Thursday, 23 April 2026

ਵੀ.ਕੇ. ਸਕਸੈਨਾ ਨੂੰ ਪਾਟੇਕਰ ਨੇ ਦੱਸਿਆ ਸੀ ਬੁਜ਼ਦਿਲ

ਨਵੀਂ ਦਿੱਲੀ/ਬਿਊਰੋ ਨਿਊਜ਼ 

ਦਿੱਲੀ ਪੁਲਿਸ ਨੇ ਕਈ ਸਾਲ ਪੁਰਾਣੇ ਮਾਣਹਾਨੀ ਕੇਸ ਵਿਚ ਸਮਾਜਿਕ ਕਾਰਕੁਨ ਮੇਧਾ ਪਾਟੇਕਰ ਨੂੰ ਗਿ੍ਰਫਤਾਰ ਕਰ ਲਿਆ ਹੈ। ਅਦਾਲਤ ਨੇ ਅਜੇ ਦੋ ਦਿਨ ਪਹਿਲਾਂ ਹੀ ਪਾਟੇਕਰ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਇਹ ਮਾਣਹਾਨੀ ਕੇਸ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਸਾਲ 2000 ਵਿਚ ਦਰਜ ਕੀਤਾ ਗਿਆ ਸੀ ਤੇ ਉਦੋਂ ਉਹ ਨੈਸ਼ਨਲ ਕੌਂਸਲ ਆਫ ਸਿਵਲ ਲਿਬਰਟੀਜ਼ ਦੇ ਮੁਖੀ ਸਨ। ਇਹ ਮਾਮਲਾ ਇਕ ਪ੍ਰੈੱਸ ਰਿਲੀਜ਼ ਨਾਲ ਸਬੰਧਤ ਹੈ। ਪਾਟੇਕਰ ਨੇ ਪ੍ਰੈੱਸ ਬਿਆਨ ਵਿਚ ਸਕਸੈਨਾ ਨੂੰ ‘ਬੁਜ਼ਦਿਲ’ ਦਸਦਿਆਂ ਕਥਿਤ ਹਵਾਲਾ ਲੈਣ ਦੇਣ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ। ਪਾਟੇਕਰ ਨੇ ਦਾਅਵਾ ਕੀਤਾ ਸੀ ਕਿ ਸਕਸੈਨਾ ਗੁਜਰਾਤ ਦੇ ਲੋਕਾਂ ਅਤੇ ਸਰੋਤਾਂ ਨੂੰ ਵਿਦੇਸ਼ੀ ਹਿੱਤਾਂ ਲਈ ‘ਗਿਰਵੀ’ ਰੱਖ ਰਿਹਾ ਹੈ। ਇੱਕ ਮੈਜਿਸਟਰੇਟੀ ਕੋਰਟ ਨੇ ਪਿਛਲੇ ਸਾਲ ਸੁਣਾਏ ਫੈਸਲੇ ਵਿਚ ਕਿਹਾ ਸੀ ਕਿ ਇਹ ਬਿਆਨ ਨਾ ਸਿਰਫ਼ ਅਪਮਾਨਜਨਕ ਹੈ, ਬਲਕਿ ਨਕਾਰਾਤਮਕ ਜਨਤਕ ਭਾਵਨਾਵਾਂ ਨੂੰ ਭੜਕਾਉਣ ਲਈ ਘੜੇ ਗਏ ਸਨ।  

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਪ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ

ਵੈਟੀਕਨ ਸਿਟੀ/ਬਿਊਰੋ ਨਿਊਜ਼ 

ਕੈਥੋਲਿਕ ਇਸਾਈ ਧਰਮਗੁਰੂ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿਚ ਵੈਟੀਕਨ ’ਚ ਦਿਹਾਂਤ ਹੋ ਗਿਆ ਹੈ। ਵੈਟੀਕਨ ਦੇ ਮੁਤਾਬਕ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ 7 ਵੱਜ ਕੇ 35 ਮਿੰਟ ’ਤੇ ਪੋਪ ਨੇ ਆਖਰੀ ਸਾਹ ਲਿਆ। ਪੋਪ ਫਰਾਂਸਿਸ ਇਤਿਹਾਸ ਦੇ ਪਹਿਲੇ ਲੈਟਿਨ ਅਮਰੀਕੀ ਪੋਪ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੋਪ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਪੋਪ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਇਲਾਜ ਲਈ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੋਪ ਫਰਾਂਸਿਸ 1300 ਸਾਲ ਵਿਚ ਪਹਿਲੇ ਗੈਰ-ਯੂਰਪੀ ਸਨ, ਜਿਨ੍ਹਾਂ ਨੂੰ ਪੋਪ ਚੁਣਿਆ ਗਿਆ ਸੀ।    

 

 

ਕਿਹਾ : ਦੇਸ਼ ਸ਼ਕਤੀਸ਼ਾਲੀ ਹੈ, ਇਹ ਦਿਖਾਉਣ ਦਾ ਸਮਾਂ ਆ ਗਿਆ

ਨਵੀਂ ਦਿੱਲੀ/ਬਿਊਰੋ ਨਿਊਜ਼  

ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਭਾਗਵਤ ਨੇ ਕਿਹਾ ਕਿ ਅੱਤਵਾਦੀਆਂ ਨੇ ਲੋਕਾਂ ਕੋਲੋਂ ਉਨ੍ਹਾਂ ਦਾ ਧਰਮ ਪੁੱਛਣ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕੀਤੀ ਅਤੇ ਹਿੰਦੂ ਕਦੀ ਵੀ ਅਜਿਹਾ ਨਹੀਂ ਕਰੇਗਾ। ਮੋਹਨ ਭਾਗਵਤ ਨੇ ਕਿਹਾ ਕਿ ਇਹ ਲੜਾਈ ਧਰਮ ਅਤੇ ਅਧਰਮ ਦੇ ਵਿਚਾਲੇ ਦੀ ਹੈ। ਸਾਡਾ ਦੇਸ਼ ਕਿੰਨਾ ਸ਼ਕਤੀਸ਼ਾਲੀ ਹੈ, ਇਹ ਦਿਖਾਉਣ ਦਾ ਸਮਾਂ ਆ ਗਿਆ ਹੈ। ਭਾਗਵਤ ਨੇ ਇਹ ਗੱਲਾਂ ਮੁੰਬਈ ਵਿਚ ਇਕ ਸਮਾਗਮ ਦੌਰਾਨ ਕਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦਿਲ ਵਿਚ ਦਰਦ ਹੈ ਅਤੇ ਅਸੀਂ ਗੁੱਸੇ ਵਿਚ ਹਾਂ। ਭਾਗਵਤ ਨੇ ਕਿਹਾ ਕਿ ਬੁਰਾਈ ਨੂੰ ਨਸ਼ਟ ਕਰਨ ਲਈ ਸਾਨੂੰ ਆਪਣੀ ਤਾਕਤ ਦਿਖਾਉਣੀ ਹੋਵੇਗੀ। 

 

