Thursday, 23 April 2026

ਇੰਡੀਗੋ ਵੀ ਦਿੱਲੀ-ਲੰਡਨ ਮਾਰਗ ’ਤੇ ਭਰੇਗੀ ਉਡਾਨ 

ਨਵੀਂ ਦਿੱਲੀ/ਬਿਊਰੋ ਨਿਊਜ਼

ਭਾਰਤ ਤੋਂ ਯੂਰਪ ਜਾਣ ਵਾਲੇ ਹਵਾਈ ਮੁਸਾਫਰਾਂ ਲਈ ਨਵਾਂ ਸਾਲ ਵੱਡੀਆਂ ਖੁਸ਼ਖਬਰੀਆਂ ਲੈ ਕੇ ਆ ਰਿਹਾ ਹੈ। ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਕਰੀਬ 6 ਸਾਲਾਂ ਦੇ ਵਕਫੇ ਤੋਂ ਬਾਅਦ ਇਟਲੀ ਦੀ ਰਾਜਧਾਨੀ ਰੋਮ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਸੇਵਾ 25 ਮਾਰਚ 2026 ਤੋਂ ਦਿੱਲੀ ਤੋਂ ਸ਼ੁਰੂ ਹੋਵੇਗੀ, ਜੋ ਹਫਤੇ ਵਿਚ ਚਾਰ ਦਿਨ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਪਲਬਧ ਹੋਵੇਗੀ। ਏਅਰ ਇੰਡੀਆ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ, ਇਹ ਫੈਸਲਾ ਭਾਰਤ ਅਤੇ ਇਟਲੀ ਵਿਚਕਾਰ ਵਧ ਰਹੇ ਵਪਾਰਕ ਅਤੇ ਸਭਿਆਚਾਰਕ ਸਬੰਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ, ਜਿਸ ਨਾਲ ਮੁਸਾਫਰਾਂ ਨੂੰ ਸਿੱਧੀ ਕਨੈਕਟੀਵਿਟੀ ਮਿਲੇਗੀ। ਉਧਰ ਦੂਜੇ ਪਾਸੇ ਨਿੱਜੀ ਖੇਤਰ ਦੀ ਪ੍ਰਮੁੱਖ ਏਅਰ ਲਾਈਨ ਇੰਡੀਗੋ ਨੇ ਵੀ ਕੌਮਾਂਤਰੀ ਪੱਧਰ ’ਤੇ ਆਪਣਾ ਦਾਇਰਾ ਵਧਾਉਂਦਿਆਂ 2 ਫਰਵਰੀ 2026 ਤੋਂ ਦਿੱਲੀ ਅਤੇ ਲੰਡਨ ਵਿਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਕਿਹਾ : ਪੰਜਾਬ ਮਾਡਲ ਅਪਨਾਉਣ ਦੀ ਹੁਣ ਦੂਜੇ ਸੂਬੇ ਵੀ ਕਰਨ ਲੱਗੇ ਗੱਲ

ਨਵੀਂ ਦਿੱਲੀ/ਬਿਊਰੋ ਨਿਊਜ਼

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਦੀ ਪਿੱਠ ਥਾਪੜੀ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਹਰਿਆਣਾ ਵਿਧਾਨ ਸਭਾ ਵਿਚ ਵੀ ਪੰਜਾਬ ਸਰਕਾਰ ਦੇ ਲੋਕ ਭਲਾਈ ਕੰਮਾਂ ਬਾਰੇ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ‘ਜਿਸਦਾ ਖੇਤ, ਉਸਦੀ ਰੇਤ’ ਨੀਤੀ ਨੇ ਸੂਬੇ ਦੇ ਕਿਸਾਨਾਂ ਨੂੰ ਹੱਕ ਦਿੱਤੇ ਹਨ ਅਤੇ ਮਾਫੀਆ ’ਤੇ ਵੀ ਲਗਾਮ ਲਗਾਈ ਹੈ। ਕੇਜਰੀਵਾਲ ਨੇ ਕਿਹਾ ਕਿ ਚੰਗੀਆਂ ਨੀਤੀਆਂ ਸਰਹੱਦਾਂ ਨਹੀਂ ਦੇਖਦੀਆਂ ਤੇ ਹੁਣ ਦੂਜੇ ਸੂਬੇ ਵੀ ਪੰਜਾਬ ਮਾਡਲ ਅਪਨਾਉਣ ਦੀਆਂ ਗੱਲ ਕਰ ਰਹੇ ਹਨ। 

