Friday, 19 June 2026

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ

ਕਿਹਾ ; ‘ਆਪ’ ਦੇ 32 ਵਿਧਾਇਕ ਕਾਂਗਰਸ ਵਿਚ ਸ਼ਾਮਲ ਹੋਣ ਦੀ ਤਿਆਰੀ ’ਚ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ, ਜੋ ਪਾਲਾ ਬਦਲ ਕੇ ਕਾਂਗਰਸ ਵਿਚ ਆਉਣਾ ਚਾਹੁੰਦੇ ਹਨ। ਬਾਜਵਾ ਨੇ ਸੂਬਾ ਸਰਕਾਰ ’ਤੇ ਆਰੋਪ ਲਗਾਇਆ ਕਿ ਉਹ ਹੁਣ ਮਹਿਲਾਵਾਂ ਦੇ ਖਾਤਿਆਂ ਵਿਚ ਇਕ ਹਜ਼ਾਰ ਰੁਪਏ ਪਾਉਣ ਤੋਂ ਭੱਜ ਰਹੀ ਹੈ। ਇਸੇ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੜਾ ਅਫਸੋਸ ਹੈ ਕਿ ਪੰਜਾਬ ਸਰਕਾਰ ਲੰਬੇ ਸੈਸ਼ਨ ਕਰਵਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਵੱਲੋਂ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦਿੱਤਾ ਜਾਵੇਗਾ।

ਵਿਧਾਨ ਸਭਾ ਦਾ ਇਜਲਾਸ ਭਲਕੇ ਮੰਗਲਵਾਰ ਸਵੇਰੇ 11 ਵਜੇ ਤੱਕ  ਕੀਤਾ ਮੁਲਤਵੀ

ਚੰਡੀਗੜ੍ਹ/ਬਿਊਰੋ ਨਿਊਜ਼ 

ਪੰਜਾਬ ਵਿਧਾਨ ਸਭਾ ਦੇ ਦੋ ਦਿਨਾ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਸਦੀਵੀ ਵਿਛੋੜਾ ਦੇ ਗਏ ਆਜ਼ਾਦੀ ਘੁਲਾਟੀਆਂ ਅਤੇ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੇ ਜਾਣ ਨਾਲ ਹੋਈ। ਜਿਨ੍ਹਾਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਉਨ੍ਹਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਗੋਗੀ, ਧਰਮ ਪਾਲ ਸੱਭਰਵਾਲ, ਅਜੈਬ ਸਿੰਘ ਮੁਖਮੈਲਪੁਰਾ, ਹਰਵਿੰਦਰ ਸਿੰਘ ਹੰਸਪਾਲ, ਜੋਗਿੰਦਰ ਪਾਲ ਜੈਨ, ਜਰਨੈਲ ਸਿੰਘ ਚਿੱਤਰਕਾਰ ਅਤੇ ਹੋਰ ਸ਼ਾਮਲ ਸਨ। ਇਜਲਾਸ ਦੇ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਵਿਧਾਇਕਾਂ ਵੱਲੋਂ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਚੁੱਕਿਆ ਗਿਆ। ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿਚ ਦੋ ਰਿਪੋਰਟਾਂ ਵੀ ਪੇਸ਼ ਕੀਤੀਆਂ। ਇਸ ਮਗਰੋਂ ਸਦਨ ਦੀ ਕਾਰਵਾਈ ਭਲਕੇ ਮੰਗਲਵਾਰ ਸਵੇੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। 

