Wednesday, 03 June 2026

 

ਭਾਰਤ ’ਚ ਸਭ ਕੁਝ ਮੇਡ ਇਨ ਚਾਈਨਾ ਤਾਂ ਹੀ ਰੁਜ਼ਗਾਰ ਦੀ ਕਮੀ : ਰਾਹੁਲ ਗਾਂਧੀ

ਟੈਕਸਾਸ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤਿੰਨ ਦਿਨਾਂ ਦੇ ਦੌਰੇ ’ਤੇ ਅਮਰੀਕਾ ਗਏ ਹੋਏ ਹਨ। ਇਸੇ ਦੌਰਾਨ ਰਾਹੁਲ ਗਾਂਧੀ ਨੇ ਟੈਕਸਾਸ ਵਿਚ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਮੁਲਾਕਾਤ ਵੀ ਕੀਤੀ ਹੈ। ਉਨ੍ਹਾਂ ਯੂਨੀਵਰਸਿਟੀ ਆਫ ਟੈਕਸਾਸ ਦੇ ਇਕ ਸਮਾਗਮ ਵਿਚ ਵੀ ਹਿੱਸਾ ਲਿਆ। ਰਾਹੁਲ ਗਾਂਧੀ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਭਾਰਤ ਦੀ ਰਾਜਨੀਤੀ, ਇਕੌਨਮੀ ਅਤੇ ਭਾਰਤ ਜੋੜੋ ਯਾਤਰਾ ਸਣੇ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਰੋਜ਼ਗਾਰ ਦੀ ਸਮੱਸਿਆ ਹੈ ਅਤੇ ਭਾਰਤ ਵਿਚ ਸਭ ਕੁਝ ਮੇਡ ਇਨ ਚਾਈਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੀਨ ਨੇ ਪ੍ਰੋਡਕਸ਼ਨ ’ਤੇ ਧਿਆਨ ਦਿੱਤਾ ਅਤੇ ਇਸ ਕਰਕੇ ਹੀ ਉਥੇ ਰੁਜ਼ਗਾਰ ਦੀਆਂ ਦਿੱਕਤਾਂ ਨਹੀਂ ਹਨ। ਇਸੇ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਕਿਹਾ ਕਿ ਰਾਹੁਲ ਗਾਂਧੀ ਹੁਣ ਪੱਪੂ ਨਹੀਂ ਹੈ, ਉਹ ਪੜ੍ਹੇ ਲਿਖੇ ਹਨ ਅਤੇ ਹਰ ਇਕ ਮੁੱਦੇ ’ਤੇ ਡੂੰਘੀ ਸੋਚ ਰੱਖਦੇ ਹਨ।  

 

 

ਭਾਰਤ ਅਤੇ ਬਰੂਨਈ ਦਰਮਿਆਨ ਸਬੰਧਾਂ ਨੂੰ ਲੈ ਕੇ ਹੋਈ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨਈ ਦੇ ਦੌਰੇ ’ਤੇ ਗਏ ਹੋਏ ਹਨ ਅਤੇ ਉਨ੍ਹਾਂ ਨੇ ਬਰੂਨਈ ਦੇ ਸੁਲਤਾਨ ਹਾਜੀ ਹਸਨਲ ਬੋਲਕੀਆ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਇਸਤਾਨਾ ਨੂਰਲ ਇਮਾਨ ਵਿਖੇ ਮੁਲਾਕਾਤ ਕੀਤੀ ਹੈ। ਭਾਰਤ ਅਤੇ ਬਰੂਨਈ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਇਹ ਮੁਲਾਕਾਤ ਕੀਤੀ ਗਈ ਹੈ। ਮੀਟਿੰਗ ਵਿੱਚ ਉਨ੍ਹਾਂ ‘ਐਕਟ ਈਸਟ’ ਨੀਤੀ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਇੰਡੋ-ਪੈਸੀਫਿਕ ਦੇ ਆਪਣੇ ਦਿ੍ਰਸ਼ਟੀਕੋਣ ਨੂੰ ਅੱਗੇ ਵਧਾਉਣ ’ਤੇ ਵੀ ਧਿਆਨ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਆਪਣੀ ਇਸ ਮੁਲਾਕਾਤ ਦੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਸੁਲਤਾਨ ਹਾਜੀ ਹਸਨਲ ਬੋਲਕੀਆ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਸਾਡੀ ਗੱਲਬਾਤ ਵਿਆਪਕ ਸੀ ਅਤੇ ਇਸ ਵਿੱਚ ਸਾਡੇ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੁੱਦੇ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਅਸੀਂ ਵਪਾਰਕ ਸਬੰਧਾਂ ਅਤੇ ਲੋਕਾਂ ਦੇ ਆਦਾਨ-ਪ੍ਰਦਾਨ ਨੂੰ ਹੋਰ ਵਧਾਉਣ ਜਾ ਰਹੇ ਹਾਂ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਵੀ ਜਾਣਗੇ।

 

 

