Thursday, 25 June 2026

ਚੰਡੀਗੜ੍ਹ/ਅੰਮ੍ਰਿਤਸਰ, 10 ਫਰਵਰੀ : ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 180ਵਾਂ ਸ਼ਹੀਦੀ ਦਿਹਾੜਾ ਅੱਜ ਇੰਡੀਆ ਗੇਟ ਅਤੇ ਅਟਾਰੀ ਸਮਾਧ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਮੁੱਖ ਮਹਿਮਾਨ ਅਤੇ ਸ: ਜਸਵਿੰਦਰ ਸਿੰਘ ਰਮਦਾਸ ਹਲਕਾ ਵਿਧਾਇਕ ਅਟਾਰੀ ਤੇ ਡਾ. ਜਸਬੀਰ ਸਿੰਘ ਸੰਧੂ ਵਿਧਾਇਕ ਅੰਮ੍ਰਿਤਸਰ ਪੱਛਮੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਇੰਡੀਆ ਗੇਟ ਵਿਖੇ ਬਣਾਏ ਗਏ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਸਮਾਰਕ ’ਤੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਬ੍ਰਿਗੇਡੀਅਰ ਐੱਸ.ਐੱਸ. ਜਾਮਵਾਲ, ਕਮਾਂਡਰ 54 ਇੰਨਫੈਂਟਰੀ ਬ੍ਰਿਗੇਡ, ਕਰਨਲ ਸੁਮਿਤ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ, ਐੱਸ.ਡੀ.ਐੱਮ. ਸ. ਮਨਕੰਵਲ ਸਿੰਘ ਚਾਹਲ, ਕਰਨਲ ਹਰਿੰਦਰ ਸਿੰਘ, ਕਰਨਲ ਕੁਲਦੀਪ ਸਿੰਘ ਨੇ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਹਥਿਆਰ ਉਲਟੇ ਕਰਕੇ ਸਾਲਾਮੀ ਵੀ ਦਿੱਤੀ ਗਈ।

ਇਸ ਉਪਰੰਤ ਅਟਾਰੀ ਵਿਖੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸਮਾਧ ਵਿਖੇ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਧਾਰਮਿਕ ਦੀਵਾਨ ਸਜਾਏ ਗਏ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਜੀਤ ਸਿੰਘ ਬੈਂਕਾ ਵੱਲੋਂ  ਗੁਰੂ ਜਸ ਗਾਇਨ ਕੀਤਾ ਗਿਆ ਅਤੇ ਭਾਈ ਗੁਰਪ੍ਰੀਤ ਸਿੰਘ ਭੰਗੂ ਦੇ ਢਾਡੀ ਜਥੇ ਵੱਲੋਂ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਦਾ ਬਿਰਤਾਂਤ ਸੰਗਤਾਂ ਨਾਲ ਸਾਂਝਾ ਕੀਤਾ। ਵੱਡੀ ਗਿਣਤੀ ’ਚ ਲੋਕਾਂ ਨੇ ਅਟਾਰੀ ਵਿਖੇ ਪਹੁੰਚ ਕੇ ਮਹਾਨ ਜਰਨੈਲ ਸ਼ਾਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੀ ਸਮਾਧ ਉੱਪਰ ਨਤਮਸਤਕ ਹੋ ਕੇ ਉਨ੍ਹਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਮਿਊਜ਼ੀਅਮ ਦਾ ਦੌਰਾ ਵੀ ਕੀਤਾ। ਉਪਰੰਤ ਧਾਰਮਿਕ ਦੀਵਾਨ ਵਿੱਚ ਨੂੰ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਅਤੇ ਐਂਗਲੋ-ਸਿੱਖ ਯੁੱਧ ਦੌਰਾਨ ਸਭਰਾਉਂ ਦੀ ਜੰਗ ਵਿੱਚ ਆਖ਼ਰੀ ਦਮ ਤੱਕ ਜੂਝਣ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਬਹਾਦਰੀ ਤੇ ਸ਼ਹਾਦਤ ਦੀ ਪ੍ਰਸੰਸਾ ਅੰਗਰੇਜ਼ਾਂ ਨੇ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੁੰਦੇ ਹਨ ਅਤੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਸਾਡਾ ਇਖਲਾਕੀ ਫ਼ਰਜ਼ ਹੈ।

ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਅਟਾਰੀ ਪਿੰਡ ਨੂੰ ਨਵਾਂ ਰੂਪ ਦਿੱਤਾ ਜਾਵੇਗਾ ਤਾਂ ਜੋ ਰੀਟਰੀਟ ਦੇਖਣ ਆਉਣ ਵਾਲੇ ਯਾਤਰੂ ਅਟਾਰੀਵਾਲਾ ਦੀ ਸਮਾਧ ਤੇ ਆਉਣ ਅਤੇ ਆਪਣੇ ਬੱਚਿਆਂ ਨੂੰ ਉਨਾਂ ਦੀ ਸ਼ਹਾਦਤ ਬਾਰੇ ਦੱਸਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਆਪਣੇ ਬੱਚਿਆਂ ਨੂੰ ਵੀ ਇਤਿਹਾਸ ਤੋਂ ਜਾਣੂੰ ਕਰਾਉਣ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹਾਦਤ ਨੂੰ ਸਿਜਦਾ ਕਰਦੀ ਹੈ ਜਿਨ੍ਹਾਂ ਨੇ ਆਪਣੀ ਜਾਨ ਨੂੰ ਦੇਸ਼-ਕੌਮ ਲਈ ਕੁਰਬਾਨ ਕਰ ਦਿੱਤਾ।
 
ਇਸ ਮੌਕੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਰਿਵਾਰ ਦੇ ਮੈਂਬਰਾਂ ਅਤੇ ਟਰੱਸਟ ਦੇ ਅਹੁਦੇਦਾਰ ਕਰਨਲ ਹਰਿੰਦਰ ਸਿੰਘ ਅਟਾਰੀ, ਮਲਵਿੰਦਰ ਅਟਾਰੀ, ਬੀਰ ਇੰਦਰ ਸਿੰਘ, ਜਨਰਲ ਸਕੱਤਰ ਸ੍ਰੀ ਹਰਪੀ੍ਰਤ ਸਿੰਘ ਸਿੱਧੂ, ਬੀਬਾ ਅਮਿਤੇਸ਼ਵਰ ਕੌਰ, ਬੀਬਾ ਜਸਪ੍ਰੀਤ ਕੌਰ, ਬੀਬਾ ਸੰਦੀਪ ਕੌਰ, ਸ੍ਰੀ ਦਿਨੇਸ਼ ਸਿੰਘ ਸਿੱਧੂ, ਇੰਦਰ ਜਸਬੀਰ ਸਿੰਘ ਸੰਧੂ ਲੋਪੋਕੇ, ਅਨੰਤਬੀਰ ਸਿੰਘ, ਚਰਨਜੀਤ ਸਿੰਘ, ਰਮਨਦੀਪ ਕੌਰ, ਰਵੀ ਇੰਦਰ ਸਿੰਘ, ਕਰਨਲ ਗੁਰਬੰਤ ਸਿੰਘ, ਸ੍ਰੀਮਤੀ ਹਰਮਨ ਸਿੰਘ, ਜਸਕਿਰਨ ਕੌਰ, ਰਮਨਦੀਪ ਕੌਰ, ਸਰਪੰਚ ਅਟਾਰੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਉੱਘੀ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਕਿਤਾਬ `ਸਿੱਖ ਰਾਜ ਦੇ ਆਖ਼ਰੀ ਥੰਮ-ਸਰਦਾਰ ਸ਼ਾਮ ਸਿੰਘ ਅਟਾਰੀਵਾਲਾ` ਨੂੰ ਰਿਲੀਜ਼ ਵੀ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੀ ਧਰਮਪਤਨੀ ਸ੍ਰੀਮਤੀ ਸੁਰਿੰਦਰ ਕੌਰ, ਭਾਰਤੀ ਹਵਾਈ ਸੈਨਾ ਦੇ ਸਾਬਕਾ ਅਧਿਕਾਰੀ ਨਿਰਮਲ ਸਿੰਘ ਬੇਦੀ, ਕਰਨਲ ਕੁਲਦੀਪ ਸਿੰਘ, ਧੰਨ-ਧੰਨ ਬਾਬਾ ਦੀਪ ਸਿੰਘ ਜੀ ਹਰਿਆਲੀ ਮਿਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ, ਰਛਪਾਲ ਸਿੰਘ, ਸੂਬੇਦਾਰ ਮੇਜਰ ਮਨਜੀਤ ਸਿੰਘ, ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।

