Wednesday, 03 June 2026

 

ਚੰਡੀਗੜ੍ਹ/ਬਿਊਰੋ ਨਿਊਜ਼   

ਕਾਂਗਰਸੀ ਆਗੂ ਅਤੇ ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਪਿਛਲੇ ਦਿਨੀਂ ਅਮਰੀਕਾ ਦੇ ਦੌਰੇ ’ਤੇ ਪਹੁੰਚੇ ਸਨ। ਅਮਰੀਕਾ ਦੇ ਟੈਕਸਾਸ ਪ੍ਰਾਂਤ ਦੇ ਡੱਲਾਸ ਵਿੱਚ ਪਰਵਾਸੀ ਭਾਰਤੀਆਂ ਵਲੋਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅੰਤਰਰਾਸ਼ਟਰੀ ਚੇਅਰਮੈਨ ਸੈਮ ਪਿਤਰੋਦਾ ਤੇ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ 4 ਹਜ਼ਾਰ ਕੁਰਸੀਆਂ ਵਾਲਾ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀ ਰਾਜਨੀਤੀ ਵਿਚ ਪਿਆਰ, ਸਨਮਾਨ ਅਤੇ ਨਿਮਰਤਾ ਗਾਇਬ ਹਨ। ਉਨ੍ਹਾਂ ਨੇ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਰਾਹੁਲ ਨੇ ਕਿਹਾ ਕਿ ਭਾਰਤ ਵਿਚ ਹੁਨਰਮੰਦ ਲੱਖਾਂ ਲੋਕਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਹਰ ਉਸ ਵਿਅਕਤੀ ਦਾ ਸਨਮਾਨ ਹੋਣਾ ਚਾਹੀਦਾ ਹੈ, ਜੋ ਭਾਰਤ ਦਾ ਨਿਰਮਾਣ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਭਾਰਤ ਦੀ ਜ਼ਰੂਰਤ ਹੈ ਅਤੇ ਭਾਰਤ ਨੂੰ ਅਮਰੀਕਾ ਦੀ ਜ਼ਰੂਰਤ ਹੈ। ਇਸੇ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅੰਤਰਰਾਸ਼ਟਰੀ ਚੇਅਰਮੈਨ ਸੈਮ ਪਿਤਰੋਦਾ ਨੇ ਕਿਹਾ ਕਿ ਰਾਹੁਲ ਗਾਂਧੀ ਪੜ੍ਹੇ ਲਿਖੇ ਹਨ ਅਤੇ ਉਹ ਹਰ ਇਕ ਮੁੱਦੇ ’ਤੇ ਡੂੰਘੀ ਸੋਚ ਵੀ ਰੱਖਦੇ ਹਨ।  

ਇਸ ਮੌਕੇ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਗਿਲਜ਼ੀਆਂ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਤੋਂ ਲਗਭਗ ਭੁੱਲ ਹੀ ਗਏ ਸੀ ਕਿ ਵਿਰੋਧੀ ਧਿਰ ਕਿੰਨੀ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਨੇ ਤਾਨਾਸ਼ਾਹੀ ਵਾਂਗ ਕੰਮ ਕੀਤਾ ਹੈ। ਗਿਲਜ਼ੀਆਂ ਹੋਰਾਂ ਨੇ ਕਿਹਾ ਕਿ  ਰਾਹੁਲ ਗਾਂਧੀ ਨੇ ਮੌਜੂਦਾ ਭਾਜਪਾ ਸਰਕਾਰ ਅਤੇ ਪੂਰੇ ਦੇਸ਼ ਨੂੰ ਯਾਦ ਦਿਵਾਇਆ ਹੈ ਕਿ ਮਜ਼ਬੂਤ ਵਿਰੋਧੀ ਧਿਰ ਹੋਣ ਦਾ ਕੀ ਮਤਲਬ ਹੈ। ਉਨ੍ਹਾਂ ਦਿਖਾਇਆ ਕਿ ਡਾਕਟਰ ਅੰਬੇਡਕਰ ਅਤੇ ਸਾਡੇ ਨੇਤਾਵਾਂ ਨੇ ਸਾਡੇ ਸੰਵਿਧਾਨ ’ਚ ਵਿਰੋਧੀ ਧਿਰ ਅਤੇ ਉਸਦੇ ਨੇਤਾ ਦੀ ਭੂਮਿਕਾ ਨੂੰ ਯਕੀਨੀ ਕਿਉਂ ਬਣਾਇਆ ਹੈ। ਮਹਿੰਦਰ ਸਿੰਘ ਗਿਲਜ਼ੀਆਂ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਦੇਸ਼ ਰਾਹੁਲ ਗਾਂਧੀ ਦੀ ਅਗਵਾਈ ਹੇਠ ਇਨ੍ਹਾਂ ਆਦਰਸ਼ਾਂ ਨੂੰ ਕਾਇਮ ਰੱਖੇਗਾ। ਇਸ ਮੌਕੇ ਆਈ.ਓ.ਸੀ. ਦੇ ਨੇਤਾ ਗੁਰਦੇਵ ਸਿੰਘ ਹੇਅਰ, ਦਵਿੰਦਰਪਾਲ ਸਿੰਘ ਸਾਬ ਭੁੱਲਰ, ਬਲਦੇਵ ਸਿੰਘ ਰੰਧਾਵਾ, ਸੋਫੀਆ ਸ਼ਰਮਾ ਜਨਰਲ ਸਕੱਤਰ ਅਮਰੀਕਨ ਆਈ.ਓ.ਸੀ., ਪ੍ਰਦੀਪ ਸਮਾਲਾ ਅਤੇ ਹੋਰ ਪ੍ਰਮੁੱਖ ਭਾਰਤੀ ਪਰਵਾਸੀ ਵੀ ਸਟੇਜ ’ਤੇ ਹਾਜ਼ਰ ਸਨ।  

