Friday, 17 April 2026

ਸੀਐਮ ਮਾਨ ਨੇ ਪਹਿਲਾਂ ਫਰੀਦਕੋਟ ਵਿਖੇ ਲਹਿਰਾਉਣਾ ਸੀ ਤਿਰੰਗਾ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਣਤੰਤਰ ਦਿਵਸ ਸਮਾਗਮਾਂ ’ਤੇ ਕੌਮੀ ਝੰਡਾ ਲਹਿਰਾਏ ਜਾਣ ਦੇ ਪ੍ਰੋਗਰਾਮਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਭੰਬਲਭੂਸੇ ਪਏ ਰਹੇ। ਇਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਪਟਿਆਲਾ ਵਿਖੇ ਕੌਮੀ ਝੰਡਾ ਲਹਿਰਾਏ ਜਾਣ ਦਾ ਆਖਰੀ ਫੈਸਲਾ ਹੋਇਆ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦਾ ਪ੍ਰੋਗਰਾਮ ਫਰੀਦਕੋਟ ਤੋਂ ਤਬਦੀਲ ਕਰਕੇ ਮੁਹਾਲੀ ਹੋ ਗਿਆ ਸੀ, ਜਿਸ ਦਾ ਬਕਾਇਦਾ ਪੱਤਰ ਵੀ ਜਾਰੀ ਹੋ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਇੱਕ ਚੈਨਲ ਵੱਲੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ 25 ਜਨਵਰੀ ਨੂੰ ਇੱਕ ਪ੍ਰੋਗਰਾਮ ਰੱਖਿਆ ਹੋਇਆ ਹੈ ਜੋ ਕਿ ਉਸ ਦਿਨ ਕਰੀਬ ਤਿੰਨ ਵਜੇ ਖਤਮ ਹੋਣ ਦੀ ਸੰਭਾਵਨਾ ਹੈ। ਪ੍ਰੋਟੋਕਾਲ ਅਨੁਸਾਰ 25 ਜਨਵਰੀ ਨੂੰ ਹੀ ਮੁੱਖ ਮੰਤਰੀ ਅਤੇ ਵਜ਼ੀਰਾਂ ਨੇ ਕੌਮੀ ਝੰਡਾ ਲਹਿਰਾਏ ਜਾਣ ਵਾਲੀ ਥਾਂ ’ਤੇ ਸ਼ਾਮ ਤੱਕ ਪੁੱਜਣਾ ਹੁੰਦਾ ਹੈ। ਗਣਤੰਤਰ ਦਿਵਸ ਕਰਕੇ ਦਿੱਲੀ ‘ਨੋ ਫਲਾਈ ਜ਼ੋਨ’ ਵਿੱਚ ਹੁੰਦੀ ਹੈ ਜਿਸ ਕਰਕੇ ਫਰੀਦਕੋਟ ਵਿਖੇ ਹਵਾਈ ਰਸਤੇ ਮੁੱਖ ਮੰਤਰੀ ਆ ਨਹੀਂ ਸਕਦੇ ਸਨ। ਇਸ ਸਭ ਨੂੰ ਦੇਖਦਿਆਂ ਹੀ ਪਟਿਆਲਾ ਵਿਖੇ ਮੁੱਖ ਮੰਤਰੀ ਵਲੋਂ ਕੌਮੀ ਝੰਡਾ ਲਹਿਰਾਏ ਜਾਣ ਦਾ ਪ੍ਰੋਗਰਾਮ ਫਾਈਨਲ ਹੋਇਆ ਹੈ। 