ਪੀਐਮ ਮੋਦੀ ਨੇ ਦੇਸ਼ ਵਾਸੀਆਂ ਦਿੱਤੀਆਂ ਸ਼ੁਭ ਕਾਮਨਾਵਾਂ 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਸਣੇ ਵਿਦੇਸ਼ਾਂ ਵਿਚ ਵੀ ਅੱਜ ਕਿ੍ਰਸਮਸ ਮਨਾਇਆ ਜਾ ਰਿਹਾ ਹੈ। ਇਸਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਕੈਥੇਡਰਲ ਚਰਚ ਆਫ ਦਾ ਰੀਡੈਂਪਸ਼ਨ ਵਿਖੇ ਕਿ੍ਰਸਮਸ ਦੀ ਪ੍ਰਾਰਥਨਾ ਵਿਚ ਸ਼ਿਰਕਤ ਕੀਤੀ। ਇਸ ਮੌਕੇ ਦਿੱਲੀ ਦੇ ਬਿਸ਼ਪ ਰੇਵ ਡਾ. ਪਾਲ ਸਵਰੂਪ ਨੇ ਪ੍ਰਧਾਨ ਮੰਤਰੀ ਲਈ ਵੀ ਵਿਸ਼ੇਸ਼ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਕ ਪੋਸਟ ਵਿਚ ਉਨ੍ਹਾਂ ਲਿਖਿਆ ਕਿ ਸਾਰਿਆਂ ਨੂੰ ਸ਼ਾਂਤੀ, ਹਮਦਰਦੀ ਅਤੇ ਉਮੀਦ ਨਾਲ ਭਰੇ ਕ੍ਰਿਸਮਸ ਦੀ ਕਾਮਨਾ ਕਰਦਾ ਹਾਂ। ਯਿਸ਼ੂ ਮਸੀਹ ਦੀਆਂ ਸਿੱਖਿਆਵਾਂ ਸਾਡੇ ਸਮਾਜ ਵਿਚ ਸਦਭਾਵਨਾ ਨੂੰ ਮਜ਼ਬੂਤ ਕਰਨ। ਧਿਆਨ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ ਕੁਝ ਸਾਲਾਂ ਤੋਂ ਕ੍ਰਿਸਚੀਅਨ ਭਾਈਚਾਰੇ ਦੇ ਸਮਾਗਮਾਂ ਵਿਚ ਸ਼ਾਮਲ ਹੁੰਦੇ ਆ ਰਹੇ ਹਨ। ਇਸਦੇ ਚੱਲਦਿਆਂ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਵੀ ਕ੍ਰਿਸਮਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। 

 

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤੀ ਸੰਸਦ ਵਿਚ ਵੀਰਵਾਰ ਅੱਧੀ ਰਾਤ ਤੋਂ ਵੀ ਬਾਅਦ ਰਾਜ ਸਭਾ ਵਿਚ ‘ਵਿਕਸਤ ਭਾਰਤ-ਜੀ ਰਾਮ ਜੀ’ ਬਿੱਲ ਪਾਸ ਹੋ ਗਿਆ। ਇਸ ਤੋਂ ਪਹਿਲਾਂ ਇਹ ਬਿਲ ਲੋਕ ਸਭਾ ਵਿਚ ਵੀ ਪਾਸ ਹੋ ਗਿਆ ਸੀ। ਇਸੇ ਦੌਰਾਨ ਸਿਆਸੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਇਸ ਬਿੱਲ ਦਾ ਡੱਟਵਾਂ ਵਿਰੋਧ ਕੀਤਾ ਅਤੇ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਨੇ ਰਾਜ ਸਭਾ ਵਿਚੋਂ ਵਾਕ ਆਊਟ ਕਰ ਦਿੱਤਾ। ਵਿਰੋਧੀ ਸੰਸਦ ਮੈਂਬਰਾਂ ਦੀ ਮੰਗ ਸੀ ਕਿ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਬਿੱਲ ਗਰੀਬਾਂ ਦੀ ਭਲਾਈ ਲਈ ਨਹੀਂ ਹੈ। ਇਸੇ ਤਰ੍ਹਾਂ ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਇਸ ਬਿੱਲ ਦੇ ਖਿਲਾਫ ਰਾਤ ਭਰ ਧਰਨੇ ’ਤੇ ਵੀ ਬੈਠੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਬਿੱਲ ਮਹਾਤਮਾ ਗਾਂਧੀ ਦਾ ਅਪਮਾਨ ਹੈ ਅਤੇ ਇਹ ਕਿਸਾਨਾਂ ਤੇ ਮਜ਼ਦੂਰਾਂ ਦੇ ਵੀ ਖਿਲਾਫ ਹੈ। ਜ਼ਿਕਰਯੋਗ ਹੈ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਆਖਰੀ ਦਿਨ ਸੀ ਅਤੇ ਇਹ ਇਜਲਾਸ 1 ਦਸੰਬਰ ਤੋਂ ਸ਼ੁਰੂ ਹੋਇਆ ਸੀ।

