Saturday, 20 June 2026

ਹਰਪਾਲ ਸਿੰਘ ਚੀਮਾ ਨੇ ਕਿਹਾ : ਭਿ੍ਰਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਵਰਿੰਦਰ ਸਿੰਘ  ਬਰਾੜ ਨੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਗਿ੍ਰਫਤਾਰ 4 ਪੁਲਿਸ ਕਰਮਚਾਰੀਆਂ ’ਤੇ ਕਾਰਵਾਈ ਨਹੀਂ ਕੀਤੀ ਸੀ। ਧਿਆਨ ਰਹੇ ਕਿ ਲੰਘੇ ਕੱਲ੍ਹ ਮੰਗਲਵਾਰ ਨੂੰ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਸਾਈਬਰ ਸੈਲ ਦੇ ਚਾਰ ਅਧਿਕਾਰੀਆਂ ਨੂੰ ਗਿ੍ਰਫਤਾਰ ਕੀਤਾ ਸੀ। ਇਹ ਚਾਰੋਂ ਅਧਿਕਾਰੀ ਫਾਜ਼ਿਲਕਾ ਵਿਚ ਨਾਬਾਲਗ ’ਤੇ ਸਾਈਬਰ ਕੇਸ ਦਰਜ ਕਰਨ ਦੀ ਧਮਕੀ ਦੇ ਰਹੇ ਸਨ। ਦਰਅਸਲ ਇਕ ਨਾਬਾਲਗ ਕੋਲੋਂ ਗਲਤੀ ਨਾਲ ਪੋਰਨ ਸਾਈਟ ’ਤੇ ਕਲਿੱਕ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਕਰਮਚਾਰੀ ਬਲੈਕਮੇਲ ਕਰਕੇ ਪਰਿਵਾਰ ਕੋਲੋਂ ਇਕ ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਸਨ। ਵਿਜੀਲੈਂਸ ਨੇ ਟਰੈਪ ਲਗਾ ਕੇ ਆਰੋਪੀਆਂ ਨੂੰ ਰੰਗੇ ਹੱਥੀਂ ਗਿ੍ਰਫਤਾਰ ਕਰ ਲਿਆ ਸੀ। ਇਸ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ, ਆਪਣਾ ਹੋਵੇ ਜਾਂ ਅਣਜਾਣ।

ਸਿਹਤ ਵਿਭਾਗ ਨੇ ਅੰਬਾਲਾ ਨਾਲ ਸਬੰਧਤ ਨੌਜਵਾਨ ਨੂੰ ਕੀਤਾ ਇਕਾਂਤਵਾਸ

ਫਿਰੋਜ਼ਪੁਰ/ਬਿਊਰੋ ਨਿਊਜ਼     

ਫਿਰੋਜ਼ਪੁਰ ਵਿੱਚ ਅੱਜ ਕਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ, ਜਿਸ ਨਾਲ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪੀੜਤ ਨੌਜਵਾਨ ਅੰਬਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਕੁਝ ਦਿਨ ਪਹਿਲਾਂ ਇੱਥੇ ਰੇਲਵੇ ਵਿੱਚ ਨੌਕਰੀ ਕਰਦੇ ਆਪਣੇ ਪਿਤਾ ਨੂੰ ਮਿਲਣ ਆਇਆ ਸੀ। ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਪਹੁੰਚਣ ਤੋਂ ਬਾਅਦ ਨੌਜਵਾਨ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਸਦੇ ਕੁਝ ਟੈਸਟ ਕੀਤੇ ਗਏ। ਮੈਡੀਕਲ ਰਿਪੋਰਟ ਆਉਣ ’ਤੇ ਉਹ ਕਰੋਨਾ ਪਾਜ਼ੇਟਿਵ ਪਾਇਆ ਗਿਆ। ਸਿਹਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪੀੜਤ ਨੌਜਵਾਨ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਗੁੜਗਾਉਂ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਪਰ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਇਸੇ ਦੌਰਾਨ ਭਾਰਤ ਵਿਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 1 ਹਜ਼ਾਰ ਤੋਂ ਉਪਰ ਹੋ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿਚ ਕਰੋਨਾ ਤੋਂ ਪੀੜਤ 11 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।  

