Thursday, 18 June 2026

ਕਿਹਾ : ਡਿੰਪੀ ਢਿੱਲੋਂ ਨੂੰ ਅੱਜ ਵੀ ਗਿੱਦੜਬਾਹਾ ਤੋਂ ਟਿਕਟ ਦੇਣ ਲਈ ਹਾਂ ਤਿਆਰ

ਗਿੱਦੜਬਾਹਾ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿੰਡ ਬਾਦਲ ਵਿਖੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ’ਚ ਵਾਪਸ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਡਿੰਪੀ ਢਿੱਲੋਂ ਨੂੰੂ ਆਪਣਾ ਛੋਟਾ ਭਰਾ ਮੰਨਦੇ ਹਨ। ਸੁਖਬੀਰ ਨੇ ਕਿਹਾ ਕਿ ਉਹ ਜਦੋਂ ਵੀ ਚਾਹੁਣ ਅਕਾਲੀ ਦਲ ਵਿਚ ਵਾਪਸ ਆ ਸਕਦੇ ਹਨ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਟਿਕਟ ਵੀ ਡਿੰਪੀ ਢਿੱਲੋਂ ਨੂੰ ਦੇ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ 10 ਦਿਨਾਂ ਦੇ ਅੰਦਰ ਹੀ ਪਾਰਟੀ ਵਿਚ ਵਾਪਸ ਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਢਿੱਲੋਂ ਨੇ ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਸੀ।

 

ਏਕੜਾਂ ਥਾਂ ’ਚ ਬਣਿਆ ਹੋਇਆ ਘਰ ਮੁੱਖ ਮੰਤਰੀ ਲਈ ਕੀਤਾ ਜਾ ਰਿਹਾ ਤਿਆਰ

ਜਲੰਧਰ/ਬਿਊਰੋ ਨਿਊਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਵਿਚ ਏਕੜਾਂ ਥਾਂ ’ਚ ਬਣੇ ਹੋਏ ਘਰ ਨੂੰ ਤਿਆਰ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਐਲਾਨ ਕੀਤਾ ਸੀ ਕਿ ਉਹ ਇਸ ਪੁਰਾਤਨ ਸ਼ਹਿਰ ਨੂੰ ਆਪਣਾ ਦੂਜਾ ਘਰ ਬਣਾਉਣਗੇ, ਜਿਸ ਤਹਿਤ ਇਹ ਮਕਾਨ ਤਿਆਰ ਕੀਤਾ ਜਾ ਰਿਹਾ ਹੈ। ਇਹ ਘਰ ਪੁਰਾਣੀ ਬਾਰਾਂਦਰੀ ਖੇਤਰ ਵਿਚ ਹੈ ਤੇ ਇਸ ਮਕਾਨ ਦਾ ਨੰਬਰ ਇਕ ਹੈ। ਇਹ ਘਰ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਤੋਂ ਵੀ ਪੁਰਾਣਾ ਹੈ। ਇਹ ਥਾਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਇਸ ਘਰ ਨੂੰ ਪਿਛਲੇ 176 ਸਾਲਾਂ ਵਿਚ 140 ਕਮਿਸ਼ਨਰਾਂ ਨੇ ਆਪਣਾ ਰੈਣ ਬਸੇਰਾ ਬਣਾਇਆ ਸੀ। ਇਥੇ ਆਖ਼ਰੀ ਰਹਿਣ ਵਾਲੇ ਕਮਿਸ਼ਨਰ ਆਈਏਐੱਸ ਗੁਰਪ੍ਰੀਤ ਸਪਰਾ ਸਨ ਜਿਨ੍ਹਾਂ ਨੂੰ ਇਹ ਘਰ ਖਾਲੀ ਕਰਨ ਲਈ ਕਿਹਾ ਗਿਆ ਕਿਉਂਕਿ ਇਸ ਘਰ ਨੂੰ ਮੁੱਖ ਮੰਤਰੀ ਦਾ ਰੈਣ ਬਸੇਰਾ ਬਣਾਉਣ ਲਈ ਤਿਆਰ ਕਰਨਾ ਸੀ। ਮੁੱਖ ਮੰਤਰੀ ਭਗਵੰਤ ਮਾਨ ਇਸ ਘਰ ਵਿਚ ਰਹਿਣ ਵਾਲੇ 141ਵੇਂ ਸ਼ਖ਼ਸ ਹੋਣਗੇ।  

 

 

