Friday, 19 June 2026

ਭੁਪੇਸ਼ ਬਘੇਲ ਨੂੰ ਨਿਯੁਕਤ ਕੀਤਾ ਗਿਆ ਹੈ ਪੰਜਾਬ ਕਾਂਗਰਸ ਇੰਚਾਰਜ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਭੁਪੇਸ਼ ਬਘੇਲ ਨਾਲ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਤੌਰ ’ਤੇ ਪੰਜਾਬ ਕਾਂਗਰਸ ਦੀ ਸਥਿਤੀ ਅਤੇ ਲੋਕਾਂ ਨੂੰ ਨਾਲ ਜੋੜਨ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਧਿਆਨ ਰਹੇ ਕਿ ਲੰਘੇ ਦਿਨੀਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵੱਲੋਂ ਦਿੱਛੀ ਗਈ ਸੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਦੇਵੇਂਦਰ ਯਾਦਵ ਪੰਜਾਬ ਕਾਂਗਰਸ ਦੇ ਇੰਚਾਰਜ ਸਨ।

 

ਕਿਹਾ : ਹਮਦਰਦੀ ਨਾਲ ਨਹੀਂ ਸਰਨਾ, ਸਰਕਾਰ ਨੌਜਵਾਨਾਂ ਦੇ ਮੁੜ ਵਸੇਵੇ ਦਾ ਕਰੇ ਯਤਨ

ਤਲਵੰਡੀ ਸਾਬੋ/ਬਿਊਰੋ ਨਿਊਜ਼ :  ਅਮਰੀਕਾ ਚੋਂ ਲਗਾਤਾਰ ਡਿਪੋਰਟ ਕਰਕੇ ਭੇਜੇ ਜਾ ਰਹੇ ਨੌਜਵਾਨਾਂ ਦੇ ਹੱਕ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ਹਵਾਈ ਅੱਡੇ ’ਤੇ ਉਤਾਰੇ ਜਾ ਰਹੇ ਨੌਜਵਾਨਾਂ ਨੂੰ ਗਲਵਕੜੀ ’ਚ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਇਕ ਕੇਂਦਰੀ ਮੰਤਰੀ ਗਏ ਚੰਗੀ ਗੱਲ ਹੈ, ਪਰ ਕੇਵਲ ਹਮਦਰਦੀ ਦਿਖਾਉਣ ਨਾਲ ਕੁਝ ਨਹੀਂ ਹੋਣਾ ਸਗੋਂ ਸਰਕਾਰਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਮੁੜ ਵਸੇਵੇ ਲਈ ਯਤਨ ਆਰੰਭਣੇ ਚਾਹੀਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਾਪਿਸ ਪਰਤੇ ਨੌਜਵਾਨਾਂ ਚੋਂ ਵਧੇਰੇ ਕਰਜ਼ਾ ਚੁੱਕ ਕੇ ਜਾਂ ਜ਼ਮੀਨਾਂ ਵੇਚ ਕੇ ਗਏ ਸਨ ਅਤੇ ਹੁਣ ਵਾਪਿਸ ਪਰਤਣ ਉਪਰੰਤ ਉਨ੍ਹਾਂ ’ਤੇ ਘਰ ਦਾ ਗੁਜ਼ਾਰਾ ਚਲਾਉਣ ਦੇ ਨਾਲ ਨਾਲ ਕਰਜ਼ਾ ਉਤਾਰਨ ਦਾ ਵੀ ਦਬਾਅ ਹੋਵੇਗਾ। ਹੁਣ ਸਭ ਤੋਂ ਵੱਧ ਲੋੜ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਉਨ੍ਹਾਂ ਦੀ ਬਾਂਹ ਫੜੇ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਦਾਅ ’ਤੇ ਲਾਉਣ ਵਾਲਿਆਂ ਖਿਲਾਫ਼ ਵੀ ਕਾਰਵਾਈ ਕਰੇ। ਸਿੰਘ ਸਾਹਿਬ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਈ ਕਿ ਅੰਮਿ੍ਰਤਸਰ ਸਾਹਿਬ ਨੂੰ ਡਿਪੋਰਟ ਸੈਂਟਰ ’ਚ ਨਾ ਬਦਲਿਆ ਜਾਵੇ। 

 