-----------

ਮੰਡੀ ਗੋਬਿੰਦਗੜ੍ਹ, 10 ਫਰਵਰੀ: ਏਡੀਆਰ ਸੈਂਟਰ, ਪ੍ਰੋ ਬੋਨੋ ਲੀਗਲ ਸਰਵਿਸ ਕਲੱਬ, ਲੀਗਲ ਏਡ ਸੈੱਲ, ਯੂਨੀਵਰਸਿਟੀ ਸਕੂਲ ਆਫ਼ ਲਾਅ, ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਮਹਿਲਾ ਸ਼ਿਕਾਇਤ ਨਿਵਾਰਣ ਸੈੱਲ, ਐਨਐਸਐਸ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਪਿੰਡ ਮੀਰਪੁਰ, ਜ਼ਿਲ੍ਹਾ ਸੀ ਫਤਿਹਗੜ੍ਹ ਸਾਹਿਬ ਵਿਖੇ ਡਿਜੀਟਲ ਯੁੱਗ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਇੱਕ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਲਗਾਇਆ ਗਿਆ।  
ਇਹ ਕੈਂਪ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿੱਚ ਲਗਾਇਆ ਗਿਆ। ਸਰਪੰਚ ਹਰਜੋਤ ਕੌਰ ਨੇ ਪਤੀ ਰਣਜੋਧ ਸਿੰਘ ਦੇ ਨਾਲ ਮਿਲ ਕੇ ਪੂਰਾ ਸਮਰਥਨ ਦਿੱਤਾ ਅਤੇ ਭਾਈਚਾਰੇ ਦੀ ਭਾਗੀਦਾਰੀ ਨੂੰ ਯਕੀਨੀ ਬਣਾਇਆ, ਜਿਸ ਨੇ ਕੈਂਪ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਇਹ ਕੈਂਪ ਔਰਤਾਂ ਵਿੱਚ ਸਾਈਬਰ ਸੁਰੱਖਿਆ, ਡਿਜੀਟਲ ਗੋਪਨੀਯਤਾ, ਔਨਲਾਈਨ ਪਰੇਸ਼ਾਨੀ, ਸਾਈਬਰ ਅਪਰਾਧ, ਸੋਸ਼ਲ ਮੀਡੀਆ ਦੀ ਦੁਰਵਰਤੋਂ, ਪਛਾਣ ਦੀ ਚੋਰੀ ਅਤੇ ਉਪਲਬਧ ਕਾਨੂੰਨੀ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਕੇਂਦ੍ਰਿਤ ਸੀ।  
ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਨੇ ਸੂਚਨਾ ਤਕਨਾਲੋਜੀ ਐਕਟ, 2000 ਦੇ ਮੁੱਖ ਉਪਬੰਧਾਂ, ਅਪਰਾਧਿਕ ਕਾਨੂੰਨ (BNS, BNSS) ਦੇ ਸੰਬੰਧਿਤ ਭਾਗਾਂ ਅਤੇ ਸੰਵਿਧਾਨਕ ਸੁਰੱਖਿਆ ਉਪਾਵਾਂ ਬਾਰੇ ਦੱਸਿਆ, ਜਿਸ ਵਿੱਚ ਸਾਈਬਰ ਸਟਾਕਿੰਗ, ਔਨਲਾਈਨ ਧੋਖਾਧੜੀ, ਡਿਜੀਟਲ ਬਲੈਕਮੇਲ ਅਤੇ ਨਿੱਜੀ ਡੇਟਾ ਦੀ ਸੁਰੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਫੈਕਲਟੀ ਮੈਂਬਰਾਂ ਡਾ. ਪ੍ਰਭਜੋਤ ਕੌਰ ਘੁੰਮਣ, ਡਾ. ਆਰਤੀ, ਡਾ. ਮਨਪ੍ਰੀਤ ਕੌਰ, ਮਨਪ੍ਰੀਤ ਕੌਰ ਹੇਅਰ, ਸੁਸ਼ਾਨ ਬਾਲੀ ਅਤੇ ਅਰਸ਼ਦੀਪ ਸਿੰਘ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਪੇਂਡੂ ਖੇਤਰਾਂ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣ ਵਿੱਚ ਸਿੱਖਿਆ ਦੀ ਭੂਮਿਕਾ ਨੂੰ ਉਜਾਗਰ ਕੀਤਾ।
ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਜ਼ਮੀਨੀ ਪੱਧਰ ’ਤੇ ਸਮਾਜਿਕ ਨਿਆਂ ਅਤੇ ਡਿਜੀਟਲ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਵਿਦਿਅਕ ਸੰਸਥਾਵਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਕੈਂਪ ਦਾ ਸਮਾਪਨ ਪਿੰਡ ਪ੍ਰਸ਼ਾਸਨ, ਫੈਕਲਟੀ ਮੈਂਬਰਾਂ ਅਤੇ ਭਾਗੀਦਾਰਾਂ ਦੇ ਧੰਨਵਾਦ ਨਾਲ ਹੋਇਆ, ਜਿਸ ਵਿੱਚ ਇਸ ਪਹਿਲਕਦਮੀ ਨੂੰ ਜ਼ਮੀਨੀ ਪੱਧਰ ’ਤੇ ਮਹਿਲਾ ਸਸ਼ਕਤੀਕਰਨ ਅਤੇ ਕਾਨੂੰਨੀ ਜਾਗਰੂਕਤਾ ਵੱਲ ਇੱਕ ਸਾਰਥਕ ਕਦਮ ਦੱਸਿਆ ਗਿਆ।

