Friday, 19 June 2026

ਰਾਣਾ ਗੁਰਜੀਤ ਸਿੰਘ ਅਤੇ ਸ਼ਾਮ ਸੁੰਦਰ ਸੰਭਾਲਣਗੇ ਕਮਾਨ

ਲੁਧਿਆਣਾ/ਬਿਊਰੋ ਨਿਊਜ਼  

ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਹੋਣੀ ਹੈ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਜਲਦੀ ਹੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕਾਂਗਰਸ ਨੇ ਇਸ ਜ਼ਿਮਨੀ ਚੋਣ ਲਈ ਰਣਨੀਤੀ ਬਣਾ ਲਈ ਹੈ। ਇਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਦੋ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿਚ ਰਾਣਾ ਗੁਰਜੀਤ ਸਿੰਘ ਅਤੇ ਸ਼ਾਮ ਸੁੰਦਰ ਅਰੋੜਾ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਆਗੂਆਂ ਦੀ ਦੇਖ ਰੇਖ ਵਿਚ ਕਾਂਗਰਸ ਪਾਰਟੀ ਇਹ ਜ਼ਿਮਨੀ ਚੋਣ ਲੜੇਗੀ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ’ਚ ਹੋਣ ਵਾਲੀ ਜ਼ਿਮਨੀ ਚੋਣ ਲਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਥੋਂ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਹੋਈ ਹੈ ਅਤੇ ਭਾਜਪਾ ਅਤੇ ਅਕਾਲੀ ਦਲ ਨੇ ਅਜੇ ਤੱਕ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ।  

 

 

ਕਾਂਗਰਸ ਭਲਕੇ ਮੰਗਲਵਾਰ ਨੂੰ ਚੰਡੀਗੜ੍ਹ ’ਚ ਕਰੇਗੀ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ‘ਬੰਬਾਂ ਬਾਰੇ ਬਿਆਨ’ ਮਾਮਲੇ ਵਿਚ ਅੱਜ ਮੁਹਾਲੀ ਥਾਣੇ ਵਿਚ ਕੀਤੀ ਜਾਣ ਵਾਲੀ ਪੁੱਛ ਪੜਤਾਲ ਵਿਚ ਸ਼ਾਮਲ ਨਹੀਂ ਹੋਏ। ਧਿਆਨ ਰਹੇ ਕਿ ਮੁਹਾਲੀ ਦੇ ਐਸ.ਪੀ. ਹਰਬੀਰ ਸਿੰਘ ਅਟਵਾਲ ਨੇ ਬਾਜਵਾ ਨੂੰ ਸੰਮਨ ਭੇਜ ਕੇ ਅੱਜ ਸੋਮਵਾਰ ਦੁਪਹਿਰੇ 12 ਵਜੇ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕਰਾਈਮ ਥਾਣਾ ਫੇਜ਼-7 ਵਿਚ ਜਾਂਚ ’ਚ ਸ਼ਾਮਲ ਹੋਣ ਲਈ ਸੱਦਿਆ ਸੀ। ਹੁਣ ਪ੍ਰਤਾਪ ਸਿੰਘ ਬਾਜਵਾ ਭਲਕੇ ਮੰਗਲਵਾਰ ਬਾਅਦ ਦੁਪਹਿਰ 2 ਵਜੇ ਮੁਹਾਲੀ ਦੇ ਥਾਣੇ ਵਿਚ ਪਹੁੰਚ ਕੇ ਜਾਂਚ ਵਿਚ ਸ਼ਾਮਲ ਹੋਣਗੇ। ਧਿਆਨ ਰਹੇ ਕਿ ਬਾਜਵਾ ਨੇ ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਪੰਜਾਬ ਵਿਚ 50 ਬੰਬ ਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਨ੍ਹਾਂ ਵਿਚੋਂ 18 ਬੰਬ ਚੱਲ ਚੁੱਕੇ ਹਨ ਅਤੇ 32 ਅਜੇ ਤੱਕ ਚਲਣੇ ਬਾਕੀ ਹਨ। ਇਸ ਮਾਮਲੇ ਨੂੰ ਲੈ ਕੇ ਬਾਜਵਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸਦੇ ਚੱਲਦਿਆਂ ਕਾਂਗਰਸ ਪਾਰਟੀ ਬਾਜਵਾ ਖਿਲਾਫ ਦਰਜ ਹੋਏ ਕੇਸ ਦੇ ਮਾਮਲੇ ਵਿਚ ਭਲਕੇ ਮੰਗਲਵਾਰ ਨੂੰ ਚੰਡੀਗੜ੍ਹ ’ਚ ਵਿਰੋਧ ਪ੍ਰਦਰਸ਼ਨ ਵੀ ਕਰੇਗੀ। 

 

ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ

ਪਟਿਆਲਾ/ਬਿਊਰੋ ਨਿਊਜ਼

ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਟਿਆਲਾ ਵਿਚ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਹੁਣ ਪਰਿਵਾਰ ਨੇ ਗੰਭੀਰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ। ਕਰਨਲ ਬਾਠ ਦੇ ਪਰਿਵਾਰ ਨੇ ਪੰਜਾਬ ਦੇ ਡੀਜੀਪੀ ਨੂੰ ਅਪੀਲ ਕੀਤੀ ਹੈ ਕਿ 4 ਸਸਪੈਂਡਿਡ ਪੁਲਿਸ ਇੰਸਪੈਕਟਰਾਂ ਦਾ ਪਟਿਆਲਾ ਜ਼ੋਨ ਤੋਂ ਬਾਹਰ ਤਬਾਦਲਾ ਕੀਤਾ ਜਾਵੇ। ਇਹ ਅਪੀਲ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਡੀਜੀਪੀ ਨੂੰ ਕੀਤੀ ਹੈ। ਜਸਵਿੰਦਰ ਕੌਰ ਬਾਠ ਦਾ ਦਾਅਵਾ ਹੈ ਕਿ ਇਹ ਪੁਲਿਸ ਇੰਸਪੈਕਟਰ ਉਨ੍ਹਾਂ ਦੇ ਪਰਿਵਾਰ ’ਤੇ ਜਾਨਲੇਵਾ ਹਮਲੇ ਦੇ ਦੋਸ਼ੀ ਹਨ, ਜਿਸ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਜਸਵਿੰਦਰ ਕੌਰ ਬਾਠ ਨੇ ਦੱਸਿਆ ਕਿ ਲੰਘੀ 13 ਅਤੇ 14 ਮਾਰਚ ਦੀ ਰਾਤ ਨੂੰ ਪਟਿਆਲਾ ਵਿਚ ਇਨ੍ਹਾਂ ਚਾਰ ਪੁਲਿਸ ਇੰਸਪੈਕਟਰਾਂ ਨੇ ਉਨ੍ਹਾਂ ਦੇ ਪਤੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ’ਤੇ ਜਾਨ ਲੇਵਾ ਹਮਲਾ ਕਰ ਦਿੱਤਾ ਸੀ।  

 

ਜਲੰਧਰ ਦੇ ਇਕ ਸਕੂਲ ਵਿਚ ਲੜਕੇ-ਲੜਕੀਆਂ ਲਈ ਇੱਕ ਹੀ ਪਖਾਨਾ

ਜਲੰਧਰ/ਬਿਊਰੋ ਨਿਊਜ਼

ਪੰਜਾਬ ਦੇ ਸਕੂਲਾਂ ਵਿਚ ਸੂਬਾ ਸਰਕਾਰ ਵਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਜਲੰਧਰ ਜ਼ਿਲ੍ਹੇ ਵਿਚ ਪੈਂਦੇ ਲੋਹੀਆਂ ਬਲਾਕ ਦੇ ਪਿੰਡ ਮੰਡਲਾ ਛੰਨਾ ਵਿਚ ਸਥਿਤ ਇਕ ਸਕੂਲ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ। ਜਲੰਧਰ ਦੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਵਿਚ 80 ਵਿਦਿਆਰਥੀ ਹਨ ਅਤੇ ਸਾਰੇ ਇੱਕ ਹੀ ਪਖਾਨੇ ਦੀ ਵਰਤੋਂ ਕਰਦੇ ਹਨ। ਜ਼ਿਕਰਯੋਗ ਹੈ ਕਿ 2023 ਦੇ ਹੜ੍ਹਾਂ ਦੌਰਾਨ ਇਹ ਇਮਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਸਕੂਲ ਸਟਾਫ ਦੇ ਅਨੁਸਾਰ ਕੰਧਾਂ ਵਿਚ ਤਰੇੜਾਂ ਅਤੇ ਫਰਸ਼ ਖਰਾਬ ਹੋਣ ਕਾਰਨ ਤਿੰਨ ਵਿਚੋਂ ਦੋ ਪਖਾਨੇ ਵਰਤੋਂ ਦੇ ਯੋਗ ਨਹੀਂ ਰਹੇ ਅਤੇ ਉਹ ਹੁਣ ਬੰਦ ਹਨ। ਇਨ੍ਹਾਂ ਵਿਚ ਕੁੜੀਆਂ ਲਈ ਦੋ ਪਖਾਨੇ ਅਤੇ ਮੁੰਡਿਆਂ ਲਈ ਇਕ ਪਖਾਨਾ ਸੀ। ਉਦੋਂ ਤੋਂ ਪਖਾਨਾ ਜਾਣਾ ਇਸ ਸਕੂਲ ਦੇ ਵਿਦਿਆਰਥੀਆਂ ਲਈ ਇਕ ਸਜ਼ਾ ਦੀ ਤਰ੍ਹਾਂ ਬਣ ਗਿਆ ਹੈ ਅਤੇ ਇਹ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਵੀ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਸਕੂਲ ਦਾ ਹਿੱਸਾ ਬਣੀ ਹੋਈ ਹੈ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.