Tuesday, 02 June 2026

17 ਸਾਬਕਾ ਮੰਤਰੀਆਂ ਦੇ ਨਾਵਾਂ ਵਾਲੀ ਚਿੱਠੀ ਕੀਤੀ ਗਈ ਜਨਤਕ

ਅੰਮਿ੍ਰਤਸਰ/ਬਿਊਰੋ ਨਿਊਜ਼ 

ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਦੇ 17 ਸਾਬਕਾ ਮੰਤਰੀਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਸਪੱਸ਼ਟੀਕਰਨ ਮੰਗਿਆ ਹੈ। ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਕ ਚਿੱਠੀ ਜਨਤਕ ਕਰ ਦਿੱਤੀ ਗਈ ਹੈ। ਜਿਸ ਵਿਚ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ 17 ਵਿਅਕਤੀਆਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜਿਨ੍ਹਾਂ ਸਾਬਕਾ ਮੰਤਰੀਆਂ ਕੋਲੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਉਨ੍ਹਾਂ ਵਿਚ ਬੀਬੀ ਉਪਿੰਦਰਜੀਤ ਕੌਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਲਜ਼ਾਰ ਸਿੰਘ ਰਣੀਕੇ, ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਜਨਮੇਜਾ ਸਿੰਘ ਸੇਖੋਂ ਅਤੇ ਹੀਰਾ ਸਿੰਘ ਗਾਬੜੀਆ ਸ਼ਾਮਲ ਹਨ। ਇਸੇ ਤਰ੍ਹਾਂ ਸਰਵਨ ਸਿੰਘ ਫਿਲੌਰ, ਸੋਹਣ ਸਿੰਘ ਠੰਡਲ, ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਸਿੰਘ ਬਾਦਲ, ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਨਾਮ ਵੀ ਇਸ ਚਿੱਠੀ ਵਿਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ 2007 ਤੋਂ 2017 ਤੱਕ ਅਕਾਲੀ ਸਰਕਾਰ ਸਮੇਂ ਪੰਜਾਬ ਵਿਚ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਵਾਪਰੀਆਂ ਘਟਨਾਵਾਂ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੌਰਾਨ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਉਸ ਸਮੇਂ ਦੇ 17 ਮੰਤਰੀਆਂ ਕੋਲੋਂ ਵੀ 15 ਦਿਨਾਂ ਦੇ ਅੰਦਰ-ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ। ਧਿਆਨ ਰਹੇ ਕਿ ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਆਪਣਾ ਸਪੱਸ਼ਟੀਕਰਨ ਅਕਾਲ ਤਖਤ ਸਾਹਿਬ ਦੇ ਦਫਤਰ ਵਿਖੇ ਸੌਂਪ ਦਿੱਤਾ ਗਿਆ ਹੈ ਅਤੇ ਬਾਕੀ ਸਾਬਕਾ ਮੰਤਰੀਆਂ ਦੇ ਸਪੱਸ਼ਟੀਕਰਨ ਦੀ ਉਡੀਕ ਕੀਤੀ ਜਾ ਰਹੀ ਹੈ।   

 

ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਹਜ਼ਾਰਾਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਕੁੱਲ 37 ਯੂਨੀਅਨਾਂ ਵੱਲੋਂ ਅੱਜ ਸੋਮਵਾਰ ਨੂੰ ਚੰਡੀਗੜ੍ਹ ਵਿਚ ਵੱਡਾ ਇਕੱਠ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਖੇਤੀ ਨੀਤੀ ਨੂੰ ਲਾਗੂ ਕਰਨ ਵਿਚ ਨਾਕਾਮ ਰਹਿਣ ਦੇ ਵਿਰੋਧ ’ਚ ਕਿਸਾਨਾਂ ਵਲੋਂ ਇਹ ਪ੍ਰਦਰਸ਼ਨ ਉਲੀਕਿਆ ਗਿਆ ਹੈ। ਦੱਸਣਯੋਗ ਹੈ ਕਿ ਬੀਕੇਯੂ (ਉਗਰਾਹਾਂ) ਜਥੇਬੰਦੀ ਨਾਲ ਸਬੰਧਤ ਕਿਸਾਨ ਤਿੰਨ ਦਿਨ ਚੱਲਣ ਵਾਲੇ ਮਾਨਸੂਨ ਸੈਸ਼ਨ ਲਈ ਅੱਜ ਸੋਮਵਾਰ ਨੂੰ ਇਕੱਠੇ ਹੋ ਕੇ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕਰਨਗੇ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਹਿਰ ਦੇ ਵਿਚਕਾਰ ਸੈਕਟਰ 34 ਦੇ ਮੈਦਾਨ ਵਿਚ ਪ੍ਰਦਰਸ਼ਨ ਵਾਲੀ ਥਾਂ ’ਤੇ ਬਾਅਦ ਵਿੱਚ ਇੱਕ ‘ਮਹਾਪੰਚਾਇਤ’ ਕੀਤਾ ਜਾਵੇਗੀ। ਕਿਸਾਨਾਂ ਵਲੋਂ 5 ਸਤੰਬਰ ਤੱਕ ਇੱਥੇ ਹੀ ਰੁਕਣ ਦੀ ਉਮੀਦ ਹੈ, ਜਿਸ ਦੌਰਾਨ ਉਨ੍ਹਾਂ ਵੱਲੋਂ ਅਗਲਾ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ। ਇਸਦੇ ਚੱਲਦਿਆਂ ਚੰਡੀਗੜ੍ਹ ਪੁਲਿਸ ਨੇ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਕੁਝ ਰੂਟਾਂ ਤੋਂ ਬਚਣ ਲਈ ਕਿਹਾ ਹੈ। 

ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਧਿਕਾਰੀ ਐਲਾਨਿਆ

ਚੰਡੀਗੜ੍ਹ/ਬਿਊਰੋ ਨਿਊਜ਼ 
ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਵਾਰਿਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉਤਰਾਅਧਿਕਾਰੀ ਚੁਣ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ, ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰਾਂ ਵਿਚੋਂ ਹੀ ਹਨ ਅਤੇ ਉਹ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਡੇਰਾ ਬਿਆਸ ਨਾਲ ਜੁੜੇ ਹੋਏ ਹਨ। ਜਸਦੀਪ ਸਿੰਘ ਗਿੱਲ ਨੇ ਆਈ.ਆਈ.ਟੀ. ਦਿੱਲੀ ਤੋਂ ਬੀ.ਟੈਕ ਤੇ ਐਮ ਟੈਕ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਐਚ ਡੀ ਵੀ ਕੀਤੀ ਹੋਈ ਹੈ। ਇਸੇ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਅਤੇ ਪਿਆਰ ਮਿਲਿਆ ਹੈ। ਇਸੇ ਤਰ੍ਹਾਂ ਹੀ ਜਸਦੀਪ ਸਿੰਘ ਗਿੱਲ ਨੂੰ ਵੀ ਇਹੋ ਜਿਹਾ ਹੀ ਪਿਆਰ ਅਤੇ ਸਨੇਹ ਬਖਸ਼ਿਆ ਜਾਵੇ। ਡੇਰਾ ਬਿਆਸ ਦਾ ਭਾਰਤ ਸਣੇ ਕਈ ਹੋਰ ਵੱਖ-ਵੱਖ ਦੇਸ਼ਾਂ ਵਿਚ ਚੰਗਾ ਅਧਾਰ ਹੈ।

 

ਨਵੀਂ ਦਿੱਲੀ : ਕਾਂਗਰਸ ਦੇ ਐੱਮਪੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਮਨਜ਼ੂਰੀ ਤੋਂ ਬਿਨਾਂ ਰਿਲੀਜ਼ ਨਹੀਂ ਕੀਤਾ ਜਾਣਾ ਚਾਹੀਦਾ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਭਾਈਚਾਰੇ ਦੀ ਨੁਮਾਇੰਦਾ ਸੰਸਥਾ ਹੈ ਅਤੇ ਫ਼ਿਲਮ ਵਿਚ ਸਿੱਖ ਇਤਿਹਾਸ ਦੀ ਕੀਤੀ ਗਈ ਪੇਸ਼ਕਾਰੀ ਨੂੰ ਲਾਜ਼ਮੀ ਤੌਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਘੋਖ ਕੇ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਹੀ ਫ਼ਿਲਮ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਚੰਨੀ ਨੇ ਕਿਹਾ, ‘‘ਕੰਗਨਾ ਰਣੌਤ ਦੀ ਫ਼ਿਲਮ ਵਿਚ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਹੀ ਦਿਖਾਇਆ ਜਾਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿਚ ਐੱਸਜੀਪੀਸੀ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। ਉਸ ਦੀ ਮਨਜ਼ੂਰੀ ਤੋਂ ਬਿਨਾਂ ਫ਼ਿਲਮ ਰਿਲੀਜ਼ ਕੀਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।’’

