Monday, 22 June 2026

ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਅਤੇ ਇਰਾਨ ਦੇ ਵਿਚਾਲੇ ਚੱਲ ਰਹੀ ਜੰਗ ਖਤਮ ਕਰਨ ਲਈ ਅੰਤਰਿਮ ਸਮਝੌਤੇ ’ਤੇ ਦਸਤਖਤ ਹੋ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਆਨ ਨੇ ਫਰਾਂਸ ਦੇ ਪੈਲੇਸ ਆਫ ਵਰਸੇਲਜ਼ ਵਿਖੇ ਸਬੰਧਤ ਸਮਝੌਤੇ ’ਤੇ ਦਸਤਖਤ ਕੀਤੇ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਵੀ ਹਾਜ਼ਰ ਰਹੇ। ਇਹ ਸਮਝੌਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਸ ਸਮਝੌਤੇ ਦੇ ਤਹਿਤ ਇਰਾਨ ਅਤੇ ਲਿਬਨਾਨ ਵਿਚ ਮਿਲਟਰੀ ਐਕਸ਼ਨ ਵੀ ਖਤਮ ਕੀਤਾ ਜਾਵੇਗਾ। ਹੋਰਮੁਜ ਸਟਰੇਟ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਅਮਰੀਕਾ ਦੀ ਫੌਜੀ ਨਾਕਾਬੰਦੀ ਵੀ ਖਤਮ ਕੀਤੀ ਜਾਵੇਗੀ। ਇਸ ਸਮਝੌਤੇ ਤਹਿਤ ਇਰਾਨ ਨੇ ਪਰਮਾਣੂ ਹਥਿਆਰ ਨਾ ਬਣਾਉਣ ਦਾ ਭਰੋਸਾ ਦਿੱਤਾ ਹੈ, ਜਦੋਂ ਕਿ ਇਰਾਨ ਦੇ ਪੁਨਰ ਨਿਰਮਾਣ ਲਈ 300 ਅਰਬ ਡਾਲਰ ਦੇ ਫੰਡ ਦੀ ਯੋਜਨਾ ’ਤੇ ਵੀ ਸਹਿਮਤੀ ਬਣੀ ਹੈ। ਜ਼ਿਕਰਯੋਗ ਹੈ ਕਿ ਇਸ ਸਮਝੌਤੇ ’ਤੇ ਭਲਕੇ 19 ਜੂਨ ਨੂੰ ਸਵਿੱਜ਼ਰਲੈਂਡ ’ਚ ਜਨੇਵਾ ਦੇ ਨੇੜੇ ਲੂਸਰਨ ਸ਼ਹਿਰ ਵਿਚ ਦਸਤਖਤ ਕੀਤੇ ਜਾਣੇ ਸਨ, ਪਰ ਇਸ ’ਤੇ ਨਿਰਧਾਰਤ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਦਸਤਖਤ ਕਰ ਦਿੱਤੇ ਗਏ ਹਨ।  

ਵਿਦੇਸ਼ਾਂ ’ਚ ਵੀ ਨੌਜਵਾਨਾਂ ਨੂੰ ਵਿਰਸੇ ਨਾਲ ਜੋੜੇਗੀ ਐਸਜੀਪੀਸੀ
ਅੰਮਿ੍ਰਤਸਰ/ਬਿਊਰੋ ਨਿਊਜ਼
ਅਮਰੀਕਾ ਦੌਰੇ ’ਤੇ ਗਏ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚ ਪੱਧਰੀ ਵਫਦ ਦਾ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਅਤੇ ਸੰਗਤ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਇਹ ਵਫਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅਮਰੀਕਾ ਪਹੁੰਚਿਆ ਹੈ। ਧਾਮੀ ਨੇ ਦੱਸਿਆ ਹੈ ਕਿ ਸ਼ੋ੍ਰਮਣੀ ਕਮੇਟੀ ਸਿੱਖ ਧਰਮ ਦੇ ਪ੍ਰਚਾਰ, ਗੁਰਮਤਿ ਸਿਧਾਂਤਾਂ ਦੇ ਪ੍ਰਸਾਰ ਅਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦੌਰਾਨ ਵਫਦ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਮੱਥਾ ਟੇਕਿਆ ਅਤੇ ਸੰਗਤ ਦੇ ਨਾਲ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਰਘੂਜੀਤ ਸਿੰਘ ਵਿਰਕ, ਕੁਲਵੰਤ ਸਿੰਘ ਮੰਨਣ, ਰਾਜਿੰਦਰ ਸਿੰਘ ਮਹਿਤਾ, ਸਤਬੀਰ ਸਿੰਘ ਅਤੇ ਬਲਵਿੰਦਰ ਸਿੰਘ ਕਾਹਲਵਾਂ ਦਾ ਸਨਮਾਨ ਕੀਤਾ। ਇਸੇ ਦੌਰਾਨ ਫਰਿਜ਼ਨੋ ਦੇ ਗੁਰਦੁਆਰਾ ਸਾਹਿਬ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਧਾਮੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸੇ ਸਿੱਖਾਂ ਨੇ ਆਪਣੀ ਮਿਹਨਤ, ਸਮਰਪਣ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਨਾਲ ਪੂਰੀ ਦੁਨੀਆ ਵਿਚ ਸਿੱਖਾਂ ਦੀ ਪਹਿਚਾਣ ਨੂੰ ਮਜ਼ਬੂਤ ਕੀਤਾ ਹੈ।  