*•ਸਿੱਖਿਆ ਮੰਤਰੀ ਨੇ ਸਿੱਖਿਆ ਦੀ ਗੁਣਵੱਤਾ ਅਤੇ ਸਹੂਲਤਾਂ ਬਾਰੇ ਫੀਡਬੈਕ ਲੈਣ ਲਈ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ*

*•ਪੰਜਾਬ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿੱਚ ਲਿਆਂਦਾ ਸੁਧਾਰ; ਪਟਿਆਲਾ ਜ਼ਿਲ੍ਹੇ ਦੇ ਸਕੂਲ ਆਫ਼ ਐਮੀਨੈਂਸ ਵਿੱਚ ਦਾਖਲਿਆਂ ‘ਚ ਹੋਇਆ 11 ਫ਼ੀਸਦੀ ਵਾਧਾ,ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲ ਵਿੱਚ ਸ਼ਿਫਟ ਹੋਏ ਵਿਦਿਆਰਥੀ: ਹਰਜੋਤ ਸਿੰਘ ਬੈਂਸ*

*•ਸਿੱਖਿਆ ਲਈ ਫੰਡਾਂ ਦੀ ਕੋਈ ਕਮੀ ਨਹੀਂ; ਸਕੂਲ ਆਫ਼ ਐਮੀਨੈਂਸ ਭਵਿੱਖ ਦੇ ਆਗੂਆਂ ਨੂੰ ਆਕਾਰ ਦੇ ਰਹੇ ਹਨ: ਹਰਜੋਤ ਸਿੰਘ ਬੈਂਸ*

*•ਸੰਪੂਰਨ ਸਿੱਖਿਆ ਭਗਵੰਤ ਮਾਨ ਸਰਕਾਰ ਦੀ ਮੁੱਖ ਤਰਜੀਹ, ਬੈਂਸ ਵੱਲੋਂ ਪਟਿਆਲਾ ਦੇ ਸਕੂਲ ਵਿੱਚ 90 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਇਨਡੋਰ ਸਪੋਰਟਸ ਕੰਪਲੈਕਸ ਦਾ ਲਿਆ ਜਾਇਜ਼ਾ*

