱਬਾਂ ਵਾਲਿਆਂ ਨੂੰ ਇਤਰਾਜ਼ ਵੀ ਹੈ ਕਿ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਏਨੀ ਤਵੱਜੋਂ ਕਿਉਂ ਦਿੱਤੀ ਜਾ ਰਹੀ ਹੈ। 

ਬਜ਼ਾਰ ਰਹੇ ਸੁੰਨੇ, ਬੱਸਾਂ ਤੇ ਰੇਲਾਂ ਰਹੀਆਂ ਬੰਦ, ਸੜਕਾਂ ’ਤੇ ਹੋਈ ਤਕਰਾਰ

ਚੰਡੀਗੜ੍ਹ/ਬਿਊਰੋ ਨਿਊਜ਼  

ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਨੂੰ ਲੈ ਕੇ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਫਲ ਰਿਹਾ ਹੈ। ਅੱਜ ਸੋਮਵਾਰ ਨੂੰ ਪੰਜਾਬ ਬੰਦ ਦੇ ਚੱਲਦਿਆਂ ਬਜ਼ਾਰ ਸੁੰਨੇ ਰਹੇ, ਬੱਸਾਂ ਤੇ ਰੇਲਾਂ ਵੀ ਬੰਦ ਰਹੀਆਂ ਅਤੇ ਸੜਕਾਂ ’ਤੇ ਤਕਰਾਰ ਵੀ ਹੋਈ ਹੈ। ਪੰਜਾਬ ਬੰਦ ਦਾ ਸੱਦਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤਾ ਗਿਆ ਸੀ। ਇਸਦੇ ਚੱਲਦਿਆਂ ਪੰਜਾਬ ਦੇ ਸਾਰੇ ਮੁੱਖ ਮਾਰਗਾਂ ’ਤੇ ਕਿਸਾਨ ਧਰਨਾ ਲਗਾ ਕੇ ਬੈਠ ਗਏ ਸਨ। ਕਿਸਾਨਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਵਿਚ ਸੂਬੇ ਦੀਆਂ ਵੱਡੀ ਗਿਣਤੀ ਵਿਚ ਵਪਾਰੀ, ਧਾਰਮਿਕ, ਮੁਲਾਜ਼ਮ, ਵਿਦਿਆਰਥੀ, ਟਰਾਂਸਪੋਰਟ ਅਤੇ ਹੋਰਨਾਂ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ ਹੋਇਆ ਸੀ। ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ ਅਤੇ ਕੁੱਲ ਮਿਲਾ ਕੇ ਕਿਸਾਨਾਂ ਵਲੋਂ ਪੰਜਾਬ ਬੰਦ ਸਫਲ ਰਿਹਾ ਹੈ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.