ਡਿਪੋਰਟ ਕੀਤੇ ਜਾਣ ਵਾਲੇ 31 ਪੰਜਾਬੀ ਵੀ ਸ਼ਾਮਲ

ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ ਸਣੇ 112 ਡਿਪੋਰਟ ਭਾਰਤੀਆਂ ਨੂੰ ਲੈ ਕੇ ਤੀਜੀ ਵਿਸ਼ੇਸ਼ ਉਡਾਣ ਐਤਵਾਰ 16 ਫਰਵਰੀ ਦੀ ਰਾਤ ਨੂੰ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੇਗਾ। ਧਿਆਨ ਰਹੇ ਕਿ ਸ਼ਨੀਵਾਰ ਨੂੰ ਵੀ 117 ਗ਼ੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਅਮਰੀਕਾ ਦਾ ਫੌਜੀ ਜਹਾਜ਼ ਰਾਤ 11.32 ਵਜੇ ਅੰਮਿ੍ਰਤਸਰ ਹਵਾਈ ਅੱਡੇ ’ਤੇ ਉਤਰਿਆ ਸੀ। ਡਿਪੋਰਟ ਹੋਏ ਇਨ੍ਹਾਂ 117 ਜਣਿਆਂ ਵਿੱਚੋਂ ਪੰਜਾਬ ਦੇ 65 ਜਣੇ ਵੀ ਸ਼ਾਮਲ ਸਨ। ਦੱਸਣਯੋਗ ਕਿ 5 ਫਰਵਰੀ ਨੂੰ ਅਮਰੀਕਾ ਤੋਂਂ 104 ਵਿਅਕਤੀਆਂ ਨੂੰ ਵਾਪਸ ਭੇਜੇ ਜਾਣ ਮਗਰੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ। ਐਤਵਾਰ 16 ਫਰਵਰੀ ਨੂੰ ਡਿਪੋਰਟ ਹੋਣ ਵਾਲਿਆਂ ਪੰਜਾਬ ਦੇ 31, ਹਰਿਆਣਾ ਦੇ 44 ਤੇ ਗੁਜਰਾਤ ਦੇ 33, ਉੱਤਰ ਪ੍ਰਦੇਸ਼ ਦੇ ਦੋ ਜਦਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦਾ ਇੱਕ ਇੱਕ ਵਿਅਕਤੀ ਸ਼ਾਮਲ ਹੈ। 

ਪਰਿਵਾਰ ਨੇ ਟਰੈਵਲ ਏਜੰਟ ਖਿਲਾਫ ਨਾ ਲਿਖਵਾਈ ਸ਼ਿਕਾਇਤ

ਭੋਗਪੁਰ/ਬਿਊਰੋ ਨਿਊਜ਼ : ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭੋਗਪੁਰ ਦੇ ਮੁਹੱਲਾ ਰੂਪ ਨਗਰ ਦਾ ਨੌਜਵਾਨ ਪਾਰਸ ਪੁੱਤਰ ਜਗਤਾਰ ਸਿੰਘ ਵੀ ਸ਼ਾਮਲ ਹੈ, ਜਿਹੜਾ ਆਪਣਾ ਚੰਗਾ ਭਵਿੱਖ ਬਣਾਉਣ ਲਈ 40 ਦਿਨ ਪਹਿਲਾਂ ਲੱਖਾਂ ਰੁਪਏ ਖਰਚ ਕੇ ਇੱਕ ਟਰੈਵਲ ਏਜੰਟ ਰਾਹੀਂ ਅਮਰੀਕਾ ਪੁੱਜਿਆ ਪਰ ਉਸ ਨੂੰ ਪਹਿਲਾਂ ਹੀ ਅਮਰੀਕਾ ਦੇ ਬਾਰਡਰ ’ਤੇ ਉੱਥੋਂ ਦੀ ਪੁਲੀਸ ਨੇ ਗਿ੍ਰਫਤਾਰ ਕਰਕੇ ਵਾਪਸ ਭੇਜ ਦਿੱਤਾ। ਉਸ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ ਗਿਆ ਤੇ ਉਸ ਨੂੰ ਪੰਜਾਬ ਪੁਲੀਸ ਲੈ ਕੇ ਆਈ ਅਤੇ ਪਰਿਵਾਰ ਨੂੰ ਸੌਂਪ ਦਿੱਤਾ। ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪਾਰਸ ਦਾ ਪਰਿਵਾਰ ਸਬੰਧਤ ਟਰੈਵਲ ਏਜੰਟ ਵਿਰੁੱਧ ਸਕਿਾਇਤ ਨਹੀਂ ਲਿਖਵਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਪਿਤਾ ਪੀ ਏ ਪੀ ਜਲੰਧਰ ਕੈਂਟ ਵਿੱਚ ਨੌਕਰੀ ਕਰਦਾ ਹੈ। ਹੁਣ ਸਾਰਾ ਪਰਿਵਾਰ ਸੋਸ਼ਲ ਮੀਡੀਆ ਅਤੇ ਪੱਤਰਕਾਰਾਂ ਤੋਂ ਡਰਦਾ ਹੋਇਆ ਆਪਣਾ ਘਰ ਛੱਡ ਕੇ ਕਿਸੇ ਰਿਸ਼ਤੇਦਾਰ ਕੋਲ ਚਲਾ ਗਿਆ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.