ਡਰੱਗ ਦੇ ਮਾਮਲੇ ਵਿਚ ਘਿਰੀ ਹੈ ਅਮਨਦੀਪ ਕੌਰ

ਬਠਿੰਡਾ/ਬਿਊਰੋ ਨਿਊਜ਼ 

ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗਿ੍ਰਫਤਾਰ ਕੀਤੀ ਗਈ ਬਰਖ਼ਾਸਤ ਮਹਿਲਾ ਸਿਪਾਹੀ ਅਮਨਦੀਪ ਕੌਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਵਿਜੀਲੈਂਸ ਨੂੰ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਹੈ। ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀ.ਐਸ.ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਮਨਦੀਪ ਕੌਰ ਤੋਂ ਪੁੱਛਗਿੱਛ ਲਈ ਅਦਾਲਤ ਕੋਲੋਂ ਉਸ ਦੇ ਪੰਜ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਉਸਦਾ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਂਸਟੇਬਲ ਅਮਨਦੀਪ ਕੌਰ ਨੂੰ ਡਰੱਗ ਮਾਮਲੇ ਵਿਚ ਪਹਿਲਾਂ ਮੁਅੱਤਲ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਹੁਣ ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਉਸ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਕਿਸ ਤਰ੍ਹਾਂ ਬਣਾਈ ਹੈ।

ਪੰਜਾਬ ਵਿਚ ਉਠਣ ਲੱਗੇ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼ 

ਕੇਂਦਰ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵਿਚ ਇਕ ਵੱਡਾ ਪ੍ਰਸ਼ਾਸਕੀ ਫੈਸਲਾ ਲੈਂਦਿਆਂ ਹਰਿਆਣਾ ਦੇ ਸੀਨੀਅਰ ਇੰਜੀਨੀਅਰ ਬੀ.ਐਸ. ਨਾਰਾ ਨੂੰ ਮੈਂਬਰ (ਸਿੰਚਾਈ) ਦੇ ਅਹੁਦੇ ਦਾ ਵਾਧੂ ਚਾਰਜ ਛੇ ਮਹੀਨਿਆਂ ਲਈ ਦਿੱਤਾ ਹੈ। ਇਹ ਨਿਯੁਕਤੀ ਬਿਜਲੀ ਮੰਤਰਾਲੇ ਦੀ ਤਜਵੀਜ਼ ’ਤੇ ਕੀਤੀ ਗਈ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੇ ਮੁੱਦੇ ’ਤੇ ਚੱਲ ਰਹੇ ਤਕਰਾਰ ਦੌਰਾਨ ਕੀਤੀ ਗਈ ਇਸ ਨਿਯੁਕਤੀ ’ਤੇ ਪੰਜਾਬ ਵਿਚ ਕਿੰਤੂ ਪਰੰਤੂ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਭਾਖੜਾ ਦੇ ਰਿਜ਼ਰਵ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਪਿਛਲੇ ਮਹੀਨੇ ਤੋਂ ਵਿਵਾਦ ਚੱਲ ਰਿਹਾ ਹੈ। ਇਹ ਮਾਮਲਾ ਹੁਣ ਹਾਈਕੋਰਟ ਤੱਕ ਪਹੁੰਚ ਗਿਆ ਹੈ। ਪੰਜਾਬ ਸਰਕਾਰ ਵਲੋਂ ਹਾਈਕੋਰਟ ਵਿਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਲੰਘੇ ਕੱਲ੍ਹ 26 ਮਈ ਨੂੰ ਸੁਣਵਾਈ ਵੀ ਹੋਈ ਸੀ ਅਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.