*•200 ਤੋਂ ਵੱਧ ਵਿਦਿਆਰਥੀਆਂ ਦਾ ਪ੍ਰਾਈਵੇਟ ਸਕੂਲਾਂ ਤੋਂ ਸਕੂਲ ਆਫ਼ ਐਮੀਨੈਂਸ ਵਿੱਚ ਜਾਣਾ ਮਾਪਿਆਂ ਦਾ ਸਰਕਾਰੀ ਸਕੂਲਾਂ ਵਿੱਚ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ: ਹਰਜੋਤ ਸਿੰਘ ਬੈਂਸ*

ਚੰਡੀਗੜ੍ਹ, 10 ਫਰਵਰੀ:


ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਵੇਰੇ ਪਟਿਆਲਾ ਜ਼ਿਲ੍ਹੇ ਦੇ ਭਾਦਸੋਂ ਵਿਖੇ ਸਥਿਤ ਸਕੂਲ ਆਫ਼ ਐਮੀਨੈਂਸ ਦਾ ਅਚਨਚੇਤ ਦੌਰਾ ਕੀਤਾ, ਜੋ ਭਗਵੰਤ ਮਾਨ ਸਰਕਾਰ ਦੀ ਚੱਲ ਰਹੀ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ। ਇਸ ਦੌਰੇ ਦੌਰਾਨ ਸਿੱਖਿਆ ਮੰਤਰੀ ਨੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਸਿੱਖਿਆ ਦੀ ਗੁਣਵੱਤਾ ਅਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਮੁਲਾਂਕਣ ਕਰਨ ਲਈ ਵਿਦਿਆਰਥੀਆਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ।

ਸਕੂਲ ਦਾ ਵਿਆਪਕ ਦੌਰਾ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਸਬੰਧੀ ਕੰਮਾਂ ਦੀ ਪ੍ਰਗਤੀ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਉਨ੍ਹਾਂ ਨੇ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਅਤੇ ਸਹੂਲਤਾਂ ਬਾਰੇ ਫੀਡਬੈਕ ਲੈਣ ਲਈ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।

ਸ. ਬੈਂਸ ਨੇ ਇਸ ਸਕੂਲ ਵਿੱਚ 90 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਅਤਿ-ਆਧੁਨਿਕ ਇਨਡੋਰ ਸਪੋਰਟਸ ਕੰਪਲੈਕਸ ਦੇ ਨਿਰਮਾਣ ਦਾ ਵੀ ਜਾਇਜ਼ਾ ਲਿਆ, ਜਿਸ ਵਿੱਚ ਦੋ ਕਬੱਡੀ ਮੈਟ ਅਤੇ ਇੱਕ ਕੁਸ਼ਤੀ ਮੈਟ ਸਮੇਤ 2,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮਾਨਸਿਕ ਅਤੇ ਸਰੀਰਕ ਪੱਖੋਂ ਸਿਹਤਮੰਦ ਬਣਾਉਣ ਲਈ ਮੁਕੰਮਲ ਸਿੱਖਿਆ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਸਿੱਖਿਆ ਭਗਵੰਤ ਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਸਾਡੇ 'ਸਕੂਲ ਆਫ਼ ਐਮੀਨੈਂਸ' ਸਿਰਫ਼ ਇਮਾਰਤਾਂ ਨਹੀਂ ਹਨ; ਇਹ ਭਵਿੱਖ ਦੇ ਨੇਤਾਵਾਂ ਅਤੇ ਪੇਸ਼ੇਵਰਾਂ ਦਾ ਆਧਾਰ ਹਨ।ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣਾ ਸਾਡੀਆਂ ਨੀਤੀਆਂ ਅਤੇ ਪ੍ਰਦਾਨ ਕੀਤੀ ਜਾ ਰਹੀ ਮਿਆਰੀ ਸਿੱਖਿਆ ਦਾ ਪ੍ਰਤੱਖ ਪ੍ਰਮਾਣ ਹੈ।"

