Tuesday, 23 June 2026

ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਵੀ ਰਹੇ ਹਾਜ਼ਰ
ਚੰਡੀਗੜ੍ਹ/ਬਿਊਰੋ ਨਿਊਜ਼  
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਉਮੀਦਵਾਰ ਰਜਿੰਦਰ ਗੁਪਤਾ ਨੇ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ, ਮੰਤਰੀ  ਅਮਨ ਅਰੋੜਾ ਅਤੇ ਮੰਤਰੀ ਸੰਜੀਵ ਅਰੋੜਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿੰਦਰ ਗੁਪਤਾ ਦੇ ਕਾਰੋਬਾਰੀ ਅਤੇ ਸਮਾਜਿਕ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਗੁਪਤਾ ਰਾਜ ਸਭਾ ਵਿਚ ਪੰਜਾਬ ਦੀ ਆਵਾਜ਼ ਜ਼ਰੂਰ ਬੁਲੰਦ ਕਰਨਗੇ। ਪੰਜਾਬ ਵਿਧਾਨ ਸਭਾ ਵਿਚ ਬਹੁਮਤ ਨੂੰ ਦੇਖਦੇ ਹੋਏ, ਰਜਿੰਦਰ ਗੁਪਤਾ ਦੀ ਜਿੱਤ ਯਕੀਨੀ ਹੈ। ਅਸ਼ੋਕ ਮਿੱਤਲ, ਸੰਜੀਵ ਅਰੋੜਾ, ਵਿਕਰਮਜੀਤ ਸਿੰਘ ਸਾਹਨੀ ਤੋਂ ਬਾਅਦ ਰਾਜ ਸਭਾ ਲਈ ਚੁਣੇ ਜਾਣ ਵਾਲੇ ਰਜਿੰਦਰ ਗੁਪਤਾ ਪੰਜਾਬ ਵਿਚ ‘ਆਪ’ ਦੇ ਚੌਥੇ ਕਾਰੋਬਾਰੀ ਹੋਣਗੇ। ਪੰਜਾਬ ਤੋਂ ਰਾਜ ਸਭਾ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 13 ਅਕਤੂਬਰ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 14 ਅਕਤੂਬਰ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ 16 ਅਕਤੂਬਰ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ। ਧਿਆਨ ਰਹੇ ਕਿ ਰਾਜ ਸਭਾ ਲਈ ਵੋਟਿੰਗ 24 ਅਕਤੂਬਰ ਨੂੰ ਹੋਵੇਗੀ ਅਤੇ ਨਤੀਜਾ ਵੀ ਉਸੇ ਦਿਨ ਐਲਾਨ ਦਿੱਤਾ ਜਾਵੇਗਾ।  

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ : ਮਾਨਸਿਕ ਬਿਮਾਰੀਆਂ ਤੋਂ ਪੀੜਤ ਲੋਕਾਂ ਦਾ ਕੀਤਾ ਜਾਵੇਗਾ ਇਲਾਜ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਅੱਜ ਸ਼ੁੱਕਰਵਾਰ ਨੂੰ ਵਿਸ਼ਵ ਮੈਂਟਲ ਹੈਲਥ ਦਿਵਸ ਮੌਕੇ ਪੰਜਾਬ ਦੀ ਮੈਂਟਲ ਹੈਲਥ ਪਾਲਿਸੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਵਿਚ ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨੀ ਹੜ੍ਹਾਂ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਨਸਿਕ ਸਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਮਾਨਸਿਕ ਤਣਾਅ ਦੇ ਚਲਦਿਆਂ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਵੱਲੋਂ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀਆਂ ਦਾ ਇਲਾਜ ਕਰਨ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਇਸ ਲਈ ਮਨੋਵਿਗਿਆਨੀਆਂ ਦੀ ਮਦਦ ਲੈ ਕੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਵਰਿੰਦਰ ਘੁੰਮਣ ਨੂੰ ਕਿਹਾ ਜਾਂਦਾ ਸੀ ‘ਆਇਰਨਮੈਨ’