 

 

ਐਸ.ਕੇ.ਐਮ. ਨੇ ਵੀ ਚੰਡੀਗੜ੍ਹ ’ਚ ਕੀਤੀ ਮਹਾਂ ਪੰਚਾਇਤ

ਚੰਡੀਗੜ੍ਹ/ਬਿਊਰੋ ਨਿਊਜ਼

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਅੱਜ ਰੋਸ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਪਹੁੰਚ ਗਏ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸੈਕਟਰ 34 ਤੋਂ ਮਟਕਾ ਚੌਕ ਤੱਕ ਰੋਸ ਮਾਰਚ ਵੀ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਸ ਮਾਰਚ ਦਾ ਰੂਟ ਤੈਅ ਕੀਤਾ ਗਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਉਗਰਾਹਾਂ ਜਥੇਬੰਦੀ ਨੂੰ ਮਾਰਚ ਵਿਚ ਇਕ ਹਜ਼ਾਰ ਕਿਸਾਨਾਂ ਤੱਕ ਦੀ ਇਜਾਜ਼ਤ ਦਿੱਤੀ ਗਈ ਸੀ। ਇਹ ਮਾਰਚ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਸ਼ੁਰੂ ਹੋਇਆ ਅਤੇ ਇਸ ਵਿਚ ਮਹਿਲਾਵਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਯੂਨੀਅਨ ਦੇ ਝੰਡੇ ਹੱਥ ਵਿਚ ਫੜ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸੇ ਦੌਰਾਨ ਪੁਲਿਸ ਵਲੋਂ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਤਾਂ ਚੰਡੀਗੜ੍ਹ ਵਿਚ ਪੱਕਾ ਮੋਰਚਾ ਵੀ ਲਗਾ ਦਿੱਤਾ ਹੈ। ਉਧਰ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਨੇ ਵੀ ਸੈਕਟਰ 34 ਵਿਚ ਮਹਾਂ ਪੰਚਾਇਤ ਕੀਤੀ ਹੈ।

ਚੰਡੀਗੜ੍ਹ :  ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਨਾਬਾਲਗ ਗਾਹਕਾਂ ਨੂੰ ਸ਼ਰਾਬ ਪਰੋਸਣ ਵਾਲੇ ਠੇਕਿਆਂ, ਹੋਟਲਾਂ, ਕਲੱਬ, ਬਾਰ ਅਤੇ ਪੱਬ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਬਕਾਰੀ ਵਿਭਾਗ ਦੀ ਲੁਧਿਆਣਾ ਪੂਰਬੀ ਰੇਂਜ ਵੱਲੋਂ 30 ਅਤੇ 31 ਅਗਸਤ ਨੂੰ ਦੋ ਰੋਜ਼ਾ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਚਲਾਈ ਗਈ।

ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਦੋ ਰੋਜ਼ਾ ਇਨਫੋਰਸਮੈਂਟ ਮੁਹਿੰਮ ਦੌਰਾਨ 23 ਅਹਾਤਿਆਂ ਦਾ ਨਿਰੀਖਣ ਕੀਤਾ ਗਿਆ ਅਤੇ ਇਹ ਪਾਇਆ ਗਿਆ ਕਿ 9 ਬਾਰਾਂ ਨਾਬਾਲਗਾਂ ਨੂੰ ਸ਼ਰਾਬ ਪਰੋਸ ਕੇ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਸਨ।  ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ ਿਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਆਬਕਾਰੀ ਤੇ ਕਰ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਨਿਰੰਤਰ ਜਾਰੀ ਯਤਨਾਂ ਦਾ ਹਿੱਸਾ ਹੈ ਅਤੇ ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ (ਕਰ) ਵਿਕਾਸ ਪ੍ਰਤਾਪ ਸਿੰਘ ਅਤੇ ਆਬਕਾਰੀ ਤੇ ਕਰ ਕਮਿਸ਼ਨਰ ਵਰੁਣ ਰੂਜਮ ਦੀ ਸਿੱਧੀ ਨਿਗਰਾਨੀ ਹੇਠ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਕਾਰਵਾਈਆਂ ਨਿਯਮਿਤ ਤੌਰ ’ਤੇ  ਕੀਤੀਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਟੀਮਾਂ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸ਼ਰਾਬ ਵਿਕਰੇਤਾਵਾਂ ਦੇ ਸਥਾਨਾਂ ਦੀ ਲਗਾਤਾਰ ਨਿਗਰਾਨੀ ਅਤੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