ਡਿੰਪੀ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ’ਤੇ ਲਗਾਏ ਵੱਡੇ ਇਲਜ਼ਾਮ

ਗਿੱਦੜਬਾਹਾ/ਬਿਊਰੋ ਨਿਊਜ਼

ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਵੱਡੇ ਇਲਜ਼ਾਮ ਲਗਾਏ ਹਨ। ਇਸਦੇ ਨਾਲ ਹੀ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿਚ ਜਾਣ ਦੇ ਸੰਕੇਤ ਵੀ ਦੇ ਦਿੱਤੇ ਹਨ। ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਵਿਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਹੈ ਅਤੇ ਕਿਹਾ ਕਿ ਮੈਂ ਸੁਖਬੀਰ ਸਿੰਘ ਬਾਦਲ ’ਤੇ ਅੰਨ੍ਹਾ ਭਰੋਸਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਲੰਘੇ ਕੱਲ੍ਹ ਅਕਾਲੀ ਦਲ ਛੱਡਣ ਦਾ ਐਲਾਨ ਕੀਤਾ ਤਾਂ ਮੈਂ ਬਹੁਤ ਰੋਇਆ। ਇਸੇ ਦੌਰਾਨ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿਚ ਜਾਣ ਦੇ ਸੰਕੇਤ ਵੀ ਦੇ ਦਿੱਤੇ ਹਨ। ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਵੀ ਸਨ ਅਤੇ ਦੋ ਵਾਰ ਅਕਾਲੀ ਦਲ ਵਲੋਂ ਚੋਣ ਵੀ ਲੜ ਚੁੱਕੇ ਹਨ। ਦੱਸਣਯੋਗ ਹੈ ਕਿ ਗਿੱਦੜਵਾਹਾ ਵਿਧਾਨ ਸਭਾ ਹਲਕੇ ਵਿਚ ਹੁਣ ਜ਼ਿਮਨੀ ਚੋਣ ਹੋਣੀ ਹੈ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਹਲਕੇ ਵਿਚ ਪਿਛਲੇ ਦਿਨਾਂ ਤੋਂ ਖੁਦ ਸਰਗਰਮ ਹਨ। ਇਹ ਵੀ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਹਲਕੇ ਤੋਂ ਖੁਦ ਚੋਣ ਲੜਨਗੇ। ਇਸ ਨੂੰੂ ਲੈ ਕੇ ਡਿੰਪੀ ਢਿੱਲੋਂ ਪਿਛਲੇ ਦਿਨਾਂ ਤੋਂ ਅਕਾਲੀ ਦਲ ਤੋਂ ਨਰਾਜ਼ ਵੀ ਚੱਲ ਰਹੇ ਸਨ।  

 

ਸਰਕਾਰ 4 ਸਾਲਾਂ ਬਾਅਦ ਕਰ ਰਹੀ ਹੈ ਰੈਗੂਲਰ ਭਰਤੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵੱਲੋਂ 400 ਦੇ ਕਰੀਬ ਮੈਡੀਕਲ ਅਫਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਰੀਬ 4 ਸਾਲਾਂ ਬਾਅਦ ਸਰਕਾਰ ਰੈਗੂਲਰ ਡਾਕਟਰਾਂ ਦੀ ਭਰਤੀ ਕਰ ਰਹੀ ਹੈ। ਇਸ ਕੰਮ ਲਈ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪ੍ਰਕਿਰਿਆ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਚੱਲ ਰਹੀ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 4 ਸਤੰਬਰ ਤੱਕ ਹੈ, ਜਦੋਂ ਕਿ ਕੰਪਿਊਟਰ ਆਧਾਰਿਤ ਟੈਸਟ 8 ਸਤੰਬਰ ਨੂੰ ਹੋਵੇਗਾ। ਸਿਹਤ ਵਿਭਾਗ ਵੱਲੋਂ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਹਸਪਤਾਲਾਂ ਵਿੱਚ ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ ਅੱਧੀਆਂ ਤੋਂ ਵੱਧ ਖਾਲੀ ਪਈਆਂ ਹਨ। ਸਿਹਤ ਵਿਭਾਗ ਵਿੱਚ ਕੁੱਲ 2300 ਮੈਡੀਕਲ ਅਫ਼ਸਰਾਂ ਦੀਆਂ ਅਸਾਮੀਆਂ ਹਨ ਅਤੇ ਇਨ੍ਹਾਂ ਵਿੱਚੋਂ 1250 ਅਸਾਮੀਆਂ ਖਾਲੀ ਪਈਆਂ ਹਨ।

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.