Friday, 19 June 2026

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸੂਬੇ ਵਿੱਚ ਪੰਚਾਇਤ ਸੰਮਤੀ ਅਤੇ  ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਵਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਚੋਣਾਂ 31 ਮਈ ਤੋਂ ਪਹਿਲਾਂ-ਪਹਿਲਾਂ ਕਰਵਾਈਆਂ ਜਾਣਗੀਆਂ ਕਿਉਂਕਿ ਮਾਰਚ ਮਹੀਨੇ ਵਿਚ ਬੱਚਿਆਂ ਦੇ ਪੇਪਰ ਅਤੇ ਅਪ੍ਰੈਲ ਮਹੀਨੇ ਵਿਚ ਕਣਕ ਦੀ ਕਟਾਈ ਜ਼ੋਰਾਂ ’ਤੇ ਹੁੰਦੀ ਹੈ, ਜਿਸ ਦੇ ਚਲਦਿਆਂ ਇਹ ਚੋਣਾਂ 31 ਮਈ ਤੋਂ ਪਹਿਲਾਂ-ਪਹਿਲਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿਚ ਹੋਣਗੀਆਂ ਅਤੇ ਸੂਬੇ ਅੰਦਰ ਇਹ ਚੋਣਾਂ ਸੱਤ ਸਾਲ ਮਗਰੋਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਇਹ ਚੋਣਾਂ ਸਾਲ 2018 ਵਿਚ ਹੋਈਆਂ ਸਨ।

ਪੰਧੇਰ ਬੋਲੇ : ਜੇਕਰ 14 ਫਰਵਰੀ ਵਾਲੀ ਮੀਟਿੰਗ ਨਾ ਹੋਈ ਸਫਲ ਤਾਂ ਦਿੱਲੀ ਕਰਾਂਗੇ ਕੂਚ

ਸ਼ੰਭੂ/ਬਿਊਰੋ ਨਿਊਜ਼ : ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਇਕ ਸਾਲ ਪੂਰਾ ਗਿਆ ਹੈ। ਭਲਕੇ 14 ਫਰਵਰੀ ਨੂੰ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਰਮਿਆਨ ਚੰਡੀਗੜ੍ਹ ਵਿਖੇ ਮੀਟਿੰਗ ਹੋਣ ਜਾ ਰਹੀ ਹੈ। ਜਦਕਿ ਇਸ ਤੋਂ ਪਹਿਲਾਂ ਅੱਜ ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਤੀਜੀ ਵੱਡੀ ਮਹਾਂ ਪੰਚਾਇਤ ਕੀਤੀ ਗਈ ਅਤੇ ਇਸ ਪੰਚਾਇਤ ਵਿਚ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਕਿਸਾਨ ਵੀ ਸ਼ਾਮਲ ਹੋਏ। ਮਹਾਂ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਾਲ ਭਲਕੇ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਸਫ਼ਲ ਨਾ ਰਹੀ ਤਾਂ ਕਿਸਾਨ 25 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕਰ ਸਕਦੇ ਹਨ। ਇਸ ਤੋਂ ਇਲਾਵਾ 21 ਫਰਵਰੀ ਨੂੰ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਬਰਸੀ ਮੌਕੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ।

 