ਕਿਸਾਨ ਆਗੂਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

ਪਟਿਆਲਾ/ਬਿਊਰੋ ਨਿਊਜ਼    

ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਭਲਕੇ 21 ਜਨਵਰੀ ਨੂੰ ਹੋਣ ਵਾਲਾ ਦਿੱਲੀ ਮਾਰਚ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲਾ ਫੈਸਲਾ 26 ਜਨਵਰੀ ਤੋਂ ਬਾਅਦ ਲਿਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਚੰਡੀਗੜ੍ਹ ਦੀ ਬਜਾਏ ਦਿੱਲੀ ’ਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ 26 ਜਨਵਰੀ ਤੱਕ ਦਾ ਸਮਾਂ ਦੇ ਰਹੇ ਹਾਂ, ਉਸ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਜਲਦ ਹੀ ਮੀਟਿੰਗ ਕੀਤੀ ਜਾਵੇ। ਇਸੇ ਦੌਰਾਨ ਸ਼ੰਭੂ ਮੋਰਚੇ ਦੇ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਵੀ ਕੀਤੀ। ਸਰਵਣ ਸਿੰਘ ਪੰਧੇਰ ਨੇ ਇਹ ਵੀ ਦੱਸਿਆ ਕਿ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ’ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ, ਆਗੂਆਂ ਤੇ ਉਨ੍ਹਾਂ ਦੇ ਦਫ਼ਤਰਾਂ ਦੇ ਨਾਲ-ਨਾਲ ਪ੍ਰਮੁੱਖ ਸਨਅਤਕਾਰਾਂ ਦੇ ਸ਼ੋਅਰੂਮਾਂ ਦੇ ਬਾਹਰ ਡੇਢ ਘੰਟੇ ਤੱਕ ਧਰਨਾ ਦਿੱਤਾ ਜਾਵੇਗਾ।

ਇਕੱਤਰਤਾ ’ਚ ਅਹਿਮ ਪੰਥਕ ਮਸਲਿਆਂ ’ਤੇ ਹੋਵੇਗਾ ਵਿਚਾਰ ਵਟਾਂਦਰਾ

ਅੰਮਿ੍ਰਤਸਰ/ਬਿਊਰੋ ਨਿਊਜ਼ 

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 28 ਜਨਵਰੀ ਨੂੰ ਅੰਮਿ੍ਰਤਸਰ ਵਿਖੇ ਬੁਲਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 28 ਜਨਵਰੀ ਨੂੰ ਸਵੇਰੇ 11 ਵਜੇ ਹੋਣ ਵਾਲੀ ਇਸ ਇਕੱਤਰਤਾ ਵਿਚ ਅਹਿਮ ਅਤੇ ਭਖਦੇ ਪੰਥਕ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਇਕੱਤਰਤਾ ਦੇ ਏਜੰਡੇ ਬਾਰੇ ਅਜੇ ਸਪੱਸ਼ਟ ਨਹੀਂ ਹੈ, ਪਰ ਸਮਝਿਆ ਜਾ ਰਿਹਾ ਹੈ ਕਿ ਇਸ ਇਕੱਤਰਤਾ ਵਿਚ ਸ਼ੋ੍ਰਮਣੀ ਅਕਾਲੀ ਦਲ ’ਚ ਭਰਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਕੀਤੀ ਗਈ 11 ਮੈਂਬਰੀ ਕਮੇਟੀ ਸਬੰਧੀ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਅਹਿਮ ਪੰਥਕ ਮੁੱਦਿਆਂ ਬਾਰੇ ਸਿੰਘ ਸਾਹਿਬਾਨ ਵਲੋਂ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ।

ਹਾਈਕੋਰਟ ਨੇ 29 ਜਨਵਰੀ ਤੋਂ ਬਾਅਦ ਚੋਣਾਂ ਕਰਵਾਉਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਚੰਡੀਗੜ੍ਹ ’ਚ ਮੇਅਰ ਦੀ ਚੋਣ ਹੁਣ 24 ਜਨਵਰੀ ਨੂੰ ਨਹੀਂ ਹੋਵੇਗੀ। ਹਾਈਕੋਰਟ ਨੇ ਮੇਅਰ ਦੀ ਚੋਣ ਸਬੰਧੀ 24 ਜਨਵਰੀ ਵਾਲੀ ਨੋਟੀਫਿਕੇਸ਼ਨ ਰੱਦ ਕਰ ਦਿੱਤੀ ਹੈ। ਹਾਈਕੋਰਟ ਨੇ ਕਿਹਾ ਕਿ 29 ਜਨਵਰੀ ਤੱਕ ਮੇਅਰ ਦਾ ਕਾਰਜਕਾਲ ਰਹੇਗਾ ਤੇ ਉਸ ਤੋਂ ਬਾਅਦ ਚੋਣਾਂ ਕਰਵਾਈਆਂ ਜਾਣਗੀਆਂ। ਹਾਈਕੋਰਟ ਨੇ ਪ੍ਰਸ਼ਾਸਨ ਨੂੰ ਚੋਣਾਂ ਸੰਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚੋਣ ਪ੍ਰਕਿਰਿਆ ਅਤੇ ਚੋਣਾਂ ਦੀ ਤਾਰੀਖ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ, ਜਿਸ ’ਤੇ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਇਸਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਟਾਲ ਦਿੱਤੀ ਗਈ ਹੈ। 

ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 58 ਦਿਨ

ਪਟਿਆਲਾ/ਬਿਊਰੋ ਨਿਊਜ਼   

ਖਨੌਰੀ ਬਾਰਡਰ ’ਤੇ ਉਸ ਸਮੇਂ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ, ਜਦੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਤੋਂ ਨਾਂਹ ਕਰ ਦਿੱਤੀ। ਜਾਣਕਾਰੀ ਮਿਲਣ ਸਾਰ ਮੌਕੇ ’ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਡੀਐਸਪੀ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਗੁਲੂਕੋਜ਼ ਲਾਉਣ ਵਾਲਾ ਡਾਕਟਰ ਦੱਖਣੀ ਭਾਰਤ ਦਾ ਹੋਣ ਕਰਕੇ ਉਸਦੀ ਭਾਸ਼ਾ ਸਮਝ ਨਹੀਂ ਆਈ, ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਨੂੰ ਨਾਂਹ ਕੀਤੀ ਸੀ। ਹਾਲਾਂਕਿ ਬਾਅਦ ਵਿਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕਿਸਾਨ ਆਗੂ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਲਈ ਹਾਮੀ ਭਰ ਦਿੱਤੀ। ਮੋਰਚੇ ਦੇ ਪ੍ਰਮੁੱਖ ਆਗੂ ਕਾਕਾ ਸਿੰਘ ਕੋਟੜਾ ਨੇ ਇਸ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਹੈ ਕਿ ਜੇਕਰ ਸਰਕਾਰੀ ਡਾਕਟਰ ਡੱਲੇਵਾਲ ਦਾ ਇਲਾਜ ਕਰਨ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ ਤਾਂ ਕਿ ਪ੍ਰਾਈਵੇਟ ਡਾਕਟਰਾਂ ਦਾ ਪ੍ਰਬੰਧ ਕੀਤਾ ਜਾ ਸਕੇ। ਧਿਆਨ ਰਹੇ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 58ਵੇਂ ਦਿਨ ਵੀ ਜਾਰੀ ਰਿਹਾ। 

ਸ਼ੋ੍ਰਮਣੀ ਅਕਾਲੀ ਦਲ ਨੇ 50 ਲੱਖ ਮੈਂਬਰ ਭਰਤੀ ਕਰਨ ਦਾ ਰੱਖਿਆ ਟੀਚਾ

ਚੰਡੀਗੜ੍ਹ/ਬਿਊਰੋ ਨਿਊਜ਼

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੱਦੀ ਪਿੰਡ ਬਾਦਲ ਵਿਖੇ ਪਾਰਟੀ ਦੀ ਮੈਂਬਰਸ਼ਿਪ ਲਈ ਹੈ। ਧਿਆਨ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨੇ 50 ਲੱਖ ਮੈਂਬਰ ਭਰਤੀ ਕਰਨ ਦਾ ਟੀਚਾ ਰੱਖਿਆ ਹੈ ਅਤੇ 1 ਮਾਰਚ ਨੂੰ ਪਾਰਟੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਸੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲੇ ਹੀ ਦਿਨ ਵੱਡੀ ਗਿਣਤੀ ਵਿਅਕਤੀਆਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਲੈ ਲਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਭਰਤੀ ਮੁਹਿੰਮ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਹੈ। 

ਪ੍ਰਵੇਸ਼ ਵਰਮਾ ਦੇ ਬਿਆਨ ਲਈ ਅਮਿਤ ਸ਼ਾਹ ਮੰਗਣ ਦੇਸ਼ ਤੋਂ ਮੁਆਫੀ : ਭਗਵੰਤ ਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼   

