Friday, 24 April 2026

ਫਿਨਲੈਂਡ ਨਾਲ ਭਾਈਵਾਲੀ ਰਾਹੀਂ ਟ੍ਰੇਨ-ਦ-ਟ੍ਰੇਨਰ ਮਾਡਲ ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਨੂੰ ਅਗਲੇ ਪੱਧਰ ‘ਤੇ ਲੈ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਫਿਨਲੈਂਡ ਦੀ ਟੁਰਕੂ ਯੂਨੀਵਰਸਿਟੀ ਦਰਮਿਆਨ ਸਹਿਯੋਗ ਦੇ ਨਾਲ ਪੰਜਾਬ ਦੇ ਕਲਾਸਰੂਮਾਂ ਵਿੱਚ ਪ੍ਰਤੱਖ ਤਬਦੀਲੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਹਨ, ਜਿਸਨੇ ਅਧਿਆਪਨ ਅਭਿਆਸਾਂ ਨੂੰ ਵਧੇਰੇ ਆਨੰਦਮਈ ਅਤੇ ਵਿਹਾਰਕ ਬਣਾ ਦਿੱਤਾ ਹੈ ਅਤੇ ਵਿਦਿਆਰਥੀਆਂ ਲਈ ਸਿੱਖਣ ਦਾ ਮਾਹੌਲ ਵਧੇਰੇ ਪ੍ਰਭਾਵਸ਼ਾਲੀ ਬਣ ਰਿਹਾ ਹੈ।

ਇਸ ਪਹਿਲਕਦਮੀ ਦੇ ਹਿੱਸੇ ਵਜੋਂ ਪੜ੍ਹਾਈ-ਲਿਖਾਈ ਰੱਟੇ ਮਾਰਨ ਦੇ ਢੰਗ-ਤਰੀਕਿਆਂ ਤੋਂ ਹਟ ਕੇ ਹੁਣ ਵਧੇਰੇ ਅਨੰਦਮਈ ਅਤੇ ਸ਼ਮੂਲੀਅਤ ਭਰੇ ਸਿੱਖਣ ਦੇ ਮਾਹੌਲ ਵੱਲ ਵਧ ਰਹੀ ਹੈ। ਪੰਜਾਬ ਦੀ ਵਿਆਪਕ ਸਿੱਖਿਆ ਕ੍ਰਾਂਤੀ ਵਿੱਚ ਸ਼ਾਮਲ ਇਹ ਪ੍ਰੋਗਰਾਮ ਸਥਾਨਕ ਕਲਾਸਰੂਮ ਵਿੱਚ ਵਿਸ਼ਵਵਿਆਪੀ ਮੁਹਾਰਤ ਨੂੰ ਸ਼ਾਮਲ ਕਰਨ 'ਤੇ ਕੇਂਦਰਿਤ ਹੈ, ਜੋ ਇੱਕ ਢਾਂਚਾਗਤ ਟ੍ਰੇਨ-ਦ-ਟ੍ਰੇਨਰਜ਼ ਮਾਡਲ ਰਾਹੀਂ ਪੈਮਾਨੇ ਨੂੰ ਤੈਅ ਕਰਦਾ ਹੈ, ਜਿਸ ਵਿੱਚ ਬੁਨਿਆਦੀ ਸਿੱਖਿਆ ਦੀ ਮਜ਼ਬੂਤੀ ਲਈ ਮਈ ਤੱਕ ਲਗਪਗ 300 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।