ਟੈਕਨਾਲੋਜੀ ਫੀਲਡ ’ਚ ਪਾਰਟਨਰਸ਼ਿਪ ਨੂੰ ਲੈ ਕੇ ਹੋਈ ਚਰਚਾ

ਨਵੀਂ ਦਿੱਲੀ/ਬਿਊਰੋ ਨਿਊਜ਼ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੇਸਲਾ ਦੇ ਮਾਲਕ ਇਲੌਨ ਮਸਕ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਪੀਐਮ ਨੇ ‘ਐਕਸ’ ਉਤੇ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਗੱਲਬਾਤ ਉਨ੍ਹਾਂ ਵਿਸ਼ਿਆਂ ਦਾ ਵਿਸਥਾਰ ਸੀ, ਜਿਨ੍ਹਾਂ ’ਤੇ ਇਸ ਸਾਲ ਦੇ ਸ਼ੁਰੂਆਤ ’ਚ ਵਾਸ਼ਿੰਗਟਨ ਡੀ.ਸੀ. ਵਿਚ ਮਸਕ ਨਾਲ ਮੁਲਾਕਾਤ ਦੌਰਾਨ ਚਰਚਾ ਹੋਈ ਸੀ। ਪੀਐਮ ਮੋਦੀ ਨੇ ਦੱਸਿਆ ਕਿ ਮਸਕ ਦੇ ਨਾਲ ਟੈਕਨਾਲੋਜੀ ਅਤੇ ਇਨੋਵੇਸ਼ਨ ਫੀਲਡ ਵਿਚ ਪਾਰਟਨਰਸ਼ਿਪ ਨੂੰ ਲੈ ਕੇ ਗੱਲਬਾਤ ਕੀਤੀ ਗਈ। ਭਾਰਤ ਟੈਕਨਾਲੋਜੀ ਫੀਲਡ ਵਿਚ ਅਮਰੀਕਾ ਦੇ ਨਾਲ ਆਪਣੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਧਿਆਨ ਰਹੇ ਕਿ ਪੀ.ਐਮ. ਮੋਦੀ 12 ਤੇ 13 ਫਰਵਰੀ ਨੂੰ ਅਮਰੀਕਾ ਦੌਰੇ ’ਤੇ ਗਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਇਲੌਨ ਮਸਕ ਨਾਲ ਮੁਲਾਕਾਤ ਕੀਤੀ ਸੀ।    

 

 

 

  

ਚਾਰ ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚੇ ਹੋਏ ਹਨ ਜੇ.ਡੀ. ਵੈਂਸ

ਨਵੀਂ ਦਿੱਲੀ/ਬਿਊਰੋ ਨਿਊਜ਼ 

ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਅੱਜ ਬੁੱਧਵਾਰ ਨੂੰ ਆਪਣੀ ਪਤਨੀ ਊਸ਼ਾ ਵੈਂਸ ਅਤੇ ਆਪਣੇ ਤਿੰਨ ਬੱਚਿਆਂ ਨਾਲ ਤਾਜ ਮਹਿਲ ਦਾ ਦੌਰਾ ਕੀਤਾ। ਵੈਂਸ ਨੇ ਆਪਣੀ ਫੇਰੀ ਤੋਂ ਬਾਅਦ ਵਿਜ਼ਟਰ ਡਾਇਰੀ ਵਿਚ ਲਿਖਿਆ ਕਿ ਤਾਜ ਮਹਿਲ ਸ਼ਾਨਦਾਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੈਂਸ ਪਰਿਵਾਰ ਅੱਜ ਬੁੱਧਵਾਰ ਨੂੰ ਜੈਪੁਰ ਤੋਂ ਆਗਰਾ ਹਵਾਈ ਅੱਡੇ ’ਤੇ ਪੁੱਜਿਆ, ਜਿੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਜੇ.ਡੀ. ਵੈਂਸ ਆਪਣੇ ਪਰਿਵਾਰ ਨਾਲ ਚਾਰ ਦਿਨ ਲਈ ਭਾਰਤ ਦੌਰੇ ’ਤੇ ਪਹੁੰਚੇ ਹੋਏ ਹਨ।

