Tuesday, 16 June 2026

ਕਿਹਾ : ਜਿੰਨਾ ਭਾਰਤ ਟੈਰਿਫ ਵਸੂਲਦਾ ਹੈ ਅਸੀਂ ਵੀ ਓਨਾ ਹੀ ਵਸੂਲਾਂਗੇ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ 2 ਅਪ੍ਰੈਲ ਤੋਂ ‘ਜੈਸੇ ਕੋ ਤੈਸਾ’ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਾਡੇ ਕੋਲੋਂ 100% ਤੋਂ ਜ਼ਿਆਦਾ ਟੈਰਿਫ ਵਸੂਲਦਾ ਹੈ, ਅਸੀਂ ਵੀ ਅਗਲੇ ਮਹੀਨੇ ਤੋਂ ਅਜਿਹਾ ਹੀ ਕਰਨ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ ਦੇ ਸਾਂਝੇ ਸ਼ੈਸਨ ਨੂੰ ਸੰਬੋਧਨ ਕੀਤਾ।  ਟਰੰਪ ਨੇ 1 ਘੰਟਾ 44 ਮਿੰਟ ਭਾਸ਼ਣ ਦਿੱਤਾ। ਆਪਣੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸਿਰਫ 1ਘੰਟਾ ਭਾਸ਼ਣ ਦਿੱਤਾ ਸੀ। ਟਰੰਪ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਅਮਰੀਕਾ ਇਜ਼ ਬੈਕ, ਯਾਨੀ ਅਮਰੀਕਾ ਦਾ ਦੌਰ ਵਾਪਸ ਆਇਆ ਹੈ ਨਾਲ ਕੀਤੀ। ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 43 ਦਿਨਾਂ ਵਿਚ ਜੋ ਕੀਤਾ ਹੈ, ਉਹ ਕਈ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ ਵਿਚ ਨਹੀਂ ਕਰ ਸਕੀਆਂ। ਧਿਆਨ ਰਹੇ ਡੋਨਾਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਅਤੇ ਉਨ੍ਹਾਂ ਨੇ 20 ਜਨਵਰੀ ਨੂੰ ਅਹੁਦੇ ਦਾ ਕਾਰਜਭਾਰ ਸੰਭਾਲਿਆ ਸੀ।   

ਟਰੰਪ ਤੇ ਜੇਲੈਂਸਕੀ ਵਿਚਾਲੇ ਹੋਈ ਸੀ ਬਹਿਸਬਾਜ਼ੀ

ਵਾਸ਼ਿੰਗਟਨ/ਬਿਊਰੋ ਨਿਊਜ਼

ਅਮਰੀਕਾ ਦੇ ਵਾਈਟ ਹਾਊਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਤੋਂ ਤਿੰਨ ਦਿਨ ਬਾਅਦ ਅਮਰੀਕਾ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਮੱਦਦ ਰੋਕਣ ਦਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਆਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਅਜਿਹੀ ਮੱਦਦ ਜੋ ਅਮਰੀਕਾ ਤੋਂ ਅਜੇ ਤੱਕ ਯੂਕਰੇਨ ਨਹੀਂ ਪਹੁੰਚੀ ਹੈ, ਉਸ ਨੂੰ ਵੀ ਰੋਕ ਦਿੱਤਾ ਗਿਆ ਹੈ। ਇਸ ਵਿਚ ਪੋਲੈਂਡ ਤੱਕ ਪਹੁੰਚ ਚੁੱਕਾ ਸਮਾਨ ਵੀ ਸ਼ਾਮਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਕ ਅਧਿਕਾਰੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਦੀ  ਰੋਕੀ ਗਈ ਮੱਦਦ ਉਦੋਂ ਤੱਕ ਬਹਾਲ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਰਾਸ਼ਟਰਪਤੀ ਟਰੰਪ ਨੂੰ ਇਹ ਯਕੀਨ ਨਹੀਂ ਹੋ ਜਾਂਦਾ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਭਵਿੱਖ ਵਿਚ ਸ਼ਾਂਤੀ ਚਾਹੁੰਦੇ ਹਨ। ਫਿਲਹਾਲ ਅਮਰੀਕੀ ਰੱਖਿਆ ਵਿਭਾਗ ਅਤੇ ਟਰੰਪ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਹੈ। 