ਫਿਨਲੈਂਡ ਦੀ ਆਪਣੀ ਸਰਕਾਰੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਕੁਲੋ-ਮੋਈਕੋਇਨੇਨ ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਸੈਂਟਰ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀ ਪਹਿਲਾਂ ਹੀ ਸਥਾਨਕ ਕਲਾਸਰੂਮਾਂ ਨਾਲ ਵਿਸ਼ਵਵਿਆਪੀ ਸਿੱਖਿਆ ਮੁਹਾਰਤ ਨੂੰ ਇਕਸਾਰ ਕਰਕੇ ਸ਼ਾਨਦਾਰ ਨਤੀਜੇ ਦੇ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਅਧੀਨ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਰਾਹੀਂ ਸ਼ੁਰੂ ਹੋਈ ਇਹ ਭਾਈਵਾਲੀ ਸ਼ੁਰੂਆਤੀ ਅਤੇ ਬੁਨਿਆਦੀ ਸਿੱਖਿਆ ਵਿੱਚ ਅਧਿਆਪਕ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦੇ ਯਤਨਾਂ ਵੱਲ ਸੇਧਿਤ ਹੈ। ਇਹ ਥੋੜ੍ਹੇ ਸਮੇਂ ਦੀ ਦਖਲਅੰਦਾਜ਼ੀ ਵਜੋਂ ਨਹੀਂ ਸਗੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਾਲ-ਕੇਂਦ੍ਰਿਤ ਅਤੇ ਖੇਡ-ਅਧਾਰਤ ਸਿੱਖਿਆ ਨੂੰ ਸ਼ਾਮਲ ਕਰਨ ਲਈ ਲੰਬੇ ਸਮੇਂ ਦੇ ਸੰਸਥਾਗਤ ਯਤਨ ਵਜੋਂ ਤਿਆਰ ਕੀਤੀ ਗਈ ਹੈ, ਜਿਸ ਵਿੱਚ ਬਿਹਤਰੀਨ ਸਿੱਖਿਆ ਅਭਿਆਸਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਪ੍ਰੋਗਰਾਮ ਅਧਿਆਪਕਾਂ ਨੂੰ ਖੋਜ-ਅਧਾਰਤ ਤਰੀਕਿਆਂ ਨਾਲ ਲੈਸ ਕਰਨ 'ਤੇ ਕੇਂਦਰਿਤ ਹੈ, ਇਹ ਯਕੀਨੀ ਬਣਾਉਂਦਿਆਂ ਕਿ ਇਹ ਪਹੁੰਚ ਪੰਜਾਬ ਦੇ ਸਮਾਜਿਕ-ਸੱਭਿਆਚਾਰਕ ਸੰਦਰਭ ਦੇ ਅਨੁਕੂਲ ਹੋਵੇ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਸੈਸ਼ਨ ਚੰਡੀਗੜ੍ਹ ਅਤੇ ਫਿਨਲੈਂਡ ਦੇ ਸ਼ਹਿਰਾਂ ਟੁਰਕੂ ਅਤੇ ਰਾਉਮਾ ਦੋਵੇਂ ਜਗ੍ਹਾ ਕਰਵਾਏ ਗਏ, ਜਿਸ ਵਿੱਚ ਅਧਿਆਪਕਾਂ ਨੂੰ ਵਰਕਸ਼ਾਪਾਂ, ਮਾਰਗਦਰਸ਼ਨ ਅਭਿਆਸਾਂ ਅਤੇ ਸਕੂਲਾਂ ਦੇ ਦੌਰਿਆਂ ਰਾਹੀਂ ਕਲਾਸਰੂਮ ਵਿਚਲੀਆਂ ਨਵੀਆਂ ਜੁਗਤਾਂ ਤੋਂ ਜਾਣੂ ਕਰਵਾਉਣਾ ਸ਼ਾਮਲ ਹੈ। ਦੱਸਣਯੋਗ ਹੈ ਕਿ ਮਈ 2026 ਤੱਕ ਚਾਰ ਗਰੁੱਪਾਂ ਵਿੱਚ ਲਗਪਗ 300 ਅਧਿਆਪਕ ਸਿਖਲਾਈ ਪ੍ਰਾਪਤ ਕਰ ਲੈਣਗੇ, ਜਿਸ ਨਾਲ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦਿੰਦਿਆਂ ਕਿਹਾ, “ਸਿੱਖਿਆ ਨੂੰ ਆਨੰਦਮਈ ਅਤੇ ਦਿਲਚਸਪ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਅਸੀਂ ਰੱਟੇ ਲਾਉਣ ਦੇ ਪੁਰਾਣੇ ਤਰੀਕਿਆਂ ਦੀ ਥਾਂ ਸਰਗਰਮ ਸ਼ਮੂਲੀਅਤ ਵੱਲ ਵਧ ਰਹੇ ਹਾਂ। ਅਧਿਆਪਕਾਂ ਨੂੰ ਮਾਹਿਰਾਂ ਦੀ ਸਹਾਇਤਾ ਵਾਲੇ ਸੰਦਰਭ-ਵਿਸ਼ੇਸ਼ ਪ੍ਰਾਜੈਕਟ ਡਿਜ਼ਾਈਨ ਕਰਨ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਵਿਚਾਰਾਂ ਨੂੰ ਉਨ੍ਹਾਂ ਦੇ ਆਪਣੇ ਕਲਾਸਰੂਮਾਂ ਵਿੱਚ ਲਾਗੂ ਕੀਤਾ ਜਾ ਸਕੇ। ਖੇਤਰ ਤੋਂ ਮਿਲੇ ਫੀਡਬੈਕ ਨਾਲ ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਪ੍ਰੇਰਨਾ ਵਿੱਚ ਸੁਧਾਰ ਹੁੰਦਾ ਹੈ ਅਤੇ ਕਲਾਸਰੂਮ ਵਾਤਾਵਰਣ ਸਾਕਾਰਾਤਮਕ ਬਣਦਾ ਹੈ।”

