Friday, 19 June 2026

ਕਿਹਾ : ਚੰਡੀਗੜ੍ਹ ’ਚ ਸਲਾਹਕਾਰ ਦੇ ਅਹੁਦੇ ’ਤੇ ਮੁੜ ਵਿਚਾਰ ਕਰੇ ਸਰਕਾਰ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤ ਸਰਕਾਰ ਵਲੋਂ ਚੰਡੀਗੜ੍ਹ ਵਿਚ ਸਲਾਹਕਾਰ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਮੁੱਖ ਸਕੱਤਰ ਦੀ ਇਸ ਅਹੁਦੇ ’ਤੇ ਨਿਯੁਕਤੀ ਕੀਤੀ ਜਾਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਭਾਜਪਾ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਨਿੰਦਾ ਕਰ ਰਹੀਆਂ ਹਨ। ਇਸਦੇ ਚੱਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੇ ਇਸ ਫੈਸਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਚੰਡੀਗੜ੍ਹ ’ਤੇ ਸਿਰਫ ਪੰਜਾਬ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਹੈ ਅਤੇ ਇਸ ’ਤੇ ਪੰਜਾਬ ਦਾ ਹੀ ਪੂਰਾ ਅਧਿਕਾਰ ਹੈ। ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰੇ ਅਤੇ ਚੰਡੀਗੜ੍ਹ ਵਿਚ ਸਲਾਹਕਾਰ ਦੇ ਅਹੁਦੇ ਨੂੰ ਬਰਕਰਾਰ ਰੱਖਿਆ ਜਾਵੇ।   

 

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੋਕ ਭਲਾਈ ਕੰਮਾਂ ਲਈ ਪੂਰੀ ਤਨਖਾਹ ਕੀਤੀ ਦਾਨ 

ਲੁਧਿਆਣਾ/ਬਿਊਰੋ ਨਿਊਜ਼  

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਸਾਰੀ ਤਨਖਾਹ ਮਾਨਵਤਾ ਅਤੇ ਵਾਤਾਵਰਣ ਦੇ ਕੰਮਾਂ ਲਈ ਦਾਨ ਕਰਕੇ ਲੋਕ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਹੈ। ਧਿਆਨ ਰਹੇ ਕਿ ਸੰਤ ਸੀਚੇਵਾਲ ਦਾ ਵਰਤਮਾਨ ਫੋਕਸ ਲੁਧਿਆਣਾ ’ਚ ਬੁੱਢਾ ਦਰਿਆ ਨੂੰ ਸਾਫ ਅਤੇ ਪੁਨਰ ਸੁਰਜੀਤ ਕਰਨ ਲਈ ਚੱਲ ਰਹੀ ਕਾਰ ਸੇਵਾ ’ਤੇ ਹੈ। ਸੰਤ ਸੀਚੇਵਾਲ ਵੱਲੋਂ ਪਹਿਲਾਂ ਵੀ ਕਾਲੀ ਵੇਈਂ ਨੂੰ ਕਾਰਸੇਵਾ ਰਾਹੀਂ ਮੁੜ ਸੁਰਜੀਤ ਕੀਤਾ ਗਿਆ ਸੀ ਅਤੇ ਅੱਜ ਉਹ ਕਾਲੀ ਵੇਈਂ ਦੇਸ਼ ਤੇ ਦੁਨੀਆ ਲਈ ਇੱਕ ਮਿਸਾਲ ਬਣੀ ਹੋਈ ਹੈ। ਸੀਚੇਵਾਲ ਹੋਰਾਂ ਨੇ ਦੱਸਿਆ ਕਿ ਪੈਸਾ ਕਦੇ ਵੀ ਉਨ੍ਹਾਂ ਦੀ ਤਰਜੀਹ ਨਹੀਂ ਰਿਹਾ, ਕਿਉਂਕਿ ਉਹ ਸਮਾਜ ਦੀ ਸੇਵਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਉਹਨਾਂ ਦੀ ਤਨਖਾਹ ਬੁੱਢਾ ਦਰਿਆ ਦੀ ਸਫਾਈ ਲਈ ਚੱਲ ਰਹੇ ਕਾਰਜਾਂ ਲਈ ਖਰਚ ਕੀਤੀ ਜਾ ਰਹੀ ਹੈ।

