Friday, 19 June 2026

ਆਬੂਧਾਬੀ ਲਈ ਵੀ ਨਵਾਂ ਸ਼ਡਿਊਲ ਹੋਇਆ ਜਾਰੀ 

ਚੰਡੀਗੜ੍ਹ/ਬਿਊਰੋ ਨਿਊਜ਼

ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੁਣ ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਆਉਣ-ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸਦੇ ਨਾਲ ਚੌਵੀ ਘੰਟੇ ਆਵਾਜਾਈ ਦਾ ਕੰਮ ਸਮਾਪਤ ਹੋ ਗਿਆ ਹੈ। ਭਾਰਤੀ ਏਅਰਪੋਰਟ ਅਥਾਰਿਟੀ ਨੇ ਇੱਥੇ ਨਿਗਰਾਨੀ ਦੇ ਘੰਟਿਆਂ ਵਿਚ ਵੀ ਕਟੌਤੀ ਕੀਤੀ ਹੈ। ਲਾਗੂ ਹੋਏ ਸਰਦੀਆਂ ਦੇ ਨਵੇਂ ਸ਼ਡਿਊਲ ਮੁਤਾਬਕ ਹੁਣ ਚੰਡੀਗੜ੍ਹ ਹਵਾਈ ਅੱਡੇ ’ਤੇ ਆਖਰੀ ਉਡਾਣ ਰਾਤ 11.25 ਤੱਕ ਪਹੁੰਚ ਜਾਵੇਗੀ। ਰਾਤ 11.25 ਤੋਂ ਬਾਅਦ ਅਤੇ ਸਵੇਰੇ 5.55 ਤੋਂ ਪਹਿਲਾਂ ਕੋਈ ਉਡਾਣ ਨਾ ਆਵੇਗੀ ਅਤੇ ਨਾ ਹੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਧੀ ਰਾਤ ਤੋਂ ਬਾਅਦ ਅਤੇ ਸਵੇਰੇ 5 ਵਜੇ ਤੋਂ ਪਹਿਲਾਂ ਦੋ ਉਡਾਣਾਂ ਚਲਦੀਆਂ ਸਨ। ਇਸ ਬਦਲਾਅ ਨਾਲ ਮੁੰਬਈ ਤੋਂ ਆਬੂ ਧਾਬੀ ਦੀਆਂ ਉਡਾਣਾਂ ਦੇ ਸਮੇਂ ’ਤੇ ਵੀ ਅਸਰ ਪਿਆ ਹੈ, ਜਿਨ੍ਹਾਂ ਨੂੰ ਮੁੜ ਤੋਂ ਨਿਰਧਾਰਿਤ ਕੀਤਾ ਗਿਆ ਹੈ। 

ਬੈਂਕ ਨਾਲ ਲੈਣ-ਦੇਣ ਦੇ ਮਾਮਲੇ ਵਿਚ ਹੋਈ ਸੀ ਗਿ੍ਰਫਤਾਰੀ

ਚੰਡੀਗੜ੍ਹ/ਬਿਊਰੋ ਨਿਊਜ਼

ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਅੱਜ ਹਾਈਕੋਰਟ ਤੋਂ ਜਾਤੀ ਮੁਚੱਲਕੇ ’ਤੇ ਜ਼ਮਾਨਤ ਮਿਲ ਗਈ। ਉਹ ਕਰੀਬ ਇਕ ਸਾਲ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਸਨ। ਪ੍ਰੋ. ਗੱਜਣਮਾਜਰਾ ਨੂੰ ਲੰਘੇ ਸਾਲ 6 ਨਵੰਬਰ ਨੂੰ ਮਲੇਰਕੋਟਲਾ ’ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦੇ ਸਮੇਂ ਈ.ਡੀ. ਨੇ ਗਿ੍ਰਫਤਾਰ ਕੀਤਾ ਸੀ। ਗੱਜਣਮਾਜਰਾ ਦੀ ਗਿ੍ਰਫਤਾਰੀ ਬੈਂਕ ਨਾਲ ਲੈਣ ਦੇਣ ਦੇ ਇਕ 10 ਸਾਲ ਪੁਰਾਣੇ ਮਾਮਲੇ ਵਿਚ ਹੋਈ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਕਰੀਬ ਇਕ ਸਾਲ ਜੇਲ੍ਹ ਵਿਚ ਗੁਜ਼ਾਰਨਾ ਪਿਆ। ਗੱਜਣਮਾਜਰਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਆਖਿਆ ਕਿ ਸਾਨੂੰ ਅਦਾਲਤ ’ਤੇ ਪੂਰਾ ਭਰੋਸਾ ਸੀ ਕਿ ਇਕ ਦਿਨ ਸੱਚ ਦੀ ਜਿੱਤ ਹੋਵੇਗੀ। 