ਉਨ੍ਹਾਂ ਕਿਹਾ, “ਅਧਿਆਪਕਾਂ ਨੇ ਨਵੇਂ ਤਰੀਕਿਆਂ ਨਾਲ ਪ੍ਰਯੋਗ ਕਰਨ ਅਤੇ ਸਿੱਖਣ ਦੀਆਂ ਵੱਖ-ਵੱਖ ਲੋੜਾਂ ਅਨੁਸਾਰ ਪਾਠਾਂ ਨੂੰ ਢਾਲਣ ਵਿੱਚ ਵਧੇਰੇ ਵਿਸ਼ਵਾਸ ਪ੍ਰਗਟ ਕੀਤਾ ਹੈ। ਇਸ ਪਹਿਲਕਦਮੀ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਵਿਦੇਸ਼ੀ ਮਾਡਲਾਂ ਨੂੰ ਸਿੱਧੇ ਲਾਗੂ ਕਰਨ ਦੀ ਬਜਾਏ ਪ੍ਰਸੰਗਿਕ ਅਨੁਕੂਲਨ ’ਤੇ ਜ਼ੋਰ ਦੇਣਾ ਹੈ। ਫਿਨਲੈਂਡ ਦੇ ਮਾਹਿਰਾਂ ਤੋਂ ਨਿਰੰਤਰ ਸਲਾਹ ਸਹਾਇਤਾ ਨੇ ਇਸ ਤਬਦੀਲੀ ਨੂੰ ਸਮਰੱਥ ਬਣਾਇਆ ਹੈ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਆਲਮੀ ਪੱਧਰ ਦੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਥਾਨਕ ਪ੍ਰਣਾਲੀਆਂ ਵਿੱਚ ਅਰਥਪੂਰਨ ਢੰਗ ਨਾਲ ਏਕੀਕ੍ਰਿਤ ਕੀਤਾ ਜਾਵੇ।”

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸਥਾਰਿਤ ਗੱਲਬਾਤ ਲਈ ਟੁਰਕੂ ਯੂਨੀਵਰਸਿਟੀ ਅਤੇ ਟੁਰਕੂ ਅਧਿਆਪਕ ਸਿਖਲਾਈ ਸਕੂਲ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਹਾ, “ਸਰਕਾਰ ਹੁਣ ਪ੍ਰੋਗਰਾਮ ਨੂੰ ‘ਟ੍ਰੇਨ-ਦ-ਟ੍ਰੇਨਰਜ਼’ ਪਹੁੰਚ ਰਾਹੀਂ ਵਧਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਸੂਬੇ ਭਰ ਵਿੱਚ ਇਸਦੀ ਪਹੁੰਚ ਨੂੰ ਵਧਾਉਣ ਲਈ ਮਾਸਟਰ ਟ੍ਰੇਨਰਾਂ ਦਾ ਇੱਕ ਕਾਡਰ ਬਣਾਇਆ ਜਾ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ, “ਨਿਰੰਤਰ ਪੇਸ਼ੇਵਰ ਵਿਕਾਸ ਅਤੇ ਵਿਆਪਕ ਪਹੁੰਚ ਨੂੰ ਸਮਰਥਨ ਦੇਣ ਲਈ ਡਿਜੀਟਲ ਪਲੇਟਫਾਰਮ ਅਤੇ ਮਿਸ਼ਰਤ ਸਿਖਲਾਈ ਫਾਰਮੈਟ ਵੀ ਵਿਕਸਤ ਕੀਤੇ ਜਾ ਰਹੇ ਹਨ।’’

ਮੁੱਖ ਮੰਤਰੀ ਨੇ ਕਿਹਾ, “ਵਿਸਥਾਰ ਲਈ ਇੱਕ ਢਾਂਚਾਗਤ ਪ੍ਰਣਾਲੀ ਅਤੇ ਸਿਖਲਾਈ ਪ੍ਰਾਪਤ ਸਿੱਖਿਅਕਾਂ ਦੇ ਵਧ ਰਹੇ ਪੂਲ ਦੇ ਨਾਲ ਸਹਿਯੋਗ ਨੂੰ ਪੰਜਾਬ ਦੇ ਵਿਆਪਕ ਸਿੱਖਿਆ ਸੁਧਾਰਾਂ ਦੇ ਅਧਾਰ ਵਜੋਂ ਦੇਖਿਆ ਜਾ ਰਿਹਾ ਹੈ। ਸੂਬਾ ਜਨਤਕ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤਾਂ ਜੋ ਵਿਦਿਆਰਥੀ ਸਫ਼ਲ ਹੋਣ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣ ਅਤੇ ਇਸ ਖੇਤਰ ਵਿੱਚ ਰਫ਼ਤਾਰ ਬਣਾਈ ਰੱਖਣ ਲਈ ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ।”

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.