 

ਕਿਹਾ : ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਮਾੜੀ 

ਚੰਡੀਗੜ੍ਹ/ਬਿਊਰੋ ਨਿਊਜ਼

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ ਹਨ। ਬਾਜਵਾ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ’ਚ ਵਿਧਾਨ ਸਭਾ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਬੇਹੱਦ ਮਾੜੀ ਹੈ ਅਤੇ ਸੂਬੇ ਵਿਚ ਜੰਗਲ ਰਾਜ ਵਰਗੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਕੋਲ ਨੌਕਰੀ ਨਹੀਂ ਹੈ। ਬੇਅਦਬੀ ਤੇ ਬਹਿਬਲ ਕਲਾਂ ਮਾਮਲਿਆਂ ਵਿਚ ਵੀ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਅਤੇ ਕਿਸਾਨ ਧਰਨਿਆਂ ’ਤੇ ਹਨ, ਪਰ ਸਰਕਾਰ ਕੋਲ ਵਿਧਾਨ ਸਭਾ ਵਿਚ ਨਾ ਚਰਚਾ ਕਰਨ ਲਈ ਸਮਾਂ ਹੈ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਕੰਮ ਹੈ। 

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਵਿਧਾਇਕ ਕੰਗਨਾ ਰਣੌਤ ਦੀ ਫਿਲਮ ਨਾਲ ਜੁੜੇ ਸਵਾਲ ’ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਬਣਨ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ ਕਿ ਹਰ ਐਮ.ਐਲ.ਏ. ਜਾਂ ਐਮ.ਪੀ. ਲੀਡਰ ਨਹੀਂ ਹੁੰਦਾ। ਭਾਜਪਾ ਆਗੂ ਗਰੇਵਾਲ ਨੇ ਇਹ ਵੀ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਇਕ ਦਿਨ ਵਿਚ ਨਹੀਂ ਜੁੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਪਿਛਲੇ 35 ਸਾਲਾਂ ਤੋਂ ਭਾਜਪਾ ਵਿਚ ਹਾਂ। ਮੈਂ ਪਹਿਲੇ ਦਿਨਾਂ ਤੋਂ ਹੀ ਕੰਗਣਾ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਕਿਸੇ ਦੀ ਫਿਲਮ ਜਾਂ ਵਪਾਰ ਲਈ ਅਸੀਂ ਆਪਣੀ ਪਾਰਟੀ ਦਾ ਨੁਕਸਾਨ ਨਹੀਂ ਹੋਣ ਦਿਆਂਗੇ।  

ਪਹਿਲੇ ਦਿਨ ਪਦਮ੍ਰਸੀ ਡਾ. ਸੁਰਜੀਤ ਪਾਤਰ ਸਣੇ ਕਈ ਅਹਿਮ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ 

ਚੰਡੀਗੜ੍ਹ/ਬਿਊਰੋ ਨਿਊਜ਼  

ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾ ਮਾਨਸੂਨ ਇਜਲਾਸ ਅੱਜ ਸੋਮਵਾਰ ਨੂੰ ਸ਼ੁਰੂ ਹੋ ਗਿਆ। ਇਜਲਾਸ ਦੇ ਪਹਿਲੇ ਦਿਨ ਮਸ਼ਹੂਰ ਕਵੀ ਤੇ ਲੇਖਕ ਪਦਮਸ੍ਰੀ ਡਾ. ਸੁਰਜੀਤ ਪਾਤਰ ਤੇ ਉਨ੍ਹਾਂ ਹੋਰ ਅਹਿਮ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਦਾ ਪਿਛਲੇ ਦਿਨਾਂ ਦੌਰਾਨ ਦਿਹਾਂਤ ਹੋ ਗਿਆ ਸੀ। ਇਸ ਦੌਰਾਨ ਵਿਛੜੀਆਂ ਰੂਹਾਂ ਦੀ ਯਾਦ ਵਿਚ ਕੁਝ ਦੇਰ ਲਈ ਮੌਨ ਵੀ ਰੱਖਿਆ ਗਿਆ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਦਾ ਮੁੱਦਾ ਚੁੱਕਿਆ ਅਤੇ ਵਾਤਾਵਰਣ ਸਬੰਧੀ ਵੀ ਗੱਲ ਕੀਤੀ। ਪਰਗਟ ਸਿੰਘ ਦੀ ਗੱਲ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਿੱਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਾਤਾਵਰਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਬਹੁਤ ਜ਼ਿਆਦਾ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਵਿਚ ਦਰੱਖਤਾਂ ਅਤੇ ਪਾਣੀਆਂ ਦੀ ਗੱਲ ਹੋ ਰਹੀ ਹੈ। 