 

 

 

  

 

ਅਮਰੀਕਾ ’ਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹਨ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਡੋਨਾਲਡ ਟਰੰਪ ’ਤੇ ਇਕ ਵਾਰ ਫਿਰ ਜਾਨਲੇਵਾ ਹਮਲੇ ਦੀ ਕੋਸ਼ਿਸ਼ ਹੋਈ ਹੈ। ਅਮਰੀਕਾ ਦੇ ਮੀਡੀਆ ਮੁਤਾਬਕ ਡੋਨਾਲਡ ਟਰੰਪ ਫਲੋਰੀਡਾ ਵਿਚ ਪਾਮ ਬੀਚ ਕਾਊਂਟੀ ਦੇ ਇੰਟਰਨੈਸ਼ਨਲ ਗੋਲਫ ਕਲੱਬ ਵਿਚ ਖੇਡ ਰਹੇ ਸਨ ਤਾਂ ਇਸ ਮੌਕੇ ਉਨ੍ਹਾਂ ’ਤੇ ਹਮਲੇ ਦੀ ਕੋਸ਼ਿਸ਼ ਹੋਈ ਹੈ। ਇਸ ਘਟਨਾ ਦੀ ਜਾਂਚ ਦੀ ਜ਼ਿੰਮੇਵਾਰੀ ਐਫ.ਬੀ.ਆਈ. ਨੂੰ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਰਫਤਾਰ ਵੀ ਕਰ ਲਿਆ ਗਿਆ ਹੈ। ਧਿਆਨ ਰਹੇ ਕਿ ਇਸੇ ਸਾਲ 13 ਜੁਲਾਈ ਨੂੰ ਵੀ ਅਮਰੀਕੀ ਸੂਬੇ ਪੈਨਸਿਲਵੇਨੀਆ ਦੇ ਬਟਲਰ ਸ਼ਹਿਰ ਵਿਚ ਇਕ ਚੋਣ ਰੈਲੀ ਦੌਰਾਨ ਟਰੰਪ ’ਤੇ ਫਾਇਰਿੰਗ ਹੋ ਗਈ ਸੀ ਅਤੇ ਉਹ ਵਾਲ ਵਾਲ ਬਚ ਗਏ ਸਨ। ਜ਼ਿਕਰਯੋਗ ਹੈ ਕਿ 5 ਨਵੰਬਰ 2024 ਨੂੰ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਵੋਟਾਂ ਪੈਣੀਆਂ ਹਨ। 

 