ਮੁੰਬਈ ਨਗਰ ਨਿਗਮ ਲਈ 15 ਜਨਵਰੀ ਨੂੰ ਪੈਣੀਆਂ ਹਨ ਵੋਟਾਂ

ਮੁੰਬਈ/ਬਿਊਰੋ ਨਿਊਜ਼  

ਊਧਵ ਠਾਕਰੇ ਅਤੇ ਰਾਜ ਠਾਕਰੇ ਨੇ ਬਰਿਹਨ ਮੁੰਬਈ ਨਗਰ ਨਿਗਮ ਚੋਣਾਂ ਸਾਂਝੇ ਤੌਰ ’ਤੇ ਲੜਨ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਵਾਂ ਦੀਆਂ ਪਾਰਟੀਆਂ ਸ਼ਿਵ ਸੈਨਾ ਅਤੇ ਮਨਸੇ ਵਿਚ 20 ਸਾਲਾਂ ਬਾਅਦ ਚੋਣ ਗਠਜੋੜ ਹੋਇਆ ਹੈ। ਇਸ ਤੋਂ ਪਹਿਲਾਂ 2005 ਵਿਚ ਰਾਜ ਠਾਕਰੇ ਨੇ ਸ਼ਿਵ ਸੈਨਾ ਤੋਂ ਵੱਖ ਹੋ ਕੇ ਮਨਸੇ ਪਾਰਟੀ ਬਣਾਈ ਸੀ। ਹੁਣ ਦੋਵਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਵਿਚ ਇਕੱਠਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ। ਊਧਵ ਠਾਕਰੇ ਨੇ ਕਿਹਾ ਕਿ ਸਾਡੀ ਸੋਚ ਇਕ ਹੈ ਅਤੇ ਜੇਕਰ ਸਾਡੇ ਵਿਚ ਸਮਝੌਤਾ ਨਾ ਹੋਇਆ ਤਾਂ ਅਸੀਂ ਖਿੱਲਰ ਜਾਵਾਂਗੇ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਲਈ ਅਸੀਂ ਸਾਰੇ ਇਕ ਹਾਂ। ਇਸ ਤੋਂ ਪਹਿਲਾਂ ਦੋਵੇਂ ਆਗੂ ਸ਼ਿਵਾਜੀ ਪਾਰਕ ਸਥਿਤ ਬਾਲਾ ਸਾਹੇਬ ਠਾਕਰੇ ਦੀ ਸਮਾਰਕ ਵਿਖੇ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਮੁੰਬਈ ਨਗਰ ਨਿਗਮ ਸਣੇ 29 ਨਗਰ ਨਿਗਮਾਂ ਵਿਚ 15 ਜਨਵਰੀ ਨੂੰ ਵੋਟਿੰਗ ਹੋਵੇਗੀ ਅਤੇ 16 ਜਨਵਰੀ ਨੂੰ ਇਸਦਾ ਨਤੀਜਾ ਆਵੇਗਾ। 

 

ਵਿਰੋਧੀ ਧਿਰਾਂ ਦੇ ਹੰਗਾਮੇ ਤੋਂ ਬਾਅਦ ਸੰਸਦ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ

ਨਵੀਂ ਦਿੱਲੀ/ਬਿਊਰੋ ਨਿਊਜ਼

ਲੋਕ ਸਭਾ ਵਿਚ ਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ‘ਵਿਕਸਤ ਭਾਰਤ-ਜੀ ਰਾਮ ਜੀ’ ਬਿੱਲ 2025 ਨੂੰ ਮਨਜੂਰੀ ਦੇ ਦਿੱਤੀ ਗਈ। ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਬਿੱਲ ’ਤੇ ਚਰਚਾ ਦਾ ਜਵਾਬ ਦਿੱਤੇ ਜਾਣ ਤੋਂ ਬਾਅਦ ਸਦਨ ਨੇ ਇਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਬਿੱਲ ਪਾਸ ਹੁੰਦੇ ਹੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਲੋਂ ਸਦਨ ਦੀ ਕਾਰਵਾਈ ਭਲਕੇ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਬਿੱਲ ’ਤੇ ਲੰਘੀ ਅੱਧੀ ਰਾਤ ਤੋਂ ਬਾਅਦ ਚਰਚਾ ਸਮਾਪਤ ਹੋਈ ਸੀ ਅਤੇ ਇਸ ਚਰਚਾ ਵਿਚ 99 ਸੰਸਦ ਮੈਂਬਰਾਂ ਨੇ ਹਿੱਸਾ ਲਿਆ ਸੀ। ਇਹ ਨਵਾਂ ਕਾਨੂੰਨ 20 ਸਾਲ ਪੁਰਾਣੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਐਕਟ (ਮਨਰੇਗਾ) ਦੀ ਥਾਂ ਲਵੇਗਾ। ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਪਿ੍ਰਅੰਕਾ ਗਾਂਧੀ ਨੇ ‘ਵਿਕਸਤ ਭਾਰਤ-ਜੀ ਰਾਮ ਜੀ’ ਬਿੱਲ ਨੂੰ ਗਰੀਬਾਂ ਦੇ ਖਿਲਾਫ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਇਸ ਬਿੱਲ ਦਾ ਵਿਰੋਧ ਕਰਦੇ ਹਾਂ ਅਤੇ ਕਰਦੇ ਰਹਾਂਗੇ।

ਕਿਹਾ : ਭਾਰਤ ਵਿਚ ਲੋਕਤੰਤਰ ਖਤਰੇ ’ਚ

ਨਵੀਂ ਦਿੱਲੀ/ਬਿਊਰੋ ਨਿਊਜ਼

ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਜਰਮਨੀ ਜਾ ਕੇ ਵੀ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਅਤੇ ਭਾਰਤੀ ਚੋਣ ਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭਾਰਤ ਵਿਚ ਲੋਕਤੰਤਰ ’ਤੇ ਯੋਜਨਾਬੱਧ ਤਰੀਕੇ ਨਾਲ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀਆਂ ਸਾਰੀਆਂ ਖੁਦ-ਮੁਖਤਿਆਰ ਸੰਸਥਾਵਾਂ ਉਤੇ ਭਾਰਤੀ ਜਨਤਾ ਪਾਰਟੀ ਨੇ ਕਬਜ਼ਾ ਕਰ ਲਿਆ ਹੈ ਅਤੇ ਉਹ ਆਪਣਾ ਕੰਮ ਨਿਰਪੱਖ ਢੰਗ ਨਾਲ ਨਹੀਂ ਕਰ ਰਹੀਆਂ। ਰਾਹੁਲ ਨੇ ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਨਿਰਪੱਖਤਾ ਨੂੰ ਲੈ ਕੇ ਵੀ ਗੰਭੀਰ ਸਵਾਲ ਚੁੱਕੇ ਅਤੇ ਹਰਿਆਣਾ ਚੋਣਾਂ ਵਿਚ ਵੀ ਗੜਬੜੀ ਹੋਣ ਸਬੰਧੀ ਗੱਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿਚ ਇਕ ਬ੍ਰਾਜ਼ੀਲੀਅਨ ਮਹਿਲਾ ਦੇ ਵੋਟ ਪਾਉਣ ਦਾ ਮਾਮਲਾ ਸਾਹਮਣੇ ਆਇਆ। ਉਨ੍ਹਾਂ ਦੱਸਿਆ ਕਿ ਉਸ ਮਹਿਲਾ ਦਾ ਨਾਮ ਵੋਟਰ ਸੂਚੀ ਵਿਚ 22 ਵਾਰ ਸੀ ਅਤੇ ਉਸਨੇ ਇਕ ਹੀ ਬੂਥ ’ਤੇ 200 ਵਾਰ ਵੋਟ ਪਾਈ। ਰਾਹੁਲ ਨੇ ਇਹ ਵੀ ਦੱਸਿਆ ਜਦੋਂ ਇਸ ਸਬੰਧੀ ਚੋਣ ਕਮਿਸ਼ਨ ਕੋਲੋਂ ਸਵਾਲ ਪੁੱਛਿਆ ਤਾਂ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਮਿਲਿਆ। 