ਗੁਰਦੁਆਰਾ ਸਾਹਿਬ ਦੁਆਲੇ ਬਰਫ ਹਟਾਉਣ ਤੇ ਰਸਤਾ ਬਣਾਉਣ ਦਾ ਕੰਮ ਸ਼ਨੀਵਾਰ ਤੋਂ ਹੋਵੇਗਾ ਸ਼ੁਰੂ 

ਅੰਮਿ੍ਰਤਸਰ/ਬਿਊਰੋ ਨਿਊਜ਼ 

ਉੱਤਰਾਖੰਡ ’ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਜੰਮੀ ਬਰਫ ਹਟਾਉਣ ਅਤੇ ਰਸਤਾ ਬਣਾਉਣ ਵਾਸਤੇ ਭਾਰਤੀ ਫੌਜ ਦੇ ਜਵਾਨਾਂ ਦਾ ਇੱਕ ਦਲ ਅੱਜ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਿਆ ਹੈ, ਜੋ 19 ਅਪਰੈਲ ਤੋਂ ਇਹ ਸੇਵਾ ਆਰੰਭ ਕਰ ਦੇਵੇਗਾ। ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਜਵਾਨਾਂ ਦੇ ਇੱਕ ਦਲ ਨੇ ਇਸ ਇਲਾਕੇ ਦਾ ਸਰਵੇਖਣ ਕੀਤਾ ਹੈ ਤਾਂ ਜੋ ਉਸ ਦੇ ਮੁਤਾਬਕ ਬਰਫ ਹਟਾਉਣ ਅਤੇ ਰਸਤੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 25 ਮਈ ਨੂੰ ਸੰਗਤ ਵਾਸਤੇ ਖੋਲ੍ਹੇ ਜਾਣਗੇ, ਜਦੋਂ ਕਿ ਇਹ ਸਾਲਾਨਾ ਯਾਤਰਾ 22 ਮਈ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਤੋਂ ਆਰੰਭ ਹੋਵੇਗੀ। 

 

 

ਮੋਦੀ ਜੀ ਨੇ ਭਾਰਤ ਦੀ ਤਕਦੀਰ ਤੇ ਤਸਵੀਰ ਬਦਲ ਦਿੱਤੀ : ਜੈਵੀਰ ਸ਼ੇਰਗਿੱਲ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਹ ਆਪਣੇ ਮਾਪਿਆਂ, ਪਤਨੀ ਅਤੇ ਧੀ ਨਾਲ ਮਿਲਣ ਗਏ ਸਨ। ਮੁਲਾਕਾਤ ਤੋਂ ਬਾਅਦ ਜੈਵੀਰ ਸ਼ੇਰਗਿੱਲ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ ਪਰਿਵਾਰ ਸਮੇਤ ਮੋਦੀ ਜੀ ਨਾਲ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਸੀ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਪੂਰੇ ਪਰਿਵਾਰ ਨੂੰ ਬਹੁਤ ਪਿਆਰ ਅਤੇ ਸਨਮਾਨ ਦਿੱਤਾ।

ਉਨ੍ਹਾਂ ਅੱਗੇ ਲਿਖਿਆ ਕਿ ਮੋਦੀ ਜੀ ਬੱਚਿਆਂ ਨਾਲ ਮਾਸੂਮੀਅਤ ਨਾਲ, ਵੱਡਿਆਂ ਨਾਲ ਸਮਝਦਾਰੀ ਨਾਲ ਅਤੇ ਨੌਜਵਾਨ ਵਰਕਰਾਂ ਨਾਲ ਦਿਲੋਂ ਜੁੜਦੇ ਹਨ — ਜੋ ਕਿ ਬਹੁਤ ਹੀ ਪ੍ਰੇਰਣਾਦਾਇਕ ਗੱਲ ਹੈ। ਮੋਦੀ ਜੀ ਦੀ ਸਿਧੀ ਲੀਡਰਸ਼ਿਪ ਦੀ ਸਿਫਤ ਕਰਦੇ ਹੋਏ ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਹਿਨਤ ਅਤੇ ਦੂਰਦ੍ਰਿਸ਼ਟੀ ਨਾਲ ਭਾਰਤ ਦੀ ਤਕਦੀਰ ਤੇ ਤਸਵੀਰ ਬਦਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੋਦੀ ਜੀ ਨੂੰ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨਾਲ ਪਿਆਰ ਹੈ ਜੋ ਉਨ੍ਹਾਂ ਦੇ ਹਰ ਕੰਮ ਅਤੇ ਬੋਲ ਚਾਲ ਵਿੱਚ ਵਾਪਰਦਾ ਹੈ।