 

ਧਾਮੀ ਨੇ ਬੇਨਿਯਮੀਆਂ ਕਰਨ ਵਾਲੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ

ਅੰਮਿ੍ਰਤਸਰ/ਬਿਊਰੋ ਨਿਊਜ਼

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਸਮੇਂ ਸ਼ਰਤਾਂ ਦੀ ਅਣਦੇਖੀ ਹੋਣ ਦੇ ਮੁੜ ਫਿਰ ਆਰੋਪ ਲਗਾਏ ਹਨ। ਧਾਮੀ ਨੇ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਜਸਟਿਸ ਐੱਸਐੱਸ ਸਾਰੋਂ ਕੋਲੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖ ਸੰਸਥਾ ਦੀਆਂ ਵੋਟਾਂ ਬਣਾਉਣ ਲਈ ਤੈਅ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੀ। ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸੰਗਤ ਕੋਲੋਂ ਇਹ ਸੂਚਨਾ ਪ੍ਰਾਪਤ ਹੋ ਰਹੀ ਹੈ ਕਿ ਸਰਕਾਰੀ ਕਰਮਚਾਰੀ ਤਾਜ਼ਾ ਲੋਕ ਸਭਾ ਚੋਣਾਂ ਵਾਲੀ ਸੂਚੀ ਨੂੰ ਅਧਾਰ ਬਣਾ ਕੇ ਸਿੱਧੇ ਤੌਰ ’ਤੇ ਹੀ ਵੋਟਾਂ ਬਣਾ ਰਹੇ ਹਨ ਅਤੇ ਸਾਬਤ ਸੂਰਤ ਸਿੱਖ ਦੀ ਸ਼ਰਤ ਨੂੰ ਸ਼ਰ੍ਹੇਆਮ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਬੇਨਿਯਮੀਆਂ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। 

 

2023 ਵਿਚ ਜਾਰੀ ਹੋਏ ਸਨ 11.94 ਲੱਖ ਪਾਸਪੋਰਟ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਏਨੀ ਜ਼ਿਆਦਾ ਹੈ ਕਿ ਸੂਬੇ ਵਿਚ ਇਕ ਘੰਟੇ ’ਚ ਕਰੀਬ 130 ਪਾਸਪੋਰਟ ਬਣ ਰਹੇ ਹਨ। ਪਾਸਪੋਰਟ ਬਣਾਉਣ ਵਾਲਿਆਂ ਵਿਚੋਂ ਜ਼ਿਆਦਾਤਰ ਉਹ ਵਿਦਿਆਰਥੀ ਹਨ ਜੋ ਵਿਦੇਸ਼ਾਂ ਵਿਚ ਪਹੁੰਚ ਕੇ ਪੜ੍ਹਾਈ ਕਰਕੇ ਉਥੇ ਹੀ ਸੈਟਲ ਹੋਣਾ ਚਾਹੁੰਦੇ ਹਨ। ਅੰਕੜਿਆਂ ਮੁਤਾਬਕ ਸਾਲ 2023 ਵਿਚ ਪੰਜਾਬ ’ਚ 11 ਲੱਖ 94 ਹਜ਼ਾਰ ਪਾਸਪੋਰਟ ਜਾਰੀ ਕੀਤੇ ਗਏ ਹਨ, ਜਦੋਂ ਕਿ 2024 ਦੇ ਪਹਿਲੇ 6 ਮਹੀਨਿਆਂ, ਯਾਨੀ ਜਨਵਰੀ ਤੋਂ ਜੂਨ ਮਹੀਨੇ ਤੱਕ ਪੰਜਾਬ ਵਿਚ 5 ਲੱਖ 82 ਹਜ਼ਾਰ ਪਾਸਪੋਰਟ ਬਣਾਏ ਗਏ ਹਨ। ਸਾਲ 2023 ਵਿਚ ਪੰਜਾਬ ’ਚ ਹਰ ਦਿਨ ਔਸਤਨ 3271 ਪਾਸਪੋਰਟ ਬਣੇ ਹਨ। ਇਸ ਲਿਹਾਜ ਨਾਲ ਪੰਜਾਬ ਵਿਚ ਹਰ ਘੰਟੇ 130 ਤੋਂ ਜ਼ਿਆਦਾ ਪਾਸਪੋਰਟ ਬਣ ਰਹੇ ਹਨ ਅਤੇ ਹਰ ਮਹੀਨੇ 1 ਲੱਖ ਤੋਂ ਜ਼ਿਆਦਾ ਪਾਸਪੋਰਟ ਬਣਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਪਰਿਵਾਰਾਂ ’ਚ ਭਾਵੇਂ ਇਕ ਬੇਟਾ ਹੈ ਜਾਂ ਇਕ ਬੇਟੀ ਹੈ, ਉਹ ਵੀ ਵਿਦੇਸ਼ ਜਾ ਕੇ ਸੈਟਲ ਹੋ ਰਹੇ ਹਨ ਅਤੇ ਪਿੱਛੋਂ ਮਾਤਾ-ਪਿਤਾ ਇਕੱਲੇ ਹੀ ਜ਼ਿੰਦਗੀ ਬਤੀਤ ਕਰ ਰਹੇ ਹਨ।    