ਹੁਣ 13 ਦੀ ਥਾਂ 20 ਨਵੰਬਰ ਨੂੰ ਪੈਣਗੀਆਂ ਵੋਟਾਂ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ, ਉਤਰ ਪ੍ਰਦੇਸ਼ ਅਤੇ ਕੇਰਲਾ ਵਿਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਰੀਕ ਬਦਲ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਰਾਜਾਂ ਦੀਆਂ 14 ਵਿਧਾਨ ਸਭਾ ਸੀਟਾਂ ’ਤੇ ਹੁਣ 13 ਨਵੰਬਰ ਦੀ ਥਾਂ 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 4, ਉਤਰ ਪ੍ਰਦੇਸ਼ ਦੀਆਂ 9 ਅਤੇ ਕੇਰਲਾ ਦੀ 1 ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਹੁਣ 20 ਨਵੰਬਰ ਨੂੰ ਹੋਵੇਗੀ। ਜ਼ਿਮਨੀ ਚੋਣਾਂ ਦੀਆਂ ਤਰੀਕਾਂ ਵਿਚ ਬਦਲਾਅ ਸਬੰਧਤ ਸੂਬਿਆਂ ਦੀਆਂ ਮੁੱਖ ਸਿਆਸੀ ਪਾਰਟੀਆਂ ਦੀ ਮੰਗ ’ਤੇ ਕੀਤਾ ਗਿਆ ਹੈ। ਇਨ੍ਹਾਂ ਸਿਆਸੀ ਪਾਰਟੀਆਂ ਵਿਚ ਭਾਜਪਾ, ਕਾਂਗਰਸ, ਆਰ.ਐਲ.ਡੀ. ਅਤੇ ਬਸਪਾ ਸ਼ਾਮਲ ਹਨ। ਧਿਆਨ ਰਹੇ ਕਿ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਜ਼ਿਮਨੀ ਚੋਣ ਹੋਣੀ ਹੈ।  

 

 

6 ਨਵੰਬਰ ਦਿਨ ਬੁੱਧਵਾਰ ਨੂੰ ਅੰਮਿ੍ਰਤਸਰ ’ਚ ਹੋਵੇਗੀ ਮੀਟਿੰਗ

ਅੰਮਿ੍ਰਤਸਰ/ਬਿਊਰੋ ਨਿਊਜ਼

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਉਂਦੀ 6 ਨਵੰਬਰ ਦਿਨ ਬੁੱਧਵਾਰ ਨੂੰ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਮੀਟਿੰਗ ਸੱਦ ਲਈ ਹੈ ਅਤੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਕੁਝ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਇਹ ਮੀਟਿੰਗ ਅੰਮਿ੍ਰਤਸਰ ਵਿਚ 6 ਨਵੰਬਰ ਨੂੰ ਸਵੇਰੇ 10 ਵਜੇ ਹੋਣੀ ਹੈ। ਜ਼ਿਕਰਯੋਗ ਹੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਅਤੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੰਤਰੀਆਂ ਨੇ ਵੀ ਆਪੋ-ਆਪਣੇ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪੇ ਹੋਏ ਹਨ। ਇਸ ਮਾਮਲੇ ਸਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਇਹ ਮੀਟਿੰਗ ਸੱਦੀ ਗਈ ਹੈ ਅਤੇ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ।

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.