ਸਿੱਖਿਆ ਮੰਤਰੀ ਨੇ ਕਿਹਾ, "ਸਿੱਖਿਆ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਸਾਡੇ ਵਿਦਿਆਰਥੀਆਂ ਵਿੱਚ ਨਿਵੇਸ਼ ਕਰਨਾ ਸਿੱਧੇ ਤੌਰ 'ਤੇ ਪੰਜਾਬ ਅਤੇ ਦੇਸ਼ ਦੇ ਭਵਿੱਖ ਵਿੱਚ ਨਿਵੇਸ਼ ਕਰਨ ਦੇ ਬਰਾਬਰ ਹੈ।"

ਸਕੂਲ ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਇਸ ਅਕਾਦਮਿਕ ਸਾਲ ਇਸ ਸਕੂਲ ਦੇ ਦਾਖਲਿਆਂ ਵਿੱਚ 11 ਫ਼ੀਸਦੀ ਵਾਧਾ ਹੋਇਆ ਹੈ ਅਤੇ 200 ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਆਏ ਹਨ, ਜੋ ਕਿ ਸਰਕਾਰੀ ਸਿੱਖਿਆ ਪ੍ਰਣਾਲੀ ਵਿੱਚ ਮਾਪਿਆਂ ਦੇ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ 400 ਤੋਂ ਵੱਧ ਵਿਦਿਆਰਥੀ ਛੇ ਸਕੂਲ ਬੱਸਾਂ ਰਾਹੀਂ ਆਵਾਜਾਈ ਸਹੂਲਤਾਂ ਦਾ ਲਾਭ ਲੈ ਰਹੇ ਹਨ, ਜੋ ਕਿ ਉੱਤਮਤਾ ਦੇ ਕੇਂਦਰ ਵਜੋਂ ਸਕੂਲ ਦੀ ਵਧਦੀ ਸਾਖ ਨੂੰ ਦਰਸਾਉਂਦਾ ਹੈ।

90 ਦਿਨਾਂ ਵਿੱਚ ਦੂਜੀ ਵਾਰ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਲੈਣਾ ਪਿਆ ਐਸ.ਸੀ.ਕਮਿਸਨ ਨੂੰ ਨੋਟਿਸ

ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦਲਿਤ ਭਾਈਚਾਰੇ ਖ਼ਿਲਾਫ਼ ਆਪਣੀ ਸੋੜੀ ਸੋਚ ਦਾ ਪ੍ਰਗਟਾਵਾ ਕੀਤਾ

ਕਾਂਗਰਸ ਪਾਰਟੀ  ਦੇ ਦਲਿਤ ਵਿਰੋਧੀ ਡੀ.ਐਨ.ਏ. ਦਾ ਚਿਹਰਾ ਮੋਹਰਾ ਹੈ ਪ੍ਰਤਾਪ ਸਿੰਘ ਬਾਜਵਾ

ਕਾਂਗਰਸ ਨੇ ਦਲਿਤਾਂ ਨੂੰ ਸਿਰਫ਼ ਜ਼ਲਾਲਤ ਹੀ ਦਿੱਤੀ

ਦਲਿਤਾਂ ਨੂੰ ਅਧਿਕਾਰ ਸਿਰਫ਼  ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਦਿੱਤੇ ਹੋਏ ਹਨ