ਸਿਹਤ ਮੰਤਰੀ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਮਾਸਕ ਪਹਿਨਣ ਦੀ ਦਿੱਤੀ ਸਲਾਹ

ਚੰਡੀਗੜ੍ਹ/ਬਿਊਰੋ ਨਿਊਜ਼ 

ਭਾਰਤ ਦੇ ਕੁਝ ਸੂਬਿਆਂ ਵਿਚ ਸਾਹਮਣੇ ਆਏ ਹਿਊਮਨ ਮੈਟਾਨਿਊਮੋ ਵਾਇਰਸ (ਐਚ.ਐਮ.ਪੀ.ਵੀ.) ਦੇ ਮਾਮਲਿਆਂ ਦੇ ਚੱਲਦਿਆਂ ਭਾਰਤ ਸਰਕਾਰ ਨੇ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਖਾਸ ਤੌਰ ’ਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਡਾ. ਬਲਬੀਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਾਇਰਸ ਤੋਂ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਸੰਪਰਕ ਵਿਚ ਹੈ ਅਤੇ ਜੇਕਰ ਵਾਇਰਸ ਫੈਲਣ ਸਬੰਧੀ ਕੋਈ ਸਥਿਤੀ ਬਣਦੀ ਹੈ ਤਾਂ ਪੰਜਾਬ ਸਰਕਾਰ ਉਸ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਵਾਇਰਸ ਕੋਈ ਗੰਭੀਰ ਸਮੱਸਿਆ ਨਹੀਂ ਹੈ ਅਤੇ ਇਸ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਸਬੰਧੀ ਸੂਬੇ ਦੇ ਸਾਰੇ ਡਾਕਟਰਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। 

 

18 ਲੱਖ ਤੋਂ ਘਟ ਕੇ 6 ਲੱਖ ਰਹਿ ਗਏ ਮੈਂਬਰ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ’ਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਮੂਧੇ ਮੂੰਹ ਡਿੱਗੀ ਹੈ। ਭਾਰਤੀ ਜਨਤਾ ਪਾਰਟੀ ਦੇ ਪਹਿਲਾਂ ਪੰਜਾਬ ’ਚ 18 ਲੱਖ ਸਰਗਰਮ ਮੈਂਬਰ ਸਨ, ਜਿਹਨਾਂ ਦੀ ਗਿਣਤੀ ਘਟ ਕੇ 6 ਲੱਖ ਰਹਿ ਗਈ ਹੈ। ਜਦੋਂ ਕਿ ਪਾਰਟੀ ਨੇ 30 ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਰੱਖਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮੈਂਬਰਸ਼ਿਪ ਦਾ ਟੀਚਾ ਪੂਰਾ ਨਾ ਹੋਣ ਕਾਰਨ ਭਾਜਪਾ ਨੇ ਪੰਜਾਬ ’ਚ ਪਾਰਟੀ ਦੀਆਂ ਜਥੇਬੰਦਕ ਚੋਣਾਂ ਟਾਲ ਦਿੱਤੀਆਂ ਹਨ। ਇਸਦੇ ਚੱਲਦਿਆਂ ਅਗਲੀਆਂ ਚੋਣਾਂ ਹੋਣ ਤੱਕ ਸੁਨੀਲ ਜਾਖੜ ਹੀ ਪਾਰਟੀ ਦੇ ਸੂਬਾ ਪ੍ਰਧਾਨ ਬਣੇ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ’ਚ ਨਿਰੰਤਰ ਚੱਲ ਰਹੇ ਕਿਸਾਨ ਅੰਦੋਲਨ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਨੂੰ ਵੱਡੀ ਢਾਅ ਲਗਾਈ ਹੈ। ਦੱਸਿਆ ਗਿਆ ਕਿ ਪਿਛਲੇ ਸਾਲ 2 ਸਤੰਬਰ ਤੋਂ ਭਾਜਪਾ ਦੀ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਵਿਚ ਪਾਰਟੀ ਦੇ ਕਰੀਬ 18 ਲੱਖ ਮੈਂਬਰ ਸਨ।   

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.