ਅਮਰੀਕਾ ਬੁਲਾਏਗਾ ਤਾਂ ਦੁਬਾਰਾ ਫਿਰ ਜਾਵਾਂਗਾ : ਜੇਲੈਂਸਕੀ

ਨਵੀਂ ਦਿੱਲੀ/ਬਿਊਰੋ ਨਿਊਜ਼

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨੇ ਕਿਹਾ ਹੈ ਕਿ ਉਹ ਅਮਰੀਕਾ-ਯੂਕਰੇਨ ਮਿਨਰਲਜ਼ ਡੀਲ ’ਤੇ ਦਸਤਖਤ ਕਰਨ ਦੇ ਲਈ ਤਿਆਰ ਹਨ। ਜੇਲੈਂਸਕੀ ਨੇ ਲੰਡਨ ਵਿਚ ਇਕ ਪ੍ਰੈਸ ਬਰੀਫਿੰਗ ਦੇ ਦੌਰਾਨ ਕਿਹਾ ਕਿ ਉਹ ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਤੋਂ ਬਾਅਦ ਵੀ ਅਮਰੀਕਾ ਨਾਲ ਗੱਲਬਾਤ ਕਰਨ ਦੇ ਇਛੁਕ ਹਨ। ਜੇਲੈਂਸਕੀ ਨੇ ਕਿਹਾ ਕਿ ਵਾਈਟ ਹਾਊਸ ਵਿਚ ਹੋਈ ਉਸ ਘਟਨਾ ਦਾ ਅਮਰੀਕਾ ਜਾਂ ਯੂਕਰੇਨ ਨੂੰ ਨਹੀਂ, ਬਲਕਿ ਸਿਰਫ ਰੂਸ ਦੇ ਰਾਸ਼ਟਰਪਤੀ ਨੂੰ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਨੂੰ ਮਿਨਰਲ ਡੀਲ ਲਈ ਬੁਲਾਇਆ ਜਾਂਦਾ ਹੈ ਤਾਂ ਮੈਂ ਵਾਈਟ ਹਾਊਸ ਵਾਪਸ ਜਾਵਾਂਗਾ। ਧਿਆਨ ਰਹੇ ਕਿ ਲੰਘੇ ਦਿਨੀਂ ਟਰੰਪ ਨਾਲ ਮਿਨਰਲਜ਼ ਡੀਲ ’ਤੇ ਸਾਈਨ ਕਰਨ ਲਈ ਜੇਲੈਂਸਕੀ ਅਮਰੀਕਾ ਪਹੁੰਚੇ ਸਨ, ਪਰ ਟਰੰਪ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੀ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਜੇਲੈਂਸਕੀ ਸਮਝੌਤੇ ਕੀਤੇ ਬਿਨਾ ਹੀ ਲੰਡਨ ਚਲੇ ਗਏ ਸਨ।

 

ਅਮਰੀਕਾ ਪ੍ਰਸ਼ਾਸਨ ਟਰਾਂਸਜੈਂਡਰਾਂ ਬਾਰੇ ਵੀ ਲੈਣ ਲੱਗਾ ਫੈਸਲੇ

ਵਾਸ਼ਿੰਗਟਨ/ਬਿਊਰੋ ਨਿਊਜ਼ 

ਅਮਰੀਕਾ ਵਿੱਚ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਕੁੱਲ 60,000 ਕਰਮਚਾਰੀਆਂ ਵਿੱਚੋਂ ਘੱਟ ਤੋਂ ਘੱਟ 7,000 ਦੀ ਛਾਂਟੀ ਕਰਨ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਕਰਮਚਾਰੀਆਂ ਦੀ ਇਹ ਛਾਂਟੀ 50 ਫੀਸਦੀ ਤੱਕ ਪਹੁੰਚ ਸਕਦੀ ਹੈ। ਇਸ ਸਬੰਧੀ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਰਮਚਾਰੀਆਂ ਦੀ ਗਿਣਤੀ ’ਚ ਕਟੌਤੀ ਸਮੇਤ ਵੱਖ-ਵੱਖ ਯੋਜਨਾਵਾਂ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰਾਂਸਜੈਂਡਰਾਂ ਬਾਰੇ ਵੀ ਫੈਸਲੇ ਲਏ ਹਨ। ਟਰੰਪ ਨੇ ਕਿਹਾ ਕਿ ਇਕ ਆਦਮੀ ਜੋ ਆਪਣੀ ਪਛਾਣ ਔਰਤ ਵਜੋਂ ਦੱਸਦਾ ਹੈ, ਉਹ ਸਿਪਾਹੀ ਨਹੀਂ ਬਣ ਸਕਦਾ। ਕਿਹਾ ਗਿਆ ਕਿ ਹੁਣ ਟਰਾਂਸਜੈਂਡਰ ਵਿਅਕਤੀਆਂ ਨੂੰ ਅਮਰੀਕੀ ਫੌਜ ਵਿਚ ਸ਼ਾਮਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰੀਕੀ ਫੌਜ ਵਿਚ 15 ਹਜ਼ਾਰ ਤੋਂ ਵੱਧ ਟਰਾਂਸਜੈਂਡਰ ਸੇਵਾਵਾਂ ਨਿਭਾਉਂਦੇ ਹਨ।     

 

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.