ਨਵੀਂ ਦਿੱਲੀ/ਬਿਊਰੋ ਨਿਊਜ਼
ਫਰਾਂਸ ਵਿਚ ਚੱਲ ਰਹੇ ਜੀ-7 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਵਿਚਕਾਰ ਹੋਈ ਇਕ ਸੰਖੇਪ, ਪਰ ਖੁਸ਼ਗਵਾਰ ਗੱਲਬਾਤ ਨੇ ਸ਼ੋਸ਼ਲ ਮੀਡੀਆ ਨੂੰ ਇਕ ਵਾਰ ਫਿਰ ਗਰਮਾ ਦਿੱਤਾ ਹੈ। ਇਸ ਗੱਲਬਾਤ ਨੇ ਪਿਛਲੇ ਕੁਝ ਸਾਲਾਂ ਵਿਚ ਇੰਟਰਨੈਟ ’ਤੇ ਵਾਇਰਲ ‘ਮੇਲੋਡੀ’ ਰੁਝਾਨ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਜਿਵੇਂ ਹੀ ਜੀ-7 ਦੇਸ਼ਾਂ ਦੇ ਆਗੂ ਗਰੁੱਪ ਫੋਟੋ ਲਈ ਇਕੱਠੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੇਲੋਨੀ ਨੇ ਨਿੱਘ ਨਾਲ ਇਕ-ਦੂਜੇ ਦਾ ਸਵਾਗਤ ਕੀਤਾ ਅਤੇ ਕੁਝ ਬੋਲਾਂ ਦਾ ਅਦਾਨ-ਪ੍ਰਦਾਨ ਵੀ ਹੋਇਆ। ਆਨਲਾਈਨ ਵਿਆਪਕ ਤੌਰ ’ਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿਚ ਪ੍ਰਧਾਨ ਮੰਤਰੀ ਮੋਦੀ ਸ਼ੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਪ੍ਰਸਿੱਧੀ ਦਾ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ, ਜਿਸ ’ਤੇ ਮੇਲੋਨੀ ਨੇ ਮਜ਼ਾਕ ਵਿਚ ਕਿਹਾ, ‘‘ਹਾਂ, ਅਸੀਂ ਇੰਸਟਾਗ੍ਰਾਮ ’ਤੇ ਸਭ ਤੋਂ ਮਸ਼ਹੂਰ ਜੋੜਾ ਹਾਂ।’’ ਇਸ ਟਿੱਪਣੀ ਨੇ ਤੁਰੰਤ ‘ਮੇਲੋਡੀ’ ਦੇ ਕਰੇਜ਼ ਨੂੰ ਮੁੜ ਭਖਾ ਦਿੱਤਾ। ਇਸ ਮੌਕੇ ਮੇਲੋਨੀ ਨੇ ਕਿਹਾ ਕਿ ਉਨ੍ਹਾਂ ਨੇ ਇਕ ਮਹੀਨੇ ਤੋਂ ਸਿਗਰਟ ਨਹੀਂ ਪੀਤੀ ਹੈ। ਇਹ ਸੁਣਦੇ ਹੀ ਬਿ੍ਰਟੇਨ, ਕੈਨੇਡਾ, ਜਪਾਨ ਅਤੇ ਯੂਰਪੀ ਸੰਘ ਦੇ ਨੇਤਾਵਾਂ ਨੇ ਮੇਲੋਨੀ ਨੂੰ ਵਧਾਈ ਦਿੱਤੀ।  

ਕੈਲੀਫੋਰਨੀਆ/ਬਿਊਰੋ ਨਿਊਜ਼
ਅਮਰੀਕਾ ਵਿਚ ਕੈਲੀਫੋਰਨੀਆ ਦੇ ਐਡਵਰਡਸ ਏਅਰ ਫੋਰਸ ਬੇਸ ’ਤੇ ਇਕ ‘ਬੀ-52 ਬੰਬਾਰ ਜਹਾਜ਼’ ਹਾਦਸਾਗ੍ਰਸਤ ਹੋ ਗਿਆ। ਅਮਰੀਕੀ ਹਵਾਈ ਸੈਨਾ ਦੇ ਅਨੁਸਾਰ ਇਸ ਵਿਚ ਸਵਾਰ ਸਾਰੇ 8 ਵਿਅਕਤੀਆਂ ਦੀ ਮੌਤ ਹੋ ਗਈ ਹੈ।  ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਇਹ ਜਹਾਜ਼ ਇਕ ਨਿਯਮਤ ਟੈਸਟ ਉਡਾਣ ’ਤੇ ਸੀ ਅਤੇ  ਉਡਾਣ ਭਰਨ ਤੋਂ ਥੋੜ੍ਹੀ ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਵਿਚ ਅੱਗ ਲੱਗ ਗਈ। ਮਿ੍ਰਤਕਾਂ ਵਿਚ ਹਵਾਈ ਸੈਨਾ ਦੇ ਕਰਮਚਾਰੀ ਅਤੇ ਹਵਾਈ ਜਹਾਜ਼ ਦੀ ਜਾਂਚ ਦੇ ਮਾਹਿਰ ਸ਼ਾਮਲ ਹਨ। ਹਾਦਸੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਇਹ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜਹਾਜ਼ ਦੇ ਕੰਟਰੋਲ ਸਿਸਟਮ, ਇੰਜਣ ਜਾਂ ਟੈਸਟ ਕੀਤੇ ਜਾ ਰਹੇ ਉਪਕਰਣਾਂ ਵਿਚ ਖਰਾਬੀ ਹੋ ਸਕਦੀ ਹੈ। ਇਸ ਹਾਦਸੇ ਤੋਂ ਬਾਅਦ, ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਜਹਾਜ਼ਾਂ ਨੂੰ ਕਿਸੇ ਹੋਰ ਏਅਰਬੇਸ ਵੱਲ ਮੋੜਿਆ ਜਾ ਰਿਹਾ ਹੈ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.