Friday, 26 June 2026

ਪਟਿਆਲਾ/ਬਿਊਰੋ ਨਿਊਜ਼
ਸਮਾਣਾ ਵਿਖੇ ਲੱਗੇ ਸਰਬ ਧਰਮ ਮੋਰਚੇ ਵਲੋਂ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਵਿਰੁੱਧ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਧਰਨੇ ਵਿਚ ਸਿੱਖ ਸੰਗਤਾਂ ਅਤੇ ਸਿੱਖ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਅਕਾਲੀ ਦਲ ਮੁੜ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਸਿੱਖ ਕੌਮ ਦੇ ਮਾਨ ਸਨਮਾਨ ਨੂੰ ਢਾਹ ਲਗਾ ਰਹੀਆਂ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਸਰਵ ਉਚਤਾ ਨੂੰ ਕਦੇ ਵੀ ਨੀਵਾਂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਸਰਕਾਰ ਵਲੋਂ ਜਲਦੀ ਸਖਤ ਕਾਨੂੰਨ ਨਾ ਬਣਾਇਆ ਗਿਆ ਤਾਂ ਅਗਲਾ ਧਰਨਾ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਦਿੱਤਾ ਜਾਵੇਗਾ।  

ਅੰਮਿ੍ਰਤਸਰ/ਬਿਊਰੋ ਨਿਊਜ਼
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨੀਕ ਦੀ ਦੁਰਵਰਤੋਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਮਾਮਲਿਆਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ। ਜਥੇਦਾਰ ਨੇ  ਸਿੱਖ ਕੌਮ ਅਤੇ ਨੌਜਵਾਨਾਂ ਦੇ ਨਾਮ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਜਦੋਂ ਵੀ ਏ.ਆਈ. ਨਾਲ ਬਣੀ ਕੋਈ ਇਤਰਾਜ਼ਯੋਗ ਵੀਡੀਓ ਜਾਂ ਫੋਟੋ ਆਦਿ ਸਾਹਮਣੇ ਆਵੇ ਤਾਂ ਉਸ ਨੂੰ ਅੱਗੇ ਸਾਂਝੀ ਕਰਨ ਦੀ ਬਜਾਏ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਤੁਰੰਤ ਹੀ ਇਤਰਾਜ਼ਯੋਗ ਸਮੱਗਰੀ ਵਜੋਂ ਰਿਪੋਰਟ ਕਰਨਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਹਦਾਇਤ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਸਖਤੀ ਵਰਤੀ ਜਾਵੇ ਅਤੇ ਨੋਟਿਸ ਲੈ ਕੇ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਏਆਈ ਤਕਨਾਲੋਜੀ ਮਾੜੀ ਨਹੀਂ ਅਤੇ ਜੇਕਰ ਤਕਨੀਕ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਚੰਗਾ ਸਮਾਜ ਵੀ ਸਿਰਜਿਆ ਜਾ ਸਕਦਾ ਹੈ।  

ਸੀਐਮ ਮਾਨ ਨੇ ਕਿਹਾ : ਰਾਜਸਥਾਨ ’ਤੇ ਪੰਜਾਬ ਦੇ ਪਾਣੀ ਦਾ 1.44 ਲੱਖ ਕਰੋੜ ਰੁਪਏ ਦਾ ਬਕਾਇਆ
ਚੰਡੀਗੜ੍ਹ/ਬਿਊਰੋ ਨਿਊਜ਼    
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਨਿਵਾਸ ਸਥਾਨ ’ਤੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਿੰਚਾਈ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਉਨ੍ਹਾਂ ਨਾਲ ਮੌਜੂਦ ਸਨ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਸਥਾਨ ’ਤੇ ਪੰਜਾਬ ਦੇ ਪਾਣੀ ਦਾ 1.44 ਲੱਖ ਕਰੋੜ ਰੁਪਏ ਬਕਾਇਆ ਹੈ ਅਤੇ ਇਸ ਲਈ ਅਸੀਂ ਰਾਜਸਥਾਨ ਨੂੰ ਚਿੱਠੀ ਵੀ ਲਿਖ ਚੁੱਕੇ ਹਾਂ ਅਤੇ ਅਸੀਂ ਰਾਜਸਥਾਨ ਤੋਂ ਇਸ ਬਕਾਏ ਦੀ ਮੰਗ ਕਰਾਂਗੇ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਰਾਜਸਥਾਨ ਤੋਂ ਰਾਇਲਟੀ ਦੀ ਵੀ ਮੰਗ ਕਰੇਗਾ। ਉਨ੍ਹਾਂ ਦੱਸਿਆ ਕਿ 1960 ਤੱਕ ਰਾਜਸਥਾਨ ਪੈਸੇ ਦਿੰਦਾ ਰਿਹਾ, ਪਰ ਉਸ ਤੋਂ ਬਾਅਦ ਕੋਈ ਵੀ ਪੈਸਾ ਨਹੀਂ ਦਿੱਤਾ ਗਿਆ। ਮਾਨ ਨੇ ਕਿਹਾ ਕਿ ਜੇਕਰ ਰਾਜਸਥਾਨ 1920 ਦੇ ਸਮਝੌਤੇ ਤਹਿਤ ਪਾਣੀ ਪ੍ਰਾਪਤ ਕਰ ਰਿਹਾ ਹੈ, ਤਾਂ ਉਸਨੂੰ ਉਸ ਅਨੁਸਾਰ ਭੁਗਤਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਫੀਡਰ ਵਿੱਚੋਂ ਇਸ ਵੇਲੇ ਕਰੀਬ 18,000 ਕਿਊਸਿਕ ਪਾਣੀ ਵਹਿ ਰਿਹਾ ਹੈ, ਜਦੋਂ ਕਿ ਕੋਈ ਵਿੱਤੀ ਮੁਆਵਜ਼ਾ ਨਹੀਂ ਮਿਲ ਰਿਹਾ।

