Monday, 18 May 2026

Cricket : ਬੰਗਲਾਦੇਸ਼ ਨੇ ਪਾਕਿਸਤਾਨ ਨੂੰ 104 ਦੌੜਾਂ ਨਾਲ ਹਰਾਇਆ

ਢਾਕਾ : ਤੇਜ਼ ਗੇਂਦਬਾਜ਼ ਨਾਹਿਦ ਰਾਣਾ ਦੇ ਕਰੀਅਰ ਦੇ ਸਰਵੋਤਮ ਪ੍ਰਦਰਸ਼ਨ ਸਦਕਾ ਬੰਗਲਾਦੇਸ਼ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਵਿੱਚ ਪਾਕਿਸਤਾਨ ਨੂੰ 104 ਦੌੜਾਂ ਨਾਲ ਹਰਾ ਦਿੱਤਾ। ਖੇਡ ਦੇ ਪੰਜਵੇਂ ਦਿਨ ਜਿੱਤ ਲਈ ਮਿਲੇ 268 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ ਮਹਿਜ਼ 163 ਦੌੜਾਂ ’ਤੇ ਹੀ ਢੇਰ ਹੋ ਗਈ। ਨਾਹਿਦ ਰਾਣਾ ਨੇ 40 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਸ ਨੇ ਚਾਹ ਦੀ ਬਰੇਕ ਤੋਂ ਬਾਅਦ ਆਪਣੇ ਤਿੰਨ ਓਵਰਾਂ ਦੇ ਸਪੈੱਲ ਵਿੱਚ ਸੌਦ ਸ਼ਕੀਲ, ਮੁਹੰਮਦ ਰਿਜ਼ਵਾਨ ਅਤੇ ਨੋਮਾਨ ਅਲੀ ਨੂੰ ਆਊਟ ਕੀਤਾ।

ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ 240 ਦੌੜਾਂ ’ਤੇ ਐਲਾਨ ਕੇ ਪਾਕਿਸਤਾਨ ਅੱਗੇ ਚੁਣੌਤੀਪੂਰਨ ਟੀਚਾ ਰੱਖਿਆ ਸੀ। ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ 87 ਦੌੜਾਂ ਦੀ ਕਪਤਾਨੀ ਪਾਰੀ ਖੇਡਦਿਆਂ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਪਾਕਿਸਤਾਨ ਵੱਲੋਂ ਅਬਦੁੱਲਾ ਫ਼ਜ਼ਲ ਨੇ 66 ਦੌੜਾਂ ਬਣਾ ਕੇ ਸੰਘਰਸ਼ ਜ਼ਰੂਰ ਕੀਤਾ, ਪਰ ਦੂਜੇ ਪਾਸਿਓਂ ਸਹਿਯੋਗ ਨਾ ਮਿਲਣ ਕਾਰਨ ਟੀਮ ਹਾਰ ਗਈ।

ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ਵਿੱਚ 413 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਪਾਕਿਸਤਾਨੀ ਟੀਮ 386 ਦੌੜਾਂ ’ਤੇ ਹੀ ਸਿਮਟ ਗਈ। ਇਸ ਤਰ੍ਹਾਂ ਬੰਗਲਾਦੇਸ਼ ਨੂੰ 27 ਦੌੜਾਂ ਦੀ ਲੀਡ ਮਿਲੀ। ਦੂਜੀ ਪਾਰੀ ਵਿੱਚ ਬੰਗਲਾਦੇਸ਼ ਨੇ 240 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਤੇ ਪਾਕਿਸਤਾਨ ਨੂੰ ਜਿੱਤ ਲਈ ਕੁੱਲ 268 ਦੌੜਾਂ ਦਾ ਟੀਚਾ ਮਿਲਿਆ। ਟੀਚਾ ਪੂਰਾ ਕਰਨ ਉਤਰੀ ਪਾਕਿਸਤਾਨੀ ਟੀਮ 163 ਦੌੜਾਂ ’ਤੇ ਹੀ ਢੇਰ ਹੋ ਗਈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.