ਅੰਮਿ੍ਰਤਸਰ/ਬਿਊਰੋ ਨਿਊਜ਼ 

ਪੰਜਾਬ ਦੇ ‘ਆਇਰਨਮੈਨ’ ਕਹੇ ਜਾਣ ਵਾਲੇ ਪ੍ਰਸਿੱਧ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਨੂੰ ਲੈ ਕੇ ਅੰਮਿ੍ਰਤਸਰ ਦੇ ਫੋਰਟਿਸ ਹਸਪਤਾਲ ’ਤੇ ਸਵਾਲ ਉਠ ਰਹੇ ਹਨ। ਦੱਸਣਯੋਗ ਹੈ ਕਿ ਲੰਘੇ ਕੱਲ੍ਹ ਅੰਮਿ੍ਰਤਸਰ ਦੇ ਫੋਰਟਿਸ ਹਸਪਤਾਲ ਵਿਚ ਵਰਿੰਦਰ ਘੁੰਮਣ ਆਪਣੇ ਮੋਢੇ ਦਾ ਅਪਰੇਸ਼ਨ ਕਰਵਾਉਣ ਗਿਆ ਸੀ। ਮੋਢੇ ਦੇ ਅਪ੍ਰਰੇਸ਼ਨ ਦੌਰਾਨ ਹੀ ਵਰਿੰਦਰ ਘੁੰਮਣ ਨੂੰ ਦੋ ਹਾਰਟ ਅਟੈਕ ਆ ਗਏ ਅਤੇ ਉਸਦੀ ਜਾਨ ਚਲੇ ਗਈ। ਇਸਦੇ ਚੱਲਦਿਆਂ ਇਸ ਬਾਡੀ ਬਿਲਡਰ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪਰਵਾਹੀ ਦੇ ਆਰੋਪ ਲਗਾਏ ਹਨ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ। ਵਰਿੰਦਰ ਘੁੰਮਣ ਦੇ ਦੋਸਤਾਂ ਦਾ ਕਹਿਣਾ ਸੀ ਕਿ ਇਕ ਛੋਟੇ ਜਿਹੇ ਅਪਰੇਸ਼ਨ ਲਈ ਆਏ ਸਿਹਤਮੰਦ ਵਿਅਕਤੀ ਦਾ ਸਰੀਰ ਅਚਾਨਕ ਨੀਲਾ ਕਿਸ ਤਰ੍ਹਾਂ ਪੈ ਗਿਆ। ਇਸਦੇ ਚੱਲਦਿਆਂ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਵਰਿੰਦਰ ਘੁੰਮਣ ਨੂੰ ਦੋ ਹਾਰਟ ਅਟੈਕ ਆਏ ਹਨ ਅਤੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਹ ਠੀਕ ਨਹੀਂ ਹੋ ਸਕਿਆ। ਇਸੇ ਦੌਰਾਨ ਵਰਿੰਦਰ ਘੁੰਮਣ ਦੇ ਜਲੰਧਰ ਸਥਿਤ ਘਰ ਵਿਚ ਮੰਤਰੀ ਮੋਹਿੰਦਰ ਭਗਤ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਮੰਤਰੀ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਸਬੰਧੀ ਸਬੂਤ ਮਿਲੇ ਤਾਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਟੀਸ਼ਨ ਵਿਚ ਅਵਾਰਾ ਪਸ਼ੂਆਂ ਨੂੰ ਲੈ ਕੇ ਚੁੱਕੇ ਗਏ ਹਨ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼   

ਨੌਜਵਾਨ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ ਵਿਚ ਹੋਈ ਮੌਤ ਨਾਲ ਜੁੜਿਆ ਇਕ ਮਹੱਤਪੂਰਨ ਮਾਮਲਾ ਹਿਮਾਚਲ ਹਾਈਕੋਰਟ ਪਹੁੰਚ ਗਿਆ ਹੈ। ਇਹ ਮਾਮਲਾ ਸਮਾਜਸੇਵੀ ਅਤੇ ਐਡਵੋਕੇਟ ਨਵਕਿਰਨ ਸਿੰਘ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਰਾਹੀਂ ਹਿਮਾਚਲ ਹਾਈਕੋਰਟ ਵਿਚ ਲਿਆਂਦਾ ਗਿਆ ਹੈ। ਐਡਵੋਕੇਟ ਨਵਕਿਰਨ ਸਿੰਘ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਦਾ ਮੁੱਖ ਮਕਸਦ ਅਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆ ਵੱਲ ਅਦਾਲਤ ਦਾ ਧਿਆਨ ਦਿਵਾਉਣਾ ਹੈ। ਇਸ ਪਟੀਸ਼ਨ ਰਾਹੀਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਵਲੋਂ ਆਮ ਲੋਕਾਂ ਕੋਲੋਂ ‘ਗਊ ਸੈਸ’ ਲਿਆ ਜਾਂਦਾ ਹੈ ਤਾਂ ਫਿਰ ਇਨ੍ਹਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਹੱਲ ਕਿਉਂ ਨਹੀਂ ਕੀਤਾ ਜਾਂਦਾ। ਧਿਆਨ ਰਹੇ ਕਿ ਨੌਜਵਾਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਟਰ ਸਾਈਕਲ ਹਿਮਾਚਲ ਪ੍ਰਦੇਸ਼ ਦੇ ਕਸਬਾ ਬੱਦੀ ਨੇੜੇ ਪਸ਼ੂਆਂ ਨਾਲ ਟਕਰਾ ਗਿਆ ਸੀ। ਇਸ ਹਾਦਸੇ ਵਿਚ ਜਵੰਦਾ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਇਲਾਜ ਦੌਰਾਨ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਉਸਦੀ ਮੌਤ ਹੋ ਗਈ ਸੀ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.