ਮੰਡੀ ਗੋਬਿੰਦਗੜ੍ਹ, 18 ਮਾਰਚ: ਦੇਸ਼ ਭਗਤ ਯੂਨੀਵਰਸਿਟੀ ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੇ ਸੰਸਥਾ ਦੀ ਇਨੋਵੇਸ਼ਨ ਕੌਂਸਲ (IIC) ਅਤੇ IQAC ਦੇ ਸਹਿਯੋਗ ਨਾਲ, ਸਿੱਖਿਆ ਮੰਤਰਾਲੇ ਦੁਆਰਾ ਆਯੋਜਿਤ ਪੋਸਟ-ਬਜਟ ਵੈਬੀਨਾਰ 2026 ਵਿੱਚ ਸਰਗਰਮੀ ਨਾਲ ਹਿੱਸਾ ਲਿਆ।
‘ਸਬ ਕਾ ਸਾਥ, ਸਬ ਕਾ ਵਿਕਾਸ - ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ’ ਦੇ ਥੀਮ ਵਾਲਾ ਇਹ ਵੈਬੀਨਾਰ ਸਿੱਖਿਆ, ਹੁਨਰ ਅਤੇ ਯੂਨੀਵਰਸਿਟੀ ਟਾਊਨਸ਼ਿਪਾਂ ’ਤੇ ਕੇਂਦ੍ਰਿਤ ਸੀ ਅਤੇ ਇਸਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ।
ਇਸ ਪ੍ਰੋਗਰਾਮ ਵਿੱਚ ਫੈਕਲਟੀ ਮੈਂਬਰਾਂ, ਪ੍ਰਸ਼ਾਸਕਾਂ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਹਾਜ਼ਰੀਨ ਸਿੱਖਿਆ ਖੇਤਰ ਨਾਲ ਸਬੰਧਤ ਕੇਂਦਰੀ ਬਜਟ ਦੀਆਂ ਮੁੱਖ ਗੱਲਾਂ ਨੂੰ ਸਮਝਣ ਲਈ ਲਾਈਵ ਸੈਸ਼ਨ ਵਿੱਚ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਤਵਨੀਤ ਕੇ. ਰੀਨ ਦੇ ਸਵਾਗਤੀ ਭਾਸ਼ਣ ਨਾਲ ਹੋਈ।
ਇਸ ਮੌਕੇ ਡਾ. ਜੀ.ਐਸ. ਬੱਤਰਾ, ਪ੍ਰੋ ਵਾਈਸ ਚਾਂਸਲਰ, ਰਿਸਰਚ ਐਂਡ ਡਿਵੈਲਪਮੈਂਟ, ਡਾ. ਬੂਟਾ ਸਿੰਘ, ਪ੍ਰੋ ਵਾਈਸ ਚਾਂਸਲਰ, ਰਿਸਰਚ, ਇਨੋਵੇਸ਼ਨ ਐਂਡ ਕੰਸਲਟੈਂਸੀ, ਡਾ. ਗੁਰਵਿੰਦਰ ਪਾਲ ਸਿੰਘ, ਅਸਿਸਟੈਂਟ ਡੀਨ ਅਕਾਦਮਿਕ, ਡਾ. ਨਵੀਨ ਠਾਕੁਰ, ਡਾਇਰੈਕਟਰ ਅਕਾਦਮਿਕ, ਡਾ. ਦਿਨੇਸ਼, ਕਨਵੀਨਰ, ਡੀ.ਬੀ.ਯੂ., ਆਈ.ਆਈ.ਸੀ. ਅਤੇ ਡਾ. ਬਲਦੀਪ ਸਿੰਘ, ਡਿਪਾਰਟਮੈਂਟ ਕੋਆਰਡੀਨੇਟਰ, ਆਈ.ਆਈ.ਸੀ. ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਆਪਣੇ ਸੰਬੋਧਨ ਵਿੱਚ, ਡਾ. ਜੀ.ਐਸ. ਬੱਤਰਾ ਨੇ ਖੋਜ, ਨਵੀਨਤਾ ਅਤੇ ਹੁਨਰ-ਅਧਾਰਤ ਸਿੱਖਿਆ ਰਾਹੀਂ ਉੱਚ ਸਿੱਖਿਆ ਨੂੰ ਮਜ਼ਬੂਤ ਕਰਨ ’ਤੇ ਸਰਕਾਰ ਦੇ ਜ਼ੋਰ ਦੀ ਸ਼ਲਾਘਾ ਕੀਤੀ। ਡਾ. ਬੂਟਾ ਸਿੰਘ ਨੇ ਸਟਾਰਟਅੱਪ ਸੱਭਿਆਚਾਰ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਬਜਟ ਪ੍ਰਬੰਧਾਂ ਦੀ ਸੰਭਾਵਨਾ ਨੂੰ ਉਜਾਗਰ ਕੀਤਾ ਅਤੇ ਵਿਦਿਆਰਥੀਆਂ ਨੂੰ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਲਈ ਉਤਸ਼ਾਹਿਤ ਕੀਤਾ। ਸੈਸ਼ਨ ਦੀ ਸਮਾਪਤੀ ਕਰਦੇ ਹੋਏ, ਡਾ. ਗੁਰਵਿੰਦਰ ਪਾਲ ਸਿੰਘ ਨੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੀ ਰਾਸ਼ਟਰੀ ਨੀਤੀਆਂ ਪ੍ਰਤੀ ਜਾਗਰੂਕਤਾ ਨੂੰ ਵਧਾਉਂਦੀਆਂ ਹਨ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.