ਸ਼ੇਰਗਿੱਲ ਨੇ ਆਖ਼ਿਰ 'ਚ ਮੋਦੀ ਜੀ ਦੇ ਸਮੇਂ, ਸਲਾਹ ਅਤੇ ਅਸੀਸ ਲਈ ਆਪਣਾ ਧੰਨਵਾਦ ਕੀਤਾ। ਇਹ ਮੁਲਾਕਾਤ ਦੱਸਦੀ ਹੈ ਕਿ ਪਾਰਟੀ ਆਗੂਆਂ ਅਤੇ ਨਵੇਂ ਚਿਹਰਿਆਂ ਵਿਚਕਾਰ ਰਿਸ਼ਤਾ ਮਜ਼ਬੂਤ ਹੋ ਰਿਹਾ ਹੈ, ਅਤੇ ਪਾਰਟੀ ਲੋਕਾਂ ਨਾਲ ਨਿਜਦੀਕੀਆਂ ਵਧਾਉਣ ਵੱਲ ਧਿਆਨ ਦੇ ਰਹੀ ਹੈ।

ਵਾਡਰਾ ਖਿਲਾਫ ਮਨੀ ਲਾਂਡਰਿੰਗ ਮਾਮਲੇ ’ਚ ਹੋ ਰਹੀ ਹੈ ਜਾਂਚ

ਨਵੀਂ ਦਿੱਲੀ/ਬਿਊਰੋ ਨਿਊਜ਼   

ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਕਾਰੋਬਾਰੀ ਰੌਬਰਟ ਵਾਡਰਾ ਜ਼ਮੀਨ ਦੀ ਖਰੀਦ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਨੂੰ ਲੈ ਕੇ ਅੱਜ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅੱਗੇ ਪੇਸ਼ ਹੋਏ। ਵਾਡਰਾ ਕੋਲੋਂ ਪਿਛਲੇ ਦੋ ਦਿਨਾਂ ਦੌਰਾਨ ਵੀ ਪੁੱਛ ਪੜਤਾਲ ਹੋ ਚੁੱਕੀ ਹੈ। ਵਾਡਰਾ ਸਵੇਰੇ 11 ਵਜੇ ਦੇ ਕਰੀਬ ਨਵੀਂ ਦਿੱਲੀ ’ਚ ਈਡੀ ਦਫਤਰ ਪੁੱਜੇ ਤੇ ਇਸ ਮੌਕੇ ਉਨ੍ਹਾਂ ਦੀ ਪਤਨੀ ਪਿ੍ਰਯੰਕਾ ਵਾਡਰਾ ਵੀ ਉਨ੍ਹਾਂ ਨਾਲ ਸਨ। ਵਾਡਰਾ ਈਡੀ ਦੀ ਕਾਰਵਾਈ ਨੂੰ ਆਪਣੇ ਤੇ ਆਪਣੇ ਪਰਿਵਾਰ ਖਿਲਾਫ ‘ਸਿਆਸੀ ਬਦਲਾਖੋਰੀ’ ਕਰਾਰ ਦੇ ਚੁੱਕੇ ਹਨ। ਇਸ ਦੌਰਾਨ, ਵਾਡਰਾ ਨੇ ਈਡੀ ਵੱਲੋਂ ਜਾਰੀ ਸੰਮਨਾਂ ਨੂੰ ਭਾਜਪਾ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੱਸਿਆ ਹੈ।

 