ਚੰਡੀਗੜ੍ਹ, 10 ਫਰਵਰੀ :-
 

 
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਭੇਜੇ ਗਏ ਨੋਟਿਸ ਨੂੰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਚੰਡੀਗੜ੍ਹ ਸਥਿਤ ਸੈਕਟਰ 8 ਅਤੇ ਸੈਕਟਰ 39 ਦੇ ਨਿਵਾਸ ਅਸਥਾਨ ਦੇ ਘਰੇਲੂ ਮੁਲਾਜ਼ਮਾਂ ਵੱਲੋਂ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।  ਇਹ ਜਾਣਕਾਰੀ ਅੱਜ ਇੱਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਿਰੁੱਧ ਕੀਤੀ ਗਈ ਜਾਤੀ ਸੂਚਿਕ ਟਿੱਪਣੀ ਬਾਬਤ ਐਸ.ਸੀ. ਕਮਿਸ਼ਨ ਵੱਲੋਂ ਲਏ ਗਏ ਸੂ ਮੋਟੋ ਨੋਟਿਸ ਦੀ ਤਾਮੀਲ ਕਰਵਾਉਣ ਲਈ ਕਮਿਸ਼ਨ ਦਾ ਮੁਲਾਜ਼ਮ ਦੋ ਵਾਰ ਵਿਰੋਧੀ ਧਿਰ ਦੇ ਆਗੂ ਦੇ ਘਰ ਜਾ ਚੁੱਕਾ ਹੈ।
ਸ. ਗੜ੍ਹੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਹਿਲਾਂ ਤਰਨ ਤਾਰਨ ਇਲੈਕਸ਼ਨ ਦੌਰਾਨ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਹੁਣ ਫਿਰ 90 ਦਿਨਾਂ ਦੇ ਵਿੱਚ ਵਿੱਚ ਇੱਕ ਹੋਰ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਇਸ ਬਿਆਨ ਰਾਹੀਂ ਜਿੱਥੇ ਆਪਣੀ ਜਗੀਰੂ ਸੋਚ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਨਾਲ ਹੀ ਕਾਂਗਰਸ ਪਾਰਟੀ ਦੇ ਦਲਿਤ ਵਿਰੋਧੀ ਡੀ.ਐਨ.ਏ. ਦਾ ਚਿਹਰਾ ਮੋਹਰਾ ਵੀ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦਲਿਤ ਵਿਰੋਧੀ ਮਾਨਸਿਕਤਾ ਦਾ ਆਪਣੇ ਬਿਆਨਾਂ ਰਾਹੀਂ ਪ੍ਰਗਟਾਵਾ ਕਰ ਚੁੱਕੇ ਹਨ ਤੇ ਕਮਿਸ਼ਨ ਜਲਦ ਉਨ੍ਹਾਂ ਖਿਲਾਫ ਵੀ ਕਾਰਵਾਈ ਕਰਨ ਜਾ ਰਿਹਾ ਹੈ।
ਸ. ਗੜ੍ਹੀ ਨੇ ਕਿਹਾ ਕਿ ਹਰਭਜਨ ਸਿੰਘ ਈ.ਟੀ.ਓ. ਨੇ ਆਪਣੇ ਜੀਵਨ ਵਿੱਚ ਦੁਸ਼ਵਾਰੀਆਂ ਦੇ ਬਾਵਜੂਦ ਐਮ.ਏ., ਬੀ.ਐੱਡ. ਕਰਨ ਤੋਂ ਬਾਅਦ ਬੱਚਿਆਂ ਨੂੰ ਸਿੱਖਿਆ ਦੇਣ ਦਾ ਕਾਰਜ ਕੀਤਾ ਅਤੇ ਫਿਰ ਪੰਜਾਬ ਦੀ ਬਹੁਤ ਹੀ ਮਾਣਮੱਤੀ ਤੇ ਵੱਕਾਰੀ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਈ.ਟੀ.ਓ. ਬਣ ਕੇ ਸੇਵਾਵਾਂ ਨਿਭਾਈਆਂ। ਜਿਸ ਤੇ ਦਲਿਤ ਵਰਗ ਅਤੇ ਸਮੁੱਚੇ ਪੰਜਾਬ ਨੂੰ ਬਹੁਤ ਮਾਣ ਹੈ।
ਕਮਿਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦਲਿਤਾਂ ਨੂੰ ਸਿਰਫ ਜ਼ਲਾਲਤ ਹੀ ਦਿੱਤੀ ਹੈ ਜਿਸ ਦੇ ਅਨੇਕਾਂ ਸਬੂਤ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਮਹਾਨ ਸੰਵਿਧਾਨ ਦੇਣ ਬਾਰੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਰਾਹ ਰੋਕਣ ਲਈ ਕਾਂਗਰਸ ਪਾਰਟੀ ਨੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸੰਵਿਧਾਨ ਸਭਾ ਵਿੱਚ ਐਂਟਰੀ ਰੋਕਣ ਲਈ ਕਾਂਗਰਸ ਪਾਰਟੀ ਨੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਇਸ ਤੋਂ ਬਾਅਦ ਜਿਸ ਇਲਾਕੇ ਤੋਂ ਬਾਬਾ ਸਾਹਿਬ ਚੋਣ ਜਿੱਤ ਕੇ ਆਏ ਉਸ ਇਲਾਕੇ ਨੂੰ 58 ਫੀਸਦੀ ਗੈਰ ਮੁਸਲਿਮ ਆਬਾਦੀ ਹੋਣ ਦੇ ਬਾਵਜੂਦ ਨੂੰ ਦੇ ਦਿੱਤਾ ਗਿਆ ਜਦਕਿ ਵੰਡ ਦੌਰਾਨ ਨਿਯਮ ਸੀ ਕਿ ਜਿਸ ਇਲਾਕੇ ਦੀ 50 ਫੀਸਦ ਤੋਂ ਵੱਧ ਆਬਾਦੀ ਗੈਰ ਮੁਸਲਿਮ ਹੋਵੇਗੀ ਉਹ ਇਲਾਕਾ ਹਿੰਦੁਸਤਾਨ ਨੂੰ ਦੇ ਦਿੱਤਾ ਜਾਵੇਗਾ।  ਇਸ ਤੋਂ ਇਲਾਵਾ ਦਲਿਤਾਂ ਨੂੰ ਸਾਈਮਨ ਕਮਿਸ਼ਨ ਵੱਲੋਂ ਦਿੱਤੇ ਜਾ ਰਹੇ ਅਧਿਕਾਰਾਂ ਨੂੰ ਖਤਮ ਕਰਵਾਉਣ ਲਈ ਕਾਂਗਰਸ ਪਾਰਟੀ ਨੇ ਹਰ ਹਰਬਾ ਵਰਤਿਆ ਅਤੇ ਅਖੀਰ ਵਿੱਚ ਸਾਈਮਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਤੋਂ ਰੋਕਣ ਲਈ ਮਹਾਤਮਾ ਗਾਂਧੀ ਨੇ ਪੂਣੇ ਜੇਲ੍ਹ ਵਿੱਚ ਮਰਨ ਵਰਤ ਰੱਖ ਲਿਆ ਜਿਸ ਕਾਰਨ ਬਾਬਾ ਸਾਹਿਬ ਨੂੰ ਦਲਿਤਾਂ ਨੂੰ ਮਿਲ ਰਹੇ ਦੋਹਰੇ ਵੋਟ ਅਧਿਕਾਰ ਨੂੰ ਛੱਡਣਾ ਪਿਆ।

ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਕਾਂਗਰਸ ਪਾਰਟੀ ਦੇ ਆਗੂ ਇਹ ਪ੍ਰਚਾਰ ਕਰਦੇ ਫਿਰਦੇ ਹਨ ਕਿ ਦਲਿਤਾਂ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁੱਝ ਦਿੱਤਾ ਹੈ, ਜਦਕਿ ਸੱਚਾਈ ਇਹ ਹੈ ਕਿ ਭਾਰਤ ਦੇ ਦਲਿਤਾਂ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਭਾਰਤੀ ਸੰਵਿਧਾਨ ਨੇ ਅਧਿਕਾਰ ਦਿੱਤੇ ਹਨ।
ਉਨ੍ਹਾਂ ਅਖੀਰ ਵਿੱਚ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਦੀ ਭਾਰਤੀ ਸੰਵਿਧਾਨ ਵਿੱਚ ਆਸਥਾ ਹੈ ਤਾਂ ਉਹ ਐਸ.ਸੀ.ਕਮਿਸ਼ਨ ਵੱਲੋਂ ਦਿੱਤੇ ਗਏ ਇਸ ਨੋਟਿਸ ਸਬੰਧੀ 11 ਫਰਵਰੀ 2026 ਨੂੰ ਬਾਦ ਦੁਪਹਿਰ 3 ਵਜੇ ਆਪਣਾ ਸਪੱਸ਼ਟੀਕਰਨ ਐਸ.ਸੀ. ਕਮਿਸ਼ਨ ਦੇ ਦਫਤਰ ਵਿਖੇ ਆ ਕੇ ਦੇ ਦੇਣ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.