10 ਦਿਨਾਂ ਵਿਚ 5 ਹਜ਼ਾਰ ਫਲਾਈਟਾਂ ਹੋਈਆਂ ਸਨ ਰੱਦ

ਨਵੀਂ ਦਿੱਲੀ/ਬਿਊਰੋ ਨਿਊਜ਼ 

ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਕਿਹਾ ਹੈ ਕਿ ਏਅਰ ਲਾਈਨ ਦਾ ਸਭ ਤੋਂ ਬੁਰਾ ਵਕਤ ਲੰਘ ਗਿਆ ਹੈ ਅਤੇ ਅਪਰੇਸ਼ਨਜ਼ ਸਥਿਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ 2200 ਫਲਾਈਟਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪੀਟਰ ਨੇ ਕਰਮਚਾਰੀਆਂ ਨੂੰ ਦਿੱਤੇ ਇੰਟਰਨਲ ਮੈਸੇਜ ਵਿਚ ਕਿਹਾ ਕਿ ਏਅਰਲਾਈਨ ਇਕ ਮੁਸ਼ਕਲ ਦੌਰ ਤੋਂ ਬਾਅਦ ਮਜ਼ਬੂਤ ਹੋ ਕੇ ਉਭਰੀ ਹੈ। ਐਲਬਰਸ ਨੇ ਹਾਲ ਹੀ ਵਿਚ ਆਈਆਂ ਮੁਸ਼ਕਲਾਂ ਦੇ ਦੌਰਾਨ ਇਕਜੁਟ ਰਹਿਣ ਲਈ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫਤੇ ਸਾਡੇ ਸਾਰਿਆਂ ਲਈ ਬਹੁਤ ਚੁਣੌਤੀਪੂਰਨ ਰਹੇ ਹਨ। ਇਸ ਤੂਫਾਨ ਦੇ ਦੌਰਾਨ ਅਸੀਂ ਫਿਰ ਤੋਂ ਆਪਣੇ ਖੰਭ ਫੈਲਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅਸੀਂ ਅੱਜ ਆਪਣੇ ਨੈਟਵਰਕ ਨੂੰ 2200 ਫਲਾਈਟਾਂ ਤੱਕ ਬਹਾਲ ਕਰ ਦਿੱਤਾ ਹੈ। ਪੀਟਰ ਨੇ ਇਹ ਵੀ ਕਿਹਾ ਕਿ ਅਸੀਂ ਫੋਕਸ ਦੇ ਨਾਲ ਭਾਰਤ ਦੀ ਸੇਵਾ ਕਰਨਾ ਜਾਰੀ ਰੱਖਾਂਗੇ, ਜਿਸ ਨੇ ਇਸ ਕੰਪਨੀ ਨੂੰ ਬਣਾਇਆ ਹੈ। 

ਬੰਗਲਾਦੇਸ਼ ’ਚ ਹਿੰਦੂ ਨੌਜਵਾਨ ਦੀ ਹੱਤਿਆ ਦਾ ਮਾਮਲਾ ਗਰਮਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼ 