ਕਿਹਾ : ਸੰਸਦ ਤੋਂ ਉਪਰ ਕੁਝ ਨਹੀਂ 

ਨਵੀਂ ਦਿੱਲੀ/ਬਿਊਰੋ ਨਿਊਜ਼

ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਚੱਲਦਿਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਸੰਸਦ ਹੀ ਸਭ ਤੋਂ ਉਪਰ ਹੈ। ਧਨਖੜ ਦਿੱਲੀ ਯੂਨੀਵਰਸਿਟੀ ’ਚ ਸੰਵਿਧਾਨ ’ਤੇ ਆਯੋਜਿਤ ਇਕ ਸਮਾਗਮ ’ਚ ਭਾਸ਼ਣ ਦੇ ਰਹੇ ਸਨ। ਧਨਖੜ ਨੇ ਕਿਹਾ ਕਿ ਸੰਸਦ ਹੀ ਸੁਪਰੀਮ ਹੈ ਅਤੇ ਇਸ ਤੋਂ ਉਪਰ ਕੋਈ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸੰਸਦ ਹੀ ਅਸਲੀ ਮਾਲਕ ਹੈ, ਉਹੀ ਤੈਅ ਕਰਦੇ ਹਨ ਕਿ ਸੰਵਿਧਾਨ ਕਿਹੋ ਜਿਹਾ ਹੋਵੇ ਅਤੇ ਉਸ ਤੋਂ ਉਪਰ ਕੋਈ ਹੋਰ ਸੱਤਾ ਨਹੀਂ ਹੋ ਸਕਦੀ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਧਨਖੜ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦਾ ਕੰਮ ਅਜਿਹਾ ਹੈ, ਜਿਵੇਂ ਉਹ ਸੁਪਰੀਮ ਸੰਸਦ ਹੋਵੇ। 

 

14 ਮਈ ਤੋਂ ਸੰਭਾਲਣਗੇ ਸੁਪਰੀਮ ਕੋਰਟ ਦਾ ਕੰਮ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਦੇ ਮਾਨਯੋਗ ਚੀਫ ਜਸਟਿਸ ਸੰਜੀਵ ਖੰਨਾ ਨੇ ਆਪਣੇ ਉਤਰਾਧਿਕਾਰੀ ਦੇ ਰੂਪ ਵਿਚ ਮਾਨਯੋਗ ਜਸਟਿਸ ਬੀ.ਆਰ. ਗਵੱਈ ਦੇ ਨਾਮ ਦੀ ਅਧਿਕਾਰਤ ਸਿਫਾਰਸ਼ ਕੀਤੀ ਹੈ। ਜਸਟਿਸ ਬੀ.ਆਰ. ਗਵੱਈ ਦੇ ਨਾਮ ਨੂੰ ਮਨਜੂਰੀ ਦੇ ਲਈ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਹੀ ਜਸਟਿਸ ਬੀ.ਆਰ. ਗਵੱਈ ਦੇ ਭਾਰਤ ਦਾ 52ਵਾਂ ਚੀਫ ਜਸਟਿਸ ਬਣਨਾ ਤੈਅ ਹੋ ਗਿਆ ਹੈ ਅਤੇ ਉਨ੍ਹਾਂ ਦਾ ਚੀਫ ਜਸਟਿਸ ਵਜੋਂ ਕਾਰਜਕਾਲ ਸਿਰਫ 7 ਮਹੀਨੇ ਹੀ ਹੋਵੇਗਾ। ਦੱਸਣਯੋਗ ਹੈ ਕਿ ਮੌਜੂਦਾ ਚੀਫ ਜਸਟਿਸ ਸੰਜੀਵ ਖੰਨਾ ਦਾ ਕਾਰਜਕਾਲ 13 ਮਈ ਨੂੰ ਸਮਾਪਤ ਹੋ ਰਿਹਾ ਹੈ।  

 

 

