Friday, 19 June 2026

ਮਈ ਮਹੀਨੇ ’ਚ ਸ਼ੁਰੂ ਹੋਵੇਗੀ ਤੀਰਥ ਯਾਤਰਾ ਯੋਜਨਾ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵੱਖ-ਵੱਖ ਨੀਤੀਆਂ ਸੰਬੰਧੀ ਕਈ ਫੈਸਲੇ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਦੇ ਹੱਕ ਵਿਚ ਫੈਸਲੇ ਲਏ ਜਾ ਰਹੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਅਤੇ ਰਜਿਸਟ੍ਰੇਸ਼ਨ ਅਪ੍ਰੈਲ ਮਹੀਨੇ ਦੇ ਅੰਤ ਵਿਚ ਕੀਤੀ ਜਾਵੇਗੀ ਅਤੇ ਯਾਤਰਾ ਮਈ ਵਿਚ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਿਚ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਸ ਲਈ ਇਕ ਕਮੇਟੀ ਬਣਾਈ ਗਈ ਹੈ ਅਤੇ ਖਾਣ-ਪੀਣ ਅਤੇ ਏ.ਸੀ. ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਚੀਮਾ ਨੇ ਕਿਹਾ ਕਿ ਅਸੀਂ ਸਿੱਖਿਆ ਲਈ ਵੀ ਲਗਾਤਾਰ ਯਤਨ ਕਰ ਰਹੇ ਹਾਂ ਅਤੇ ਅਧਿਆਪਕਾਂ ਨੂੰ ਵੀ ਟਰੇਨਿੰਗ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ। 

 

 

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ/ਬਿਊਰੋ ਨਿਊਜ਼ 

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਘਟਾਈ ਗਈ ਹੈ, ਵਾਪਸ ਨਹੀਂ ਲਈ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਇਹ ਬਿਆਨ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਉਸ ਦਾਅਵੇ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਮਜੀਠੀਆ ਦੀ ਜ਼ੈੱਡ-ਪਲੱਸ ਸੁਰੱਖਿਆ ਵਾਪਸ ਲੈ ਲਈ ਹੈ। ਵਿਸ਼ੇਸ਼ ਡਾਇਰੈਕਟਰ ਜਨਰਲ ਆਫ ਪੁਲਿਸ ਅਰਪਿਤ ਸ਼ੁਕਲਾ ਨੇ ਕਿਹਾ ਕਿ ਮਜੀਠੀਆ ਦੀ ਸੁਰੱਖਿਆ ਵਾਪਸ ਲਏ ਜਾਣ ਦੀਆਂ ਰਿਪੋਰਟਾਂ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਕਵਰ ਖਤਰੇ ਦੇ ਆਧਾਰ ’ਤੇ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਸਮੀਖਿਆ ਕਮੇਟੀ ਸਮੇਂ-ਸਮੇਂ ’ਤੇ ਸਮੀਖਿਆ ਕਰਦੀ ਹੈ ਅਤੇ ਖ਼ਤਰੇ ਦੀ ਧਾਰਨਾ ਦੇ ਆਧਾਰ ’ਤੇ ਸੁਰੱਖਿਆ ਵਧਾਉਣ ਜਾਂ ਘਟਾਉਣ ਦਾ ਫੈਸਲਾ ਕਰਦੀ ਹੈ।

 