ਦਿੱਲੀ ਵਿਚ ਭਾਜਪਾ ਆਗੂ ਪ੍ਰਵੇਸ਼ ਵਰਮਾ ਵਲੋਂ ਦਿੱਤੇ ਗਏ ਬਿਆਨ ਦੀ ਆਮ ਆਦਮੀ ਪਾਰਟੀ ਵਲੋਂ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਬੇਹੱਦ ਖਤਰਨਾਕ ਦੱਸਿਆ ਹੈ। ਧਿਆਨ ਰਹੇ ਕਿ ਪ੍ਰਵੇਸ਼ ਵਰਮਾ ਨੇ ਦਿੱਲੀ ਵਿਚ ਪੰਜਾਬ ਦੀਆਂ ਗੱਡੀਆਂ ਨੂੰ ਸ਼ੱਕੀ ਦੱਸਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਕਿ ਇੱਥੇ ਹਰ ਸੂਬੇ ਤੋਂ ਲੋਕ ਆਉਂਦੇ ਜਾਂਦੇ ਹਨ ਅਤੇ ਇੱਥੇ ਹਰ ਸੂਬੇ ਦੇ ਨੰਬਰਾਂ ਵਾਲੇ ਵਾਹਨ ਵੀ ਚੱਲਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪ੍ਰਵੇਸ ਵਰਮਾ ਦਾ ਬਿਆਨ ਬਹੁਤ ਹੀ ਖਤਰਨਾਕ, ਚਿੰਤਾਜਨਕ ਅਤੇ ਪੰਜਾਬੀਆਂ ਲਈ ਅਪਮਾਨਜਨਕ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪ੍ਰਵੇਸ਼ ਵਰਮਾ ਦੇ ਅਪਮਾਨਜਨਕ ਬਿਆਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਭਾਜਪਾ ਦੇਸ਼ ਦੇ ਲੋਕਾਂ ਕੋਲੋਂ ਮੁਆਫੀ ਮੰਗੇ। 

ਪੰਜਾਬ ਦੀ ‘ਆਪ’ ਸਰਕਾਰ ਨੇ ਜਲ ਬੱਸ ਚਲਾਉਣ ਦੀ ਕੀਤੀ ਤਿਆਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਚ ਜਲਦੀ ਹੀ ਪਾਣੀ ਅੰਦਰ ਬੱਸ ਚਲਾਈ ਜਾਵੇਗੀ। ਇਸਦੇ ਲਈ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ’ਚ ਜਲ ਬੱਸ ਚਲਾਉਣ ਨੂੰ ਲੈ ਕੇ ਇਕ ਉਚ ਪੱਧਰੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੌਰਾਨ ਜਲ ਬੱਸ ਚਲਾਏ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ ਹੈ। ਹੁਣ ਸੈਰ ਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜ੍ਹੀ ਜਲ ਬੱਸ ਦੀ ਚੈਕਿੰਗ ਵੀ ਕਰਵਾਈ ਹੈ। ਇਸ ਜਲ ਬਸ ਨੂੰ ਰਣਜੀਤ ਸਾਗਰ ਝੀਲ ਵਿਚ ਚਲਾਏ ਜਾਣ ਲਈ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਖਰਚ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲ ਬਸ ਹੁਣ ਖਰਾਬ ਹੋਣ ਲੱਗ ਪਈ ਸੀ। ਇਸਦਾ ਮੁੜ ਫਿਟਨੈਸ ਸਰਟੀਫਿਕੇਣ ਮਿਲਣ ’ਤੇ ਇਸ ਜਲ ਬੱਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੁਝ ਰਸਮੀ ਪ੍ਰਕਿਰਿਆ ਵੀ ਪੂਰੀ ਕੀਤੀ ਜਾ ਰਹੀ ਹੈ। 

ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਹੜਤਾਲ ਦਾ ਫੈਸਲਾ ਲਿਆ ਵਾਪਸ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਸਰਕਾਰ ਨੇ ਸੂਬੇ ਦੇ ਡਾਕਟਰਾਂ ਦੀ ਤਨਖਾਹ ’ਚ ਵਾਧੇ ਦੀ ਮੰਗ ਨੂੰ ਪੂਰਾ ਕਰ ਦਿੱਤਾ ਹੈ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਡਾਕਟਰਾਂ ਦੀਆਂ ਤਨਖਾਹਾਂ ਤਿੰਨ ਪੜਾਵਾਂ ਵਿਚ ਵਧਣਗੀਆਂ। ਨਿਯੁਕਤੀ ਦੇ ਸਮੇਂ ਤਨਖਾਹ 56,100 ਰੁਪਏ, 5 ਸਾਲ ਦੀ ਨੌਕਰੀ ਤੋਂ ਬਾਅਦ 67,400 ਅਤੇ 15 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਤਨਖਾਹ 1 ਲੱਖ 22 ਹਜ਼ਾਰ ਰੁਪਏ ਹੋਵੇਗੀ। ਵਿੱਤ ਵਿਭਾਗ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸਦੇ ਨਾਲ ਹੀ, ਵਿਭਾਗ ਨੇ ਡਾਕਟਰਾਂ ਲਈ 24 ਘੰਟੇ ਸੁਰੱਖਿਆ ਦੀ ਮੰਗ ਸੰਬੰਧੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨਾਲ ਇਕ ਖਰੜਾ ਵੀ ਸਾਂਝਾ ਕੀਤਾ ਹੈ, ਜਿਸਦੇ ਤਹਿਤ ਹਸਪਤਾਲਾਂ ਵਿਚ ਖਾਸ ਕਰਕੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਲਈ ਗਾਰਡ ਤਾਇਨਾਤ ਕੀਤੇ ਜਾਣਗੇ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਵਲੋਂ ਆਪਣੀ ਮੁੱਖ ਮੰਗ ਪੂਰੀ ਕਰਨ ਤੋਂ ਬਾਅਦ ਹੜਤਾਲ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। 

 

ਐਸਜੀਪੀਸੀ ਵਲੋਂ ਸਿਨੇਮਾ ਘਰਾਂ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ

ਅੰਮਿ੍ਰਤਸਰ/ਬਿਊਰੋ ਨਿਊਜ਼ 

ਭਾਜਪਾ ਦੀ ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕੰਗਣਾ ਰਣੌਤ ਵੱਲੋਂ ਬਣਾਈ ਗਈ ਫਿਲਮ ‘ਐਮਰਜੈਂਸੀ’ ਦਾ ਪੰਜਾਬ ਵਿਚ ਡਟਵਾਂ ਵਿਰੋਧ ਹੋ ਰਿਹਾ ਹੈ। ਇਸ ਫਿਲਮ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮਿ੍ਰਤਸਰ ਵਿਚ ਵੱਖ-ਵੱਖ ਥਾਵਾਂ ਅਤੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਬਠਿੰਡਾ, ਜਲੰਧਰ ਤੇ ਲੁਧਿਆਣਾ ਸਣੇ ਵੱਖ-ਵੱਖ ਥਾਵਾਂ ’ਤੇ ਵੀ ਫਿਲਮ ‘ਐਮਰਜੈਂਸੀ’ ਖਿਲਾਫ ਪ੍ਰਦਰਸ਼ਨ ਹੋਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ, ਅਧਿਕਾਰੀਆਂ ਤੇ ਮੈਂਬਰਾਂ ਦੀ ਅਗਵਾਈ ਹੇਠ ਵੱਖ-ਵੱਖ ਸ਼ਾਪਿੰਗ ਮਾਲਾਂ ਵਿੱਚ ਬਣੇ ਸਿਨੇਮਾਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੈਂਬਰਾਂ ਨੇ ਫਿਲਮ ‘ਐਮਰਜੈਂਸੀ’ ਖਿਲਾਫ ਬੈਨਰ, ਤਖਤੀਆਂ ਤੇ ਕਾਲੇ ਝੰਡੇ ਹੱਥਾਂ ਵਿੱਚ ਫੜੇ ਹੋਏ ਸਨ। ਇਸਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਆਖਿਆ ਕਿ ਫਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਮੁੱਖ ਮੰਤਰੀ ਨੂੰ ਪੱਤਰ ਭੇਜਿਆ ਗਿਆ ਸੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਮੁੱਖ ਮੰਤਰੀ ਨੂੰ ਪੱਤਰ ਭੇਜੇ ਗਏ ਸਨ। 