ਆਰ.ਬੀ.ਆਈ. ਨੇ ਦਿੱਤੀ ਜਾਣਕਾਰੀ 

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕਾਂ ਨੂੰ 10 ਸਾਲ ਤੋਂ ਵੱਧ ਉਮਰ ਦੇ ਨਾਬਾਲਗਾਂ ਨੂੰ ਸੁਤੰਤਰ ਤੌਰ ’ਤੇ ਬੱਚਤ/ਮਿਆਦੀ ਜਮ੍ਹਾਂ ਖਾਤਾ ਖੋਲ੍ਹਣ ਤੇ ਚਲਾਉਣ ਦੀ ਖੁੱਲ੍ਹ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਬੈਂਕ ਨੇ ਨਾਬਾਲਗਾਂ ਦੇ ਜਮ੍ਹਾਂ ਖਾਤੇ ਖੋਲ੍ਹਣ ਅਤੇ ਚਲਾਉਣ ਬਾਰੇ ਸੋਧੇ ਹੋਏ ਨਿਰਦੇਸ਼ ਜਾਰੀ ਕੀਤੇ ਹਨ। ਆਰ.ਬੀ.ਆਈ. ਨੇ ਵਪਾਰਕ ਬੈਂਕਾਂ ਤੇ ਸਹਿਕਾਰੀ ਬੈਂਕਾਂ ਲਈ ਜਾਰੀ ਸਰਕੂਲਰ ਵਿਚ ਕਿਹਾ ਕਿ ਕਿਸੇ ਵੀ ਉਮਰ ਦੇ ਨਾਬਾਲਗਾਂ ਨੂੰ ਆਪਣੇ ਕੁਦਰਤੀ ਜਾਂ ਕਾਨੂੰਨੀ ਸਰਪ੍ਰਸਤ ਰਾਹੀਂ ਬੱਚਤ ਅਤੇ ਮਿਆਦੀ ਜਮ੍ਹਾਂ ਖਾਤੇ ਖੋਲ੍ਹਣ ਅਤੇ ਚਲਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੂੰ ਆਪਣੀ ਮਾਂ ਨੂੰ ਸਰਪ੍ਰਸਤ ਵਜੋਂ ਰੱਖ ਕੇ ਅਜਿਹੇ ਖਾਤੇ ਖੋਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਆਰ.ਬੀ.ਆਈ. ਨੇ ਬੈਂਕਾਂ ਨੂੰ 1 ਜੁਲਾਈ 2025 ਤੱਕ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਵੀਆਂ ਨੀਤੀਆਂ ਬਣਾਉਣ ਜਾਂ ਮੌਜੂਦਾ ਨੀਤੀਆਂ ਵਿਚ ਸੋਧ ਕਰਨ ਲਈ ਕਿਹਾ ਹੈ।    

 

ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਡਾ. ਅੰਬੇਡਕਰ ਸਬੰਧੀ ਹੋਏ ਸਮਾਗਮ

ਨਵੀਂ ਦਿੱਲੀ/ਬਿਊਰੋ ਨਿਊਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਦੀ ਪ੍ਰੇਰਨਾ ਕਰਕੇ ਹੀ ਹੈ ਕਿ ਦੇਸ਼ ਅੱਜ ਸਮਾਜਿਕ ਨਿਆਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਡਾ. ਅੰਬੇਡਕਰ ਦੇ ਸਿਧਾਂਤ ਅਤੇ ਆਦਰਸ਼ ਇਕ ਸਵੈ-ਨਿਰਭਰ ਅਤੇ ਵਿਕਸਤ ਭਾਰਤ ਦੀ ਸਿਰਜਣਾ ਨੂੰ ਮਜ਼ਬੂਤ ਅਤੇ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਾਸੀਆਂ ਵਲੋਂ, ਮੈਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਨਮਨ ਕਰਦਾ ਹਾਂ। ਇਸ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੰਬੇਡਕਰ ਜੈਯੰਤੀ ਦੇ ਮੌਕੇ ’ਤੇ ਹਰਿਆਣਾ ਵਿਚ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਹੈ। ਇਸੇ ਦੌਰਾਨ ਪੰਜਾਬ ਵਿਚ ਵੀ ਵੱਖ-ਵੱਖ  ਥਾਈਂ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ ਸਮਾਗਮ ਹੋਏ ਹਨ ਅਤੇ ਇਨ੍ਹਾਂ ਸਮਾਗਮਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀਆਂ ਤੇ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ ਹੈ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.