ਕਿਹਾ : ਪੰਜਾਬ ਦੇ ਲੋਕਾਂ ਲਈ ਕਦੇ ਇਸ ਤਰ੍ਹਾਂ ਇਕੱਠੇ ਨਹੀਂ ਹੋਏ ਵਿਰੋਧ ਦਲ

ਚੰਡੀਗੜ੍ਹ/ਬਿਊਰੋ ਨਿਊਜ਼  

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ-ਪਲੱਸ ਸੁਰੱਖਿਆ ਵਾਪਸ ਲੈਣ ਸਬੰਧੀ ਸਿਆਸੀ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ’ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪ੍ਰਤੀਕਿਰਿਆ ਦਿੱਤੀ ਹੈ। ਅਮਨ ਅਰੋੜਾ ਨੇ ਮਜੀਠੀਆ ਪ੍ਰਤੀ ਵਿਰੋਧੀ ਧਿਰ ਦੀ ਹਮਦਰਦੀ ’ਤੇ ਸਵਾਲ ਚੁੱਕੇ ਹਨ। ਸੂਬਾ ਸਰਕਾਰ ਵੱਲੋਂ ਮਜੀਠੀਆ ਦੀ ਜ਼ੈੱਡ-ਪਲੱਸ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਆਰੋਪ ਲਗਾਏ ਜਾ ਰਹੇ ਹਨ ਕਿ ਮਜੀਠੀਆ ਦਾ ਸੁਰੱਖਿਆ ਕਵਰ ‘ਆਪ’ ਸਰਕਾਰ ਵਿਰੁੱਧ ਲਗਾਤਾਰ ਮੁੱਦੇ ਉਠਾਉਣ ਦੇ ਬਦਲੇ ਵਜੋਂ ਵਾਪਸ ਲਿਆ ਗਿਆ ਹੈ। ਧਿਆਨ ਰਹੇ ਕਿ ਅਕਾਲੀ ਆਗੂਆਂ ਤੋਂ ਇਲਾਵਾ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਵੀ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ’ਤੇ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸੇ ਦੌਰਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਸਵਾਲ ਕੀਤਾ ਕਿ ਉਹ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਪ੍ਰਤੀ ਹਮਦਰਦੀ ਕਿਉਂ ਰੱਖਦੇ ਹਨ। ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸਰਕਾਰੀ ਕਾਰਵਾਈ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੀ ਹੋਵੇ।

 

ਪੰਜਾਬ ਖਿਲਾਫ ਗਲਤ ਬਿਰਤਾਂਤ ਸਿਰਜਣ ਦੇ ਲਗਾਏ ਆਰੋਪ

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਰੋਪ ਲਾਇਆ ਕਿ ਪੰਜਾਬ ਖਿਲਾਫ ‘ਉਡਤਾ ਪੰਜਾਬ’ ਦਾ ਗਲਤ ਬਿਰਤਾਂਤ ਸਿਰਜਿਆ ਗਿਆ ਹੈ, ਜਦੋਂ ਕਿ ਇਹ ਦੌੜਦਾ ਪੰਜਾਬ ਹੈ ਅਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਾਲਾ ਪੰਜਾਬ ਹੈ। ਉਨ੍ਹਾਂ ਦਾ ਇਹ ਬਿਆਨ ਸਾਬਤ ਸੂਰਤ ਸਿੱਖ ਨੌਜਵਾਨ ਗੁਰਿੰਦਰਵੀਰ ਸਿੰਘ ਵੱਲੋਂ ਭਾਰਤ ਦੇ ਤੇਜ ਦੌੜਾਕ ਵਜੋਂ ਸਥਾਪਿਤ ਕੀਤੇ ਰਿਕਾਰਡ ਦੇ ਸੰਬੰਧ ਵਿੱਚ ਆਇਆ ਹੈ। ਗੁਰਿੰਦਰਵੀਰ ਸਿੰਘ ਵੱਲੋਂ 100 ਮੀਟਰ ਦੀ ਦੌੜ ਵਿੱਚ ਸਥਾਪਿਤ ਕੀਤੇ ਰਿਕਾਰਡ ਬਾਰੇ ਜਥੇਦਾਰ ਹੋਰਾਂ ਕਿਹਾ ਕਿ ਇਹ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਕੌਮ ਲਈ ਇਕ ਚੰਗੀ ਖਬਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਹੋਰ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਸਾਬਤ ਸੂਰਤ ਸਿੱਖਾਂ ਦਾ ਸਨਮਾਨ ਕਰਦੀ ਹੈ, ਉਸੇ ਤਰ੍ਹਾਂ ਇਸ ਸਿੱਖ ਨੌਜਵਾਨ ਦਾ ਵੀ ਸਨਮਾਨ ਕਰੇ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.