ਦੇਸੀ ਤਕਨੀਕ ਨਾਲ ਬਣੀ ਦਵਾਈ ਦੀ ਕੀਮਤ ਹੋਵੇਗੀ 10 ਹਜ਼ਾਰ ਰੁਪਏ

ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ’ਚ ਦੇਸੀ ਤਰੀਕੇ ਨਾਲ ਕੈਂਸਰ ਦੀ ਦਵਾਈ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਦਵਾਈ ਸਿਰਫ਼ 10 ਹਜ਼ਾਰ ਰੁਪਏ ਦੇ ਖਰਚੇ ਨਾਲ ਕੈਂਸਰ ਦਾ ਇਲਾਜ ਕਰਨ ਦੇ ਸਮਰੱਥ ਹੋਵੇਗੀ। ਮਹਾਤਮਾ ਗਾਂਧੀ ਮੈਡੀਕਲ ਕਾਲਜ ਜੈਪੁਰ ਨੂੰ ਡੇਂਡਿ੍ਰਟਿਕ ਸੈਲ ਵੈਕਸੀਨ ਬਣਾਉਣ ਦੀ ਆਗਿਆ ਮਿਲ ਗਈ ਹੈ। ਇਸ ਵੈਕਸੀਨ ਨਾਲ 5 ਤਰ੍ਹਾਂ ਦੇ ਕੈਂਸਰ ਦਾ ਇਲਾਜ ਕਰਨਾ ਸੰਭਵ ਹੋਵੇਗਾ ਅਤੇ ਇਸ ਨੂੰ ਦੇਸ਼ ਦੀ ਪਹਿਲੀ ਸਵਦੇਸ਼ੀ ਕੈਂਸਰ ਵੈਕਸੀਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵੈਕਸੀਨ ’ਤੇ ਕੰਮ ਕਰ ਰਹੇ ਮਹਾਤਮਾ ਗਾਂਧੀ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸ ਐਂਡ ਟੈਕਨਾਲੋਜੀ ਜੈਪੁਰ ਦੇ ਸੈਂਟਰ ਫਾਰ ਕੈਂਸਰ ਇਮਿਊਨੋਥੈਰੇਪੀ ਦੇ ਨਿਰਦੇਸ਼ ਡਾ. ਅਨਿਲ ਸੂਰੀ ਨੇ ਦੱਸਿਆ ਕਿ 27 ਸਾਲ ਦੀ ਰਿਸਰਚ ਤੋਂ ਬਾਅਦ ਉਹ ਇਸ ਵੈਕਸੀਨ ਦੀ ਤਕਨੀਕ ਤੱਕ ਪਹੁੰਚੇ ਹਨ।

  

18 ਫਰਵਰੀ ਨੂੰ ਅਦਾਲਤ ਵੱਲੋਂ ਸੁਣਵਾਈ ਜਾਵੇਗੀ ਸਜ਼ਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਿੱਖ ਕਤਲੇਆਮ ਦੇ ਇਕ ਹੋਰ ਮਾਮਲੇ ’ਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਵੱਲੋਂ ਆਉਂਦੀ 18 ਫਰਵਰੀ ਨੂੰ ਇਸ ਮਾਮਲੇ ’ਚ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਜਾਵੇਗੀ। ਇਹ ਮਾਮਲਾ 1984 ਦੇ ਸਿੱਖ ਕਤਲੇਆਮ ਦੌਰਾਨ ਸਰਸਵਤੀ ਵਿਹਾਰ ’ਚ 2 ਸਿੱਖ ਵਿਅਕਤੀਆਂ ਦੀ ਹੱਤਿਆ ਨਾਲ ਜੁੜਿਆ ਹੋਇਆ ਹੈ ਅਤੇ ਇਸ ਮਾਮਲੇ ਦਾ 41 ਸਾਲਾਂ ਬਾਅਦ ਫੈਸਲਾ ਆਇਆ ਹੈ। ਸਿੱਖ ਕਤਲੇਆਮ ਦੇ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ 3 ਤੋਂ ਜ਼ਿਆਦਾ ਕੇਸ ਚੱਲ ਰਹੇ ਹਨ ਜਿਨ੍ਹਾਂ ਵਿਚੋਂ ਇਕ ਮਾਮਲੇ ’ਚ ਉਹ ਬਰੀ ਹੋ ਚੁੱਕੇ ਹਨ। ਜਦਕਿ 2018 ’ਚ ਦਿੱਲੀ ਹਾਈ ਕੋਰਟ ਨੇ ਇਕ ਮਾਮਲੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.