ਬੰਗਲਾਦੇਸ਼ ਵਿਚ ਹਿੰਦੂ ਨੌਜਵਾਨ ਦੀ ਹੋਈ ਹੱਤਿਆ ਦੇ ਖਿਲਾਫ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਦਿੱਲੀ ਵਿਚ ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਦਰਸ਼ਨਕਾਰੀ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਮੰਗ ਕਰ ਰਹੇ ਹਨ। ਧਿਆਨ ਰਹੇ ਕਿ ਬੰਗਲਾਦੇਸ਼ ਵਿਚ ਲੰਘੀ 18 ਦਸੰਬਰ ਦੀ ਰਾਤ ਸਮੇਂ ਹਿੰਦੂ ਨੌਜਵਾਨ ਦੀਪੂ ਚੰਦ ਦੀ ਹੱਤਿਆ ਕਰ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪਹਿਲਾਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਦੀਪੂ ਚੰਦ ਨੇ ਫੇਸਬੁੱਕ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਟਿੱਪਣੀ ਕੀਤੀ ਸੀ, ਪਰ ਸ਼ੁਰੂਆਤੀ ਜਾਂਚ ਵਿਚ ਇਸਦਾ ਕੋਈ ਸਬੂਤ ਨਹੀਂ ਮਿਲਿਆ। ਉਧਰ ਦੂਜੇ ਪਾਸੇ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਹਾਈ ਕਮਿਸ਼ਨ ਨੂੰ ਬੁਲਾ ਲਿਆ ਹੈ। ਦੱਸਣਯੋਗ ਹੈ ਕਿ ਬੰਗਲਾਦੇਸ਼ ਵਿਚ ਵਿਦਿਆਰਥੀ ਆਗੂ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਅਤੇ ਫਿਰ ਦੀਪੂ ਚੰਦ ਦੀ ਮੌਬ ਲਿਚਿੰਗ ਨੂੰ ਲੈ ਕੇ ਦੋਵੇਂ ਦੇਸ਼ਾਂ ਵਿਚ ਰਿਸ਼ਤੇ ਵਿਗੜਦੇ ਜਾ ਰਹੇ ਹਨ।

ਮੱਦਦ ਕਰਨ ਵਾਲੇ ਨੂੰ ਵੀ ਮਿਲਣਗੇ 25 ਹਜ਼ਾਰ ਰੁਪਏ

ਨਵੀਂ ਦਿੱਲੀ/ਬਿਊਰੋ ਨਿਊਜ਼ 

ਭਾਰਤ ਸਰਕਾਰ ਵਿਚ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕ ਹਾਦਸੇ ਦੇ ਪੀੜਤਾਂ ਲਈ ਕੈਸ਼ਲੈਸ ਇਲਾਜ ਪ੍ਰੋਗਰਾਮ ਦੇ ਵਿਸਥਾਰ ਬਾਰੇ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ ਨੂੰ ਹਸਪਤਾਲ ਵਿਚ ਭਰਤੀ ਹੋਣ ਦੇ ਪਹਿਲੇ ਸੱਤ ਦਿਨਾਂ ਲਈ ਪ੍ਰਤੀ ਵਿਅਕਤੀ ਡੇਢ ਲੱਖ ਰੁਪਏ ਤੱਕ ਦੀ ਕੈਸ਼ਲੈਸ ਮੈਡੀਕਲ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸਦਾ ਮਕਸਦ ਇਲਾਜ ਦੌਰਾਨ ਆਉਣ ਵਾਲੀਆਂ ਵਿੱਤੀ ਮੁਸ਼ਕਲਾਂ ਨੂੰ ਦੂੁਰ ਕਰਨਾ ਹੈ। ਗਡਕਰੀ ਅਨੁਸਾਰ, ਇਹ ਯੋਜਨਾ ਪਹਿਲਾਂ ਕੁਝ ਚੋਣਵੇਂ ਖੇਤਰਾਂ ਵਿਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਸੀ, ਪਰ ਹੁਣ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਅਜਿਹੇ ਮਾਡਲ ’ਤੇ ਕੰਮ ਕਰ ਰਹੀ ਹੈ, ਜਿਸ ਨਾਲ ਹਾਦਸੇ ਵਾਲੀ ਥਾਂ ’ਤੇ 10 ਮਿੰਟਾਂ ਦੇ ਅੰਦਰ-ਅੰਦਰ ਐਂਬੂਲੈਂਸ ਪਹੁੰਚ ਸਕੇ।  