ਟਰੰਪ ਵਲੋਂ ਲਗਾਏ ਆਰੋਪਾਂ ਦੇ ਕਮਲਾ ਨੇ ਦਿੱਤੇ ਬਿਹਤਰ ਜਵਾਬ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਭਾਰਤਵੰਸ਼ੀ ਕਮਲਾ ਹੈਰਿਸ ਵਿਚਾਲੇ ਪ੍ਰੋਜੀਡੈਨਸ਼ੀਅਲ ਡਿਬੇਟ ਹੋਈ ਹੈ। ਇਸੇ ਦੌਰਾਨ ਕਮਲਾ ਹੈਰਿਸ ਨੇ ਇਸ ਡਿਬੇਟ ਵਿਚ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਦੋਵਾਂ ਨੇ 90 ਮਿੰਟ ਤੱਕ ਪਰਵਾਸੀਆਂ, ਇਕੌਨਮੀ, ਵਿਦੇਸ਼ ਨੀਤੀ ਅਤੇ ਸੰਸਦ ਵਿਚ ਹਿੰਸਾ ਵਰਗੇ ਛੇ ਮੁੱਦਿਆਂ ’ਤੇ ਬਹਿਸ ਕੀਤੀ ਹੈ। ਡਿਬੇਟ ਸ਼ੁਰੂ ਹੋਣ ਤੋਂ ਪਹਿਲਾ ਕਮਲਾ, ਡੋਨਾਲਡ ਟਰੰਪ ਦੇ ਪੋਡੀਅਮ ਤੱਕ ਪਹੁੰਚੀ ਅਤੇ ਉਨ੍ਹਾਂ ਨਾਲ ਹੱਥ ਵੀ ਮਿਲਾਇਆ। ਡਿਬੇਟ ਦੌਰਾਨ ਟਰੰਪ ਨੇ ਕਮਲਾ ਹੈਰਿਸ ’ਤੇ ਪਰਸਨਲ ਅਟੈਕ ਵੀ ਕੀਤੇ। ਟਰੰਪ ਵਲੋਂ ਲਗਾਏ ਗਏ ਆਰੋਪਾਂ ਸਬੰਧੀ ਕਮਲਾ ਨੇ ਕੁਝ ਵੀ ਨਹੀਂ ਕਿਹਾ ਅਤੇ ਉਹ ਹੱਸਦੀ ਰਹੀ। ਇਸੇ ਦੌਰਾਨ ਅਮਰੀਕਾ ਦੇ ਮੀਡੀਆ ਵਲੋਂ ਡਿਬੇਟ ਦੌਰਾਨ ਕਮਲਾ ਨੂੰ ਜੇਤੂ ਮੰਨਿਆ ਗਿਆ ਹੈ। ਅਮਰੀਕਾ ਵਾਸੀਆਂ ਦਾ ਵੀ ਮੰਨਣਾ ਹੈ ਕਿ ਡਿਬੇਟ ਦੌਰਾਨ ਕਮਲਾ ਹੈਰਿਸ ਨੇ ਬਿਹਤਰ ਜਵਾਬ ਦਿੱਤੇ ਹਨ।

ਰਾਹੁਲ ਜਾਰਜਟਾਊਨ ਯੂਨੀਵਰਸਿਟੀ  ’ਚ ਵਿਦਿਆਰਥੀਆਂ ਦੇ ਸਮਾਗਮ ਵਿਚ ਹੋਏ ਸ਼ਾਮਲ

ਵਾਸ਼ਿੰਗਟਨ/ਬਿਊਰੋ ਨਿਊਜ਼ 

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਆਪਣੇ ਚਾਰ ਦਿਨਾਂ ਦੇ ਦੌਰੇ ’ਤੇ ਅਮਰੀਕਾ ਪਹੁੰਚੇ ਹੋਏ ਹਨ। ਰਾਹੁਲ ਗਾਂਧੀ ਨੇ ਵਰਜੀਨੀਆ ਦੇ ਹਰਨਡਨ ਵਿਚ ਭਾਰਤੀ ਭਾਈਚਾਰੇ ਦੇ ਵਿਅਕਤੀਆਂ ਨਾਲ ਚਰਚਾ ਵੀ ਕੀਤੀ ਹੈ। ਇਸ ਤੋਂ ਬਾਅਦ ਉਹ ਵਾਸ਼ਿੰਗਟਨ ਡੀਸੀ ਦੀ ਜਾਰਜਟਾਊਨ ਯੂਨੀਵਰਸਿਟੀ ਪਹੁੰਚੇ ਅਤੇ ਵਿਦਿਆਰਥੀਆਂ ਦੇ ਸਮਾਗਮ ਵਿਚ ਹਿੱਸਾ ਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੁਝ ਬਦਲਾਅ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਡਰ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਨਾ ਡਰ ਫੈਲਾਇਆ ਅਤੇ ਛੋਟੇ ਵਪਾਰੀਆਂ ’ਤੇ ਏਜੰਸੀਆਂ ਦਾ ਦਬਾਅ ਬਣਾਈ ਰੱਖਿਆ, ਜੋ ਕੁਝ ਪਲਾਂ ਵਿਚ ਹੀ ਗਾਇਬ ਹੋ ਗਿਆ। ਰਾਹੁਲ ਨੇ ਕਿਹਾ ਕਿ ਮੋਦੀ ਨੂੰ ਇਹ ਡਰ ਫੈਲਾਉਣ ’ਚ ਕਈ ਸਾਲ ਲੱਗ ਗਏ ਅਤੇ ਕੁਝ ਸੈਕਿੰਡਾਂ ਵਿਚ ਹੀ ਇਹ ਸਭ ਗਾਇਬ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਮੋਦੀ ਦੇ 56 ਇੰਚ ਦੇ ਸੀਨੇ ਵਾਲੀ ਗੱਲ ਵੀ ਖਤਮ ਹੋ ਗਈ ਹੈ। ਰਾਹੁਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਫਰਤ ਨਹੀਂ ਕਰਦਾ, ਪਰ ਮੈਂ ਉਨ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.