ਗੁਰਜੀਤ ਸਿੰਘ ਔਜਲਾ ਨੇ ਭਗਵੰਤ ਮਾਨ ਸਰਕਾਰ ’ਤੇ ਚੁੱਕੇ ਸਵਾਲ

ਅੰਮਿ੍ਰਤਸਰ/ਬਿਊਰੋ ਨਿਊਜ਼

ਅੰਮਿ੍ਰਤਸਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ 58 ਸਾਲ ਤੋਂ ਵਧਾ ਕੇ 60 ਸਾਲ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਨੂੰ ਪਿੱਛੇ ਧੱਕਣ ਵਾਲਾ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਬੇਰੁਜ਼ਗਾਰੀ ਹੈ ਅਤੇ ਹੁਣ ਇਸ ਫੈਸਲੇ ਨਾਲ ਇਸ ਵਿੱਚ ਹੋਰ ਵਾਧਾ ਹੋਵੇਗਾ। ਔਜਲਾ ਨੇ ਕਿਹਾ ਕਿ ਪੰਜਾਬ ਇਸ ਵੇਲੇ ਗੰਭੀਰ ਸਥਿਤੀ ’ਚੋਂ ਲੰਘ ਰਿਹਾ ਹੈ ਅਤੇ ਸੂਬੇ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਮੇਸ਼ਾ ਦਾਅਵਾ ਕਰਦੀ ਰਹੀ ਹੈ ਕਿ ਉਹ ਨੌਕਰੀਆਂ ਦੇ ਰਹੀ ਹੈ, ਜਦਕਿ ਇਹ ਨੌਕਰੀਆਂ ਖੋਹਣ ਵਾਲੀ ਨੀਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਤੋਂ ਮੂੰਹ ਮੋੜ ਕੇ ਵਾਪਸ ਆਉਣਾ ਚਾਹੁੰਦੇ ਹਨ ਪਰ ਅਜਿਹੇ ਫੈਸਲੇ ਉਨ੍ਹਾਂ ਨੂੰ ਦੁਬਾਰਾ ਪੰਜਾਬ ਤੋਂ ਬਾਹਰ ਧੱਕਣਗੇ।

 

ਜਾਖੜ ਨੇ ਇੰਡੀਗੋ ਏਅਰਲਾਈਜ਼ ਦੀ ਸਰਵਿਸ ’ਤੇ ਚੁੱਕੇ ਸਵਾਲ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੰਡੀਗੜ੍ਹ ਤੋਂ ਦਿੱਲੀ ਤੱਕ ਜਹਾਜ਼ ਵਿਚ ਸਫਰ ਕਰਦੇ ਸਮੇਂ ਇੰਡੀਗੋ ਦੀ ਫਲਾਈਟ ’ਚ ਟੁੱਟੀ ਹੋਈ ਸੀਟ ਮਿਲੀ ਹੈ। ਇਸਦੇ ਚੱਲਦਿਆਂ ਜਾਖੜ ਨੇ ਇੰਡੀਗੋ  ਏਅਰਲਾਈਨਜ਼ ਦੀ ਸਰਵਿਸ ’ਤੇ ਸਵਾਲ ਚੁੱਕੇ ਹਨ। ਜਾਖੜ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਟੁੱਟੀ ਹੋਈ ਸੀਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਜਾਖੜ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਸਬੰਧੀ ਕਰੂ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੰਪਨੀ ਦੀ ਵੈਬਸਾਈਟ ’ਤੇ ਸ਼ਿਕਾਇਤ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੂੰ ਦੇਖਣਾ ਚਾਹੀਦਾ ਹੈ ਕਿ ਪ੍ਰਮੁੱਖ ਏਅਰਲਾਈਨਜ਼ ਦਾ ਇਹ ‘ਚੱਲਦਾ ਹੈ’ ਵਾਲਾ ਰਵੱਈਆ ਸੁਰੱਖਿਆ ਦੇ ਨਿਯਮਾਂ ਤੱਕ ਨਾ ਵਧੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਵੀ ਏਅਰ ਇੰਡੀਆ ਦੀਆਂ ਸੇਵਾਵਾਂ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਸ਼ਿਵਰਾਜ ਸਿੰਘ ਚੌਹਾਨ ਨੂੰ ਵੀ ਫਲਾਈਟ ਵਿਚ ਟੁੱਟੀ ਹੋਈ ਸੀਟ ’ਤੇ ਬੈਠ ਕੇ ਸਫਰ ਕਰਨਾ ਪਿਆ ਸੀ। 

 

Latest News

Pardesh News one of leading internet newsportal provide Latest News, News and Live Updates on Politics, Current affairs. Breaking news on Business, Sports, Bollywood, technology, science & health from India, USA Canada, Australia Europe.