ਅਮਰੀਕੀ ਰਾਸ਼ਟਰਪਤੀ ਨੇ ਪੀਐਮ ਮੋਦੀ ਦੀ ਕੀਤੀ ਸ਼ਲਾਘਾ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ’ਤੇ ਗੱਲ ਕੀਤੀ ਅਤੇ ਯੂਕਰੇਨ ਲਈ ਉਨ੍ਹਾਂ ਦੇ ਸ਼ਾਂਤੀ ਦੇ ਸੰਦੇਸ਼ ਅਤੇ ਚੱਲ ਰਹੇ ਮਾਨਵਤਾਵਾਦੀ ਸਮਰਥਨ ਲਈ ਤਾਰੀਫ ਕੀਤੀ। ਪੀਐਮ ਮੋਦੀ ਦੀ 23 ਅਗਸਤ ਦੀ ਕੀਵ ਫੇਰੀ ਨੂੰ ਕੂਟਨੀਤਕ ਸੰਤੁਲਣ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਇਡਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਉਨ੍ਹਾਂ ਦੇ ਰੂਸ ਦੌਰੇ ਦੀ ਆਲੋਚਨਾ ਕੀਤੀ ਸੀ ਅਤੇ ਕਈ ਪੱਛਮੀ ਦੇਸ਼ਾਂ ਨੇ ਇਸ ’ਤੇ ਨਾਰਾਜ਼ਗੀ ਪ੍ਰਗਟਾਈ ਸੀ। ਬਾਇਡਨ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਹਾਲੀਆ ਪੋਲੈਂਡ ਅਤੇ ਯੂਕਰੇਨ ਦੀ ਯਾਤਰਾ ’ਤੇ ਚਰਚਾ ਕਰਨ ਲਈ ਫੋਨ ’ਤੇ ਗੱਲ ਕੀਤੀ ਅਤੇ ਯੂਕਰੇਨ ਲਈ ਸ਼ਾਂਤੀ ਅਤੇ ਮਨੁੱਖਤਾਵਾਦੀ ਸਮਰਥਨ ਦੇ ਉਨ੍ਹਾਂ ਦੇ ਸੰਦੇਸ਼ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਕਿਹਾ ਸੀ ਕਿ ਯੂਕਰੇਨ ਅਤੇ ਰੂਸ ਨੂੰ ਯੁੱਧ ਨੂੰ ਖਤਮ ਕਰਨ ਲਈ ਇਕੱਠੇ ਬੈਠਣਾ ਚਾਹੀਦਾ ਹੈ ਅਤੇ ਭਾਰਤ ਸ਼ਾਂਤੀ ਬਹਾਲ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ।   

 

 

ਰੇਲਵੇ ਲਾਈਨ ਅਤੇ ਪੁਲਿਸ ਸਟੇਸ਼ਨਾਂ ਨੂੰ ਵੀ ਬਣਾਇਆ ਗਿਆ ਨਿਸ਼ਾਨਾ

ਇਸਲਾਮਾਬਾਦ/ਬਿਊਰੋ ਨਿਊਜ਼  

ਪਾਕਿਸਤਾਨ ਵਿਚ ਲੰਘੇ ਐਤਵਾਰ ਦੀ ਰਾਤ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ 39 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਪਾਕਿਸਤਾਨ ਮੀਡੀਆ ਦੇ ਮੁਤਾਬਕ ਬਲੂਚਿਸਤਾਨ ਵਿਚ ਹਮਲਾਵਰਾਂ ਨੇ ਹਾਈਵੇ, ਪੁਲਿਸ ਸਟੇਸ਼ਨਾਂ ਅਤੇ ਪਾਕਿਸਤਾਨ ਤੇ ਈਰਾਨ ਦੇ ਵਿਚਾਲੇ ਰੇਲਵੇ ਲਾਈਨ ਨੂੰ ਵੀ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਪਹਿਲਾਂ ਬਲੂਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ਵਿਚ ਇਕ ਹਾਈਵੇ ਨੂੰ ਬੰਦ ਕਰ ਦਿੱਤਾ ਸੀ। ਹਮਲਵਰਾਂ ਨੇ ਲੋਕਾਂ ਦੇ ਪਹਿਚਾਣ ਕਾਰਡ ਚੈਕ ਕਰਨ ਦੇ ਨਾਮ ’ਤੇ 23 ਵਿਅਕਤੀਆਂ ਨੂੰ ਇਕ-ਇਕ ਕਰਕੇ ਨਿਸ਼ਾਨਾ ਬਣਾਇਆ। ਮਰਨ ਵਾਲੇ ਇਹ ਸਾਰੇ ਮੁਸਾਫਿਰ ਦੱਸੇ ਗਏ ਹਨ। ਇਸ ਤੋਂ ਬਾਅਦ ਰੇਲ ਲਾਈਨ ’ਤੇ ਹੋਏ ਧਮਾਕੇ ਦੌਰਾਨ ਵੀ 6 ਵਿਅਕਤੀਆਂ ਦੀ ਮੌਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ’ਚ ਹੋਏ ਤਿੰਨ ਵੱਖ-ਵੱਖ ਹਮਲਿਆਂ ਵਿਚ 39 ਵਿਅਕਤੀਆਂ ਦੀ ਮੌਤ ਹੋਈ ਹੈ।  

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.