6 ਮਹੀਨਿਆਂ ਦਾ ਟਰਾਇਲ ਹੋ ਗਿਆ ਸਫਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦਾ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਫਾਸਟ ਟੈਗ ਨੂੰ ਮਲਟੀਪਰਪਜ਼ ਬਣਾਉਣ ਦੀ ਤਿਆਰੀ ਵਿਚ ਹੈ। ਇਸਦੇ ਤਹਿਤ ਹੁਣ ਪਾਰਕਿੰਗ ਤੋਂ ਲੈ ਕੇ ਪੈਟਰੋਲ ਤੱਕ ਦੀ ਪੇਮੈਂਟ ਫਾਸਟ ਟੈਗ ਨਾਲ ਕਰ ਸਕੋਗੇ। ਇਸਦੇ ਲਈ 6 ਮਹੀਨਿਆਂ ਤੋਂ ਜਾਰੀ ਟਰਾਇਲ ਸਫਲ ਰਿਹਾ ਹੈ। ਇਸਦਾ ਉਦੇਸ਼ ਹੈ ਕਿ ਫਾਸਟ ਟੈਗ ਦੀ ਵਰਤੋਂ ਸਿਰਫ ਟੋਲ ਭੁਗਤਾਨ ਤੱਕ ਸੀਮਤ ਨਾ ਰਹੇ, ਬਲਕਿ ਯਾਤਰਾ ਦੇ ਦੌਰਾਨ ਆਫ-ਰੋਡ ਸੇਵਾਵਾਂ ਲਈ ਵੀ ਭੁਗਤਾਨ ਹੋ ਸਕੇ। ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਡਿਜ਼ੀਟਲ ਫਰਾਡ ਦੀ ਸੰਭਾਵਨਾ ਘੱਟ ਹੋਵੇਗੀ। ਇਸ ਬਦਲਾਅ ਨੂੰ ਲੈ ਕੇ ਫਿਨਟੇਕ ਕੰਪਨੀਆਂ, ਪੇਮੈਂਟ ਸਰਵਿਸ ਪ੍ਰੋਵਾਈਡਰਜ਼, ਬੈਂਕ ਅਤੇ ਟੋਲ ਅਪਰੇਟਰਾਂ ਦੀ ਬੈਠਕ ਵੀ ਹੋ ਚੁੱਕੀ ਹੈ।

ਸਾਰੇ ਦਫਤਰਾਂ ਵਿਚ ਅੱਧੇ ਕਰਮਚਾਰੀ ਕਰਨਗੇ ਡਿਊਟੀ

ਨਵੀਂ ਦਿੱਲੀ/ਬਿਊਰੋ ਨਿਊਜ਼

ਦਿੱਲੀ ਵਿਚ ਜਾਨਲੇਵਾ ਪ੍ਰਦੂਸ਼ਣ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਵਿਚ 50 ਫੀਸਦੀ ਕਰਮਚਾਰੀਆਂ ਦੇ ਲਈ ਵਰਕ ਫਰੌਮ ਹੋਮ ਨਿਯਮ ਲਾਗੂ ਕਰ ਦਿੱਤਾ ਹੈ। ਯਾਨੀ ਕਿ ਸਾਰੇ ਦਫਤਰਾਂ ਵਿਚ ਸਿਰਫ ਅੱਧੇ ਕਰਮਚਾਰੀ ਜਾਣਗੇ ਅਤੇ ਅੱਧੇ ਕਰਮਚਾਰੀ ਆਪੋ-ਆਪਣੇ ਘਰਾਂ ਤੋਂ ਕੰਮ ਕਰਨਗੇ। ਦਿੱਲੀ ਸਰਕਾਰ ’ਚ ਕਿਰਤ ਮੰਤਰੀ ਕਪਿਲ ਮਿਸ਼ਰਾ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸਦੇ ਚੱਲਦਿਆਂ ਹੈਲਥ ਕੇਅਰ, ਫਾਇਰ ਸਰਵਿਸ, ਜੇਲ੍ਹ ਪ੍ਰਸ਼ਾਸਨ, ਪਬਲਿਕ ਟਰਾਂਸਪੋਰਟ ਅਤੇ ਆਫਤਾ ਪ੍ਰਬੰਧਨ ਵਰਗੀਆਂ ਜ਼ਰੂਰੀ ਸੇਵਾਵਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ। ਕਿਰਤ ਮੰਤਰੀ ਨੇ ਇਹ ਵੀ ਦੱਸਿਆ ਕਿ ਦਿੱਲੀ ਸਰਕਾਰ ਸਾਰੇ ਰਜਿਸਟਰਡ ਅਤੇ ਪ੍ਰਮਾਣਿਤ ਉਸਾਰੀ ਕਾਮਿਆਂ ਦੇ ਖਾਤਿਆਂ ਵਿਚ ਮੁਆਵਜ਼ੇ ਵਜੋਂ 10-10 ਹਜ਼ਾਰ ਰੁਪਏ ਟਰਾਂਸਫਰ ਕਰੇਗੀ।  

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.