Saturday, 20 June 2026

ਸੁਖਬੀਰ ਸਿੰਘ ਬਾਦਲ ਨੂੰ ਵੀ ਕੀਤਾ ਗਿਆ ਤਲਬ

ਚੰਡੀਗੜ੍ਹ/ਬਿਊਰੋ ਨਿਊਜ਼ 

ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੂੰ ਤਨਖਾਹੀਆ ਐਲਾਨ ਦਿੱਤਾ ਹੈ। ਇਨ੍ਹਾਂ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੰੁਚਾਉਣ ਦੇ ਦੋਸ਼ ਹੇਠ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਪੰਜ ਪਿਆਰਿਆਂ ਨੇ ਹੁਕਮਨਾਮਾ ਜਾਰੀ ਕਰਦਿਆਂ 10 ਦਿਨਾਂ ਦੇ ਅੰਦਰ-ਅੰਦਰ ਇਨ੍ਹਾਂ ਨੂੰ ਸ੍ਰੀ ਪਟਨਾ ਸਾਹਿਬ ਵਿਖੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਹੈ। ਜਾਰੀ ਹੁਕਮਨਾਮੇ ਵਿਚ ਇਹ ਵੀ ਆਖਿਆ ਹੈ ਕਿ ਇਨ੍ਹਾਂ ਜਥੇਦਾਰਾਂ ਨੂੰ ਸਿਆਸੀ ਘਟਨਾਕ੍ਰਮ ਦੇ ਚੱਲਦਿਆਂ ਥਾਪਿਆ ਗਿਆ ਹੈ, ਜੋ ਕਿ ਨਿਯਮਾਂ ਦੇ ਉਲਟ ਹੈ। ਹੁਕਮਨਾਮੇ ਵਿਚ ਇਹ ਵੀ ਆਖਿਆ ਗਿਆ ਹੈ ਕਿ ਆਪੋ-ਥਾਪੀ ਜਥੇਦਾਰਾਂ ਨੂੰ ਪੰਥ ਨੇ ਨਕਾਰ ਦਿੱਤਾ ਹੈ। ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਆਖਿਆ ਗਿਆ ਹੈ। 

ਸਰਨਾ ਤੇ ਸਾਬਕਾ ਜਥੇਦਾਰਾਂ ਸਮੇਤ ਹੋਰ ਕਈ ਸਿੱਖ ਆਗੂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮੌਕੇ ਹੋਏ ਪੇਸ਼

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਬੁੱਧਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ, ਜਿਸ ਵਿੱਚ ਵੱਖ-ਵੱਖ ਸਿੱਖ ਮਾਮਲੇ ਵਿਚਾਰੇ ਗਏ ਹਨ। ਇਸ ਦੌਰਾਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ ਆਪਣੀ ਖਿਮਾ ਯਾਚਨਾ ਕੀਤੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਖਿਮਾ ਯਾਚਨਾ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਗਈ ਹੈ। ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ, ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਤੇ ਹੋਰ ਸਿੱਖ ਆਗੂ ਵੀ ਪੇਸ਼ ਹੋਏ ਹਨ। ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਹਾਜ਼ਰ ਰਹੇ। ਇਕੱਤਰਤਾ ਉਪਰੰਤ ਅਕਾਲ ਤਖਤ ਸਾਹਿਬ ਤੋਂ ਦੋ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਹੈ।

 

 

 

 

  

ਮੰਡੀ ਗੋਬਿੰਦਗੜ੍ਹ, 20 ਮਈ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ), ਇੱਕ ਨੈਕ ਏ+ ਮਾਨਤਾ ਪ੍ਰਾਪਤ ਸੰਸਥਾ, ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਯੂਨੀਵਰਸਿਟੀਜ਼ ਵਿੱਚ ਆਪਣੀ ਅਧਿਕਾਰਤ ਮੈਂਬਰਸ਼ਿਪ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਹੀ ਹੈ। ਆਈਏਯੂ ਯੂਨੈਸਕੋ ਦੇ ਅਧੀਨ ਇੱਕ ਵਿਸ਼ਵ ਪੱਧਰ 'ਤੇ ਸਨਮਾਨਿਤ ਨੈੱਟਵਰਕ ਹੈ, ਜਿਸ ਵਿੱਚ 130 ਤੋਂ ਵੱਧ ਦੇਸ਼ਾਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਸ਼ਾਮਲ ਹਨ, ਜੋ ਉੱਚ ਸਿੱਖਿਆ ਵਿੱਚ ਗੁਣਵੱਤਾ, ਸਹਿਯੋਗ ਅਤੇ ਨਵੀਨਤਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।

ਇਹ ਪ੍ਰਾਪਤੀ ਅਕਾਦਮਿਕ ਉੱਤਮਤਾ, ਉਦਯੋਗ ਏਕੀਕਰਨ ਅਤੇ ਅੰਤਰਰਾਸ਼ਟਰੀ ਪਹੁੰਚ ਨੂੰ ਸਮਰਪਿਤ ਇੱਕ ਬਹੁ-ਅਨੁਸ਼ਾਸਨੀ ਸੰਸਥਾ ਵਜੋਂ ਡੀਬੀਯੁ ਦੀ ਵਿਸ਼ਵਵਿਆਪੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੀ ਹੈ।

ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਕਿਹਾ, "ਦੇਸ਼ ਭਗਤ ਯੂਨੀਵਰਸਿਟੀ ਲਈ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਵਿੱਚ ਸ਼ਾਮਲ ਹੋਣਾ ਇੱਕ ਮਾਣ ਵਾਲੀ ਗੱਲ ਹੈ। ਇਹ ਮਾਨਤਾ ਸਾਡੀਆਂ ਕਦਰਾਂ-ਕੀਮਤਾਂ ਵਿੱਚ ਡੂੰਘੀਆਂ ਜੜ੍ਹਾਂ ਰੱਖਦੇ ਹੋਏ ਵਿਸ਼ਵ ਪੱਧਰੀ ਮਿਆਰਾਂ ਨੂੰ ਪੂਰਾ ਕਰਨ ਵਾਲੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਅਤੇ ਵਿਸ਼ਵ ਨੇਤਾ ਬਣਨ ਲਈ ਸਮਰੱਥ ਬਣਾਉਣ ਦੇ ਸਾਡੇ ਮਿਸ਼ਨ ਵਿੱਚ ਇੱਕ ਕਦਮ ਹੈ।" ਇੱਕ ਨੈਕ ਏ+ ਯੂਨੀਵਰਸਿਟੀ ਅਤੇ ਹੁਣ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਯੂਨੀਵਰਸਿਟੀਜ਼ ਦੇ ਮੈਂਬਰ ਹੋਣ ਦੇ ਨਾਤੇ ਡੀਬੀਯੁ ਨੂੰ ਵਧੇਰੇ ਵਿਸ਼ਵਵਿਆਪੀ ਅਕਾਦਮਿਕ ਦ੍ਰਿਸ਼ਟੀ ਅਤੇ ਭਰੋਸੇਯੋਗਤਾ, ਉੱਚ-ਪ੍ਰਭਾਵੀ ਅੰਤਰਰਾਸ਼ਟਰੀ ਖੋਜ ਅਤੇ ਨਵੀਨਤਾ ਭਾਈਵਾਲੀ, ਵਿਸ਼ਵਵਿਆਪੀ ਨੈੱਟਵਰਕ ਵਿੱਚ ਵਿਦਿਆਰਥੀ ਅਤੇ ਫੈਕਲਟੀ ਆਦਾਨ-ਪ੍ਰਦਾਨ ਦੇ ਮੌਕੇ, ਵਿਸ਼ਵਵਿਆਪੀ ਸਿੱਖਿਆ ਨੀਤੀ ਅਤੇ ਸਥਿਰਤਾ ਟੀਚਿਆਂ ਵਿੱਚ ਵਿਚਾਰ ਅਗਵਾਈ, ਉਦਯੋਗ 4.0 ਨਾਲ ਰਣਨੀਤਕ ਸਹਿਯੋਗ ਅਤੇ ਡਿਜੀਟਲ ਪਰਿਵਰਤਨ ਵਰਗੇ ਲਾਭ ਹਾਸਿਲ ਹੋਣਗੇ ।

 

ਰਾਜੇਵਾਲ ਨੇ ਕਿਹਾ : ਸਰਕਾਰਾਂ ਦੀ ਅਣਗਹਿਲੀ ਕਰਕੇ ਪੰਜਾਬ ਦਾ ਪਾਣੀ ਅਤੇ ਸਹਿਕਾਰੀ ਸਭਾਵਾਂ ਦਾ ਹੋ ਰਿਹਾ ਘਾਣ

ਚੰਡੀਗੜ੍ਹ/ਬਿਊਰੋ ਨਿਊਜ਼ 

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਾਣੀਆਂ ਅਤੇ ਸਹਿਕਾਰੀ ਸਭਾਵਾਂ ਦੀ ਰਾਖੀ ਲਈ ਮੋਰਚਾ ਲਾਇਆ ਜਾਵੇਗਾ। ਇਹ ਮੋਰਚਾ ਆਉਂਦੇ ਜੁਲਾਈ ਮਹੀਨੇ ਦੇ ਅਖੀਰ ਜਾਂ ਅਗਸਤ ਮਹੀਨੇ ਦੇ ਪਹਿਲੇ ਹਫਤੇ ਲਗਾਇਆ ਜਾਵੇਗਾ। ਉਨ੍ਹਾਂ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਕਰਕੇ ਪੰਜਾਬ ਦਾ ਪਾਣੀ ਅਤੇ ਸਹਿਕਾਰੀ ਸਭਾਵਾਂ ਤਬਾਹ ਹੋਣ ਕੰਢੇ ਪਹੁੰਚ ਚੁੱਕੀਆਂ ਹਨ। ਇਨ੍ਹਾਂ ਦੀ ਰਾਖੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਰਾਜੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਖਤਮ ਹੋਣ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਇਸ ਲਈ ਸਾਨੂੰ ਖੇਤੀਬਾੜੀ ਲਈ ਧਰਤੀ ਹੇਠਲਾ ਪਾਣੀ ਛੱਡ ਕੇ ਨਹਿਰੀ ਪਾਣੀ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜ਼ਿਆਦਾਤਰ ਸਹਿਕਾਰੀ ਸਭਾਵਾਂ ਘਾਟੇ ਵਿੱਚ ਚੱਲ ਰਹੀਆਂ ਹਨ ਪਰ ਸੂਬਾ ਸਰਕਾਰਾਂ ਨੇ ਕਦੇ ਵੀ ਉਨ੍ਹਾਂ ਵੱਲ ਧਿਆਨ ਕੇਂਦਰਿਤ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਪਿੰਡਾਂ ਦੇ ਲੋਕਾਂ ਦੀ ਲਾਈਫ-ਲਾਈਨ ਹੈ, ਜਿਸਦੀ ਰਾਖੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.