ਡੀਜੀਪੀ ਨੇ ਸ਼ਾਂਤੀ ਬਣਾਈ ਰੱਖਣ ਲਈ ਢੁੱਕਵੇਂ ਕਦਮ ਚੁੱਕਣ ਲਈ ਕਿਹਾ

ਅੰਮਿ੍ਰਤਸਰ/ਬਿਊਰੋ ਨਿਊਜ਼

ਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੂਬੇ ਭਰ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ, ਪੁਲਿਸ ਦੀ ਮੌਜੂਦਗੀ ਦਰਸਾਉਣ ਅਤੇ ਰਾਤ ਸਮੇਂ ਪੁਲਿਸ ਦੀ ਗਸ਼ਤ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨਾਲ ਕਾਨੂੰਨ ਅਤੇ ਵਿਵਸਥਾ ਸਮੀਖਿਆ ਸਬੰਧੀ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਡੀਜੀਪੀ ਨੇ ਦੱਸਿਆ ਕਿ ਗਣਤੰਤਰ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਸਾਰੀਆਂ ਮਹੱਤਵਪੂਰਨ ਥਾਵਾਂ ’ਤੇ ਪੁਲਿਸ ਦੀ ਮੌਜੂਦਗੀ ਨੂੰ ਯਕੀਨੀ ਬਣਾ ਕੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਸੀ.ਪੀ. ਅਤੇ ਐਸ.ਐਸ.ਪੀ. ਸ਼ੱਕੀ ਗਤੀਵਿਧੀਆਂ ਅਤੇ ਸ਼ੱਕੀ ਵਿਅਕਤੀਆਂ ’ਤੇ ਤਿੱਖੀ ਨਜ਼ਰ ਰੱਖਣ ਅਤੇ ਕਿਸੇ ਵੀ ਸੁਰੱਖਿਆ ਦੀ ਉਲੰਘਣਾ ਦੀ ਸੂਰਤ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੁਲਿਸ ਨਾਕਿਆਂ ਨੂੰ ਮਜ਼ਬੂਤ ਕਰਨ ਅਤੇ ਹਰੇਕ ਨਾਕੇ ’ਤੇ ਵੱਧ ਤੋਂ ਵੱਧ ਵਾਹਨਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।

 

ਡੱਲੇਵਾਲ ਦਾ ਮਰਨ ਵਰਤ 53ਵੇਂ ਦਿਨ ਵੀ ਰਿਹਾ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਹੋਏ ਹਨ। ਡੱਲੇਵਾਲ ਦਾ ਮਰਨ ਵਰਤ ਅੱਜ 53ਵੇਂ ਦਿਨ ਵੀ ਜਾਰੀ ਰਿਹਾ ਅਤੇ ਉਨ੍ਹਾਂ ਦਾ ਭਾਰ 20 ਕਿਲੋ ਘਟ ਗਿਆ ਹੈ। ਡੱਲੇਵਾਲ ਦੀ ਸਿਹਤ ਵੀ ਹੁਣ ਚਿੰਤਾਜਨਕ ਹੋ ਗਈ ਹੈ ਅਤੇ ਉਹ ਹੁਣ ਬੋਲ ਵੀ ਨਹੀਂ ਸਕਦੇ। ਡੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਲੇ ਡਾਕਟਰਾਂ ਦਾ ਮੰਨਣਾ ਹੈ ਕਿ ਕਿਸਾਨ ਆਗੂ ਡੱਲੇਵਾਲ ਦੇ ਸਰੀਰ ਦੇ ਕਈ ਅੰਗ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ। ਇਸੇ ਦੌਰਾਨ ਹੋਰ 111 ਕਿਸਾਨਾਂ ਦਾ ਜਥਾ ਵੀ ਡੱਲੇਵਾਲ ਦੇ ਨਾਲ ਮਰਨ ਵਰਤ ’ਤੇ ਬੈਠ ਗਿਆ ਹੈ। ਕਿਸਾਨਾਂ ਦਾ ਆਰੋਪ ਹੈ ਕਿ ਸਰਕਾਰ ਨੇ ਡੱਲੇਵਾਲ ਹੋਰਾਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਗਲਤ ਜਾਣਕਾਰੀ ਦਿੱਤੀ ਹੈ। ਧਿਆਨ ਰਹੇ ਕਿ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਸਰਕਾਰੀ ਅਧਿਕਾਰੀ ਵੀ ਡੱਲੇਵਾਲ ਨੂੰ ਮਿਲਣ ਪਹੁੰਚੇ ਸਨ, ਪਰ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਹੈ।

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.