 

 

ਸ਼ੱਕੀ ਡਰੋਨ ਕਾਰਨ ਤਿੰਨ ਘੰਟੇ ਰੋਕਣੀਆਂ ਪਈਆਂ ਉਡਾਣਾਂ

ਅੰਮਿ੍ਰਤਸਰ/ਬਿਊਰੋ ਨਿਊਜ਼ 

ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ’ਤੇ ਸੋਮਵਾਰ ਦੀ ਰਾਤ ਨੂੰ ਸ਼ੱਕੀ ਡਰੋਨ ਦੀ ਹਲਚਲ ਦੇਖੀ ਗਈ ਸੀ। ਇਸ ਕਾਰਨ ਕਰੀਬ 3 ਘੰਟੇ ਤੱਕ ਹਵਾਈ ਅੱਡੇ ਦੀਆਂ ਸਾਰੀਆਂ ਉਡਾਣਾਂ ਨੂੰ ਰੋਕਣਾ ਪਿਆ। ਡਰੋਨ ਦੀ ਮੂਵਮੈਂਟ ਦੇ ਕਾਰਨ ਏਅਰ ਇੰਡੀਆ ਦੀ ਦਿੱਲੀ-ਅੰਮਿ੍ਰਤਸਰ ਫਲਾਈਟ ਨੂੰ ਵੀ ਲੈਂਡਿੰਗ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ ਅਤੇ ਕਲੀਅਰੈਂਸ ਨਾ ਮਿਲਣ ਦੇ ਕਾਰਨ ਇਹ ਫਲਾਈਟ ਵਾਪਸ ਪਰਤ ਗਈ ਅਤੇ ਫਿਰ ਸਵੇਰੇ 4 ਵਜੇ ਅੰਮਿ੍ਰਤਸਰ ਏਅਰਪੋਰਟ ’ਤੇ ਪਹੁੰਚੀ ਸੀ। ਏਅਰਪੋਰਟ ਦੇ ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਅਧਿਕਾਰੀਆਂ ਨੂੰ 3 ਡਰੋਨਾਂ ਦੀ ਹਲਚਲ ਦੇਖਣ ਨੂੰ ਮਿਲੀ ਸੀ। ਇਹ ਹਲਚਲ ਸੋਮਵਾਰ ਰਾਤ ਸਵਾ 10 ਵਜੇ ਤੋਂ 11 ਵਜੇ ਤੱਕ ਦੇਖੀ ਗਈ। ਇਸ ਦੌਰਾਨ ਡਰੋਨ ਕਦੀ ਏਅਰਪੋਰਟ ਦੇ ਉਪਰ ਆਉਂਦਾ ਸੀ ਅਤੇ ਕਦੀ ਵਾਪਸ ਚਲਾ ਜਾਂਦਾ ਸੀ। ਇਸੇ ਤਰ੍ਹਾਂ ਦੋ ਡਰੋਨ ਏਅਰਪੋਰਟ ਦੀ ਬਾਊਂਡਰੀ ਕੋਲ ਦੇਖੇ ਗਏ। ਇਸ ਨੂੰ ਦੇਖਦਿਆਂ ਅੰਮਿ੍ਰਤਸਰ ਦੇ ਏਅਰਪੋਰਟ ’ਤੇ ਸਾਰੀਆਂ ਉਡਾਣਾਂ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ। 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.